Join WhatsApp

Join Now

ਲੈਂਡ ਪੂਲਿੰਗ ਪਾਲਿਸੀ! AAP ਸਰਕਾਰ ਪੰਜਾਬ ਦੀਆਂ ਜ਼ਮੀਨਾਂ ਖੋਹ ਕੇ ਵੰਡੇਗੀ ਕਿਸਾਨਾਂ ਨੂੰ ਮੋਟਰ ਕਨੈਕਸ਼ਨ?

On: ਜੁਲਾਈ 14, 2026 2:22 ਬਾਃ ਦੁਃ

 

ਲੈਂਡ ਪੂਲਿੰਗ ਪਾਲਿਸੀ! AAP ਸਰਕਾਰ ਪੰਜਾਬ ਦੀਆਂ ਜ਼ਮੀਨਾਂ ਖੋਹ ਕੇ ਵੰਡੇਗੀ ਕਿਸਾਨਾਂ ਨੂੰ ਮੋਟਰ ਕਨੈਕਸ਼ਨ?

ਕੇਵਲ ਢਿੱਲੋਂ ਦਾ ਵੱਡਾ ਹਮਲਾ: “ਦਿੱਲੀ ਦੇ ਹਾਰੇ ਹੋਏ ‘ਆਪ’ ਆਗੂਆਂ ਦੀ ਨਜ਼ਰ ਪੰਜਾਬ ਦੀਆਂ ਕੀਮਤੀ ਜ਼ਮੀਨਾਂ ‘ਤੇ, ਲੈਂਡ ਪੂਲਿੰਗ ਦਾ ਕਰਾਂਗੇ ਤਿੱਖਾ ਵਿਰੋਧ”

ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨਾਲ ਕੋਝਾ ਮਜ਼ਾਕ, ਦਿੱਲੀ ਦੇ ਫੇਲ੍ਹ ਆਗੂ ਪੰਜਾਬ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 14 ਜੁਲਾਈ 2026-

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਦੂਜੀ ਵਾਰ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ (Land Pooling Policy) ‘ਤੇ ਭਾਰਤੀ ਜਨਤਾ ਪਾਰਟੀ (BJP) ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਸ ਨੀਤੀ ਤਹਿਤ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦੇਣ ਦੇ ਲਾਲਚ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਬੇਹੱਦ ਹਾਸੋਹੀਣਾ ਅਤੇ ਕਿਸਾਨਾਂ ਨਾਲ ਇੱਕ ਭੱਦਾ ਮਜ਼ਾਕ ਕਰਾਰ ਦਿੱਤਾ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਕਿ ਜੇਕਰ ਸਰਕਾਰ ਲੈਂਡ ਪੂਲਿੰਗ ਰਾਹੀਂ ਕਿਸਾਨਾਂ ਦੀ ਖੇਤੀਯੋਗ ਜ਼ਮੀਨ ਹੀ ਖੋਹ ਲਵੇਗੀ, ਤਾਂ ਕਿਸਾਨ ਉਨ੍ਹਾਂ ਮੋਟਰ ਕਨੈਕਸ਼ਨਾਂ ਨੂੰ ਕਿੱਥੇ ਲਗਾਉਣਗੇ ਅਤੇ ਉਨ੍ਹਾਂ ਦਾ ਕੀ ਕਰਨਗੇ? ਕੇਵਲ ਸਿੰਘ ਢਿੱਲੋਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੇ ਇਸ ਨੀਤੀ ਦਾ ਡਟ ਕੇ ਵਿਰੋਧ ਕੀਤਾ ਸੀ, ਕਿਉਂਕਿ ਕਿਸਾਨ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਉਹ ਆਪਣੀ ਉਪਜਾਊ ਜ਼ਮੀਨ ਦੇਣਾ ਹੀ ਨਹੀਂ ਚਾਹੁੰਦੇ।

ਕਿਸਾਨਾਂ ਨੇ ਕਦੇ ਵੀ ਮੁਆਵਜ਼ਾ ਵਧਾਉਣ-ਘਟਾਉਣ ਜਾਂ ਬਦਲੇ ਵਿੱਚ ਪਲਾਟ ਲੈਣ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਘੁਟਾਲੇਬਾਜ਼ ਅਤੇ ਚੋਣਾਂ ਹਾਰ ਚੁੱਕੇ ਆਗੂ ਪੰਜਾਬ ਦੇ ਕਿਸਾਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ‘ਤੇ ਅੱਖ ਰੱਖੀ ਬੈਠੇ ਹਨ। ਇਹੀ ਕਾਰਨ ਹੈ ਕਿ ਪਹਿਲਾਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਇਸ ਨੀਤੀ ਨੂੰ ਦੁਬਾਰਾ ਜ਼ਬਰਦਸਤੀ ਪੰਜਾਬ ਦੇ ਲੋਕਾਂ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹਾਲੇ ਵੀ ਪਹਿਲਾਂ ਵਾਪਸ ਲਈ ਗਈ ਲੈਂਡ ਪੂਲਿੰਗ ਪਾਲਿਸੀ ਦੀ ਕਸਕ ਆਪਣੇ ਮਨ ਵਿੱਚ ਲਈ ਬੈਠੇ ਹਨ। ਕਿਸਾਨਾਂ ਹੱਥੋਂ ਮਿਲੀ ਹਾਰ ਨੂੰ ਉਹ ਅੱਜ ਤੱਕ ਭੁੱਲ ਨਹੀਂ ਸਕੇ ਅਤੇ ਹੁਣ ਆਪਣੀ ਜ਼ਿੱਦ ਪੂਰੀ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ‘ਤੇ ਉਤਾਰੂ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੇਵਲ ਸਿੰਘ ਢਿੱਲੋਂ ਨੇ ‘ਆਪ’ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਕਿਸਾਨ ਵਿਰੋਧੀ ਮਨਸੂਬੇ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਪੰਜਾਬ ਦੀ ਜਵਾਨੀ, ਕਿਸਾਨ ਅਤੇ ਧਰਤੀ ਦੀ ਰੱਖਿਆ ਲਈ ਭਾਜਪਾ ਇਸ ਨੀਤੀ ਦਾ ਪੁਰਜ਼ੋਰ ਵਿਰੋਧ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਅੰਨਦਾਤਾ ਦੇ ਹੱਕਾਂ ‘ਤੇ ਕਿਸੇ ਵੀ ਤਰ੍ਹਾਂ ਦਾ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ।

 

Leave a Comment