Join WhatsApp

Join Now

ਪੰਜਾਬ ‘ਚ ਜ਼ਮੀਨੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ; ਤਾਏ ਵੱਲੋਂ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ

On: ਸਤੰਬਰ 15, 2026 8:46 ਬਾਃ ਦੁਃ

 

ਜ਼ਮੀਨੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਤਾਏ ਨੇ ਭਤੀਜੇ ਨੂੰ ਤਿੰਨ ਗੋਲੀਆਂ ਮਾਰ ਕੇ ਕੀਤਾ ਕਤਲ

ਜ਼ੀਰਾ (ਫ਼ਿਰੋਜ਼ਪੁਰ), 15 ਸਤੰਬਰ 2026: ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਕੁਝ ਮਰਲੇ ਜ਼ਮੀਨ ਨੂੰ ਲੈ ਕੇ ਚੱਲ ਰਹੀ ਰੰਜਿਸ਼ ਨੇ ਉਸ ਸਮੇਂ ਖ਼ੂਨੀ ਰੂਪ ਧਾਰ ਲਿਆ, ਜਦੋਂ ਇੱਕ ਵਿਅਕਤੀ ਨੇ ਆਪਣੇ ਹੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਸੂਰਵਾਲ ਕਲਾਂ ਦੇ ਵਸਨੀਕ ਜਸਵਿੰਦਰ ਸਿੰਘ ਦੀ ਆਪਣੇ ਭਤੀਜੇ ਗੁਰਵਿੰਦਰ ਸਿੰਘ (24) ਨਾਲ ਕੁਝ ਮਰਲੇ ਜ਼ਮੀਨ ਨੂੰ ਲੈ ਕੇ ਪਿਛਲੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਕਾਰ ਰੰਜਿਸ਼ ਬਣੀ ਹੋਈ ਸੀ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 11 ਵਜੇ ਜਸਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੁਰਵਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਨੇ ਗੁਰਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਡੀਐਸਪੀ ਜਸਪਾਲ ਸਿੰਘ ਢਿੱਲੋਂ ਅਤੇ ਥਾਣਾ ਜ਼ੀਰਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਵਾਰਦਾਤ ਨਾਲ ਸਬੰਧਤ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ।

ਪੁਲਿਸ ਵੱਲੋਂ ਮੁਲਜ਼ਮ ਜਸਵਿੰਦਰ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਹੈ। ਪੁਲਿਸ ਵੱਲੋਂ ਵਾਰਦਾਤ ਦੇ ਅਸਲ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਪਰੀ ਇਸ ਖ਼ੂਨੀ ਵਾਰਦਾਤ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

 

Leave a Comment