ਸ਼ੁੱਕਰਵਾਰ, ਮਾਰਚ 13, 2026
Home Blog Page 34

ਜਲੰਧਰ: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੰਡੀ ਗਈ ਸਹਾਇਕ ਸਮੱਗਰੀ; ਸਿੱਖਿਆ ਵਿਭਾਗ ਅਤੇ ਅਲਿਮਕੋ ਦਾ ਸਾਂਝਾ ਉਪਰਾਲਾ

 

ਜਲੰਧਰ: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੰਡੀ ਗਈ ਸਹਾਇਕ ਸਮੱਗਰੀ; ਸਿੱਖਿਆ ਵਿਭਾਗ ਅਤੇ ਅਲਿਮਕੋ ਦਾ ਸਾਂਝਾ ਉਪਰਾਲਾ

ਜਲੰਧਰ, 23 ਫਰਵਰੀ 2026-

ਸਕੂਲ ਸਿੱਖਿਆ ਵਿਭਾਗ ਦੇ ਆਈ. ਈ. ਡੀ. ਕੰਪੋਨੇਟ ਅਧੀਨ ਜਿਲ੍ਹਾ ਸਿੱਖਿਆ ਅਫਸਰ ਜਲੰਧਰ ਹਰਜਿੰਦਰ ਕੌਰ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰੋਸ਼ਨ ਲਾਲ ਦੀ ਦੇਖ-ਰੇਖ ਵਿੱਚ ਪੀ. ਏ. ਪੀ. ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਟੀਮ ਵੱਲੋਂ ਤਿਆਰ ਕੀਤੀ ਗਈ ਸਹਾਇਕ ਸਮੱਗਰੀ (ਸਮਾਨ) ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੰਡਿਆ ਗਿਆ, ਜਿਸ ਵਿੱਚ ਟਰਾਈ ਸਾਈਕਲ, ਵਹੀਲ ਚੇਅਰ, ਸੁਣਨ ਦੀਆਂ ਮਸ਼ੀਨਾਂ, ਇੰਟੈਚੁਅਲ ਕਿੱਟ ਆਦਿ ਵੰਡੀਆਂ ਗਈਆਂ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਪੈਸ਼ਲ ਐਜੂਕੇਟਰ ਪੀ. ਏ. ਪੀ. ਸੀਨੀਅਰ ਸੈਕੰਡਰੀ ਸਕੂਲ ਤੋਂ ਰਾਜੂ ਚੌਧਰੀ, ਦਫ਼ਤਰ ਜਿਲ੍ਹਾ ਸਿੱਖਿਆ ਅਫਸਰ ਜਲੰਧਰ ਤੋਂ ਡਾਕਟਰ ਮਨੋਜ ਕੁਮਾਰ, ਆਈ. ਈ. ਆਰ. ਟੀ. ਵੀਨੂੰ ਸੂਦ, ਆਈ. ਈ. ਏ. ਟੀ. ਰਵਿੰਦਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਇੰਦਰਜੀਤ ਕੌਰ, ਮੀਨਾ ਕੁਮਾਰੀ, ਰਜਨੀ ਬਾਲਾ, ਰਮਨ ਆਦਿ ਹਾਜ਼ਿਰ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਮਨੋਜ ਨੇ ਦੱਸਿਆ ਕਿ ਆਈ. ਈ. ਡੀ. ਕੰਮਪੋਨੇਟ ਵੱਲੋਂ ਹਰ ਸਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਦੇ ਸਹਿਯੋਗ ਨਾਲ ਅਸੈਸਮੈਂਟ ਕੈਂਪ ਅਤੇ ਸਮਾਨ ਤਿਆਰ ਕਰਨ ਉਪਰੰਤ ਸਮਾਨ ਵੰਡ ਕੈਂਪ ਲਗਾਇਆ ਜਾਂਦਾ ਹੈ।

 

BIG BREAKING- ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਉਦਯੋਗਾਂ ਲਈ OTS ਸਕੀਮ ‘ਚ ਵਾਧਾ

ਹੜ੍ਹ ਪੀੜਤਾਂ ਨੂੰ ਮੁਆਵਜ਼ਾ ਅਤੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ

PUNJAB NETWORK

ਚੰਡੀਗੜ੍ਹ 23 ਫਰਵਰੀ 2026: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸੂਬੇ ਦੇ ਵਿਕਾਸ, ਕਿਸਾਨਾਂ ਦੀ ਭਲਾਈ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲੈ ਕੇ ਕਈ ਇਤਿਹਾਸਕ ਫੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਫੈਸਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਦਯੋਗ ਜਗਤ ਲਈ ਵੱਡੀ ਰਾਹਤ: OTS ਸਕੀਮ ਦੀ ਮਿਆਦ ਵਧੀ

ਪੰਜਾਬ ਦੇ ਉਦਯੋਗਪਤੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਵਨ ਟਾਈਮ ਸੈਟਲਮੈਂਟ (OTS) ਸਕੀਮ ਦੀ ਮਿਆਦ ਵਧਾ ਕੇ 30 ਜੂਨ 2026 ਕਰ ਦਿੱਤੀ ਹੈ। PSIEC ਅਤੇ ਪਲਾਟਾਂ ਨਾਲ ਸਬੰਧਿਤ ਬਕਾਏ ਪੈਂਡਿੰਗ ਪਏ ਕੇਸਾਂ ਦਾ ਨਿਪਟਾਰਾ ਹੁਣ ਇਸ ਵਧਾਈ ਗਈ ਮਿਆਦ ਵਿੱਚ ਕੀਤਾ ਜਾ ਸਕੇਗਾ। ਪੰਜਾਬ ਵਿੱਚ ਸਨਅਤੀ ਮਾਹੌਲ ਨੂੰ ਹੋਰ ਮਜ਼ਬੂਤ ਕਰਨਾ ਅਤੇ ਉਦਯੋਗਾਂ ਨੂੰ ਵਿੱਤੀ ਬੋਝ ਤੋਂ ਮੁਕਤ ਕਰਨਾ।

ਹੜ੍ਹ ਪੀੜਤਾਂ ਲਈ ਇਤਿਹਾਸਕ ਫੈਸਲਾ: ਬਿਨਾਂ ਗਿਰਦਾਵਰੀ ਵੀ ਮਿਲੇਗਾ ਮੁਆਵਜ਼ਾ

ਸਰਹੱਦੀ ਜ਼ਿਲ੍ਹਿਆਂ (ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ) ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੰਡ ਵਿੱਚ ਆ ਰਹੀਆਂ ਕਾਨੂੰਨੀ ਅੜਚਣਾਂ ਨੂੰ ਸਰਕਾਰ ਨੇ ਦੂਰ ਕਰ ਦਿੱਤਾ ਹੈ। ਕਿਉਂਕਿ ਬਹੁਤ ਸਾਰੇ ਕਾਸਤਕਾਰਾਂ ਦੇ ਨਾਮ ਗਿਰਦਾਵਰੀ ਜਾਂ ਓਨਰਸ਼ਿਪ ਖਾਨੇ ਵਿੱਚ ਨਹੀਂ ਸਨ, ਇਸ ਲਈ ਇੱਕ ਤਿੰਨ-ਮੈਂਬਰੀ ਕਮੇਟੀ (ਸਰਪੰਚ, ਨੰਬਰਦਾਰ ਅਤੇ ਪਟਵਾਰੀ) ਬਣਾਈ ਗਈ ਹੈ।

ਇਹ ਕਮੇਟੀ ਮੌਕੇ ‘ਤੇ ਅਸੈਸਮੈਂਟ ਕਰੇਗੀ ਕਿ ਅਸਲ ਵਿੱਚ ਖੇਤੀ ਕੌਣ ਕਰ ਰਿਹਾ ਸੀ। ਉਨ੍ਹਾਂ ਦੀ ਰਿਪੋਰਟ ਦੇ ਆਧਾਰ ‘ਤੇ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਫਿਰੋਜ਼ਪੁਰ ਵਿੱਚ 5200 ਏਕੜ, ਅੰਮ੍ਰਿਤਸਰ ਵਿੱਚ 250 ਏਕੜ ਅਤੇ ਫਾਜ਼ਿਲਕਾ ਦੇ ਵੱਡੇ ਖੇਤਰ ਨੂੰ ਇਸ ਨਾਲ ਰਾਹਤ ਮਿਲੇਗੀ।

ਕੋਵਿਡ ਵਲੰਟੀਅਰਾਂ ਅਤੇ ਸਿਹਤ ਵਿਭਾਗ ਲਈ ਵੱਡੇ ਐਲਾਨ

ਕੋਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਸੇਵਾ ਕਰਨ ਵਾਲੇ ਵਲੰਟੀਅਰਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਨਰਸਿੰਗ ਅਤੇ ਪੈਰਾਮੈਡੀਕਲ ਭਰਤੀਆਂ ਵਿੱਚ 1 ਸਾਲ ਤੋਂ ਘੱਟ ਕੰਮ ਕਰਨ ਵਾਲਿਆਂ ਨੂੰ 5 ਨੰਬਰ ਅਤੇ 1 ਸਾਲ ਤੋਂ ਵੱਧ ਕੰਮ ਕਰਨ ਵਾਲਿਆਂ ਨੂੰ 10 ਵਾਧੂ ਨੰਬਰ ਦਿੱਤੇ ਜਾਣਗੇ। ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ 361 ਸਟਾਫ਼ ਨਰਸਾਂ ਦੀਆਂ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਨਵੀਂ ਆਬਕਾਰੀ ਨੀਤੀ (2026-27) ਅਤੇ ਰਿਕਾਰਡ ਮਾਲੀਆ

ਵਿੱਤ ਮੰਤਰੀ ਨੇ ਨਵੀਂ ਐਕਸਾਈਜ਼ ਪੋਲਿਸੀ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਨੇ ਸ਼ਰਾਬ ਮਾਫੀਆ ਦਾ ਲੱਕ ਤੋੜ ਕੇ ਮਾਲੀਏ ਵਿੱਚ ਰਿਕਾਰਡ ਵਾਧਾ ਕੀਤਾ ਹੈ। ਸਾਲ 2026-27 ਲਈ 12,800 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਮਿਥਿਆ ਗਿਆ ਹੈ (ਜੋ ਕਿ 2022 ਵਿੱਚ ਸਿਰਫ਼ 6,200 ਕਰੋੜ ਸੀ)। ਪੁਰਾਣੇ ਗਰੁੱਪਾਂ ਨੂੰ 6.5 ਫੀਸਦੀ ਵਾਧੇ ਨਾਲ ਰੀਨਿਊ ਕਰਨ ਦੀ ਸਹੂਲਤ ਦਿੱਤੀ ਗਈ ਹੈ। ਪੰਜਾਬ ਵਿੱਚ ਪਹਿਲੀ ਵਾਰ ‘ਮਾਲਟ ਮੈਨੂਫੈਕਚਰਿੰਗ ਯੂਨਿਟ’ (ਸਿੰਗਲ ਮਾਲਟ) ਲਈ ਨਿਯਮ ਬਣਾਏ ਗਏ ਹਨ ਤਾਂ ਜੋ ਬੋਟਲਿੰਗ ਦੇ ਨਾਲ-ਨਾਲ ਡਿਸਟਿਲਿੰਗ ਵੀ ਪੰਜਾਬ ਵਿੱਚ ਹੋ ਸਕੇ।

ਅਪਰਾਧ ਮੁਕਤ ਪੰਜਾਬ: ਇਨਾਮੀ ਰਾਸ਼ੀ ‘ਚ ਭਾਰੀ ਵਾਧਾ

ਗੈਂਗਸਟਰਵਾਦ ਅਤੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਇਨਾਮੀ ਰਾਸ਼ੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।

  • SSP ਪੱਧਰ: 1 ਲੱਖ ਰੁਪਏ।
  • IG/DIG ਰੇਂਜ: 1.5 ਲੱਖ ਰੁਪਏ।
  • ADGP/DGP ਪੱਧਰ: 2 ਲੱਖ ਰੁਪਏ ਤੋਂ ਉੱਪਰ।

ਬਜਟ ਸੈਸ਼ਨ ਦਾ ਸ਼ਡਿਊਲ

ਵਿੱਤ ਮੰਤਰੀ ਨੇ ਪੁਸ਼ਟੀ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 6 ਮਾਰਚ ਤੋਂ 16 ਮਾਰਚ ਤੱਕ ਚੱਲੇਗਾ। 8 ਮਾਰਚ (ਐਤਵਾਰ) ਨੂੰ ਪੰਜਾਬ ਦਾ ਇਤਿਹਾਸਕ ਬਜਟ ਪੇਸ਼ ਕੀਤਾ ਜਾਵੇਗਾ।

ਹੋਰ ਅਹਿਮ ਫੈਸਲੇ

ਯੋਜਨਾਬੰਦੀ ਵਿਭਾਗ: ਆਰਥਿਕ ਨੀਤੀ ਅਤੇ ਯੋਜਨਾ ਬੋਰਡ ਵਿੱਚ ਮਾਹਿਰਾਂ ਦੀਆਂ 2 ਨਵੀਆਂ ਅਸਾਮੀਆਂ ਸਿਰਜੀਆਂ ਗਈਆਂ ਹਨ (ਹੁਣ ਕੁੱਲ 5)।

ਹਾਈਵੇਅ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਨੋਮੀਨੇਸ਼ਨ ਬੇਸ ‘ਤੇ ਮਿੱਟੀ/ਸਮੱਗਰੀ ਲਈ 3 ਰੁਪਏ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਨਿਰਧਾਰਿਤ ਕੀਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਦੇ 380 ਕਰੋੜ ਦੇ ਬਕਾਏ ਵਿੱਚੋਂ 19 ਕਰੋੜ ਵਸੂਲੇ ਜਾ ਚੁੱਕੇ ਹਨ ਅਤੇ 90 ਕਰੋੜ ਦੀਆਂ ਪ੍ਰੋਪਰਟੀਆਂ ਅਟੈਚ ਕੀਤੀਆਂ ਗਈਆਂ ਹਨ।

ਵਿੱਤ ਮੰਤਰੀ ਨੇ ਅਖੀਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਖ਼ਜ਼ਾਨੇ ਦੇ ਇੱਕ-ਇੱਕ ਰੁਪਏ ਦੀ ਰਾਖੀ ਕਰ ਰਹੀ ਹੈ ਅਤੇ ਇਹ ਪੈਸਾ ਲੋਕਾਂ ਦੀ ਭਲਾਈ ‘ਤੇ ਹੀ ਖ਼ਰਚਿਆ ਜਾ ਰਿਹਾ ਹੈ।

 

ਵੱਡੀ ਖ਼ਬਰ: ਸੀਨੀਅਰ IPS ਅਫ਼ਸਰ ਗ੍ਰਿਫ਼ਤਾਰ

File Photo

 

ਵੱਡੀ ਖ਼ਬਰ: ਸੀਨੀਅਰ IPS ਅਫ਼ਸਰ ਗ੍ਰਿਫ਼ਤਾਰ

ਅਮਰਾਵਤੀ 23 ਫਰਵਰੀ 2026- ਆਂਧਰਾ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ IPS ਅਧਿਕਾਰੀ ਸੁਨੀਲ ਨਾਇਕ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਪਿਛਲੀ YSRCP ਸਰਕਾਰ ਦੇ ਕਾਰਜਕਾਲ ਦੌਰਾਨ, ਆਂਧਰਾ ਵਿਧਾਨ ਸਭਾ ਦੇ ਮੌਜੂਦਾ ਡਿਪਟੀ ਸਪੀਕਰ ਕੇ. ਰਘੂਰਾਮਾ ਕ੍ਰਿਸ਼ਨਾ ਰਾਜੂ ਨਾਲ ਕਥਿਤ ਤੌਰ ‘ਤੇ ਹਿਰਾਸਤ ਵਿੱਚ ਕੀਤੇ ਗਏ ਤਸ਼ੱਦਦ ਦੇ ਸਬੰਧ ਵਿੱਚ ਕੀਤੀ ਗਈ ਹੈ।

PTI ਦੀ ਰਿਪੋਰਟ ਮੁਤਾਬਿਕ, ਗੁੰਟੂਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (SP) ਵਕੁਲ ਜਿੰਦਲ ਨੇ ਦੱਸਿਆ ਕਿ ਗ੍ਰਿਫ਼ਤਾਰੀ ਅਧਿਕਾਰਤ ਤੌਰ ‘ਤੇ ਦਰਜ ਕਰ ਲਈ ਗਈ ਹੈ।

ਜ਼ਿਕਰਯੋਗ ਹੈ ਕਿ ਡਿਪਟੀ ਸਪੀਕਰ ਕੇ. ਰਘੂਰਾਮਾ ਕ੍ਰਿਸ਼ਨਾ ਰਾਜੂ ਨੂੰ 2021 ਵਿੱਚ ਕੋਵਿਡ-19 ਦੇ ਸਿਖਰ ਦੌਰਾਨ, ਤਤਕਾਲੀ ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਿਕ, ਆਈਜੀ ਸੁਨੀਲ ਕੁਮਾਰ ਨਾਇਕ ਦੇ ਖ਼ਿਲਾਫ਼ IPC ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼) ਤਹਿਤ ਕੇਸ ਦਰਜ ਹੈ। ਆਂਧਰਾ ਪੁਲਿਸ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਪਣੇ ਰਾਜ ਲਿਜਾਣ ਦੀ ਤਿਆਰੀ ਵਿੱਚ ਹੈ।

ਜਾਗਰਣ ਦੀ ਰਿਪੋਰਟ ਅਨੁਸਾਰ, ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਡਿਪਟੀ ਸਪੀਕਰ ਕੇ. ਰਘੂਰਾਮਾ ਕ੍ਰਿਸ਼ਨਾ ਰਾਜੂ ਨਾਲ ਜੁੜਿਆ ਹੋਇਆ ਹੈ। ਸਾਲ 2021 ਵਿੱਚ, ਜਦੋਂ ਸੁਨੀਲ ਨਾਇਕ ਕੇਂਦਰੀ ਡੈਪੂਟੇਸ਼ਨ ‘ਤੇ ਆਂਧਰਾ ਪ੍ਰਦੇਸ਼ ਦੀ CID ਵਿੱਚ ਤਾਇਨਾਤ ਸਨ, ਉਦੋਂ ਰਾਜੂ ਦੀ ਗ੍ਰਿਫ਼ਤਾਰੀ ਹੋਈ ਸੀ।

ਰਾਜੂ ਨੇ ਦੋਸ਼ ਲਾਇਆ ਸੀ ਕਿ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਅਦਾਲਤ ਦੇ ਹੁਕਮਾਂ ‘ਤੇ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ।

ਰਾਜੂ ਦਾ ਦੋਸ਼ ਹੈ ਕਿ ਤਤਕਾਲੀ ਸਰਕਾਰ ਦੀ ਆਲੋਚਨਾ ਕਰਨ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਓਪਨ ਹਾਰਟ ਸਰਜਰੀ ਤੋਂ ਬਾਅਦ ਵੀ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਗਿਆ ਸੀ।

ਸਾਲ 2023 ਵਿੱਚ ਸਾਬਕਾ ਮੁੱਖ ਮੰਤਰੀ ਅਤੇ ਦੋ IPS ਅਧਿਕਾਰੀਆਂ ਸਮੇਤ ਪੰਜ ਲੋਕਾਂ ‘ਤੇ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ FIR ਦਰਜ ਕਰਵਾਈ ਗਈ ਸੀ। ਇਸ ਮਾਮਲੇ ਨੇ ਆਂਧਰਾ ਅਤੇ ਬਿਹਾਰ, ਦੋਵਾਂ ਰਾਜਾਂ ਦੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

2005 ਬੈਚ ਦੇ IPS, ਫਿਲਹਾਲ ਬਿਹਾਰ ਵਿੱਚ ਤਾਇਨਾਤ

IPS ਐਮ. ਸੁਨੀਲ ਨਾਇਕ 2005 ਬੈਚ ਦੇ ਬਿਹਾਰ ਕੇਡਰ ਦੇ ਅਧਿਕਾਰੀ ਹਨ। ਸਾਲ 2019 ਵਿੱਚ ਉਹ ਡੈਪੂਟੇਸ਼ਨ ‘ਤੇ ਆਂਧਰਾ ਪ੍ਰਦੇਸ਼ ਗਏ ਸਨ ਅਤੇ ਤਿੰਨ ਸਾਲ ਉੱਥੇ ਰਹੇ। ਸਾਲ 2024 ਵਿੱਚ ਸਰਕਾਰ ਬਦਲਣ ਤੋਂ ਬਾਅਦ ਉਹ ਵਾਪਸ ਬਿਹਾਰ ਪਰਤ ਆਏ ਅਤੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਆਈਜੀ ਬਣੇ।

 

ਵੱਡੀ ਖ਼ਬਰ: ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਐਲਾਨ; 6 ਮਾਰਚ ਤੋਂ ਸ਼ੁਰੂ ਹੋਵੇਗਾ ਸੈਸ਼ਨ

 

ਵੱਡੀ ਖ਼ਬਰ: ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਐਲਾਨ; 6 ਮਾਰਚ ਤੋਂ ਸ਼ੁਰੂ ਹੋਵੇਗਾ ਸੈਸ਼ਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝਾ ਕੀਤਾ ਸ਼ਡਿਊਲ; 16 ਮਾਰਚ ਤੱਕ ਚੱਲੇਗੀ ਸਦਨ ਦੀ ਕਾਰਵਾਈ

Punjab Network

ਚੰਡੀਗੜ੍ਹ 23 ਫਰਵਰੀ 2026: ਪੰਜਾਬ ਸਰਕਾਰ ਨੇ ਸੂਬੇ ਦੇ ਆਉਣ ਵਾਲੇ ਵਿੱਤੀ ਸਾਲ ਲਈ ਬਜਟ ਪੇਸ਼ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 6 ਮਾਰਚ 2026 ਤੋਂ ਸ਼ੁਰੂ ਹੋ ਕੇ 16 ਮਾਰਚ 2026 ਤੱਕ ਚੱਲੇਗਾ।

ਸੈਸ਼ਨ ਦੇ ਦੌਰਾਨ ਵਿੱਤ ਮੰਤਰੀ ਵੱਲੋਂ ਸਾਲ 2026-27 ਦਾ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਸਿਹਤ, ਸਿੱਖਿਆ ਅਤੇ ਖੇਤੀਬਾੜੀ ਖੇਤਰਾਂ ਲਈ ਵੱਡੇ ਐਲਾਨ ਹੋਣ ਦੀ ਸੰਭਾਵਨਾ ਹੈ।

16 ਮਾਰਚ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਮਤੇ ਅਤੇ ਬਜਟ ਦੀਆਂ ਤਜਵੀਜ਼ਾਂ ‘ਤੇ ਗੰਭੀਰ ਬਹਿਸ ਹੋਵੇਗੀ।

ਲੋਕਾਂ ਦੀਆਂ ਨਜ਼ਰਾਂ ਨਵੀਆਂ ਗਰੰਟੀਆਂ ‘ਤੇ

ਕਿਉਂਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ‘ਮੇਰੀ ਰਸੋਈ’ ਵਰਗੀਆਂ ਸਕੀਮਾਂ ਦਾ ਜ਼ਿਕਰ ਕੀਤਾ ਹੈ, ਇਸ ਲਈ ਇਸ ਬਜਟ ਵਿੱਚ ਲੋਕ-ਭਲਾਈ ਦੀਆਂ ਨਵੀਆਂ ਸਕੀਮਾਂ ਲਈ ਵਿੱਤੀ ਪ੍ਰਬੰਧਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।

ਵਿਰੋਧੀ ਧਿਰਾਂ ਵੱਲੋਂ ਵੀ ਕਈ ਭਖਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

 

Breaking: ਭਗਵੰਤ ਮਾਨ ਸਰਕਾਰ ਮੁਫ਼ਤ ਵੰਡੇਗੀ ਕਣਕ, ਦਾਲ, ਖੰਡ, ਤੇਲ, ਲੂਣ ਅਤੇ ਹਲਦੀ

 

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵੀਂ ਲੋਕ-ਭਲਾਈ ਸਕੀਮ ‘ਮੇਰੀ ਰਸੋਈ’ ਦਾ ਕੀਤਾ ਐਲਾਨ

ਕਣਕ ਦੇ ਨਾਲ ਹੁਣ ਦਾਲਾਂ, ਤੇਲ, ਚੀਨੀ ਅਤੇ ਮਸਾਲੇ ਵੀ ਦੇਵੇਗੀ ਪੰਜਾਬ ਸਰਕਾਰ; ਨੀਲੇ ਕਾਰਡ ਧਾਰਕਾਂ ਦੀ ਰਸੋਈ ਹੋਵੇਗੀ ਹੋਰ ਪੋਸ਼ਟਿਕ

ਚੰਡੀਗੜ੍ਹ 23 ਫਰਵਰੀ 2026: ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵੀਂ ਲੋਕ-ਭਲਾਈ ਸਕੀਮ ‘ਮੇਰੀ ਰਸੋਈ’ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਚੁੱਲਾ ਹਰ ਘਰ ਦਾ ‘ਚਾਰਟਡ ਅਕਾਊਂਟੈਂਟ’ ਹੁੰਦਾ ਹੈ, ਜਿਸ ਨੂੰ ਪਰਿਵਾਰ ਦੀ ਆਰਥਿਕ ਹਾਲਤ ਦਾ ਸਭ ਪਤਾ ਹੁੰਦਾ ਹੈ। ਇਸੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਚੁੱਲੇ ਅਤੇ ਰਸੋਈ ਨੂੰ ਸੰਪੂਰਨ ਕਰਨ ਦਾ ਫੈਸਲਾ ਕੀਤਾ ਹੈ।

ਕੀ ਹੈ ‘ਮੇਰੀ ਰਸੋਈ’ ਫੂਡ ਕਿੱਟ?

ਮੁੱਖ ਮੰਤਰੀ ਨੇ ਦੱਸਿਆ ਕਿ ਪਬਲਿਕ ਡਿਸਟਰੀਬਿਊਸ਼ਨ ਸਿਸਟਮ (PDS) ਰਾਹੀਂ ਮਿਲਣ ਵਾਲੀ ਕਣਕ ਪਹਿਲਾਂ ਵਾਂਗ ਜਾਰੀ ਰਹੇਗੀ, ਪਰ ਹੁਣ ਇਸ ਦੇ ਨਾਲ ਇੱਕ ਵਿਸ਼ੇਸ਼ ਫੂਡ ਕਿੱਟ ਦਿੱਤੀ ਜਾਵੇਗੀ। ਇਸ ਕਿੱਟ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੋਣਗੀਆਂ।

  • ਦਾਲਾਂ: 2 ਕਿਲੋ ਮਾਂਹ-ਛੋਲਿਆਂ ਦੀ ਦਾਲ।
  • ਚੀਨੀ: 2 ਕਿਲੋ ਖੰਡ।
  • ਤੇਲ: 1 ਲੀਟਰ ਸ਼ੁੱਧ ਸਰੋਂ ਦਾ ਤੇਲ।
  • ਨਮਕ: 1 ਕਿਲੋ ਸ਼ੁੱਧ ਆਇਓਡਾਈਜ਼ਡ ਨਮਕ।
  • ਹਲਦੀ: 200 ਗ੍ਰਾਮ ਹਲਦੀ ਪਾਊਡਰ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ ਭੰਡਾਰ ਭਰਦਾ ਹੈ, ਪਰ ਕਈ ਪਰਿਵਾਰ ਅਜੇ ਵੀ ਪੋਸ਼ਟਿਕ ਖ਼ੁਰਾਕ ਤੋਂ ਵਾਂਝੇ ਹਨ। “ਗਰੰਟੀ ਦਾ ਮਤਲਬ ਸਿਰਫ਼ ਮੈਨੀਫੈਸਟੋ ਨਹੀਂ ਹੁੰਦਾ, ਸਗੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣਾ ਹੁੰਦਾ ਹੈ।

ਕਣਕ ਨਾਲ ਰਸੋਈ ਪੂਰੀ ਨਹੀਂ ਹੁੰਦੀ, ਤੜਕਾ ਲਾਉਣ ਲਈ ਤੇਲ, ਹਲਦੀ ਅਤੇ ਨਮਕ ਦੀ ਵੀ ਲੋੜ ਹੁੰਦੀ ਹੈ। ਅਸੀਂ ਪੰਜਾਬ ਦੇ ਖਾਣੇ ਨੂੰ ਹੋਰ ਪੋਸ਼ਟਿਕ ਬਣਾਉਣ ਲਈ ਇਹ ਕਦਮ ਚੁੱਕਿਆ ਹੈ।”

40 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ

ਇਹ ਸਕੀਮ ਸਿੱਧੇ ਤੌਰ ‘ਤੇ ਪੰਜਾਬ ਦੇ ਉਨ੍ਹਾਂ 40 ਲੱਖ ਪਰਿਵਾਰਾਂ ਨੂੰ ਪ੍ਰਭਾਵਿਤ ਕਰੇਗੀ ਜਿਨ੍ਹਾਂ ਕੋਲ ਨੀਲੇ ਕਾਰਡ (Atta-Dal Scheme) ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹੁਣ ਕਣਕ ਦੀ ਕੁਆਲਿਟੀ ਵੀ ਪਹਿਲਾਂ ਨਾਲੋਂ ਬਿਹਤਰ ਮਿਲੇਗੀ ਅਤੇ ਕਿਸੇ ਵੀ ਪਰਿਵਾਰ ਨੂੰ ਖ਼ਰਾਬ ਅਨਾਜ ਨਹੀਂ ਦਿੱਤਾ ਜਾਵੇਗਾ।

 

ਪੰਜਾਬ ‘ਚ ਰਿਸ਼ਤੇ ਹੋਏ ਸ਼ਰਮਸਾਰ: ਦਾਦੇ ਨੇ ਆਪਣੀ ਹੀ ਪੋਤੀ ਨਾਲ ਕੀਤਾ ਬਲਾਤਕਾਰ

 

 

ਰਿਸ਼ਤੇ ਹੋਏ ਸ਼ਰਮਸਾਰ: ਪੰਜਾਬ ‘ਚ ਦਾਦੇ ਨੇ ਆਪਣੀ ਹੀ ਪੋਤੀ ਨਾਲ ਕੀਤਾ ਬਲਾਤਕਾਰ

ਪਿਛਲੇ 3 ਸਾਲਾਂ ਤੋਂ ਨਾਬਾਲਗ ਨੂੰ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ; ਪੁਲਿਸ ਨੇ ਮੁਲਜ਼ਮ ਦਾਦੇ ਨੂੰ ਕੀਤਾ ਗ੍ਰਿਫ਼ਤਾਰ

ਪਾਇਲ 23 ਫਰਵਰੀ 2026: ਪਾਇਲ ਦੇ ਨੇੜਲੇ ਇੱਕ ਪਿੰਡ ਵਿਖੇ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 65 ਸਾਲਾ ਵਿਅਕਤੀ ਨੇ ਆਪਣੀ ਹੀ ਪੋਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ।

ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀ.ਐਸ.ਪੀ. (DSP) ਪਾਇਲ, ਕਰਮਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਖ਼ੁਲਾਸਾ ਕੀਤਾ ਕਿ ਉਸ ਦਾ ਸਾਕਾ ਦਾਦਾ ਪਿਛਲੇ ਤਿੰਨ ਸਾਲਾਂ ਤੋਂ ਉਸ ਨਾਲ ਜ਼ਬਰਦਸਤੀ ਕਰ ਰਿਹਾ ਸੀ।

ਲੜਕੀ ਲੰਮੇ ਸਮੇਂ ਤੋਂ ਇਸ ਮਾਨਸਿਕ ਅਤੇ ਸਰੀਰਕ ਪੀੜਾ ਨੂੰ ਸਹਿ ਰਹੀ ਸੀ, ਪਰ ਅਖ਼ੀਰ ਉਸ ਨੇ ਹਿੰਮਤ ਜੁਟਾ ਕੇ ਪੁਲਿਸ ਤੱਕ ਪਹੁੰਚ ਕੀਤੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਇਲ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ। ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 376 (ਜਬਰ-ਜਨਾਹ) ਅਤੇ ਪੋਕਸੋ ਐਕਟ (POCSO Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ 65 ਸਾਲਾ ਮੁਲਜ਼ਮ ਦਾਦੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

ਵੱਡੀ ਖ਼ਬਰ: ਵਿਧਾਇਕ ਸੁਖਪਾਲ ਖਹਿਰਾ ਦਾ ਪੁਲਿਸ ਨੇ ਘਰ ਢਾਹਿਆ (ਵੇਖੋ ਵੀਡੀਓ)

 

ਵੱਡੀ ਖ਼ਬਰ: ਵਿਧਾਇਕ ਸੁਖਪਾਲ ਖਹਿਰਾ ਦਾ ਪੁਲਿਸ ਨੇ ਘਰ ਢਾਹਿਆ (ਵੇਖੋ ਵੀਡੀਓ)

ਖਹਿਰਾ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਟਕਰਾਅ ਦੀ ਸਥਿਤੀ, ਭਾਰੀ ਫੋਰਸ ਤੈਨਾਤ; ਬਿਨਾਂ ਨੋਟਿਸ ਕਾਰਵਾਈ ਦੇ ਇਲਜ਼ਾਮ

Punjab Network

ਕਪੂਰਥਲਾ 23 ਫਰਵਰੀ 2026: ਪੰਜਾਬ ਦੀ ਸਿਆਸਤ ਅੱਜ ਉਸ ਸਮੇਂ ਗਰਮਾ ਗਈ ਜਦੋਂ ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਖੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਿਵਾਸ ‘ਤੇ ਪ੍ਰਸ਼ਾਸਨ ਨੇ ‘ਪੀਲਾ ਪੰਜਾ’ ਚਲਾ ਦਿੱਤਾ। ਭਾਰੀ ਪੁਲਿਸ ਤੈਨਾਤੀ ਦੇ ਵਿਚਕਾਰ ਹੋਈ ਇਸ ਕਾਰਵਾਈ ਨੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਕਾਰਵਾਈ ਨਿਯਮਾਂ ਮੁਤਾਬਕ ਸਿਰਫ਼ ਉਸ ਹਿੱਸੇ ‘ਤੇ ਕੀਤੀ ਗਈ ਹੈ ਜੋ ਨਜਾਇਜ਼ ਉਸਾਰੀ ਦੇ ਅਧੀਨ ਸੀ। ਦੂਜੇ ਪਾਸੇ, ਸੁਖਪਾਲ ਖਹਿਰਾ ਨੇ ਇਸ ਨੂੰ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ।

ਖਹਿਰਾ ਨੇ ਬਿਨਾਂ ਨੋਟਿਸ ਕਾਰਵਾਈ ਦੇ ਲਾਇਆ ਇਲਜ਼ਾਮ

ਵਿਧਾਇਕ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੋਈ ਲਿਖਤੀ ਨੋਟਿਸ ਜਾਂ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਗੈਰ-ਕਾਨੂੰਨੀ ਹੁਕਮਾਂ ਤਹਿਤ ਉਨ੍ਹਾਂ ਦੇ ਘਰ ਦੇ ਹਿੱਸੇ ਨੂੰ ਧੱਕੇ ਨਾਲ ਢਾਹਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ, ਕਿਸੇ ਵੀ ਸੰਭਾਵੀ ਟਕਰਾਅ ਨੂੰ ਰੋਕਣ ਲਈ ਪੂਰੇ ਪਿੰਡ ਰਾਮਗੜ੍ਹ ਨੂੰ ਸੀਲ ਕਰ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਖਹਿਰਾ ਦੀ ਅਪੀਲ ‘ਤੇ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ ਹਨ, ਜੋ ਸਰਕਾਰ ਵਿਰੁੱਧ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ।

ਵਿਰੋਧੀ ਧਿਰਾਂ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ। ਹਾਲਾਂਕਿ, ਸੱਤਾਧਾਰੀ ਧਿਰ (ਆਪ) ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਇਹ ਸਿਰਫ਼ ਇੱਕ ਪ੍ਰਸ਼ਾਸਨਿਕ ਪ੍ਰਕਿਰਿਆ ਹੈ।

 

Opinion: ਮੁੱਖ ਮੰਤਰੀ ਸਾਬ੍ਹ ਦੇ ਨਾਮ ਮੁਹੱਬਤੀ ਚਿੱਠੀ!

 

ਮੁੱਖ ਮੰਤਰੀ ਸਾਬ੍ਹ ਦੇ ਨਾਮ ਮੁਹੱਬਤੀ ਚਿੱਠੀ

ਲੇਖਕ- ਸਾਹਿਬ ਸਿੰਘ

ਖੁੱਲ੍ਹੇ ਖਤ ਲਿਖੇ ਜਾਂਦੇ ਰਹੇ ਨੇ ਪਰ ਮੈਂ ਤੁਹਾਡੇ ਨਾਲ ਏਨਾ ਨਹੀਂ ਖੁੱਲ੍ਹ ਸਕਦਾ…ਤੁਸੀਂ ਮੁੱਖ ਮੰਤਰੀ ਸਾਹਬ ਹੋ ਤੇ ਮੈਂ ਸਿਰਫ ਸਾਹਬ ਹਾਂ…ਵੈਸੇ ਮੈਂ ਮੁੱਖ ਮੰਤਰੀ ਜੀ ਵੀ ਲਿਖ ਸਕਦਾ ਸੀ ਪਰ ਕਹਿੰਦੇ ਨੇ ਕਿ ਜਿਸ ਵੀ ਨਾਮ ਨਾਲ ਸਾਹਬ ਜੁੜ ਜਾਏ,ਉਹਦੀ ਇਜ਼ਤ ਵਧ ਜਾਂਦੀ ਆ…ਮੇਰੀ ਦਿਲੀ ਇੱਛਾ ਐ ਕਿ ਆਪ ਦੀ ਇੱਜ਼ਤ ਵਧੇ!

ਮੈਂ ਤੇ ਪੰਜਾਬ ਦੇ ਸਮੂਹ ਅਦਬੀ ਤੇ ਕਲਾਤਮਕ ਸੰਸਾਰ ਦੇ ਵਾਸੀ ਰਾਜ਼ੀ ਬਾਜ਼ੀ ਆਂ ਤੇ ਆਪ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ..ਵੈਸੇ ਤਾਂ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਮੌਜੂਦ ਨੇ ..ਫੇਰ ਵੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਬਾਈ ਜੀ…ਆਪਣੀ ਵੀ ਤੇ ਆਪਣੇ ਰੰਗਲੇ ਪੰਜਾਬ ਦੀ ਵੀ!

ਥੋਡੇ ਪੰਜਾਬ ਦੀ ਸਿਹਤ ਠੀਕ ਨਹੀਂ ਐ ਭਗਵੰਤ ਬਾਈ..ਤੁਸੀਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ ਪਰ ਯੁੱਧ ਏਨੇ ਸੌਖੇ ਕਿੱਥੇ ਮੁੱਕਦੇ ਆ..ਥੋਡੇ ਈ ਪਿੰਡ ਦਾ ਮੁੰਡਾ ਆ,ਕਹਾਣੀਆਂ ਲਿਖਦੈ…ਪ੍ਰਗਟ ਸੁੰਹ ਸਤੌਜ..ਉਹਦੀ ਕਹਾਣੀ ਐ..ਯੁੱਧ ਦਾ ਅੰਤ..ਪੜ੍ਹੀ ਹੋਣੀ ਬਾਈ..ਨਸ਼ਾ ਕਿਤੇ ਕੱਲਾ ਥੋੜ੍ਹਾ ਆਉਂਦੈ..ਉਪਰੋਂ ਥੱਲੇ ਤਕ ਸੌ ਜਾਲ਼ ਵਿਛਾ ਕੇ ਆਉਂਦੈ…ਸਾਡੇ ਤੇ ਤੁਹਾਡੇ ਬਹੁਤ ਸਤਿਕਾਰਯੋਗ ਪਾਤਰ ਸਾਹਿਬ ਐਵੇਂ ਤਾਂ ਨਹੀਂ ਕਹਿੰਦੇ,”ਲੱਖਾਂ ਹੀ ਅੜਚਨਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ ….”…ਅੜਚਨਾਂ ਬਹੁਤ ਨੇ ਬਾਈ ਤੇਰੇ ਪੰਜਾਬ ਦੀ ਨਰੋਈ ਸਿਹਤ ਦੇ ਰਾਹ ਵਿੱਚ…ਉਹਨਾਂ ਨੂੰ ਦੂਰ ਕਰਨ ਦਾ ਜਿੰਮਾ ਤੇਰਾ ਹੈਗਾ ਐ ਨਾ ਬਾਈ?…ਲੋਕਾਂ ਤੈਨੂੰ ਅੱਡੀਆਂ ਚੁੱਕ ਕੇ ਇਹ ਜਿੰਮਾ ਦਿੱਤਾ ਐ ਬਾਈ..ਦੂਰ ਕਰੇਂਗਾ ਨਾ ਅੜਚਨਾਂ!..ਪਰ ਤੇਰੇ ਅਫਸਰ,ਤੇਰੇ ਮੰਤਰੀ,ਤੇਰੀ ਪੁਲਿਸ ਤਾਂ ਲੋਕਾਂ ਨੂੰ ਹੀ ਦੂਰ ਕਰਨ ‘ਤੇ ਲੱਗੇ ਆ..ਤੈਨੂੰ ਪਤਾ ਈ ਹੋਊ ਬਾਈ!

ਜਿਓਂਦ ਪਿੰਡ ਦੇ ਜਿਓਂਦੇ ਲੋਕਾਂ ਨਾਲ ਤੇਰੀ ਤਾਂ ਕੋਈ ਦੁਸ਼ਮਣੀ ਨਹੀਂ ਹੋ ਸਕਦੀ ਬਾਈ…ਤੂੰ ਤਾਂ ਖੁਦ ਪਟੇ ‘ਤੇ ਬਰੋਜ਼ਾ ਲਾਉਂਦਾ ਰਿਹੈ ਤਾਂ ਕਿ ਪਟਾ ਲਹਿ ਨਾ ਜਾਵੇ..ਉਹ ਤਾਂ ਏਸੇ ਸੰਘਰਸ਼ ਦੇ ਲੜ ਲੱਗੇ ਆ ਬਾਈ..ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਪਟਾ ਇੰਜਣ ਦੇ ਪਹੀਏ ਤੋਂ ਲਹਿੰਦਾ ਮਹਿਸੂਸ ਹੋ ਰਿਹਾ ਆ..ਉਹ ਆਪਣੇ ਜੁਆਕਾਂ ਦੇ ਭਵਿੱਖ ਲਈ ਚਿੰਤਤ ਨੇ ਬਾਈ,ਕਿਵੇਂ ਨਾ ਕਿਵੇਂ ਕਬੀਲਦਾਰੀ ਚਲਦੀ ਰੱਖਣੀ ਚਾਹੁੰਦੇ ਆ…ਆਪਣੇ ਵਾਹਣ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ…ਤੈਨੂੰ ਤਾਂ ਪਤਾ ਈ ਹੋਊ ਬਾਈ,ਦਿੱਲੀ ਵਾਲ਼ਾ ਪ੍ਰਧਾਨ ਬਾਊ ਅਮਰੀਕਾ ਨਾਲ ਸਮਝੌਤੇ ਆਲ਼ੀ ਜਿਹੜੀ ਫਾਈਲ ਕੱਛੇ ਮਾਰੀ ਫਿਰਦਾ,ਉਸ ਫਾਈਲ ‘ਤੇ ਹਿੰਦੁਸਤਾਨ ਦੇ ਹਰ ਜਿਓਂਦ ਦੇ ਜਿਓਣ ਜੋਗਿਆਂ ਦੀ ਉਹਨਾਂ ਦੇ ਵਾਹਣਾਂ ਸਮੇਤ ਮੌਤ ਲਿਖੀ ਆ ..ਤੇਰੇ ਰੰਗਲੇ ਪੰਜਾਬ ਦੇ ਲੋਕ ਸਮਝਦੇ ਨੇ ਆਹ ਸਭ ਕੁਝ…ਕੀ ਤੂੰ ਨਹੀਂ ਸਮਝਦਾ ਬਾਈ??!!

ਤੇਰਾ ਰੰਗਲਾ ਪੰਜਾਬ ਹਰ ਰੋਜ਼ ਲਗਭਗ 80 ਏਕੜ ਵਾਹੀਯੋਗ ਜ਼ਮੀਨ ਗੁਆ ਰਿਹਾ ਐ..ਉਸ ਜ਼ਮੀਨ ‘ਤੇ ਸਰਮਾਏ ਦੀ ਹਵਸ ‘ਚ ਡੂੰਘਾ ਉਤਰੀਆਂ ਕੰਪਨੀਆਂ,ਬਿਲਡਰ ਕੰਕਰੀਟ ਦਾ ਜੰਗਲ ਉਸਾਰ ਰਹੀਆਂ ਨੇ..ਉਹ ਕੰਕਰੀਟ ਨਾ ਲੋੜ ਐ,ਨਾ ਵਿਕਾਸ ਦਾ ਚਿੰਨ੍ਹ ਐ..ਵੱਡੇ ਹਾਈਵੇ ਤੇ ਉਹਨਾਂ ਦੇ ਖੱਬੇ ਸੱਜੇ ਉਸਰਦੇ ਮਾਲ,ਪਲਾਜੇ, ਪੁੰਗਰਦੇ ਬੀਆਂ ਨੂੰ ਨਿੱਘੀ ਹਿੱਕ ਵਿੱਚ ਸੰਭਾਲਣ ਵਾਲ਼ੀ ਜ਼ਰਖੇਜ਼ ਭੋਂ ਨਿਗ਼ਲ ਰਹੇ ਨੇ…ਤਾਕਤ ਦੇ ਗ਼ਰੂਰ ‘ਚ ਤੇਰੀ ਹਕੂਮਤੀ ਮਸ਼ੀਨਰੀ ਦੀ ਬੀਬੀ ਜਿਹਨਾਂ ਨੂੰ ਭੀੜ ਤੇ ਵਾਂਟਿਡ ਅਪਰਾਧੀ ਕਹਿ ਰਹੀ ਆ,ਓਹੀ ‘ਪੀਲ਼ੇ ਪਰਨੇ’ ਆਲ਼ੇ ਅਸਲ ਮਾਅਨਿਆਂ ਵਿੱਚ ਤੇਰਾ ਰੰਗਲਾ ਪੰਜਾਬ ਬਚਾਉਣ ਲਈ ਲੜ ਰਹੇ ਆ ਵੀਰਨਾ…ਤੇਰੇ ਸਿਰ ਕਲਗੀ ਵੀ ਦਿੱਲੀ ਆਲ਼ਿਆਂ ਨਹੀਂ ਸਜਾਈ,ਇਹਨਾਂ ਪੀਲ਼ੇ ਪਰਨਿਆਂ ਦੀ ਮਿਹਰਬਾਨੀ ਹੋਈ ਆ…

ਭਗਵੰਤ ਬਾਈ,ਜਿਵੇਂ ਚਲਦੇ ਖੇਡ ਮੁਕਾਬਲੇ ਵਿੱਚ ਕੋਈ ਗ਼ੈਰਤਮੰਦ ਭਲਵਾਨ ਕੂਕ ਉਠਦੈ,”ਨਾ ਉਏ,ਸਾਹਮਣੇ ਮੇਰੇ ਮਾਮੇ ਦੇ ਪੁੱਤ ਖੜ੍ਹੇ ਆ,ਇਹਨਾਂ ਖਿਲਾਫ ਨਹੀਂ ਖੇਡਣਾ!”…ਉਵੇਂ ਹੀ ਤੂੰ ਵੀ ਮਾਰ ਲਲਕਾਰਾ ਬਾਈ,ਇਹ ਤਾਂ ਤੇਰੇ ਮਾਮੇ ਦੇ ਈ ਨਹੀਂ,ਸਕੇ ਆ…ਪੰਜਾਬ ਤੇਰੀ ਲਲਕਾਰ ਨੂੰ ਤਰਸ ਗਿਆ ਬਾਈ..ਏਨਾ ਤਾਂ ਜਾਣਦਾ ਈ ਐਂ ਨਾ ਬਾਈ,ਦੋ ਹਜ਼ਾਰ ਬਾਈ ‘ਚ ਪੰਜਾਬ ਦੇ ਲੋਕਾਂ ਨੇ ਆਪਣਾ ਭਗਵੰਤ ਬਾਈ ਜਿਤਾਇਆ ਸੀ…ਜੇ ਦਿੱਲੀ ਆਲ਼ਿਆਂ ਨੂੰ ਈ ਜਿਤਾਉਣਾ ਹੁੰਦਾ ਤਾਂ ਦੋ ਹਜ਼ਾਰ ਸਤਾਰਾਂ ‘ਚ ਹੀ ਜਿਤਾ ਦੇਣਾ ਸੀ ਪਰ ਉਦੋਂ ਕਲਗੀ ਤੇਰੇ ਸਿਰ ਨਹੀਂ ਸੀ!

ਇਹ ਤਾਂ ਤੇਰੇ ਹੀ ਲਫ਼ਜ਼ ਸਨ ਬਾਈ ਕਿ ਸਰਕਾਰ ਸੱਥਾਂ ਚੋਂ ਚੱਲੇਗੀ..ਤੇਰੇ ਆਲ਼ੀ ਪੁਲਿਸ ਤਾਂ ਹੁਣ ਕਹਿੰਦੀ ਆ ਕਿ ਥੋਨੂ ਆਪਣੇ ਈ ਪਿੰਡ ਦੀ ਸੱਥ ‘ਚ ਬਹਿਣ ਵੀ ਨਹੀਂ ਦੇਣਾ…ਤੇਰੇ ਕੁ ਜਿੰਨੀ ਉਮਰ ਆ ਬਾਈ ਮੇਰੀ ਵੀ,ਮੈਂ ਤਾਂ ਆਪਣੀ ਸੁਰਤ ‘ਚ ਕਦੇ ਪਿੰਡ ਦੇ ਘਰਾਂ ਸਕੂਲਾਂ ‘ਚ ਅੱਥਰੂ ਗੈਸ ਦੇ ਗੋਲ਼ੇ ਡਿੱਗਦੇ ਨਹੀਂ ਦੇਖੇ..ਬਾਈ ਉਹ ਬੀਬੀਆਂ ਜਿਹੜੀਆਂ ਇਸ ਸਭ ਕੁਝ ਤੋਂ ਬਾਅਦ ਵੀ ਸੱਥ ‘ਚ ਖੜ੍ਹ ਕੇ ਇਹ ਕਹਿੰਦੀਆਂ ,”ਜਿਹਦਾ ਹੱਥ ਪਾਟਾ,ਉਹ ਮੇਰਾ ਪੁੱਤ ਐ ਪਰ ਪਿੱਛੇ ਨਹੀਂ ਹਟਦੇ!”..ਸੁਣੀਆਂ ਨਾ ਬਾਈ..ਗੱਚ ਭਰਦਾ ਬਾਈ ਸੁਣ ਕੇ..ਉਹਨਾਂ ਦਾ ਬੋਲਿਆ ਛੱਡ,ਅੱਖਾਂ ‘ਚ ਦੇਖ ਬਾਈ,ਤੈਨੂੰ ਸੱਚ ਦੇ ਦੀਦਾਰ ਹੋਣਗੇ…ਓ ਬਾਈ,ਚੱਲ ਪਲ ਭਰ ਲਈ ਮੰਨ ਲੈਨੇ ਆਂ ਕਿ ਜਥੇਬੰਦੀਆਂ ਦੇ ਆਗੂਆਂ ਨਾਲ ਤੇਰਾ ਕੋਈ ਮਨ ਮੁਟਾਵ ਆ…ਪਰ ਆਹ ਬੀਬੀਆਂ ਨੇ ਤਾਂ ਆਪਣੇ ਘਰ ਦਾ ਈ ਰਾਜ ਸੰਭਾਲਣੈ…ਇਹਨਾਂ ਨੂੰ ਕਿਉਂ ਏਡੀ ਮਰਨ ਮਿੱਟੀ ਚੜ੍ਹੀ ਆ..ਠੰਡੇ ਦਿਮਾਗ਼ ਨਾਲ ਵਿਚਾਰਨਾ ਪਊ!…ਇਹਨਾਂ ਨੇ ਮਾਤਾ ਗੁਜਰੀ ਤੇ ਮਾਈ ਭਾਗੋ ਦਾ ਇਤਿਹਾਸ ਪੜ੍ਹਨ ਤੋਂ ਬਾਅਦ ਸਾਖੀ ਵਾਲਾ ਕਿਤਾਬਚਾ ਅਗਨ ਭੇਂਟ ਨਹੀਂ ਕੀਤਾ,ਬਲਕਿ ਆਪਣੀ ਹਿੱਕ ਚ ਸੰਭਾਲ ਲਿਆ ਹੋਇਆ…ਇਹਨਾਂ ਨੂੰ ਜਾ ਮਿਲ ਭਗਵੰਤ ਬਾਈ..ਇਹ ਤੈਨੂੰ ਚਾਟੀ ਦੀ ਲੱਸੀ ਪਿਲਾਉਣਗੀਆਂ…ਤੇਰੀ ਸਿਹਤ ਵੀ ਵੱਲ ਹੋਜੂ,ਐਵੇਂ ਰਾਜ ਮਹਿਲ ‘ਚ ਤੈਨੂੰ ਪਤਾ ਨਹੀਂ ਕਿਹੜੇ ਮਸਾਲੇ ਖੁਆਈ ਜਾਂਦੇ ਆ!

ਮੁੜ ਆ ਬਾਈ…ਆਪਣੇ ਸਾਰੇ ਵਾਅਦੇ ਯਾਦ ਕਰ..ਤੇਰੀ ਬਾਦਸ਼ਾਹਤ ਧਰਨਿਆਂ ਦੀ ਪੈਦਾਵਾਰ ਐ..ਰੋਂਦਿਆਂ ਨੂੰ ਚੁੱਪ ਕਰਾਉਣ ਲਈ ਉਹਨਾਂ ਦੇ ਢਿੱਡ ‘ਚ ਪਈ ਮਰਜ਼ ਸਮਝਣ ਦੇ ਰਾਹ ਤੁਰ,ਰੋਂਦਿਆਂ ਨੂੰ ਹੋਰ ਕੁੱਟਣ ਦਾ ਰਾਹ ਤਿਆਗਣ ਦਾ ਹੁਕਮ ਦੇ ਆਪਣੀ ਫੋਰਸ ਨੂੰ…ਆਖ਼ਰੀ ਗੱਲ ਭਗਵੰਤ ਬਾਈ…

ਨਾਟਕ ਜਦੋਂ ਆਰੰਭ ਹੁੰਦਾ ਐ ਤਾਂ ਸਿਆਣਾ ਨਾਟਕਕਾਰ ਦਰਸ਼ਕਾਂ ਨੂੰ ਹੌਲੀ ਹੌਲੀ ਵਿਸ਼ੇ ਦੀ ਕੇਂਦਰੀ ਚੂਲ਼ ਵਲ ਲੈ ਕੇ ਜਾਂਦਾ ਪਰ ਉਹ ਮੁੱਖ ਥੀਮ ‘ਤੇ ਆਪਣੀ ਪਕੜ ਅੰਤ ਤਕ ਬਰਕਰਾਰ ਰੱਖਦਾ ਐ…ਆਰੰਭ ਵਿੱਚ ਵੀ,ਮੱਧ ਚ ਵੀ ਤੇ ਅੰਤ ਵਿੱਚ ਵੀ!..ਚਲਦੇ ਨਾਟਕ ਵਿੱਚ ਤੇਰੀ ਸਕਰਿਪਟ ਬਦਲ ਗਈ ਐ ਬਾਈ..ਆਰੰਭ ਕੁਝ ਹੋਰ ਸੀ,ਮੱਧ ਹੋਰ ਪਾਸੇ ਤੁਰ ਪਿਆ ਤੇ ਅੰਤ….!..ਡਰ ਲਗਦੈ ਅੰਤ ਬਾਰੇ ਸੋਚ ਕੇ!…ਤੇਰੀ ਸਕਰਿਪਟ ਕਿਸੇ ਨੇ ਬਦਲੀ ਜਾਂ ਤੂੰ ਆਪ,ਇਹ ਤੂੰ ਜਾਣੇਂ…ਪਰ ਬਾਈ,ਜੇ ਇਹ ਮੇਰਾ ਈ ਵਹਿਮ ਆ ਕਿ ਚਲਦੇ ਨਾਟਕ ਵਿੱਚ ਸਕਰਿਪਟ ਬਦਲੀ ਗਈ ਐ..ਤੇ ਜੇ ਸੱਚ ਇਹ ਐ ਕਿ ਅਸਲ ਵਿੱਚ ਸਭ ਕੁਝ ਸਕਰਿਪਟ ਅਨੁਸਾਰ ਹੀ ਚੱਲ ਰਿਹਾ ਐ ਤਾਂ….ਭਗਵੰਤ ਬਾਈ!!!!…ਤੈਨੂੰ ਕੀ ਸਮਝਾਉਣਾ…ਤੂੰ ਕਿਹੜਾ ਦਿੱਲੀਓਂ ਆਇਆਂ..ਕਾਢਿਆਂ ਦਾ ਭੌਣ ਚਾਹੇ ਸਤੌਜ ਪਿੰਡ ਦਾ ਹੋਵੇ ਚਾਹੇ ਜਿਓਂਦ ਦਾ…ਬਹਿਣਾ ਔਖਾ ਕਰ ਦਿੰਦਾ!

ਰਾਜ਼ੀ ਬਾਜ਼ੀ ਰਹੁ ਬਾਈ…ਸਮਾਂ ਆਉਣ ‘ਤੇ ਨਾਇਕ ਬਣ ਉੱਭਰ ਬਾਈ…ਪੰਜਾਬ ਤੇਰਾ ਵੀ ਐ..ਖੋਲ਼ੇ ਅਰਗੇ ਘਰ ‘ਚ ਗੁਜ਼ਾਰਾ ਕਰਦੇ ਮਜ਼ਦੂਰ ਦਾ ਵੀ..ਪੀਲ਼ੇ ਪਰਨੇ ਆਲ਼ਿਆਂ ਦਾ ਵੀ,ਕੇਸਰੀ ਚੁੰਨੀਆਂ ਵਾਲ਼ੀਆਂ ਦਾ ਵੀ,ਨੰਗੇ ਸਿਰਾਂ ਦਾ ਵੀ..ਸਭ ਨੂੰ ਗਲਵੱਕੜੀ ‘ਚ ਲੈ ਲੈ…ਸਿਹਤ ਠੀਕ ਹੋਜੂ…ਤੇਰੀ ਵੀ..ਤੇਰੇ ਪੰਜਾਬ ਦੀ ਵੀ!!…ਪੰਜਾਬ ਉੱਤੋਂ ਈ ਲੜਨ ਭਿੜਨ ਵਾਲਾ ਜਾਪਦੈ ਭਗਵੰਤ ਬਾਈ ,ਏਹਦੀ ਅੰਦਰੂਨੀ ਤਾਸੀਰ ਤਾਂ ਮੁਹੱਬਤ ਵਾਲ਼ੀ ਐ…ਏਸੇ ਲਈ ਤੈਨੂੰ ਮੁਹੱਬਤੀ ਚਿੱਠੀ ਲਿਖੀ ਆ ..ਬਾਬਾ ਨਾਨਕ ਪੰਜਾਬ ਦੇ ਦਿਲ ‘ਚ ਵਸਦੈ,ਮੁਹੱਬਤ ਦੇ ਸੰਦੇਸ਼ ਕਾਰਨ…ਤੂੰ ਵੀ ਮੁਹੱਬਤ ਦਾ ਛੱਟਾ ਦੇ…ਵਿਹੜੇ ਮੁੜ ਆ …ਤੂੰ ਸਾਡੇ ਕਲਾਕਾਰ ਭਾਈਚਾਰੇ ਦਾ ਸਟਾਰ ਪ੍ਰਤੀਨਿਧੀ ਐਂ…ਲਾਜ ਰੱਖ ਲੈ ਭਾਈਚਾਰੇ ਦੀ!

ਆਪਣੀ ਸਮੁੱਚੀ ਮੁਹੱਬਤ ਸਮੇਤ ਅਦਬੀ ਭਾਈਚਾਰੇ ਵੱਲੋਂ
ਸਾਹਿਬ ਸਿੰਘ
+919888011096

ਵੱਡੀ ਖ਼ਬਰ: ਮਾਂ ਨਾਲ ਬਲਾਤਕਾਰ ਕਰਨ ਵਾਲੇ ਪੁੱਤ ਨੂੰ ਉਮਰ ਕੈਦ ਦੀ ਸਜ਼ਾ

 

ਵੱਡੀ ਖ਼ਬਰ: ਮਾਂ ਨਾਲ ਬਲਾਤਕਾਰ ਕਰਨ ਵਾਲੇ ਪੁੱਤ ਨੂੰ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ, 23 ਫਰਵਰੀ 2026-

ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ, ਜੋ ਕਾਨੂੰਨ ਅਤੇ ਮਨੁੱਖਤਾ ਦੀ ਮਿਸਾਲ ਹੈ। ਯੂਪੀ ਦੀ ਇੱਕ ਅਦਾਲਤ ਨੇ ਆਪਣੀ ਹੀ ਮਾਂ ਨਾਲ ਬਲਾਤਕਾਰ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫਾਸਟ-ਟਰੈਕ ਅਦਾਲਤ ਨੇ ਇਹ ਸਖ਼ਤ ਫੈਸਲਾ ਸੁਣਾਇਆ, ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਪੁੱਤ ਨੂੰ ਦੋਸ਼ੀ ਪਾਇਆ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 10 ਅਕਤੂਬਰ, 2021 ਦੀ ਰਾਤ ਨੂੰ ਵਾਪਰੀ। ਭਾਮੋਰਾ ਥਾਣਾ ਖੇਤਰ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪੁੱਤਰ ਕਿਸ਼ਨ ਲਾਲ ‘ਤੇ ਗੰਭੀਰ ਦੋਸ਼ ਲਗਾਏ। ਰਾਤ ਨੂੰ ਕਿਸ਼ਨ ਲਾਲ ਨੇ ਭੁੱਖੇ ਹੋਣ ਦਾ ਦਿਖਾਵਾ ਕੀਤਾ ਅਤੇ ਆਪਣੀ ਮਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ।

ਜਿਵੇਂ ਹੀ ਮਾਂ ਨੇ ਦਰਵਾਜ਼ਾ ਖੋਲ੍ਹਿਆ, ਦੋਸ਼ੀ ਕਮਰੇ ਵਿੱਚ ਦਾਖਲ ਹੋਇਆ, ਮਾਂ ਦਾ ਗਲਾ ਘੁੱਟ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਅਪਰਾਧ ਕਰਨ ਤੋਂ ਬਾਅਦ, ਉਸਨੇ ਆਪਣੀ ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ।

ਸਰਕਾਰੀ ਵਕੀਲ (ਏਡੀਜੀਸੀ) ਸੁਰੇਸ਼ ਬਾਬੂ ਸਾਹੂ ਦੇ ਅਨੁਸਾਰ, ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮਜ਼ਬੂਤ ਕੇਸ ਪੇਸ਼ ਕੀਤਾ। ਦੋਸ਼ੀ ਦੇ ਵੀਰਜ, ਖੂਨ ਅਤੇ ਵਾਲਾਂ ਦੇ ਨਮੂਨੇ ਲਏ ਗਏ। ਮਾਂ ਦੇ ਕੱਪੜਿਆਂ ਅਤੇ ਦੋਸ਼ੀ ਦੇ ਨਮੂਨਿਆਂ ਦੇ ਡੀਐਨਏ ਟੈਸਟ ਨੇ ਪੁਸ਼ਟੀ ਕੀਤੀ ਕਿ ਕਿਸ਼ਨ ਲਾਲ ਨੇ ਇਹ ਘਿਨਾਉਣਾ ਕੰਮ ਕੀਤਾ ਹੈ। ਇਸ ਵਿਗਿਆਨਕ ਸਬੂਤ ਨੇ ਦੋਸ਼ੀ ਦੇ ਸਾਰੇ ਬਹਾਨੇ ਝੂਠੇ ਸਾਬਤ ਕਰ ਦਿੱਤੇ।

ਵਧੀਕ ਜ਼ਿਲ੍ਹਾ ਜੱਜ (ਫਾਸਟ ਟਰੈਕ ਕੋਰਟ) ਅਸ਼ੋਕ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਮਾਮਲੇ ਦੀ ਅੰਤਿਮ ਸੁਣਵਾਈ ਕੀਤੀ। ਪੁਲਿਸ ਚਾਰਜਸ਼ੀਟ ਅਤੇ ਗਵਾਹਾਂ ਦੇ ਆਧਾਰ ‘ਤੇ, ਕਿਸ਼ਨ ਲਾਲ ਨੂੰ ਆਪਣੀ ਹੀ ਮਾਂ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ। ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ 22,000 ਦਾ ਜੁਰਮਾਨਾ ਵੀ ਲਗਾਇਆ ਹੈ।

 

ਮੌਸਮ ਵਿਭਾਗ ਦਾ ਅਲਰਟ; ਅੱਜ ਪਵੇਗਾ ਕਈ ਥਾਵਾਂ ‘ਤੇ ਭਾਰੀ ਮੀਂਹ

 

ਮੌਸਮ ਵਿਭਾਗ ਦਾ ਅਲਰਟ; ਅੱਜ ਪਵੇਗਾ ਕਈ ਥਾਵਾਂ ‘ਤੇ ਭਾਰੀ ਮੀਂਹ

ਨਵੀਂ ਦਿੱਲੀ, 23 ਫਰਵਰੀ 2026

ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰੀ ਭਾਰਤ ਵਿੱਚ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ, ਜਦੋਂ ਕਿ ਇੱਕ ਘੱਟ ਦਬਾਅ ਵਾਲੇ ਸਿਸਟਮ ਨੇ ਦੱਖਣੀ ਭਾਰਤ ਵਿੱਚ ਗੰਭੀਰ ਗਰਮੀ ਦੀ ਲਹਿਰ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਭਾਰੀ ਬਾਰਿਸ਼, ਗਰਜ-ਤੂਫਾਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਮੌਸਮ ਵਿਭਾਗ ਨੇ ਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਚੇਤਾਵਨੀ ਦਿੱਤੀ ਹੈ। ਉੱਥੇ ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅੱਜ ਹੋ ਸਕਦੀ ਹੈ।

ਮੌਸਮ ਵਿਭਾਗ ਨੇ 23-24 ਫਰਵਰੀ ਦੇ ਵਿਚਕਾਰ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਤੇਲੰਗਾਨਾ ਵਿੱਚ ਮੀਂਹ ਅਤੇ ਗਰਜ-ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ।

ਇਸ ਹਫ਼ਤੇ ਉੱਤਰ-ਪੱਛਮੀ ਭਾਰਤੀ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2-4 ਡਿਗਰੀ ਵਧੇਗਾ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ, ਤਾਪਮਾਨ 35-37 ਡਿਗਰੀ ਤੱਕ ਪਹੁੰਚ ਸਕਦਾ ਹੈ। ਦਿੱਲੀ-ਐਨਸੀਆਰ ਵਿੱਚ ਮੌਸਮ ਖੁਸ਼ਕ ਰਹੇਗਾ, ਪਰ ਹਵਾ ਗੁਣਵੱਤਾ ਸੂਚਕਾਂਕ (AQI) ‘ਮਾੜੀ’ ਸ਼੍ਰੇਣੀ ਵਿੱਚ ਰਹੇਗਾ, ਜੋ ਕਿ 203 ਦੇ ਆਸ-ਪਾਸ ਪਹੁੰਚ ਜਾਵੇਗਾ। ਉੱਤਰ ਪ੍ਰਦੇਸ਼ ਵਿੱਚ ਵੀ ਮੀਂਹ ਦੀ ਉਮੀਦ ਨਹੀਂ ਹੈ, ਤਾਪਮਾਨ 29 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

23 ਫਰਵਰੀ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। 23 ਤੋਂ 24 ਫਰਵਰੀ ਤੱਕ ਉਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। 23-24 ਫਰਵਰੀ ਨੂੰ ਛੱਤੀਸਗੜ੍ਹ ਅਤੇ ਓਡੀਸ਼ਾ ਵਿੱਚ ਵੀ ਗਰਜ-ਤੂਫ਼ਾਨ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਖਣੀ-ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਕਾਰਨ, 23 ਫਰਵਰੀ ਨੂੰ ਤਾਮਿਲਨਾਡੂ (ਦੱਖਣੀ ਹਿੱਸਾ), ਕੇਰਲ ਅਤੇ ਮਾਹੇ ਵਿੱਚ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਤੱਟਵਰਤੀ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ 23 ਤੋਂ 24 ਫਰਵਰੀ ਤੱਕ ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। 24 ਫਰਵਰੀ ਤੱਕ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਉਮੀਦ ਹੈ।