ਕਿਸਾਨ ਜਥੇਬੰਦੀਆਂ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਆਗੂਆਂ ਦੀ ਸਾਂਝੀ ਮੀਟਿੰਗ, DC ਦਫ਼ਤਰ ਅੱਗੇ ਲੱਗੇਗਾ ਵਿਸ਼ਾਲ ਧਰਨਾ
ਸਹਿਕਾਰੀ ਸਭਾਵਾਂ ਨੂੰ ਕਮਰਸ਼ੀਅਲ ਕਰਨ, ਕਿਸਾਨਾਂ ਦੀਆਂ ਕਰਜ਼ਾ ਸਹੂਲਤਾਂ ਰੋਕਣ ਅਤੇ ਵਿਆਜ ਸਬਸਿਡੀ ਖ਼ਤਮ ਕਰਨ ਵਿਰੁੱਧ ਸੰਘਰਸ਼ ਦਾ ਐਲਾਨ
ਫਿਰੋਜ਼ਪੁਰ 25 ਅਕਤੂਬਰ 2026- ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਗੁਰੂਦੁਆਰਾ ਕਰਮਸਰ ਸਾਹਿਬ ਵਿੱਚ ਹੋਈ। ਮੀਟਿੰਗ ਵਿੱਚ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਕਿਸਾਨਾਂ ਦੇ ਸਾਂਝੇ ਅਦਾਰੇ ਹਨ, ਜਿਨ੍ਹਾਂ ਨੂੰ ਕਿਸਾਨਾਂ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਅਤੇ ਖੇਤੀਬਾੜੀ ਨੂੰ ਸਹਾਰਾ ਦੇਣ ਲਈ ਬਣਾਇਆ ਹੈ। ਪਰ ਸਰਕਾਰ ਇਨ੍ਹਾਂ ਸਾਂਝੇ ਅਦਾਰਿਆਂ ਨੂੰ ਲੋਕ ਭਲਾਈ ਦੇ ਉਦੇਸ਼ ਤੋਂ ਦੂਰ ਕਰਕੇ ਇਨ੍ਹਾਂ ਦਾ ਕਮਰਸ਼ੀਅਲਾਈਜ਼ੇਸ਼ਨ (ਵਪਾਰੀਕਰਨ) ਕਰ ਰਹੀ ਹੈ। ਇਸ ਨਾਲ ਕਿਸਾਨਾਂ ਦੇ ਆਪਣੇ ਅਦਾਰਿਆਂ ਦਾ ਮੂਲ ਉਦੇਸ਼ ਖ਼ਤਮ ਹੋਣ ਦਾ ਖ਼ਦਸ਼ਾ ਹੈ ਅਤੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਲਣ ਵਾਲੀਆਂ ਹੱਦ ਕਰਜ਼ਾ ਸਹੂਲਤਾਂ ਰੋਕਣ, ਡੀਏਪੀ ਖਾਦ ਦੀ ਸਪਲਾਈ ਨਾ ਦੇਣ, ਡਿਜੀਟਲ ਮੈਪਿੰਗ ਅਤੇ ਜ਼ਮੀਨ ਦੀ ਪਲੈਜਿੰਗ ਵਰਗੀਆਂ ਸ਼ਰਤਾਂ ਲਾਗੂ ਕਰਨ ਅਤੇ ਵਿਆਜ ਸਬਸਿਡੀ ਖ਼ਤਮ ਕਰਨ ਵਰਗੇ ਕਦਮ ਚੁੱਕੇ ਜਾ ਰਹੇ ਹਨ। ਇਹ ਨੀਤੀਆਂ ਕਿਸਾਨਾਂ ਉੱਪਰ ਆਰਥਿਕ ਬੋਝ ਵਧਾਉਣਗੀਆਂ ਅਤੇ ਖੇਤੀਬਾੜੀ ਦੇ ਸੰਕਟ ਨੂੰ ਹੋਰ ਡੂੰਘਾ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ। ਇਨ੍ਹਾਂ ਰਾਹੀਂ ਕਿਸਾਨਾਂ ਨੂੰ ਖੇਤੀ ਲਈ ਕਰਜ਼ਾ, ਖਾਦ ਅਤੇ ਹੋਰ ਜ਼ਰੂਰੀ ਸਹੂਲਤਾਂ ਮਿਲਦੀਆਂ ਹਨ। ਇਸ ਲਈ ਇਨ੍ਹਾਂ ਦਾ ਵਪਾਰੀਕਰਨ ਕਰਨ ਦੀ ਬਜਾਏ ਇਨ੍ਹਾਂ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ।
ਆਗੂਆਂ ਨੇ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੁੱਧਵਾਰ ਨੂੰ ਡੀ.ਸੀ. ਦਫ਼ਤਰ ਫਿਰੋਜ਼ਪੁਰ ਅੱਗੇ ਹੋਣ ਵਾਲੇ ਵਿਸ਼ਾਲ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ, ਤਾਂ ਜੋ ਕਿਸਾਨਾਂ ਦੇ ਸਾਂਝੇ ਅਦਾਰਿਆਂ ਨੂੰ ਬਚਾਉਣ ਅਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਸੰਘਰਸ਼ ਕੀਤਾ ਜਾ ਸਕੇ।
ਇਸ ਮੀਟਿੰਗ ਵਿੱਚ ਸਰਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਗੁਰਦੇਵ ਸਿੰਘ ਮਹਿਮਾ (ਸੂਬਾ ਆਗੂ), ਜਸਵੀਰ ਸਿੰਘ ਲੋਹਗੜ (ਸਰਪਰਸਤ ਜਿਲਾ ਯੂਨੀਅਨ) ਗੁਰਬਖਸ਼ ਸਿੰਘ ਜੀਰਾ ਬਖਸ਼ੀਸ਼ ਸਿੰਘ ਸਿੱਧੂ (ਸਟੇਟ ਡੈਲੀਗੇਟ) ਲਾਲਜੀਤ ਸਿੰਘ ਜਿਲਾ ਪ੍ਰਧਾਨ ਬਲਜਿੰਦਰ ਸਿੰਘ ਢੇਰੂ ਮੀ. ਪ੍ਰਧਾਨ ਕੰਵਲਜੀਤ ਸਿੰਘ ਸੋਨੂੰ ਜ. ਸਕੱਤਰ ਅਮਰਿੰਦਰ ਸਿੰਘ ਬਲਾਕ ਪ੍ਰਧਾਨ ਮਖੂ ਦਵਿੰਦਰ ਸਿੰਘ ਬਲਾਕ ਪ੍ਰਧਾਨ ਜੀਰਾ ਰਾਹੁਲ ਚੋਪੜਾ ਬਲਾਕ ਪ੍ਰਧਾਨ ਘੱਲ ਖੁਰਦ ਪਰਮਿੰਦਰ ਸਿੰਘ ਚੰਗਾਲੀ ਬਲਾਕ ਪ੍ਰਧਾਨ ਫਿਰੋਜ਼ਪੁਰ ਪਰਮਿੰਦਰ ਸਿੰਘ ਬਲਾਕ ਪ੍ਰਧਾਨ ਮਮਦੋਟ ਰਵਿੰਦਰ ਕੁਮਾਰ ਬਲਾਕ ਪ੍ਰਧਾਨ ਗੁਰੂਹਰਸਹਾਏ ਅਤੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਗੁਲਜਾਰ ਸਿੰਘ ਕੱਬਰ ਵੱਛਾ, ਸੁਖਦੇਵ ਸਿੰਘ ਅਰਾਈਆਂਵਾਲਾ , ਗੁਰਮੀਤ ਸਿੰਘ ਪੋਜੋਕੇ ਗੁਰਦਿੱਤ ਸਿੰਘ ਸਿੱਧੂ, ਰਿਸ਼ਪਾਲ ਸਿੰਘ ਸੰਧੂ, ਰਿਸ਼ਪਾਲ ਸਿੰਘ ਹਾਜੀਵਾਲਾ, ਮਹਿੰਦਰ ਸਿੰਘ ਵਧਾਵਣ, ਜਗੀਰ ਸਿੰਘ ਖਹਿਰਾ , ਲਖਵਿੰਦਰ ਸਿੰਘ ਕਰਮੂਵਾਲਾ ਨਸੀਬ ਸਿੰਘ ਭੱਲਾ ਮੇਘਾ , ਜਰਮਨ ਸਿੰਘ, ਮਹਿੰਦਰ ਸਿੰਘ ਫਿਰੋਜ਼ਸ਼ਾਹ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਮਲਕੀਤ ਸਿੰਘ ਗੁਲਾਮੀਵਾਲਾ, ਦਵਿੰਦਰ ਸਿੰਘ ਫੁੱਲਰਵਨ ਸੁਰਜੀਤ ਸਿੰਘ, ਗੁਰਜੰਟ ਸਿੰਘ, ਕਸ਼ਮੀਰ ਸਿੰਘ ਝੋਕ ਹਰੀਹਰ ਧਰਮ ਸਿੰਘ ਸਿੱਧੂ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜਰ ਸਨ।
















