ਬੁੱਧਵਾਰ, ਮਾਰਚ 18, 2026
Home Blog Page 106

Punjab Breaking: ਘਰ ਦੇ ਬਾਹਰ ਕਾਂਗਰਸੀ ਲੀਡਰ ਨੂੰ ਮਾਰੀਆਂ ਗੋਲੀਆਂ

 

 

Punjab Breaking: Congress leader shot dead outside his house- ਵੱਡੀ ਖ਼ਬਰ: ਪੰਜਾਬ ‘ਚ ਕਾਂਗਰਸੀ ਲੀਡਰ ਨੂੰ ਘਰ ਦੇ ਬਾਹਰ ਮਾਰੀਆਂ ਗੋਲੀਆਂ

ਮੋਗਾ, 23 Dec 2025 (Punjab News)- 

Punjab Breaking: Congress leader shot dead outside his house- ਪੰਜਾਬ ਦੇ ਮੋਗਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੁਪਹਿਰ 3 ਵਜੇ ਅਣਪਛਾਤੇ ਹਮਲਾਵਰਾਂ ਨੇ ਇੱਕ ਕਾਂਗਰਸੀ ਲੀਡਰ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਘਰ ਬੈਠੇ ਸਨ। ਜ਼ਖਮੀ ਹੋਏ ਸਾਬਕਾ ਕੌਂਸਲਰ ਨਰਿੰਦਰਪਾਲ ਸਿੱਧੂ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸੀਨੀਅਰ ਪੁਲਿਸ ਅਧਿਕਾਰੀ ਅਤੇ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਨਰਿੰਦਰਪਾਲ ਸਿੱਧੂ ਨੂੰ ਦੋ ਵਾਰ ਗੋਲੀਆਂ ਮਾਰੀਆਂ।

ਰਿਪੋਰਟਾਂ ਅਨੁਸਾਰ, ਸਾਬਕਾ ਕੌਂਸਲਰ ਆਪਣੇ ਘਰ ਦੀ ਪਾਰਕਿੰਗ ਵਿੱਚ ਆਪਣੇ ਪਰਿਵਾਰ ਨਾਲ ਬੈਠਾ ਸੀ ਜਦੋਂ ਦੋ ਨੌਜਵਾਨ, ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ, ਘਰ ਵਿੱਚ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ। ਨਰਿੰਦਰਪਾਲ ਸਿੱਧੂ ਨੂੰ ਦੋ ਗੋਲੀਆਂ ਲੱਗੀਆਂ, ਇੱਕ ਲੱਤ ਵਿੱਚ ਅਤੇ ਇੱਕ ਮੋਢੇ ਵਿੱਚ।

ਡਾਕਟਰਾਂ ਅਨੁਸਾਰ, ਉਸਦੀ ਹਾਲਤ ਇਸ ਵੇਲੇ ਸਥਿਰ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸੀਨੀਅਰ ਪੁਲਿਸ ਅਧਿਕਾਰੀ ਅਤੇ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੀ ਪਛਾਣ ਕਰਨ ਲਈ ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਜ਼ਖਮੀ ਸਾਬਕਾ ਕੌਂਸਲਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਘਰ ਬੈਠਾ ਸੀ ਜਦੋਂ ਦੋ ਵਿਅਕਤੀ ਆਏ ਅਤੇ ਬਿਨਾਂ ਕੁਝ ਕਹੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ।

ਸਿਟੀ-1 ਥਾਣੇ ਦੇ ਇੰਸਪੈਕਟਰ ਬਰੁਣ ਕੁਮਾਰ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਪੁਰਾਣੀ ਰੰਜਿਸ਼ ਦਾ ਸ਼ੱਕ ਜ਼ਾਹਿਰ ਹੋਇਆ ਹੈ। ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’

 

 

Education Opinion: ਸਕੂਲੀ ਸਿੱਖਿਆ ਦੀ ਹਾਲਤ ਬਦ ਤੋਂ ਬਦਤਰ…!

 

 

Education Opinion: ਸਕੂਲੀ ਸਿੱਖਿਆ ਦੀ ਹਾਲਤ ਬਦ ਤੋਂ ਬਦਤਰ…!

Education Opinion: ਪੁਰਾਣੇ ਸਮਿਆਂ ਵਿੱਚ ਸਾਡੇ ਮੁਲਕ ਦੇ ਅੰਦਰ ਸਿੱਖਿਆ ਦਾ ਅਧਿਕਾਰ ਕੁਝ ਖਾਸ ਲੋਕਾਂ ਤੱਕ ਹੀ ਸੀਮਤ ਰਿਹਾ ਹੈ, ਪਰ ਹੌਲੀ-ਹੌਲੀ ਆਈ ਤਬਦੀਲੀ ਦੇ ਕਾਰਨ ਹਰ ਵਰਗ ਤੱਕ ਸਿੱਖਿਆ ਪਹੁੰਚਣੀ ਸ਼ੁਰੂ ਹੋਈ ਅਤੇ ਸਿੱਖਿਆ ਦੇ ਦੁਆਰ ਵੀ ਖੁੱਲ੍ਹੇ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ, ਸਾਡੇ ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਦੀ ਹਾਲੇ ਵੀ ਇੰਨੀ ਜ਼ਿਆਦਾ ਘਾਟ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਸਰਹੱਦੀ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤੀ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਅਤੇ ਇਸ ਦਾ ਵੱਡਾ ਕਾਰਨ ਅਧਿਆਪਕਾਂ ਦੀ ਕਮੀ ਅਤੇ ਸਕੂਲਾਂ ਵਿੱਚ ਮਾਹੌਲ ਚੰਗਾ ਨਾ ਹੋਣਾ ਹੈ।

ਸਾਲ-ਦਰ-ਸਾਲ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਦਾ ਮਿਆਰ ਲਗਾਤਾਰ ਉੱਠਣ ਦੀ ਬਜਾਏ, ਡਿੱਗਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਬੱਚਿਆਂ ਉੱਪਰ ਪੈ ਰਿਹਾ ਹੈ ਅਤੇ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਬਲਕਿ ਸਮੇਂ ਦੀਆਂ ਸਰਕਾਰਾਂ ਹੀ ਹਨ, ਜਿਨ੍ਹਾਂ ਵੱਲੋਂ ਵਾਅਦੇ ਅਤੇ ਦਾਅਵੇ ਤਾਂ ਕਈ ਕੀਤੇ ਜਾਂਦੇ ਰਹੇ, ਪਰ ਅਸਲ ਵਿੱਚ ਇਹਨਾਂ ਨੇ ਕੀਤਾ ਕੁਝ ਵੀ ਨਹੀਂ।

ਇਸ ਵਕਤ ਭਾਵੇਂ ਕਿ ਦੇਸ਼ ਦੇ ਲੋਕਾਂ ਦੀਆਂ ਵੱਖੋ-ਵੱਖਰੀਆਂ ਕਈ ਸਮੱਸਿਆਵਾਂ ਹੋਣਗੀਆਂ, ਪਰ ਸਰਹੱਦੀ ਇਲਾਕਿਆਂ ਵਿੱਚ ਇੱਕ ਚਿੰਤਾ ਹੈ ਕਿ ਸਿੱਖਿਆ ਬੱਚਿਆਂ ਤੱਕ ਕਿਵੇਂ ਪਹੁੰਚੇ? ਸਰਕਾਰ ਵੀ ਕੋਸ਼ਿਸ਼ ਕਰਦੀ ਹੈ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ, ਪਰ ਕੀ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਚੰਗੇ ਤਰੀਕੇ ਨਾਲ ਪਹੁੰਚ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇੱਕ ਪਾਸੇ ਤਾਂ ਅਸੀਂ ਚੰਨ ‘ਤੇ ਜਾਣ ਦੀਆਂ ਗੱਲਾਂ ਕਰਦੇ ਹਾਂ ਅਤੇ ਦੂਜੇ ਪਾਸੇ ਜ਼ਮੀਨ ‘ਤੇ ਇਹੋ ਜਿਹਾ ਹਾਲ ਹੈ ਕਿ ਜਿਸ ਨੂੰ ਵੇਖ ਕੇ ਵੀ ਤਰਸ ਆਉਂਦਾ ਹੈ ਕਿ ਮੁਲਕ ਦੇ 78 ਸਾਲਾਂ ਬਾਅਦ ਵੀ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਨਹੀਂ ਮਿਲ ਰਹੀ। ਸਭ ਤੋਂ ਵੱਡੀ ਸਮੱਸਿਆ ਇੱਥੇ ਇਹ ਹੈ ਕਿ ਅਧਿਆਪਕਾਂ ਦੀ ਕਮੀ ਹੈ।

ਦੱਸ ਦਈਏ ਕਿ ਇੱਕ ਸਮਾਂ ਇਹ ਵੀ ਸੀ ਜਦੋਂ ਅਧਿਆਪਕ ਕਹਿੰਦੇ ਹੁੰਦੇ ਸਨ ਕਿ ਸਾਡੀ ਸਰਹੱਦੀ ਇਲਾਕਿਆਂ ਵਿੱਚ ਡਿਊਟੀ ਲਾਓ ਅਤੇ ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਅਤੇ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਅਧਿਆਪਕ ਅਤੇ ਮੁਲਾਜ਼ਮ ਵੀ ਨਹੀਂ ਚਾਹੁੰਦੇ ਕਿ ਉਹ ਸਰਹੱਦੀ ਇਲਾਕਿਆਂ ਵਿੱਚ ਜਾ ਕੇ ਪੜ੍ਹਾਉਣ ਲਿਖਾਉਣ। ਬੇਸ਼ੱਕ ਉਹਨਾਂ ਦੀਆਂ ਆਪਣੀਆਂ ਕੁਝ ਮਜਬੂਰੀਆਂ ਨੇ ਪਰ ਅਸਲੀਅਤ ਇਹੋ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਡਿਊਟੀ ਲਵਾਉਣ ਲਈ ਹੁਣ ਕੋਈ ਅਧਿਆਪਕ ਖੁਸ਼ ਨਹੀਂ ਹੈ। ਇਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ, ਅਧਿਆਪਕਾਂ ਦੇ ਨਾਲ ਜਿਹੜੇ ਵਾਅਦੇ ਸਰਕਾਰ ਬਾਰਡਰ ਏਰੀਏ ਦੇ ਭੱਤੇ ਦੇਣ ਦੀ ਗੱਲ ਕਰਦੀ ਹੈ, ਉਹ ਅਧਿਆਪਕਾਂ ਨੂੰ ਸਮੇਂ ਸਿਰ ਨਹੀਂ ਮਿਲ ਪਾਉਂਦੇ, ਜਿਸ ਕਾਰਨ ਬਹੁਤ ਅਧਿਆਪਕ ਸਕੂਲਾਂ ਵਿਚੋਂ ਬਦਲੀਆਂ ਹੀ ਕਰਵਾ ਲੈਂਦੇ ਨੇ।

ਇਸ ਵੇਲੇ ਵੀ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨੇ। ਭਾਵੇਂ ਸਰਕਾਰ ਨੇ ਇਸੇ ਸਾਲ ਹੀ ਦਾਅਵਾ ਕੀਤਾ ਸੀ ਕਿ ਪੇਂਡੂ ਅਤੇ ਪਛੜੇ ਇਲਾਕਿਆਂ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ, ਜਿਸ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੇ ਵੱਲੋਂ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸਰਕਾਰ ਦੇ ਬਿਆਨ ਮਗਰੋਂ ਹੋਇਆ ਇਹ ਕਿ ਆਰਜ਼ੀ ਡਿਊਟੀਆਂ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਲਗਾ ਤਾਂ ਦਿੱਤੀਆਂ ਗਈਆਂ, ਪਰ ਉਹ ਅਧਿਆਪਕ ਕੁਝ ਸਮੇਂ ਬਾਅਦ ਹੀ ਆਪੋ ਆਪਣੇ ਇਲਾਕਿਆਂ ਵਿੱਚ ਵਾਪਸ ਆ ਗਏ। ਅਧਿਆਪਕ ਵੀ ਮਜਬੂਰ ਨੇ ਅਤੇ ਉਹ ਕਹਿੰਦੇ ਨੇ ਕਿ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਸਕੂਲਾਂ ਵਿੱਚ ਜਾਣਾ ਪੈਂਦਾ, ਜਿਹੜੀਆਂ ਸਮੱਸਿਆਵਾਂ ਉਹ ਸਰਕਾਰ ਤੱਕ ਇਹਨਾਂ ਪਿੰਡਾਂ ਦੀਆਂ ਪਹੁੰਚਾਉਂਦੇ ਨੇ, ਉਸ ਨੂੰ ਹੱਲ ਕਰਨ ਲਈ ਸਰਕਾਰ ਉਹਨਾਂ ਦੀ ਮਦਦ ਨਹੀਂ ਕਰਦੀ।

ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਰਹੇ ਡਿੰਪਲ ਦੇ ਕਹਿਣ ਮੁਤਾਬਕ, ਸਕੂਲਾਂ ਅੰਦਰ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀ ਸਿੱਖਿਆ ਆਰਟਸ, ਵੋਕੇਸ਼ਨਲ ਤੇ ਸਾਇੰਸ ਤੋਂ ਇਲਾਵਾ ਹੋਰ ਵੀ ਕੋਰਸ ਚਲਾਏ ਜਾਂਦੇ ਹਨ। ਪਰ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਅਧਿਆਪਕਾਂ ਦੀ ਭਾਰੀ ਘਾਟ ਹੈ। ਅਧਿਆਪਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ।

ਇਸ ਵਾਰ ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਲੱਖਾਂ ਏਕੜ ਕਿਸਾਨਾਂ ਦੀ ਫਸਲ ਨੂੰ ਤਬਾਹ ਕੀਤਾ, ਉੱਥੇ ਹੀ ਦੂਜੇ ਪਾਸੇ ਇਸ ਹੜ੍ਹ ਨੇ ਸਿੱਖਿਆ ਵਿੱਚ ਵੀ ਵੱਡਾ ਰੋਕਾ ਲਾਇਆ ਹੈ। ਹੜ੍ਹਾਂ ਦੇ ਕਾਰਨ ਸਕੂਲ ਕਰੀਬ ਦੋ ਮਹੀਨੇ ਤੱਕ ਬੰਦ ਰਹੇ, ਸਕੂਲਾਂ ਵਿੱਚ ਪਾਣੀ ਭਰ ਗਿਆ ਅਤੇ ਇਹਨਾਂ ਹੜ੍ਹਾਂ ਦੇ ਕਾਰਨ ਹੀ ਬਹੁਤੇ ਅਧਿਆਪਕ ਜਿਹੜੇ ਕਿ ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਆਉਂਦੇ ਸਨ, ਉਹਨਾਂ ਨੇ ਆਪਣੀਆਂ ਡਿਊਟੀਆਂ ਹੀ ਕਟਵਾ ਲਈਆਂ। ਹੜ੍ਹਾਂ ਦੇ ਕਰੀਬ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ।

ਸਰਹੱਦੀ ਕਿਸਾਨਾਂ ਦੀ ਮੰਨੀਏ ਤਾਂ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਸੂਬੇ ਦੇ ਅੰਦਰ ਰਾਜ ਕੀਤਾ ਹੈ, ਹਰ ਸਰਕਾਰ ਨੇ ਦਾਅਵਾ ਇਹੋ ਕੀਤਾ ਹੈ ਕਿ ਸਰਹੱਦੀ ਇਲਾਕੇ ਦੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ। ਭਾਵੇਂ ਕਿ ਕੁਝ ਸਰਕਾਰਾਂ ਨੇ ਇਸ ਵੱਲ ਧਿਆਨ ਵੀ ਦਿੱਤਾ ਹੈ, ਪਰ ਅਸਲੀਅਤ ਇਹ ਹੈ ਕਿ ਇਸ ਵੇਲੇ ਆਜ਼ਾਦੀ ਦੇ ਕਰੀਬ 78 ਸਾਲ ਬੀਤ ਜਾਣ ਦੇ ਬਾਅਦ ਵੀ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ, ਇਸ ਤੋਂ ਇਲਾਵਾ ਸਕੂਲਾਂ ਦੀਆਂ ਬਿਲਡਿੰਗਾਂ ਵਧੀਆ ਨਹੀਂ ਹਨ ਅਤੇ ਨਾਲ ਦੀ ਨਾਲ ਇੱਥੇ ਕੋਈ ਅਧਿਆਪਕ ਆ ਕੇ ਵੀ ਖੁਸ਼ ਨਹੀਂ। ਸਮੇਂ ਸਮੇਂ ‘ਤੇ ਸਰਕਾਰ ਦੁਆਰਾ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ।

ਸਰਹੱਦੀ ਕਿਸਾਨ ਜਿੱਥੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਨੇ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪਰੇਸ਼ਾਨ ਵਿਖਾਈ ਦਿੰਦੇ ਨੇ। ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਚੰਗੀ ਨਾ ਮਿਲਣ ਦੇ ਕਾਰਨ ਨੌਜਵਾਨ ਕੁਰਾਹੇ ਪੈ ਜਾਂਦੇ ਨੇ ਅਤੇ ਉਹ ਅੱਜ ਇਹੋ ਜਿਹੇ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਜਿਸ ਕਾਰਨ, ਉਹਨਾਂ ਦਾ ਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦਾ ਵੀ ਨਾਮ ਬਦਨਾਮ ਹੋ ਜਾਂਦਾ ਹੈ।

ਵੇਖਿਆ ਜਾਵੇ ਤਾਂ, ਜੰਗ ਦਾ ਮੈਦਾਨ ਹੋਵੇ ਜਾਂ ਫਿਰ ਮੁਲਕ ਦਾ ਢਿੱਡ ਭਰਨਾ ਹੋਵੇ, ਹਰ ਕੰਮ ਵਿੱਚ ਪੰਜਾਬੀ ਅੱਗੇ ਹੋ ਕੇ ਲੜਦੇ ਆਏ ਹਨ ਅਤੇ ਲੜ ਰਹੇ ਹਨ। ਪੰਜਾਬੀਆਂ ਦਾ ਹਮੇਸ਼ਾ ਹੀ ਇਹੋ ਟੀਚਾ ਰਿਹਾ ਹੈ ਕਿ ਉਹ ਦੂਜਿਆਂ ਦੀ ਮਦਦ ਲਈ ਅੱਗੇ ਜ਼ਰੂਰ ਆਉਂਦੇ ਨੇ, ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਪੰਜਾਬੀਆਂ ਦੀ ਮਦਦ ਲਈ ਕੌਣ ਅੱਗੇ ਆਉਂਦਾ ਹੈ? ਭਾਵੇਂ ਕਿ ਦਾਅਵੇ ਅਤੇ ਵਾਅਦੇ ਸਮੇਂ-ਸਮੇਂ ‘ਤੇ ਕੀਤੇ ਜਾਂਦੇ ਰਹੇ ਨੇ ਕਿ ਅਸੀਂ ਪੰਜਾਬੀਆਂ ਦੀ ਮਦਦ ਕਰਦੇ ਹਾਂ, ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਅਤੇ ਹੋਰ ਪਾਰਟੀਆਂ ਵੀ, ਇਸ ਤੋਂ ਇਲਾਵਾ ਬਾਹਰ ਬੈਠੀਆਂ ਧਿਰਾਂ ਵੀ, ਪਰ ਮਦਦ ਕਰਦਾ ਕੌਣ ਹੈ, ਕੋਈ ਵੀ ਨਹੀਂ। ਆਪਣੇ ਪੈਰਾਂ ਸਿਰ ਆਪ ਖੜ੍ਹੇ ਹੋ ਕੇ ਪੰਜਾਬੀ ਅੱਗੇ ਹੋ ਕੇ ਲੜੇ ਨੇ।

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਦੇ ਵੱਲੋਂ ਤਰਨ ਤਾਰਨ ਦੇ ਭਿੱਖੀਵਿੰਡ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਮੰਨੀ ਸੀ ਕਿ ਸਰਹੱਦੀ ਇਲਾਕਿਆਂ ਵਿੱਚ ਹਾਲੇ ਵੀ ਸਿੱਖਿਆ ਦੀ ਬੇਹੱਦ ਘਾਟ ਹੈ, ਜਿਸ ਦੇ ਕਾਰਨ ਬਹੁਤ ਸਾਰੇ ਮੁੰਡੇ ਕੁੜੀਆਂ ਚੰਗੀ ਸਿੱਖਿਆ ਨਹੀਂ ਹਾਸਲ ਕਰ ਪਾਉਂਦੇ। ਉਨ੍ਹਾਂ ਨੇ ਕਿਹਾ ਸੀ ਕਿ ਅੱਜ ਸਮੇਂ ਦੀ ਲੋੜ ਇਹ ਹੈ ਕਿ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਸਕੂਲ ਕਾਲਜ ਬਣਾਏ ਜਾਣ ਤਾਂ ਜੋ ਇੱਥੇ ਰਹਿਣ ਵਾਲੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਗਵਰਨਰ ਕਟਾਰੀਆਂ ਨੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਗੱਲ ਆਖੀ ਸੀ ਤਾਂ ਜੋ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਸੜਕਾਂ, ਆਵਾਜਾਈ ਸਹੂਲਤਾਂ ਤੋਂ ਇਲਾਵਾ ਆਧੁਨਿਕ ਤੇ ਮਿਆਰੀ ਸਿੱਖਿਆ, ਰੁਜ਼ਗਾਰ, ਪੀਣ ਵਾਸਤੇ ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਬਿਹਤਰ ਢੰਗ ਦੇ ਨਾਲ ਪਹਿਲ ਦੇ ਅਧਾਰ ‘ਤੇ ਮਿਲ ਸਕਣ। ਖੈਰ ਹੁਣ ਤੱਕ ਸਰਕਾਰਾਂ ਨੇ ਦਾਅਵੇ ਅਤੇ ਵਾਅਦੇ ਤਾਂ ਬਥੇਰੇ ਕੀਤੇ ਨੇ, ਪਰ ਦੇਖਦੇ ਹਾਂ ਕਿ ਸਰਹੱਦੀ ਇਲਾਕਿਆਂ ਵਿੱਚ ਸਿੱਖਿਆ ਕਦੋਂ ਤੱਕ ਪਹੁੰਚਦੀ ਹੈ? ਨਹੀਂ ਤਾਂ ਬਗੈਰ ਸਿੱਖਿਆ ਤੋਂ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੈ।

-ਗੁਰਪ੍ਰੀਤ

 

Sanchar Saathi Mobile App: ਕੀ ਸੱਚਮੁੱਚ ਸੁਰੱਖਿਅਤ ਨਹੀਂ ਸੰਚਾਰ ਸਾਥੀ ਐਪ?

 

Sanchar Saathi Mobile App: ਕੀ ਸੱਚਮੁੱਚ ਸੁਰੱਖਿਅਤ ਨਹੀਂ ਸੰਚਾਰ ਸਾਥੀ ਐਪ?

Sanchar Saathi Mobile App: ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਭਰ ਦੇ ਅੰਦਰ ਸੰਚਾਰ ਸਾਥੀ ਮੋਬਾਈਲ ਐਪ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ। ਕੇਂਦਰ ਸਰਕਾਰ ਨੇ ਇਹ ਐਪ ਇਸੇ ਕਰਕੇ ਲਿਆਂਦੀ ਤਾਂ ਜੋ ਲੋਕਾਂ ਦੀ ਸੁਰੱਖਿਆ ਹੋ ਸਕੇ ਅਤੇ ਉਨ੍ਹਾਂ ਦੇ ਮੋਬਾਈਲ ਵਿੱਚ ਇਸ ਐਪ ਨੂੰ ਇੰਸਟਾਲ ਕਰਕੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ।

ਬੇਸ਼ੱਕ ਸਰਕਾਰੀ ਦਾਅਵੇ ਦੇ ਮੁਤਾਬਿਕ, ਇਹ ਐਪ ਕਾਫ਼ੀ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਇਸ ਐਪ ਦੇ ਇੰਸਟਾਲ ਹੋਣ ਦੇ ਨਾਲ ਲੋਕ ਸਾਈਬਰ ਠੱਗੀ ਤੋਂ ਬਚ ਸਕਣਗੇ। ਪਰ ਸਵਾਲ ਇਹ ਹੈ ਕਿ ਸਰਕਾਰ ਨਵੇਂ ਸਿਰ ਤੋਂ ਇਹ ਐਪ ਇੰਸਟਾਲ ਕਰਵਾਉਣ ਲਈ ਆਖ਼ਰ ਕਹਿ ਕਿਉਂ ਰਹੀ ਹੈ? ਕਿਉਂ ਨਹੀਂ ਅਜਿਹਾ ਕੋਈ ਸਖ਼ਤ ਕਾਨੂੰਨ ਬਣਾ ਦਿੱਤਾ ਜਾਂਦਾ, ਜਿਸ ਦੇ ਨਾਲ ਠੱਗੀ ਮਾਰਨ ਵਾਲੇ ਫੜੇ ਵੀ ਜਾਣ ਅਤੇ ਉਹ ਠੱਗੀ ਮਾਰ ਵੀ ਨਾ ਸਕਣ। ਜ਼ਿਆਦਾਤਰ ਠੱਗੀਆਂ ਮੋਬਾਈਲ ਫੋਨਾਂ ਦੇ ਜਰੀਏ ਹੀ ਵੱਜਦੀਆਂ ਨੇ। ਸਾਈਬਰ ਠੱਗਾਂ ਦੁਆਰਾ ਨਵੇਂ-ਨਵੇਂ ਤਰੀਕਿਆਂ ਦੇ ਨਾਲ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਡਿਜੀਟਲ ਅਰੈਸਟ ਤੋਂ ਲੈ ਕੇ ਈ-ਮੇਲ ਧੋਖਾਧੜੀ ਤੱਕ ਪਹਿਲਾਂ ਅਸੀਂ ਸੁਣਿਆ ਕਰਦੇ ਸੀ, ਪਰ ਇਸ ਵੇਲੇ ਮੋਬਾਈਲ ‘ਤੇ ਓਟੀਪੀ ਆਉਣ ਤੋਂ ਬਗੈਰ ਹੀ ਲੋਕਾਂ ਦੇ ਬੈਂਕ ਖਾਤੇ ਖ਼ਾਲੀ ਹੋ ਰਹੇ ਨੇ। ਪਤਾ ਨਹੀਂ, ਤਾਂ ਹੀ ਸਰਕਾਰ ਨੇ ਇਹ ਸੋਚ ਕੇ ਸੰਚਾਰ ਸਾਥੀ ਐਪ ਇੰਸਟਾਲ ਕਰਨ ਲਈ ਲੋਕਾਂ ਨੂੰ ਆਖਿਆ, ਪਰ ਇਸ ਐਪ ਦੇ ਇੰਸਟਾਲ ਹੋਣ ਤੋਂ ਪਹਿਲਾਂ ਹੀ ਰੌਲਾ ਇੰਨਾ ਜ਼ਿਆਦਾ ਪੈ ਗਿਆ ਕਿ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ।

ਓਦਾਂ ਸੰਚਾਰ ਸਾਥੀ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਜਾਣ ਲਈ ਸਿਰਫ਼ ਈ-ਮੇਲ ਰਾਹੀਂ ਹੀ ਲੋਗਇਨ ਕਰਨਾ ਪੈਂਦਾ, ਕੋਈ ਬਹੁਤਾ ਲੰਮਾ ਚੌੜਾ ਚੱਕਰ ਨਹੀਂ ਹੈ। ਇਸ ਵੈੱਬਸਾਈਟ ਉੱਤੇ ਬੇਸ਼ੱਕ ਸਾਨੂੰ ਸਭ ਕੁੱਝ ਜਾਣਕਾਰੀ ਮਿਲ ਜਾਂਦੀ ਹੈ। ਪਰ ਕੁੱਝ ਅਜਿਹੀਆਂ ਗੱਲਾਂ ਵੀ ਮਿਸ ਹੋ ਜਾਂਦੀਆਂ ਨੇ, ਜਿਸ ਕਾਰਨ ਲੋਕਾਂ ਦੇ ਨਾਲ ਦਿਨ ਦਿਹਾੜੇ ਕਰੋੜਾਂ ਰੁਪਏ ਦੀ ਠੱਗੀ ਵੱਜ ਜਾਂਦੀ ਹੈ।

ਵੈਸੇ, ਜਿੰਨਾ ਰੌਲਾ ਵਿਰੋਧੀ ਧਿਰ ਨੇ ਇਸ ਵਾਰ ਸੈਸ਼ਨ ਦੇ ਵਿੱਚ ‘ਸੰਚਾਰ ਸਾਥੀ’ ਐਪ ਨੂੰ ਲੈ ਕੇ ਪਾਇਆ ਹੈ, ਇਸ ਤੋਂ ਪਹਿਲਾਂ ਇੰਨਾ ਰੌਲਾ ਕਦੇ ਵੀ ਕਿਸੇ ਐਪ ਨੂੰ ਲੈ ਕੇ ਨਹੀਂ ਪਿਆ ਹੋਣਾ। ਖ਼ੈਰ, ਵਿਰੋਧੀ ਧਿਰਾਂ ਵੀ ਸੱਚੀਆਂ ਨੇ, ਅੱਜ ਹਰ ਕਿਸੇ ਦੇ ਹੱਥ ਵਿੱਚ ਦੋ-ਦੋ ਮੋਬਾਈਲ ਨੇ, ਹਰ ਕੋਈ ਚਾਹੁੰਦਾ ਕਿ ਮੈਂ ਸੁਰੱਖਿਅਤ ਰਵਾਂ, ਮੇਰੀ ਗੱਲ ਸਰਕਾਰ ਜਾਂ ਫਿਰ ਸਾਈਬਰ ਸੁਰੱਖਿਆ ਤੱਕ ਨਾ ਹੀ ਪੁੱਜੇ, ਤਾਂ ਚੰਗਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਾਰਾ ਡਾਟਾ ਅਤੇ ਏ-ਟੂ-ਜੈਡ ਜਾਣਕਾਰੀ, ਸਾਰੀ ਦੀ ਸਾਰੀ ਪਹਿਲਾ ਹੀ ਸਰਕਾਰ ਦੇ ਕੋਲ ਮੌਜੂਦ ਹੈ।

ਦਰਅਸਲ, ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਸੀ ਤਾਂ ਉਸ ਵੇਲੇ ਵੀ ਸਰਕਾਰ ਨੇ ਲੋਕਾਂ ਦਾ ਮੋਟਾ ਜਿਹਾ ਡਾਟਾ ਇਕੱਠਾ ਕੀਤਾ ਸੀ। ਹੌਲੀ-ਹੌਲੀ ਆਧਾਰ ਕਾਰਡ ਰਾਹੀਂ ਠੱਗੀਆਂ ਦਾ ਸਿਲਸਿਲਾ ਵਧਿਆ ਤਾਂ, ਸਰਕਾਰ ਨੇ ਥੋੜ੍ਹੀ ਸਖ਼ਤੀ ਕੀਤੀ, ਥੋੜ੍ਹੀਆਂ ਤਬਦੀਲੀਆਂ ਕੀਤੀਆਂ ਅਤੇ ਆਧਾਰ ਕਾਰਡ ਬਣਾਉਣ ਦਾ ਰੂਲ ਵੀ ਸਖ਼ਤ ਬਣਾ ਦਿੱਤਾ। ਪੈੱਨ ਕਾਰਡ, ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦਾ ਵੀ ਕੁੱਝ ਮਹੀਨੇ ਪਹਿਲਾਂ ਫ਼ਰਮਾਨ ਜਾਰੀ ਹੋਇਆ ਸੀ ਅਤੇ ਕਈ ਸਿਆਸੀ ਧਿਰਾਂ ਨੇ ਤਾਂ ਆਧਾਰ ਕਾਰਡ ਨੂੰ ਵੋਟਰ ਕਾਰਡ ਦੇ ਨਾਲ ਲਿੰਕ ਕਰਨ ਦੀ ਵੀ ਮੰਗ ਕੀਤੀ ਸੀ ਕਿ ਇਸ ਨੂੰ ਜਲਦ ਤੋਂ ਜਲਦ ਲਿੰਕ ਕੀਤਾ ਜਾਵੇ ਤਾਂ, ਜੋ ਪਤਾ ਲੱਗ ਸਕੇ ਕਿ ਅਸਲੀ ਵੋਟਰ ਕਾਰਡ ਕਿਸ ਕੋਲ ਹੈ ਅਤੇ ਨਕਲੀ ਕਿਸ ਕੋਲ, ਪਰ ਇਹ ਮਾਮਲਾ ਵਿੱਚ ਵਿਚਾਲੇ ਹੀ ਰਹਿ ਗਿਆ। ਕਿਸੇ ਨੇ ਇਸ ‘ਤੇ ਗ਼ੌਰ ਨਹੀਂ ਕਰਿਆ।

ਹੁਣ ਸਵਾਲ ਇਹ ਉੱਠਦਾ ਹੈ ਕਿ, ਸਾਡਾ ਡਾਟਾ ਜੇਕਰ ਪਹਿਲਾਂ ਹੀ ਸਰਕਾਰ ਜਾਂ ਫਿਰ ਸਾਈਬਰ ਸੁਰੱਖਿਆ ਦੇ ਕੋਲ ਹੈ ਤਾਂ ਫਿਰ ਸਰਕਾਰ ਇਹ ਸੰਚਾਰ ਸਾਥੀ ਐਪ ਸਾਡੇ ਕੋਲੋਂ ਆਪਣੇ ਮੋਬਾਈਲਾਂ ਵਿੱਚ ਡਾਊਨਲੋਡ ਕਿਉਂ ਕਰਵਾ ਰਹੀ ਹੈ? ਵੈਸੇ ਹੋਣਾ ਤਾਂ ਇੰਝ ਚਾਹੀਦਾ ਹੈ ਕਿ, ਜਿਸ ਨੇ ਆਪਣੇ ਪੈਸੇ ਖ਼ਰਚ ਕਰਕੇ ਮੋਬਾਈਲ ਲਿਆਂਦਾ ਹੈ, ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਐਪ ਨੂੰ ਇੰਸਟਾਲ ਕਰੇ ਜਾਂ ਫਿਰ ਨਾ ਕਰੇ, ਉਸ ਦੀ ਮਰਜ਼ੀ ਹੋਵੇ, ਪਰ ਇੱਥੇ ਤਾਂ ਸਰਕਾਰ ਆਪਣੀ ਮਰਜ਼ੀ ਚਲਾ ਰਹੀ ਹੈ। ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ, ਇਹ ਤਾਂ ਸਿੱਧਾ-ਸਿੱਧਾ ਤਾਨਾਸ਼ਾਹੀ ਵਾਲਾ ਫ਼ਰਮਾਨ ਹੈ, ਪਰ ਪਿਛਲੇ ਦਿਨੀਂ ਸਰਕਾਰ ਨੇ ਆਪਣਾ ਇਹ ਫ਼ਰਮਾਨ ਵਾਪਸ ਲੈਂਦਿਆਂ ਕਹਿ ਦਿੱਤਾ ਕਿ, ਹਰ ਕਿਸੇ ਦੇ ਮੋਬਾਈਲ ਵਿੱਚ ਇਹ ਐਪ ਹੋਣੀ ਜ਼ਰੂਰੀ ਨਹੀਂ ਅਤੇ ਜੇਕਰ ਲੋਕ ਚਾਹੁਣ ਤਾਂ ਇਸ ਐਪ ਨੂੰ ਅਨ-ਇੰਸਟਾਲ, ਮਤਲਬ ਕਿ ਮੋਬਾਈਲ ਫ਼ੋਨ ਵਿੱਚੋਂ ਹਟਾ ਵੀ ਸਕਦੇ ਹਨ। ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਸਰਕਾਰ ਨੇ ਆਦੇਸ਼ ਜਾਰੀ ਕਰਦਿਆਂ ਹੋਇਆਂ ਇਹ ਕਿਹਾ ਸੀ ਕਿ, ਇਹ ਐਪ ਮੋਬਾਈਲ ਵਿੱਚ ਹੋਣੀ ਬੇਹੱਦ ਜ਼ਰੂਰੀ ਹੋਵੇਗੀ ਅਤੇ ਲੋਕ ਇਸ ਨੂੰ ਹਟਾ ਵੀ ਨਹੀਂ ਸਕਣਗੇ।

ਵੈਸੇ, ਡਾਟਾ ਚੋਰੀ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਇਹ ਬੇਹੱਦ ਹੀ ਲੰਮਾ ਚੌੜਾ ਅਤੇ ਸਮਝਣ ਸੋਚਣ ਤੇ ਵਿਚਾਰਨ ਵਾਲਾ ਮਾਮਲਾ ਹੈ। ਜਦੋਂ ਅਸੀਂ ਕੋਈ ਆਪਣੇ ਮੋਬਾਈਲ ਫ਼ੋਨ ‘ਤੇ ਐਪ ਖੋਲਦੇ ਹਾਂ ਅਤੇ ਉੱਥੇ ਸਕਰੋਲ ਕਰਨਾ ਸ਼ੁਰੂ ਕਰਦੇ ਹਾਂ ਤਾਂ, ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦੀਆਂ ਨੇ, ਉਹੋ ਚੀਜ਼ਾਂ ਸਾਡੀ ਮੋਬਾਈਲ ਹਿਸਟਰੀ ਦੇ ਵਿੱਚ ਸੇਵ ਰਹਿ ਜਾਂਦੀਆਂ ਨੇ। ਉਹਦੇ ਬਾਅਦ ਜਦੋਂ ਵੀ ਮੋਬਾਈਲ ਫ਼ੋਨ ਬੰਦ ਕਰਕੇ ਜਾਂ ਫਿਰ ਨੈੱਟ ਆਫ਼ ਕਰਕੇ ਆਨ ਕੀਤਾ ਜਾਵੇ ਤਾਂ, ਸਬੰਧਿਤ ਕੰਟੈਂਟ ਦੇ ਨਾਲ ਨਾਲ ਉਹ ਚੀਜ਼ਾਂ, ਜਿਹੜੀਆਂ ਅਸੀਂ ਵੇਖ ਚੁੱਕੇ ਹੁੰਦੇ ਹਾਂ, ਉਹ ਦੁਬਾਰਾ ਫਿਰ ਤੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮਤਲਬ ਸਾਫ਼ ਹੈ ਕਿ ਜਿਹੋ ਜਿਹਾ ਗਾਹਕ ਆਵੇਗਾ, ਉਹੋ ਜਿਹਾ ਹੀ ਮੋਬਾਈਲ ਐਪ ਉਸਨੂੰ ਵਿਖਾਉਣਗੀਆਂ।

ਅੱਜ ਜੇਕਰ ਕਿਸੇ ਕੋਲ ਇੱਕ ਵੀ ਮੋਬਾਈਲ ਫ਼ੋਨ ਹੈ ਤਾਂ ਉਹ ਆਪਣੇ ਮੋਬਾਈਲ ਵਿੱਚ ਸਿਰਫ਼ ਆਪਣਾ ਨਾਮ ਅਤੇ ਈਮੇਲ ਐਡਰੈੱਸ ਹੀ ਭਰਦੇ, ਤਾਂ ਉਸਦਾ ਸਾਰੇ ਦਾ ਸਾਰਾ ਡਾਟਾ ਆਪਣੇ ਆਪ ਮੋਬਾਈਲ ਐਪ ਜਾਂ ਫਿਰ ਮੋਬਾਈਲ ਦੀ ਹਿਸਟਰੀ ਵਿੱਚ ਚਲਾ ਜਾਵੇਗਾ, ਜਿਸ ਦੇ ਨਾਲ ਭਾਵੇਂ ਮੋਬਾਈਲ ਫ਼ੋਨ ਵੇਚ ਵੀ ਦਿੱਤਾ ਜਾਵੇ, ਫਿਰ ਵੀ ਉਕਤ ਗ੍ਰਾਹਕ ਦਾ ਡਾਟਾ ਸਾਰੇ ਦਾ ਸਾਰਾ ਉਸੇ ਤਰ੍ਹਾਂ ਹੀ ਸੇਵ ਰਹੇਗਾ।

ਅੱਜ ਕੱਲ੍ਹ ਜਦੋਂ ਵੀ ਕੋਈ ਨਵਾਂ ਮੋਬਾਈਲ ਫ਼ੋਨ ਲੈਂਦੇ ਹਾਂ, ਤਾਂ ਮੋਬਾਈਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੋਈ ਵੀ ਇੱਕ ਮੇਲ ਮੰਗੀ ਜਾਂਦੀ ਹੈ, ਜਿਵੇਂ ਕਿ ਜੀ-ਮੇਲ ਜਾਂ ਯਾਹੂ ਮੇਲ ਜਾਂ ਫਿਰ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਮੇਲ ਦੀ ਸੁਵਿਧਾ ਪ੍ਰੋਵਾਈਡ ਕਰਵਾਉਂਦੀਆਂ ਨੇ। ਜਦੋਂ ਕੋਈ ਵੀ ਮੋਬਾਈਲ ਵਰਤਣ ਵਾਲਾ ਆਦਮੀ ਜਾਂ ਫਿਰ ਔਰਤ ਆਪਣਾ ਈਮੇਲ ਐਡਰੈੱਸ ਨਵੇਂ ਮੋਬਾਈਲ ਵਿੱਚ ਭਰਦਾ ਹੈ ਤਾਂ, ਉਸਦਾ ਪਿਛਲਾ ਸਾਰਾ ਡਾਟਾ ਨਵੇਂ ਮੋਬਾਈਲ ਫ਼ੋਨ ਵਿੱਚ ਆਪਣੇ ਆਪ ਹੀ ਟਰਾਂਸਫ਼ਰ ਹੋ ਜਾਂਦਾ ਹੈ, ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਕਤ ਈਮੇਲ (ਕੰਪਨੀਆਂ) ਕੋਲ ਸਾਰੇ ਦਾ ਸਾਰਾ ਡਾਟਾ ਪਹਿਲੋਂ ਹੀ ਸੇਵ ਹੁੰਦਾ ਹੈ।

ਇਹ ਤਾਂ ਇਕੱਲੇ ਈਮੇਲ ਦੀ ਗੱਲ ਹੋਈ, ਬਾਕੀ ਫੇਸਬੁੱਕ, ਟਵਿੱਟਰ, ਲਿੰਕਡਨ ਅਤੇ ਹੋਰ ਵੱਡੀਆਂ ਮੋਬਾਈਲ ਐਪ ਜਿਹੜੀਆਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀਆਂ ਨੇ, ਉਨ੍ਹਾਂ ਉੱਤੇ ਵੀ ਅਸੀਂ ਆਪਣਾ ਕੰਟੈਂਟ, ਫ਼ੋਟੋਆਂ, ਲੋਕੇਸ਼ਨ ਅਤੇ ਆਪਣੇ ਅਹੁਦੇ ਤੋਂ ਇਲਾਵਾ ਆਪਣਾ ਉਹ ਸਭ ਕੁੱਝ ਵੀ ਲਿਖ ਦਿੰਦੇ ਹਾਂ, ਜਾਂ ਫਿਰ ਬਿਆਨ ਕਰ ਦਿੰਦੇ ਹਾਂ ਜਿਸ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ। ਇਸ ਦੇ ਨਾਲ ਮੋਬਾਈਲ ਐਪ ਕੰਪਨੀਆਂ ਡਾਟਾ ਸੇਵ ਕਰ ਲੈਂਦੀਆਂ ਨੇ ਅਤੇ ਕਥਿਤ ਤੌਰ ‘ਤੇ ਉਸ ਡਾਟੇ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ।

ਕੁੱਝ ਸਮਾਂ ਪਹਿਲਾਂ ਗੂਗਲ ਨੇ ਇੱਕ ਰਿਪੋਰਟ ਸਾਂਝੀ ਕਰਦਿਆਂ ਹੋਇਆਂ ਕਿਹਾ ਸੀ ਕਿ, ਕਰੋੜਾਂ ਲੋਕਾਂ ਦੇ ਪਾਸਵਰਡ ਚੋਰੀ ਹੋ ਗਏ ਨੇ ਜਾਂ ਫਿਰ ਲੀਕ ਹੋ ਗਏ ਨੇ। ਇਹ ਪਾਸਵਰਡ ਲੀਕ ਕਿਵੇਂ ਹੋਏ, ਇਸ ਬਾਰੇ ਤਾਂ ਗੂਗਲ ਨੇ ਕੋਈ ਸਪੱਸ਼ਟ ਨਹੀਂ ਸੀ ਦੱਸਿਆ, ਪਰ ਇਹ ਜ਼ਰੂਰ ਕਿਹਾ ਸੀ ਕਿ ਈਮੇਲ ਜਾਂ ਫਿਰ ਗੂਗਲ ਦੇ ਹੋਰ ਅਕਾਊਟ ਦੇ ਨਾਲ ਜੋੜੇ ਗਏ, ਪਾਸਵਰਡ ਜਿਹੜੇ ਵੀਕ ਪਾਸਵਰਡ ਹੁੰਦੇ ਨੇ, ਉਹੀ ਲੀਕ ਹੋਏ ਨੇ, ਜਿਸ ਦੇ ਕਾਰਨ ਲੋਕਾਂ ਦਾ ਡਾਟਾ ਚੋਰੀ ਹੋਣ ਦਾ ਖ਼ਤਰਾ ਹੈ। ਮਤਲਬ ਸਾਫ਼ ਹੈ ਕਿ ਵੀਕ ਯਾਨੀ ਕਿ ਸਿੱਧੇ ਸਾਧੇ ਪਾਸਵਰਡ, ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਮੋਬਾਈਲ ਫੋਨਾਂ ‘ਤੇ ਲਗਾਏ ਜਾਂਦੇ ਨੇ, ਉਨ੍ਹਾਂ ਦਾ ਡਾਟਾ ਛੇਤੀ ਚੋਰੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਪਰ, ਅਜਿਹਾ ਹੋਣਾ ਸੰਭਵ ਨਹੀਂ ਹੈ, ਕਿਉਂਕਿ ਜੇਕਰ ਕੋਈ ਗਾਹਕ ਆਪਣੇ ਮੋਬਾਈਲ ਫ਼ੋਨ ਵਿੱਚ ਕੋਈ ਐਪ ਇੰਸਟਾਲ ਕਰਦਾ ਹੈ ਤਾਂ, ਉਕਤ ਐਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸਨੂੰ ਚਲਾਉਣ ਵਾਲੇ ਦੀ ਸੁਰੱਖਿਆ ਕਰੇ ਅਤੇ ਕਿਸੇ ਨੂੰ ਵੀ ਡਾਟਾ ਚੋਰੀ ਕਰਨ ਨਾ ਦੇਵੇ, ਪਰ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਫਿਰ ਖੇਤ ਉੱਜੜਨੇ ਹੀ ਨੇ, ਅਜਿਹਾ ਕੁੱਝ ਮੋਬਾਈਲ ਐਪ ਕਰ ਰਹੀਆਂ ਨੇ। ਇਹ ਕੋਈ ਇੱਕ ਮੋਬਾਈਲ ਐਪ ਦਾ ਰੌਲਾ ਨਹੀਂ, ਬਲਕਿ ਦੁਨੀਆ ਭਰ ਵਿੱਚ ਲੱਖਾਂ ਮੋਬਾਈਲ ਐਪ ਅਜਿਹੀਆਂ ਨੇ, ਜਿਹੜੀਆਂ ਲੋਕਾਂ ਦਾ ਡਾਟਾ ਚੋਰੀ ਕਰਕੇ ਅੱਗੇ ਵੱਡੀਆਂ ਕੰਪਨੀਆਂ ਨੂੰ ਸਪਲਾਈ ਕਰਦੀਆਂ ਨੇ।

ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਕਿ ਸਾਨੂੰ ਅਣਪਛਾਤੇ ਨੰਬਰਾਂ ਤੋਂ ਕਾਲਾਂ ਆ ਜਾਂਦੀਆਂ ਨੇ, ਕਈ ਵਾਰ ਤਾਂ ਅਸੀਂ ਸਮਝ ਨਹੀਂ ਪਾਉਂਦੇ ਕਿ, ਉਹ ਫ਼ੋਨ ਚੁੱਕਿਆ ਜਾਵੇ ਜਾਂ ਨਹੀਂ, ਪਰ ਜੇਕਰ ਗ਼ਲਤੀ ਦੇ ਨਾਲ ਕਿਤੇ ਚੁੱਕਿਆ ਵੀ ਜਾਵੇ ਤਾਂ, ਸਾਹਮਣੇ ਤੋਂ ਬੋਲਣ ਵਾਲੇ ਆਦਮੀ ਜਾਂ ਫਿਰ ਔਰਤ ਕੋਲ, ਸਾਡਾ ਨਾਮ ਪਤਾ ਸਭ ਕੁੱਝ ਹੁੰਦਾ ਹੈ। ਬਸ ਉਹ ਤਾਂ ਸਾਡੇ ਕੋਲੋਂ ਕਨਫਰਮ ਹੀ ਕਰਦੇ ਨੇ ਕਿ, ਫਲਾਣਾ ਬੰਦਾ ਬੋਲ ਰਿਹਾ ਹੈ। ਬਸ ਫਿਰ ਕੀ ਹੁੰਦਾ, ਹੌਲੀ ਹੌਲੀ ਅਜਿਹੀ ਗੇਮ ਪੈਂਦੀ ਹੈ ਕਿ ਬੈਂਕ ਖਾਤੇ ਖ਼ਾਲੀ ਹੋ ਜਾਂਦੇ ਨੇ। ਉਕਤ ਫ਼ੋਨ ਕਰਨ ਵਾਲੇ ਲੋਕ ਕੌਣ ਨੇ ਅਤੇ ਉਨ੍ਹਾਂ ਕੋਲ ਸਾਡਾ ਡਾਟਾ ਕਿੱਥੋਂ ਜਾਂਦਾ ਹੈ, ਇਸ ਬਾਰੇ ਨਾ ਤਾਂ ਕਿਸੇ ਸਰਕਾਰ ਨੇ ਹੁਣ ਤੱਕ ਜਾਣਕਾਰੀ ਦਿੱਤੀ ਹੈ ਅਤੇ ਨਾ ਹੀ ਕਿਸੇ ਸਾਈਬਰ ਸੁਰੱਖਿਆ ਡਿਪਾਰਟਮੈਂਟ ਨੇ। ਜੇਕਰ ਕੋਈ ਇਨਸਾਨ ਕੋਈ ਮੋਬਾਈਲ ਨੰਬਰ ਨਵਾਂ ਖਰੀਦਦਾ ਹੈ, ਫਿਰ ਵੀ ਉਸ ਦਾ ਡਾਟਾ ਅਤੇ ਉਸਦਾ ਨਾਮ ਪਤਾ, ਸਾਰੇ ਦਾ ਸਾਰਾ ਹੈਕਰਾਂ ਕੋਲ ਜਾਂ ਫਿਰ ਅਣਪਛਾਤੇ ਲੋਕਾਂ ਕੋਲ ਚਲਾ ਜਾਂਦਾ ਹੈ, ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਵੀ ਨਹੀਂ ਹੁੰਦਾ। ਇਸ ਬਾਰੇ ਵੀ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਹੈਕਰਾਂ ਤੱਕ ਸਾਡਾ ਡਾਟਾ ਕਿਵੇਂ ਚਲਾ ਜਾਂਦਾ ਹੈ?

ਵੈਸੇ ਰੌਲਾ ਇਕੱਲੀ ਸੰਚਾਰ ਸਾਥੀ ਐਪ ਦਾ ਨਹੀਂ, ਬਲਕਿ ਹੋਰ ਵੀ ਸਾਡੇ ਮੋਬਾਈਲ ਵਿੱਚ ਅਜਿਹੀਆਂ ਐਪਸ ਮੌਜੂਦ ਨੇ, ਜਿਹੜੀਆਂ ਸਾਡਾ ਰੋਜ਼ਾਨਾ ਦਾ ਡਾਟਾ ਚੋਰੀ ਕਰ ਰਹੀਆਂ ਨੇ, ਸਾਡੀਆਂ ਲੋਕੇਸ਼ਨਾਂ, ਮੋਬਾਈਲ ਨੰਬਰ ਅਤੇ ਫ਼ੋਟੋਆਂ ਚੋਰੀ ਕਰਕੇ ਅੱਗੇ ਹੈਕਰਾਂ ਤੱਕ ਪਹੁੰਚਾ ਰਹੀਆਂ ਨੇ, ਇਸ ਦੇ ਨਾਲ ਵੱਡਾ ਨੁਕਸਾਨ ਸਾਡੀ ਸੁਰੱਖਿਆ ਦਾ ਤਾਂ ਹੋ ਹੀ ਰਿਹਾ, ਉੱਥੇ ਹੀ ਸਾਡੇ ਰੋਜ਼ਾਨਾ ਦੇ ਜੀਵਨ ਉੱਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ, ਕਿਉਂਕਿ ਇੱਕ ਮੋਬਾਈਲ ਫ਼ੋਨ ਰਾਹੀਂ ਸ਼ੇਅਰ ਕੀਤਾ ਗਿਆ ਡਾਟਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ।

ਸੋ ਇਹ ਨਾ ਸੋਚਿਆ ਜਾਵੇ ਕਿ, ਕੋਈ ਮੋਬਾਈਲ ਐਪ ਸੇਫ਼ ਹੈ ਜਾਂ ਫਿਰ ਧੋਖਾਧੜੀ ਵਾਲੀ ਨਹੀਂ, ਬਲਕਿ ਸਾਰੀਆਂ ਹੀ ਇਹ ਮੋਬਾਈਲ ਐਪ ਸਾਡਾ ਡਾਟਾ ਇੱਧਰ ਤੋਂ ਉੱਧਰ ਕਰਦੀਆਂ ਹੀ ਰਹਿੰਦੀਆਂ ਨੇ, ਇਸ ਬਾਰੇ ਸਾਨੂੰ ਪਤਾ ਤੱਕ ਨਹੀਂ ਲੱਗਦਾ, ਪਤਾ ਉਦੋਂ ਲੱਗਦਾ ਹੈ ਜਦੋਂ ਸਾਡੇ ਮੋਬਾਈਲ ਫ਼ੋਨ ਦੇ ਵਿੱਚੋਂ ਪੈਸੇ ਚੁੱਪ ਚੁਪੀਤੇ ਕੱਢ ਲਏ ਜਾਂਦੇ ਨੇ ਅਤੇ ਸਾਡੀਆਂ ਫ਼ੋਟੋਆਂ ਅਤੇ ਹੋਰ ਨਿੱਜੀ ਜਾਣਕਾਰੀ ਵੀ ਲੀਕ ਹੋ ਜਾਂਦੀ ਹੈ। ਖ਼ੈਰ ਵੇਖਦੇ ਹਾਂ ਕਿ ਸਰਕਾਰ ਇਸ ‘ਤੇ ਕੀ ਨਵਾਂ ਕੁੱਝ ਕਰਦੀ ਹੈ?

ਗੁਰਪ੍ਰੀਤ

 

Canada Breaking: ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ

 

 

Canada Breaking: ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ

ਕੈਨੇਡਾ, 23 Dec 2025 –

Canada News: ਕੈਨੇਡਾ ਤੋਂ ਇੱਕ ਵਾਰ ਫਿਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪਾਤੜਾਂ ਸਬ-ਡਿਵੀਜ਼ਨ ਦੇ ਮੌਲਵੀਵਾਲਾ ਪਿੰਡ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਪੁੱਤਰ ਅਮਰ ਸਿੰਘ ਵਜੋਂ ਹੋਈ ਹੈ। ਕਰਨਵੀਰ ਸਿੰਘ ਕਰੀਬ 5 ਸਾਲ ਪਹਿਲੋਂ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਿਆ ਸੀ।

ਪਰਿਵਾਰ ਵਾਲਿਆਂ ਮੁਤਾਬਿਕ ਕਰਨਵੀਰ ਸਿੰਘ ਕੈਨੇਡਾ ਦੇ ਸਰੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਕਰਨਵੀਰ 20 ਦਸੰਬਰ ਦੀ ਰਾਤ ਨੂੰ ਘਰ ਵਿੱਚ ਸੌਂ ਰਿਹਾ ਸੀ, ਸਵੇਰ ਹੋਈ ਤਾਂ, ਉਸਦੀ ਭੈਣ ਸਰਬਜੀਤ ਕੌਰ ਨੇ ਕਰਨਵੀਰ ਨੂੰ ਜਗਾਉਣ ਦੀ ਕੋਸਿਸ਼ ਕੀਤੀ, ਪਰ ਉਹਦਾ ਕੋਈ ਜਵਾਬ ਨਾ ਮਿਲਿਆ। ਜਦੋਂ ਕਰਨਵੀਰ ਦੀ ਸਿਹਤ ਵੇਖੀ ਗਈ ਤਾਂ, ਉਹਦਾ ਸਰੀਰ ਪੂਰੀ ਤਰ੍ਹਾਂ ਨਾਲ ਠੰਡਾ ਸੀ।

ਸਰਬਜੀਤ ਕੌਰ ਨੇ ਐਂਬੂਲੈਂਸ ਬੁਲਾਈ, ਪਰ ਉਦੋਂ ਤੱਕ ਬੜੀ ਦੇਰ ਹੋ ਗਈ ਸੀ। ਕਰਨਵੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਕਰਨਵੀਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਵਾਲੇ ਦੱਸਦੇ ਨੇ ਕਿ ਕਰਨਵੀਰ ਸਿੰਘ ਕਾਫ਼ੀ ਮਿਹਨਤੀ ਲੜਕਾ ਸੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। dp

 

Punjab News: ਪੰਜਾਬ ‘ਚ ਬਾਲ ਵਿਆਹ ਮੁਕਤ ਅਭਿਆਨ

 

Punjab News: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਲ ਵਿਆਹ ਮੁਕਤ ਅਭਿਆਨ ਚਲਾਇਆ ਗਿਆ

ਫਿਰੋਜ਼ਪੁਰ, 23 Dec 2025-

Punjab News: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਲ ਵਿਆਹ ਮੁਕਤ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਚਿਕਾ ਨੰਦਾ ਨੇ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਦੇਸ਼ ਨੂੰ ਬਾਲ ਵਿਆਹ ਮੁਕਤ ਕਰਨਾ ਹੈ।

ਇਸ ਦੀ ਸ਼ੁਰੂਆਤ 27 ਨਵੰਬਰ ਨੂੰ ਕੀਤੀ ਗਈ ਸੀ। ਬਾਲ ਵਿਆਹ ਰੋਕੂ ਐਕਟ ਤਹਿਤ ਲੜਕੀ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੇ ਵਿਆਹ ਦੀ ਉਮਰ 21 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧ ਵਿੱਚ ਵੱਖ-ਵੱਖ ਦਫਤਰਾਂ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਵੱਲੋਂ ਬਾਲ ਵਿਆਹ ਰੋਕਣ ਸਬੰਧੀ ਸਹੁੰ ਸਮਾਗਮ ਕੀਤਾ ਗਿਆ।

ਇਸ ਸਬੰਧੀ ਜ਼ਿਲਾ ਫਿਰੋਜ਼ਪੁਰ ਵਿੱਚ ਪੰਚਵੱਟੀ ਹੋਟਲ ਵਿੱਚ ਬਾਲ ਵਿਆਹ ਰੋਕੂ ਸਬੰਧੀ ਅਫਸਰਾਂ ਨਾਲ ਇੱਕ ਟ੍ਰੇਨਿੰਗ ਪ੍ਰੋਗਰਾਮ/ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿਚ ਜਾਗਰੂਕਤਾ ਵੀ ਕੀਤੀ ਗਈ। ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਸਬੰਧੀ ਸਕੂਲਾਂ ਦੇ ਅਧਿਆਪਕ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।

ਬਾਲ ਵਿਆਹ-ਮੁਕਤ ਸੂਬਾ ਸਿਰਫ਼ ਇੱਕ ਵਿਜ਼ਨ ਨਹੀਂ, ਸਗੋਂ ਸਾਡੇ ਬੱਚਿਆਂ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਇੱਕ ਲੋੜ – ਡਾ. ਬਲਜੀਤ ਕੌਰ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਾਲ ਵਿਆਹ-ਮੁਕਤ ਸੂਬਾ ਸਿਰਫ਼ ਇੱਕ ਵਿਜ਼ਨ ਨਹੀਂ ਹੈ, ਸਗੋਂ ਸਾਡੇ ਬੱਚਿਆਂ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਇੱਕ ਲੋੜ ਹੈ। ਉਨ੍ਹਾਂ ਸਾਰੇ ਹਿੱਸੇਦਾਰਾਂ ਨੂੰ ਇਸ ਇਤਿਹਾਸਕ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਅਸੀਂ ਸਾਰੇ ਮਿਲ ਕੇ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਇਕੱਠੇ ਹੋ ਕੇ ਖਤਮ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਲ ਵਿਆਹ ਦੀ ਇਸ ਬੁਰੀ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।

 

CM Mann ਨੇ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਆਖਿਆ

 

 

ਮੁੱਖ ਮੰਤਰੀ ਨੇ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਆਖਿਆ

ਵਾਈਸ-ਚੇਅਰਪਰਸਨ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ

ਚੰਡੀਗੜ੍ਹ, 22 ਦਸੰਬਰ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਨਵ-ਨਿਯੁਕਤ ਵਾਈਸ-ਚੇਅਰਪਰਸਨ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਨਿਰੰਤਰ ਯਤਨ ਕਰਨ ਲਈ ਆਖਿਆ ਤਾਂ ਕਿ ਲੋਕਾਂ ਦੀ ਭਲਾਈ ਨੂੰ ਵੱਧ ਤੋਂ ਵੱਧ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਵਾਈਸ-ਚੇਅਰਪਰਸਨ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਯੋਜਨਾਬੰਦੀ ਬਣਾਉਣ, ਵੱਖ-ਵੱਖ ਸੈਕਟਰਾਂ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰਨ ਸਮੇਤ ਹੋਰ ਰਣਨੀਤੀਆਂ ਘੜਨ ਵਿੱਚ ਆਰਥਿਕ ਨੀਤੀ ਤੇ ਯੋਜਨਾ ਬੋਰਡ ਵੱਲੋਂ ਸੂਬਾ ਸਰਕਾਰ ਨੂੰ ਸਹਿਯੋਗ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਮ ਲੋਕਾਂ ਲਈ ਕਲਿਆਣਕਾਰੀ ਸਕੀਮਾਂ ਤਿਆਰ ਕਰ ਰਹੀ ਹੈ ਜਿਸ ਲਈ ਬੋਰਡ ਨੂੰ ਸਹਿਯੋਗ ਕਰਦੇ ਰਹਿਣਾ ਚਾਹੀਦਾ ਹੈ।

 

Punjab News: ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਥੋਪਣ ਦੀ ਤਿਆਰੀ, DTF ਵੱਲੋਂ ਨਿਖੇਧੀ

 

 

ਅਧਿਆਪਕਾਂ ‘ਤੇ ਬ੍ਰਿਜ਼ ਕੋਰਸ ਥੋਪਣ ਦੀ DTF ਵੱਲੋਂ ਨਿਖੇਧੀ

Punjab News, 21 ਦਸੰਬਰ 2025- 

ਸਿੱਖਿਆ ਪ੍ਰੋਵਾਈਡਰ ਤੋਂ ਸਿੱਧੀ ਭਰਤੀ ਵਿੱਚ ਤਜ਼ਰਬੇ ਦੇ ਅਧਾਰ ‘ਤੇ ਭਰਤੀ ਹੋਏ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕਾਂ ਉੱਪਰ ਸਿੱਖਿਆ ਵਿਭਾਗ ਵੱਲੋਂ ਬ੍ਰਿਜ਼ ਕੋਰਸ ਕਰਨ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਇਹ ਅਧਿਆਪਕ ਲਗਭਗ 15-15 ਸਾਲ ਦਾ ਪੜ੍ਹਾਉਣ ਦਾ ਤਜ਼ਰਬਾ ਰੱਖਦੇ ਸਨ।

ਇਹ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਆਪਣੀ ਭਰਤੀ ਸਮੇਂ ਲਾਈਆਂ ਸਭ ਸ਼ਰਤਾਂ ਅਤੇ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਸਨ। ਪਰ ਹੁਣ ਲਗਭਗ 6 ਸਾਲ ਬਾਅਦ ਇਹਨਾਂ ਨੂੰ ਬ੍ਰਿਜ਼ ਕੋਰਸ ਕਰਨ ਦਾ ਹੁਕਮ ਕਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ।

ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਵਿੱਤ ਸਕੱਤਰ ਜਸਵਿੰਦਰ ਸਿੰਘ, ਸਯੁੰਕਤ ਸਕੱਤਰ ਦਲਜੀਤ ਸਮਰਾਲਾ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਅਤੇ ਸਹਾਇਕ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਨਿੱਤ ਦਿਨ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੁਕਮ ਕੀਤੇ ਜਾ ਰਹੇ ਹਨ।

ਜਿਸ ਕਰਕੇ ਅਧਿਆਪਕ ਆਪਣੇ ਮੁੱਖ ਕੰਮ ਪੜ੍ਹਾਈ ਕਰਵਾਉਣ ਦੀ ਥਾਂ ਆਪਣੇ ਉੱਪਰ ਥੋਪੇ ਜਾ ਰਹੇ ਬੇਲੋੜੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਸੜਕਾਂ ‘ਤੇ ਸੰਘਰਸ਼ ਕਰਦੇ ਆ ਰਹੇ ਹਨ।

ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਅਧਿਆਪਕ ਆਪਣੀ ਭਰਤੀ ਸਮੇਂ ਰੱਖੀਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਜਿਵੇਂ ਟੈਸਟ, ਇੰਟਰਵਿਊ, ਤਜ਼ਰਬਾ ਆਦਿ ਦੀਆਂ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਹਨ ਪਰ ਹੁਣ ਜਦ ਉਹ ਏਨੇ ਸਾਲ ਨੌਕਰੀ ਕਰ ਚੁੱਕੇ ਹਨ ਤਾਂ ਸਿੱਖਿਆ ਵਿਭਾਗ ਨੂੰ ਪਤਾ ਨਹੀਂ ਕਿੱਥੋਂ ਇਹ ਤਰ੍ਹਾਂ ਤਰ੍ਹਾਂ ਦੇ ਟੈਸਟ ਅਤੇ ਕੋਰਸ ਯਾਦ ਆ ਜਾਂਦੇ ਹਨ?

ਆਗੂਆਂ ਨੇ ਕਿਹਾ ਕਿ ਇਹ ਇਹਨਾਂ ਅਧਿਆਪਕਾਂ ‘ਤੇ ਥੋਪਿਆ ਇਹ ਬ੍ਰਿਜ਼ ਕੋਰਸ ਵਾਪਿਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਇਸ ਮਸਲੇ ‘ਤੇ ਤਿੱਖਾ ਸੰਘਰਸ਼ ਕਰੇਗੀ।

 

 

Air Breaking: ਏਅਰਲਾਈਨਜ਼ ਨੂੰ ਕੇਂਦਰ ਸਰਕਾਰ ਦਾ ਸਖ਼ਤ ਹੁਕਮ, ਜੇ ਯਾਤਰੀਆਂ ਤੋਂ ਕਿਰਾਇਆ ਜਿਆਦਾ ਵਸੂਲਿਆ ਤਾਂ…

File Photo

 

 

ਚੰਡੀਗੜ੍ਹ, 6 ਦਸੰਬਰ 2025 (Punjab Network) –

Air Breaking- ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਵਿੱਚ ਵਿਘਨ ਦਾ ਫਾਇਦਾ ਹੋਰ ਏਅਰਲਾਈਨਾਂ ਚੁੱਕ ਰਹੀਆਂ ਸਨ। ਇਸ ਵਿਘਨ ਕਾਰਨ ਹਜ਼ਾਰਾਂ ਯਾਤਰੀ ਕਈ ਦਿਨਾਂ ਤੋਂ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ।

ਨਤੀਜੇ ਵਜੋਂ, ਹੋਰ ਏਅਰਲਾਈਨਾਂ ਮਨਮਾਨੇ ਕਿਰਾਏ ਵਿੱਚ ਵਾਧਾ ਕਰ ਰਹੀਆਂ ਹਨ। ਕਈ ਏਅਰਲਾਈਨਾਂ ਨੇ ਕਿਰਾਏ ਵਿੱਚ ਦੋ ਤੋਂ ਤਿੰਨ ਗੁਣਾ ਵਾਧਾ ਕੀਤਾ ਹੈ। ਹੁਣ ਸਰਕਾਰ ਨੇ ਘਰੇਲੂ ਉਡਾਣਾਂ ‘ਤੇ ਕਿਰਾਏ ਦੀ ਸੀਮਾ ਲਾਗੂ ਕਰ ਦਿੱਤੀ ਹੈ। ਕੋਈ ਵੀ ਏਅਰਲਾਈਨ ਮਨਮਾਨੇ ਕਿਰਾਏ ਨਹੀਂ ਲੈ ਸਕੇਗੀ।

ਇੱਕ ਟਿਕਟ ਦੀ ਕਿੰਨੀ ਕੀਮਤ?

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਕਿਰਾਏ ਦੀ ਸੀਮਾ ਦੇ ਅਨੁਸਾਰ, 500 ਕਿਲੋਮੀਟਰ ਤੱਕ ਦਾ ਕਿਰਾਇਆ ਹੁਣ ₹7,500, 500 ਤੋਂ 1,000 ਕਿਲੋਮੀਟਰ ਲਈ ₹12,000, 1,000 ਤੋਂ 1,500 ਕਿਲੋਮੀਟਰ ਲਈ ₹15,000 ਅਤੇ 1,500 ਕਿਲੋਮੀਟਰ ਤੋਂ ਵੱਧ ਲਈ ₹18,000 ਵਸੂਲਿਆ ਜਾ ਸਕਦਾ ਹੈ। ਇਸ ਕਿਰਾਏ ਵਿੱਚ UDF, PSF ਅਤੇ ਟੈਕਸ ਸ਼ਾਮਲ ਨਹੀਂ ਹਨ। ਸਰਕਾਰ ਨੇ ਇਹ ਕਿਹਾ ਕਿ ਤੈਅ ਕਿਰਾਇਆ ਉਦੋਂ ਤੱਕ ਲਾਗੂ ਰਹੇਗਾ, ਜਦੋਂਕਿ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ।

ਰਿਫੰਡ ਆਰਡਰ

ਸਰਕਾਰ ਨੇ ਇੰਡੀਗੋ ਨੂੰ ਐਤਵਾਰ ਰਾਤ 8 ਵਜੇ ਤੱਕ ਰਿਫੰਡ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਹ ਵੀ ਹੁਕਮ ਦਿੱਤਾ ਹੈ ਕਿ ਸਾਰੇ ਗੁੰਮ ਹੋਏ ਸਮਾਨ ਨੂੰ ਲੱਭ ਲਿਆ ਜਾਵੇ ਅਤੇ 48 ਘੰਟਿਆਂ ਦੇ ਅੰਦਰ ਘਰ ਪਹੁੰਚਾ ਦਿੱਤਾ ਜਾਵੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਪ੍ਰਭਾਵਿਤ ਯਾਤਰੀਆਂ ਤੋਂ ਕੋਈ ਰੀਸ਼ਡਿਊਲਿੰਗ ਫੀਸ ਨਾ ਲਈ ਜਾਵੇ। ਇੰਡੀਗੋ ਨੂੰ ਇੱਕ ਵਿਸ਼ੇਸ਼ ਸਹਾਇਤਾ ਅਤੇ ਰਿਫੰਡ ਸੈੱਲ ਸਥਾਪਤ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ।

8th Pay Commission update: 8ਵੇਂ ਤਨਖਾਹ ਕਮਿਸ਼ਨ ‘ਚ ਪੈਨਸ਼ਨ ਬਾਰੇ ਵੱਡੀ ਸੋਧ, ਪੜ੍ਹੋ ਤਾਜ਼ਾ ਅਪਡੇਟ

 

 

8th Pay Commission update, Dec 6, 2025 (Punjab Network):

ਲਗਭਗ 6.9 ਮਿਲੀਅਨ ਪੈਨਸ਼ਨਰਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ, ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨ ਸੋਧ ‘ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਹੋਰ ਭੱਤਿਆਂ ਦੇ ਨਾਲ 8ਵੇਂ ਸੀਪੀਸੀ ਸਿਫ਼ਾਰਸ਼ਾਂ ਦਾ ਹਿੱਸਾ ਹੋਵੇਗਾ। ਯੂਨੀਅਨਾਂ ਨੇ ਪਹਿਲਾਂ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਪੈਨਸ਼ਨ ਸੋਧ ਨੂੰ ਸਿਫ਼ਾਰਸ਼ਾਂ ਵਿੱਚ ਸ਼ਾਮਲ ਕੀਤਾ ਜਾਵੇ।

8th Pay Commission update- 8ਵੇਂ ਸੀਪੀਸੀ ਵਿੱਚ ਪੈਨਸ਼ਨ ਸੋਧ ‘ਤੇ ਸਰਕਾਰ ਨੇ ਕੀ ਕਿਹਾ?

ਰਾਜ ਸਭਾ ਵਿੱਚ ਇੱਕ ਅਣ-ਤਾਰਾਬੱਧ ਸਵਾਲ ਦੇ ਜਵਾਬ ਵਿੱਚ, ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ 8ਵੇਂ ਕੇਂਦਰੀ ਤਨਖਾਹ ਕਮਿਸ਼ਨ (8ਵੇਂ ਸੀਪੀਸੀ) ਦੇ ਸੰਦਰਭ ਦੀਆਂ ਸ਼ਰਤਾਂ ਵਿੱਚੋਂ ਪੈਨਸ਼ਨ ਸੋਧ ਨੂੰ ਹਟਾਉਣ ਬਾਰੇ ਸ਼ੰਕਿਆਂ ਨੂੰ ਦੂਰ ਕੀਤਾ।

ਆਪਣੇ ਜਵਾਬ ਵਿੱਚ, ਮੰਤਰੀ ਨੇ ਕਿਹਾ ਕਿ 8ਵਾਂ ਸੀਪੀਸੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ, ਭੱਤਿਆਂ ਅਤੇ ਪੈਨਸ਼ਨਾਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ‘ਤੇ ਸਿਫਾਰਸ਼ਾਂ ਪ੍ਰਦਾਨ ਕਰੇਗਾ, ਇਸ ਤਰ੍ਹਾਂ ਇਸ ਭੰਬਲਭੂਸੇ ਨੂੰ ਦੂਰ ਕਰੇਗਾ ਕਿ ਕੀ 8ਵੇਂ ਤਨਖਾਹ ਕਮਿਸ਼ਨ ਵਿੱਚੋਂ ਪੈਨਸ਼ਨ ਸੋਧਾਂ ਨੂੰ ਹਟਾ ਦਿੱਤਾ ਗਿਆ ਸੀ।

ਪੈਨਸ਼ਨ ਸੋਧ ਬਾਰੇ ਚਿੰਤਾਵਾਂ ਕਿਉਂ?

ਰੈਫਰੈਂਸ ਦੀਆਂ ਸ਼ਰਤਾਂ ਵਿੱਚ “ਗੈਰ-ਯੋਗਦਾਨ ਪੈਨਸ਼ਨ ਸਕੀਮਾਂ ਦੀ ਫੰਡ ਰਹਿਤ ਲਾਗਤ” ਸ਼ਬਦ ਸ਼ਾਮਲ ਸੀ, ਜਿਸਨੂੰ ਕਰਮਚਾਰੀ ਯੂਨੀਅਨਾਂ ਨੇ ਸੇਵਾਮੁਕਤ ਲੋਕਾਂ ਲਈ ਗੁੰਮਰਾਹਕੁੰਨ ਅਤੇ ਅਪਮਾਨਜਨਕ ਦੱਸਿਆ, ਜਦੋਂ ਕਿ ਇਹ ਵੀ ਕਿਹਾ ਕਿ ਪੈਨਸ਼ਨਾਂ ਇੱਕ ਇਨਾਮ ਨਹੀਂ ਸਗੋਂ ਇੱਕ ਸੰਵਿਧਾਨਕ ਅਧਿਕਾਰ ਹਨ। ਲਗਭਗ 6.9 ਮਿਲੀਅਨ ਪੈਨਸ਼ਨਰਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ 8ਵੇਂ ਤਨਖਾਹ ਕਮਿਸ਼ਨ ਦੇ ਲਾਭ ਨਹੀਂ ਮਿਲਣਗੇ।

8th Pay Commission update- ਕੀ ਡੀਏ ਨੂੰ ਮੂਲ ਤਨਖਾਹ ਜਾਂ ਪੈਨਸ਼ਨ ਵਿੱਚ ਮਿਲਾ ਦਿੱਤਾ ਜਾਵੇਗਾ?

ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਡੀਏ ਜਾਂ ਡੀਆਰ ਨੂੰ ਮੂਲ ਤਨਖਾਹ ਜਾਂ ਪੈਨਸ਼ਨ ਵਿੱਚ ਮਿਲਾ ਦਿੱਤਾ ਜਾਵੇਗਾ। ਇਸ ਲਈ, ਸੰਖੇਪ ਵਿੱਚ, ਕੁਝ ਰਾਹਤ ਹੈ, ਪਰ ਬਹੁਤ ਸਾਰੇ ਜਸ਼ਨ ਮਨਾਉਣ ਤੋਂ ਪਹਿਲਾਂ ਅੰਤਿਮ ਵੇਰਵਿਆਂ ਦੀ ਉਡੀਕ ਕਰ ਰਹੇ ਹਨ।

8th Pay Commission update- ਔਸਤ ਕੇਂਦਰੀ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਲਈ ਇਸਦਾ ਕੀ ਅਰਥ ਹੈ?

ਜੇਕਰ ਤੁਸੀਂ ਵਰਤਮਾਨ ਵਿੱਚ ਇੱਕ ਕੇਂਦਰੀ ਸਰਕਾਰ ਦੇ ਕਰਮਚਾਰੀ ਹੋ, ਤਾਂ ਇਸਦਾ ਮਤਲਬ ਹੈ ਕਿ ETH CPC ਤਨਖਾਹ ਅਤੇ ਭੱਤਿਆਂ ਦੀ ਸਮੀਖਿਆ ਕਰੇਗਾ। ਲਾਭਾਂ ਵਿੱਚ ਵਾਧਾ ਜਾਂ ਸੁਧਾਰ ਦੀ ਉਮੀਦ ਹੈ।

ਜੇਕਰ ਤੁਸੀਂ ਇੱਕ ਪੈਨਸ਼ਨਰ ਹੋ, ਤਾਂ ਖੁਸ਼ ਹੋਵੋ। ਤੁਸੀਂ ਲੂਪ ਤੋਂ ਬਾਹਰ ਨਹੀਂ ਹੋ। ਪੈਨਸ਼ਨ ਸੋਧਾਂ ਅਜੇ ਵੀ ਮੇਜ਼ ‘ਤੇ ਹਨ, ਜੋ ਮਹਿੰਗਾਈ ਤੋਂ ਕੁਝ ਰਾਹਤ ਪ੍ਰਦਾਨ ਕਰ ਸਕਦੀਆਂ ਹਨ ਅਤੇ, ਕੁਝ ਹੱਦ ਤੱਕ, ਭਵਿੱਖ ਵਿੱਚ ਸੇਵਾਮੁਕਤ ਹੋਣ ਵਾਲਿਆਂ ਲਈ। ਪਰ ਦੋਵਾਂ ਸਮੂਹਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਅੰਤਿਮ ਸਿਫ਼ਾਰਸ਼ਾਂ ਵਿੱਚ ਸਮਾਂ ਲੱਗ ਸਕਦਾ ਹੈ, ਅਤੇ ਬਹੁਤ ਸਾਰੇ ਵੇਰਵੇ, ਜਿਵੇਂ ਕਿ ਡੀਏ ਰਲੇਵੇਂ ਦੀ ਪ੍ਰਭਾਵੀ ਮਿਤੀ ਅਤੇ ਪੈਨਸ਼ਨ ਸਕੀਮ ਸਮਾਨਤਾ, ਅਣਸੁਲਝੇ ਰਹਿੰਦੇ ਹਨ।

 

ਸਕੂਲ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ IIT ਮਦਰਾਸ ਨਾਲ ਹੱਥ ਮਿਲਾਇਆ

 

 

 

ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਲਈ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: ਹਰਜੋਤ ਸਿੰਘ ਬੈਂਸ

ਅਧਿਆਪਕਾਂ ਨੂੰ ਟੌਪ 100 ਉੱਚ-ਮੰਗ ਵਾਲੇ ਕਰੀਅਰ ਅਤੇ ਆਲਮੀ ਰੁਝਾਨਾਂ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ: ਬੈਂਸ

ਚੰਡੀਗੜ੍ਹ, 6 ਦਸੰਬਰ 2025 (Punjab Network) –

ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਾਲ ਭਾਈਵਾਲੀ ਕਰਕੇ ਸੂਬਾ ਪੱਧਰ ਉੱਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਅਧਿਆਪਕ ਨੂੰ ਇੱਕ ਟਰੇਂਡ ਕਰੀਅਰ ਮੈਂਟਰ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।

ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਅਹਿਮ ਪ੍ਰੋਗਰਾਮ ਤਹਿਤ 5,000 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ, ਕਰੀਅਰ ਬਾਰੇ ਵਿਕਲਪਾਂ ਸਬੰਧੀ ਸਟੀਕ ਜਾਣਕਾਰੀ ਦੇਣ ਅਤੇ ਕਰੀਅਰ ਦੀ ਚੋਣ ਬਾਰੇ ਮਾਰਗਦਰਸ਼ਨ ਕਰ ਸਕਣ।

ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਕਾਂ ਨੂੰ ਬੁਨਿਆਦੀ ਕਰੀਅਰ ਕਾਊਂਸਲਿੰਗ, ਕਲਾਸਰੂਮ ਸੈਸ਼ਨਾਂ ਲਈ ਹੁਨਰ ਅਤੇ ਵਨ-ਟੂ-ਵਨ ਗਾਈਡੈਂਸ ਤਹਿਤ ਮੁਫਤ ਔਨਲਾਈਨ ਸਿਖਲਾਈ ਦਿੱਤੀ ਜਾਵੇਗੀ।

ਇਸ ਪ੍ਰੋਗਰਾਮ ਤਹਿਤ ਅਧਿਆਪਕ ਟੌਪ 100 ਉੱਚ-ਮੰਗ ਵਾਲੇ ਕਰੀਅਰਾਂ, ਢਾਂਚਾਗਤ ਮੁਲਾਂਕਣ ਸਾਧਨਾਂ ਅਤੇ ਕੌਮੀ ਅਤੇ ਆਲਮੀ ਪੱਧਰ ’ਤੇ ਉੱਭਰ ਰਹੇ ਕਰੀਅਰ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਿਰੰਤਰ ਅਕਾਦਮਿਕ ਸਹਾਇਤਾ ਅਤੇ ਡਿਜੀਟਲ ਸਰੋਤ ਪ੍ਰਦਾਨ ਕਰੇਗਾ।

ਬੈਂਸ ਨੇ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ ਸਾਡਾ ਟੀਚਾ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕਰੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣ ਦੇ ਯੋਗ ਬਣਾ ਕੇ ਇੱਕ ਸਾਰਥਕ ਤੇ ਉਸਾਰੂ ਪ੍ਰਭਾਵ ਪਾਉਣਾ ਹੈ। ਇਸ ਸ਼ਮੂਲੀਅਤ ਰਾਹੀਂ ਅਧਿਆਪਕ ਇੱਕ ਢਾਂਚਾਗਤ ਕਰੀਅਰ ਮਾਰਗਦਰਸ਼ਨ ਵਾਤਾਵਰਣ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਅਧਿਆਪਕਾਂ ਲਈ ਰਾਜ-ਪੱਧਰੀ ਕਰੀਅਰ ਕਾਉਂਸਲਿੰਗ ਗਾਈਡੈਂਸ ਪ੍ਰੋਗਰਾਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ  ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਰੇ ਅਧਿਆਪਕ , ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਰੱਥਾ ਦੀ ਪਛਾਣ ਕਰਨ, ਨਵੇਂ ਯੁੱਗ ਦੇ ਪੇਸ਼ਿਆਂ ਦੀ ਪੜਚੋਲ ਕਰਨ ਅਤੇ ਸਬੂਤ ਅਤੇ ਯੋਗਤਾ ’ਤੇ ਆਧਾਰਿਤ ਰਸਤੇ ਚੁਣਨ ਵਿੱਚ ਮਦਦ ਕਰਨ ਲਈ ਸਮਰੱਥ ਹੋ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪੇਂਡੂ ਅਤੇ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਲਾਭ ਹੋਣ ਦੀ ਆਸ ਹੈ, ਜਿਸ ਨਾਲ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੀ ਗਾਈਡੈਂਸ ਤੱਕ ਆਸਾਨ ਪਹੁੰਚ ਮਿਲੇਗੀ ,ਜੋ ਪਹਿਲਾਂ ਪ੍ਰਾਈਵੇਟ ਕਾਊਂਸਲਰਾਂ ਤੱਕ ਸੀਮਿਤ ਸੀ। ਅਗਲੇ ਕੁਝ ਮਹੀਨਿਆਂ ਵਿੱਚ, ਹਜ਼ਾਰਾਂ ਅਧਿਆਪਕ ਨਵੇਂ ਹੁਨਰ, ਨਵੇਂ ਵਿਸ਼ਵਾਸ ਅਤੇ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦੀ ਨਵੀਂ ਯੋਗਤਾ ਪ੍ਰਾਪਤ ਕਰਨਗੇ।

ਬੋਰਡ ਨਾਲ ਸਾਂਝੇਦਾਰੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਆਈ.ਆਈ.ਟੀ. ਮਦਰਾਸ ਪ੍ਰਵਰਤਕ ਦੇ ਚੀਫ ਨਾਲੇਜ ਅਫਸਰ ਸ੍ਰੀਕਾਂਤ ਨੇ ਕਿਹਾ, ‘‘ਸਾਡਾ ਉਦੇਸ਼ ਸਿੱਧਾ ਤੇ ਸਪੱਸ਼ਟ ਹੈ ਕਿ ਪੰਜਾਬ ਵਿੱਚ ਕੋਈ ਵੀ ਬੱਚਾ ਕਿਸੇ ਉਲਝਣ ਜਾਂ ਬਿਨਾਂ ਮੁਕੰਮਲ ਜਾਣਕਾਰੀ ਤੋਂ ਕਰੀਅਰ ਦੀ ਚੋਣ ਨਾ ਕਰੇ।’’