JK Breaking: ਭਾਰੀ ਮੀਂਹ ਤੋਂ ਬਾਅਦ ਆਇਆ ਹੜ੍ਹ- 11 ਲੋਕਾਂ ਦੀ ਮੌਤ, ਕਈ ਲਾਪਤਾ
ਨਵੀਂ ਦਿੱਲੀ, 19 ਜੁਲਾਈ 2026
ਜੰਮੂ-ਕਸ਼ਮੀਰ ਵਿੱਚ ਐਤਵਾਰ ਨੂੰ ਹੋਈ ਮੂਸਲਾਧਾਰ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਲਗਾਤਾਰ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ (landslide) ਦੀਆਂ ਘਟਨਾਵਾਂ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸਭ ਤੋਂ ਵੱਧ ਪ੍ਰਭਾਵਿਤ ਪੁੰਛ ਅਤੇ ਰਾਜੌਰੀ ਜ਼ਿਲ੍ਹੇ ਹਨ, ਜਿੱਥੇ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਅਧਿਕਾਰੀਆਂ ਅਨੁਸਾਰ, ਪੁੰਛ ਜ਼ਿਲ੍ਹੇ ਦੀ ਸੁਰਨਕੋਟ ਤਹਿਸੀਲ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਐਤਵਾਰ ਤੜਕੇ ਲੋਅਰ ਮੁਰਾਹ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਮਲਬੇ ਹੇਠ ਦੱਬ ਗਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਕਈ ਜੀਆਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਦੋ ਸਾਲ ਦਾ ਬੱਚਾ ਸੋਫੀਅਨ ਯਾਸਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਸਾਂਗਲਾ ਪਿੰਡ ਵਿੱਚ ਹੜ੍ਹ ਕਾਰਨ ਇੱਕ ਘਰ ਵਹਿ ਜਾਣ ਨਾਲ ਚਾਰ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਦਾ ਆਪਣਾ ਦੌਰਾ ਅੱਧ ਵਿਚਕਾਰ ਛੱਡ ਕੇ ਜੰਮੂ ਪਰਤਣ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਸ਼ਾਸਨ, ਪੁਲਿਸ, ਐਸ.ਡੀ.ਆਰ.ਐਫ (SDRF) ਅਤੇ ਫੌਜ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
ਲਗਾਤਾਰ ਮੀਂਹ ਕਾਰਨ ਰਾਜੌਰੀ ਅਤੇ ਪੁੰਛ ਖੇਤਰ ਦੀਆਂ ਨਦੀਆਂ ਦਰਹਾਲੀ, ਖੰਡਲੀ, ਸੁਕਤੋਹ ਅਤੇ ਜਮੋਲਾ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਉੱਪਰ ਵਹਿ ਰਹੀਆਂ ਹਨ। ਰਾਜੌਰੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਕਈ ਵਾਹਨ ਵਹਿ ਗਏ ਹਨ ਅਤੇ ਸੈਂਕੜੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅਗਲੇ ਤਿੰਨ ਤੋਂ ਚਾਰ ਦਿਨਾਂ ਲਈ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਦਾ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ, ਪਹਾੜੀ ਇਲਾਕਿਆਂ ਵਿੱਚ ਸਫ਼ਰ ਨਾ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਅਮਰਨਾਥ ਯਾਤਰਾ ਨੂੰ ਵੀ ਖਰਾਬ ਮੌਸਮ ਕਾਰਨ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।
















