ਇਹ ਪੰਜਾਬ ਹੈ ਜਾਂ ਫਿਰ ਗੈਂਗਲੈਂਡ! 5 ਮਹੀਨਿਆਂ ਦੀ ਸਰਕਾਰੀ ਰਿਪੋਰਟ ਨੇ ਖੋਲ੍ਹੀਆਂ ਅੰਦਰਲੀਆਂ ਪਰਤਾਂ- 716 ਹਥਿਆਰਾਂ ਸਮੇਤ 38000 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
ਪੰਜ ਮਹੀਨਿਆਂ ਦੌਰਾਨ ਪੁਲਿਸ ਟੀਮਾਂ ਨੇ 15,000 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ; 1244 ਭਗੌੜੇ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ

ਲੋਕ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਕਰ ਸਕਦੇ ਹਨ ਗੈਂਗਸਟਰਾਂ ਬਾਰੇ ਰਿਪੋਰਟ
ਯੁੱਧ ਨਸ਼ਿਆਂ ਵਿਰੁੱਧ ਦੇ 476ਵੇਂ ਦਿਨ 103 ਨਸ਼ਾ ਤਸਕਰ ਗ੍ਰਿਫ਼ਤਾਰ
ਚੰਡੀਗੜ੍ਹ, 20 ਜੂਨ 2026-
ਬੇਸ਼ੱਕ ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਵਾਸਤੇ ਅਨੇਕਾਂ ਮੁਹਿੰਮਾਂ ਚਲਾਈਆਂ ਹੋਈਆਂ ਹਨ, ਪਰ ਇਸ ਦੇ ਬਾਵਜੂਦ ਪੰਜਾਬ ਦੇ ਅੰਦਰ ਨਸ਼ਾ ਅਤੇ ਹਥਿਆਰ ਸਪਲਾਈ ਦਾ ਧੰਦਾ ਨਹੀਂ ਰੁਕ ਰਿਹਾ। ਰੋਜ਼ਾਨਾ ਹੀ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਰਹੇ ਮਰ ਰਹੇ ਹਨ, ਉੱਥੇ ਹੀ ਹਥਿਆਰ ਏਨੇ ਜਿਆਦਾ ਆਮ ਹੋ ਗਏ ਹਨ ਕਿ, ਕੋਈ ਕਹਿਣ ਦੀ ਹੱਦ ਨਹੀਂ। ਪੰਜਾਬ ਵਿੱਚ ਇੰਨੀਂ ਦਿਨ ਕੋਈ ਵੇਲਾ ਖ਼ਾਲੀ ਨਹੀਂ ਜਾ ਰਿਹਾ, ਜਦੋਂ ਕਿਤੇ ਫਾਈਰਿੰਗ ਦੀ ਖ਼ਬਰ ਸਾਹਮਣੇ ਨਾ ਆਈ ਹੋਵੇ। ਰੋਜ਼ਾਨਾ ਲੁੱਟਖੋਹ, ਕਤਲ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰਕੇ ਰੱਖ ਦਿੱਤੇ ਹਨ।
ਸਰਕਾਰ ਦੁਆਰਾ 20 ਜੂਨ ਨੂੰ ਜਾਰੀ ਕੀਤੇ ਗਏ ਇੱਕ ਪ੍ਰੈੱਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਪੰਜ ਮਹੀਨੇ ਪੂਰੇ ਹੋ ਗਏ ਹਨ ਅਤੇ ਪੰਜਾਬ ਪੁਲਿਸ ਨੇ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿੱਚ 93,927 ਛਾਪੇਮਾਰੀਆਂ ਕਰਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧੀਆਂ ਸਮੇਤ ਕੁੱਲ 38,738 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਐਨੇ ਜਿਆਦਾ ਗੈਂਗਸਟਰ ਫੜ੍ਹ ਕੇ ਜੇਲ੍ਹਾਂ ਦੇ ਅੰਦਰ ਵੀ ਤਾੜ ਦਿੱਤੇ ਹਨ ਤਾਂ, ਫਿਰ ਬਾਹਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਕੌਣ ਹਨ? ਪੁਲਿਸ ਪ੍ਰਸਾਸ਼ਨ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ, ਉਹ ਰੋਜ਼ਾਨਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਫੜ੍ਹਨ ਦਾ ਦਾਅਵਾ ਕਰਦੀ ਹੈ, ਪਰ ਕਤਲ-ਗੈਂਗਵਾਰ ਅਤੇ ਲੁੱਟਖੋਹ ਤੋਂ ਇਲਾਵਾ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਹੈ।
ਕੋਈ ਵੀ ਦਿਨ ਪੰਜਾਬ ਵਿੱਚ ਅਜਿਹਾ ਨਹੀਂ ਗਿਆ, ਜਦੋਂ ਕੋਈ ਲੁੱਟਖੋਹ ਜਾਂ ਫਿਰ ਕਤਲ ਦੀ ਵਾਰਦਾਤ ਸਾਹਮਣੇ ਨਾ ਆਈ ਹੋਵੇ। ਝਪਟਮਾਰ ਦੀਆਂ ਘਟਨਾਵਾਂ ਤਾਂ, ਯੂਪੀ ਬਿਹਾਰ ਨਾਲੋਂ ਵੀ ਜਿਆਦਾ ਹੋ ਗਈਆਂ ਨੇ। ਕਿਹਾ ਜਾ ਰਿਹਾ ਹੈ ਕਿ ਉੱਥੇ ਕ੍ਰਾਈਮ ਰੇਟ ਘਟਿਆ ਹੈ, ਪਰ ਅਸਲੀਅਤ ਉਹਦੀ ਵੀ ਸਭ ਦੇ ਸਾਹਮਣੇ ਹੈ।
ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੇ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹ ਜਾਂਦੀ ਹੈ, ਜਦੋਂ ਇੱਕ ਪਾਸੇ ਤਾਂ ਸੂਬੇ ਦੇ ਪੁਲਿਸ ਮੁਖੀ ਇਹ ਬਿਆਨ ਦਿੰਦੇ ਨੇ ਕਿ, ਅਸੀਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਪੈੜ ਨੱਪ ਰਹੇ ਹਾਂ, ਪਰ ਕੁੱਝ ਹੀ ਘੰਟਿਆਂ ਬਾਅਦ ਕਿਸੇ ਨਾ ਕਿਸੇ ਇਲਾਕੇ ਤੋਂ ਕਤਲ ਦੀ ਘਟਨਾ ਸਾਹਮਣੇ ਆ ਜਾਂਦੀ ਹੈ।
ਖ਼ੈਰ, ਪੁਲਿਸ ਵੀ ਵਿਚਾਰੀ ਕੀ ਕਰੇ? ਲੀਡਰਾਂ ਦੀ ਸੁਰੱਖਿਆ ਕਰੇ ਜਾਂ ਫਿਰ ਲੋਕਾਂ ਦੀ? ਸਰਕਾਰ ਦੁਆਰਾ ਪੁਲਿਸ ਤੇ ਕੀਤੀ ਗਈ ਆਪਣਿਆਂ ਨੂੰ ਸੁਰੱਖਿਆ ਦੇਣ ਤੇ ਸਖ਼ਤੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਣਤਾ ਪੈ ਰਿਹਾ ਹੈ। ਵੈਸੇ, ਬਚੇ ਤਾਂ ਸੱਤਾਧਿਰ ਵਾਲੇ ਵੀ ਨਹੀਂ, ਰੋਜ਼ਾਨਾ ਇਨ੍ਹਾਂ ਦੇ ਵਰਕਰ ਅਤੇ ਆਗੂ ਵੀ ਵਾਰਦਾਤ ਦਾ ਸ਼ਿਕਾਰ ਹੋ ਰਹੇ ਹਨ।
5 ਮਹੀਨਿਆਂ ਵਿੱਚ 716 ਹਥਿਆਰਾਂ ਸਮੇਤ 38 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਪੰਜ ਮਹੀਨੇ ਪੂਰੇ ਹੋ ਗਏ ਹਨ ਅਤੇ ਪੰਜਾਬ ਪੁਲਿਸ ਨੇ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿੱਚ 93,927 ਛਾਪੇਮਾਰੀਆਂ ਕਰਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧੀਆਂ ਸਮੇਤ ਕੁੱਲ 38,738 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ‘ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।

ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਹੁਣ ਤੱਕ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ੇ ਵਿੱਚੋਂ 1,976 ਜ਼ਿੰਦਾ ਕਾਰਤੂਸਾਂ ਤੇ 209 ਮੈਗਜ਼ੀਨਾਂ ਸਮੇਤ 716 ਹਥਿਆਰ, 187 ਤੇਜ਼ਧਾਰ ਹਥਿਆਰ ਅਤੇ 12 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਣ ਤੱਕ 15,825 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 18,042 ਵਿਅਕਤੀਆਂ ਨੂੰ ਤਸਦੀਕ ਅਤੇ ਪੁੱਛਗਿੱਛ ਤੋਂ ਬਾਅਦ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੁਹਿੰਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1,244 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
151ਵੇਂ ਦਿਨ ਪੁਲਿਸ ਟੀਮਾਂ ਨੇ 575 ਛਾਪੇਮਾਰੀਆਂ ਕੀਤੀਆਂ ਜਿਸ ਦੇ ਚਲਦਿਆਂ 348 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 125 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਅਤੇ ਪੰਜ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਇਸੇ ਜੋਸ਼ ਅਤੇ ਮੁਸਤੈਦੀ ਨਾਲ ਜਾਰੀ ਰਹੇਗੀ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁਂਧ” ਨੂੰ 476ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 848 ਗ੍ਰਾਮ ਹੈਰੋਇਨ, 12 ਕਿਲੋ ਭੁੱਕੀ, 1308 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 6756 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਸ ਨਾਲ, ਸਿਰਫ 476 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 69,201 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 13 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ।















