ਸ਼ੁੱਕਰਵਾਰ, ਮਾਰਚ 13, 2026
Home Blog Page 37

ਪੰਜਾਬ ਦੇ 20000 ਸਰਕਾਰੀ ਸਕੂਲਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ

 

ਪੰਜਾਬ ਦੇ 20000 ਸਰਕਾਰੀ ਸਕੂਲਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ

ਪੰਜਾਬ ਦੇ ਸਕੂਲਾਂ ਦੀ ਹੋਵੇਗੀ ਕਾਇਆਕਲਪ; ਸਿੱਖਿਆ ਮੰਤਰੀ ਨੇ ਅਣਗਹਿਲੀ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਮਾੜੀ ਹਾਲਤ ਬਾਰੇ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਸਿੱਖਿਆ ਵਿਭਾਗ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ

ਚੰਡੀਗੜ੍ਹ, 22 ਫਰਵਰੀ 2026- 

ਫਾਜ਼ਿਲਕਾ ਦੇ ਬਸਤੀ ਹਜ਼ੂਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮਾੜੀ ਹਾਲਤ ਬਾਰੇ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਇਮਾਰਤ ਦੀ ਨਵੇਂ ਸਿਰਿਓਂ ਉਸਾਰੀ ਕਰਨ ਦੇ ਹੁਕਮ ਦਿੱਤੇ ਹਨ।

ਸਿੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਕਰਨ ਦੇ ਨਿਰਦੇਸ਼ ਦਿੱਤੇ ਅਤੇ ਭਰੋਸਾ ਦਿੱਤਾ ਕਿ ਸਕੂਲ ਦੀ ਨਵੀਂ ਇਮਾਰਤ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਹੋ ਜਾਵੇਗੀ, ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੇ।

ਇਸ ਮਾਮਲੇ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਸਤੀ ਹਜ਼ੂਰ ਵਿੱਚ ਸਰਕਾਰੀ ਸਕੂਲ ਦੀ ਮਾੜੀ ਹਾਲਤ ਬਾਰੇ ਕੱਲ੍ਹ ਮੇਰੇ ਧਿਆਨ ਵਿੱਚ ਲਿਆਂਦਾ ਗਿਆ।

ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਮੈਂ ਖੁਦ ਜਾ ਕੇ ਸਕੂਲ ਦੀ ਸਥਿਤੀ ਦਾ ਨਿਰੀਖਣ ਕਰਾਂਗਾ।

ਉਨ੍ਹਾਂ ਕਿਹਾ ਕਿ ਇਸ ਸਕੂਲ ਕੋਲ ਅਗਲੇ 6 ਮਹੀਨਿਆਂ ਦੇ ਅੰਦਰ ਇੱਕ ਨਵੀਂ ਇਮਾਰਤ ਹੋਵੇਗੀ ਅਤੇ ਇਹ ਕੋਈ ਰਾਜਨੀਤਿਕ ਬਿਆਨ ਨਹੀਂ; ਸਗੋਂ ਮੇਰੀ ਨਿੱਜੀ ਗਰੰਟੀ ਹੈ।

ਸੂਬੇ ਦੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰਾਂ ਬਾਰੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 20,000 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਸਾਨੂੰ ਪਿਛਲੀਆਂ ਸਰਕਾਰਾਂ ਦੀ ਦਹਾਕਿਆਂ ਦੀ ਅਣਗਹਿਲੀ ਕਰਕੇ ਪੂਰੀ ਤਰ੍ਹਾਂ ਖਸਤਾ ਹਾਲਤ ਵਿੱਚ ਵਿਰਾਸਤ ‘ਚ ਮਿਲੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਸੈਂਕੜੇ ਅਜਿਹੇ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਇਹ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨ ਦੇ ਮਿਸ਼ਨ ‘ਤੇ ਹਾਂ ਅਤੇ ਸੂਬਾ ਸਰਕਾਰ ਪੂਰੀ ਵਚਨਬੱਧਤਾ ਅਤੇ ਪਾਰਦਰਸ਼ਤਾ ਨਾਲ ਇਸ ਟੀਚੇ ਵੱਲ ਲਗਾਤਾਰ ਅੱਗੇ ਵਧ ਰਹੀ ਹੈ।

ਸਿੱਖਿਆ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ਼ ਵੱਡੇ ਦਾਅਵਿਆਂ ਦਾ ਨਹੀਂ, ਬਲਕਿ ਜਵਾਬਦੇਹੀ ਅਤੇ ਨਿਰੰਤਰ ਕਾਰਵਾਈ ਦਾ ਸਫ਼ਰ ਹੈ ਅਤੇ ਸਿੱਖਿਆ ਮੇਰੇ ਲਈ ਕੋਈ ਰਾਜਨੀਤੀ ਨਹੀਂ; ਸਗੋਂ ਮੇਰਾ ਜਨੂੰਨ ਅਤੇ ਜ਼ਿੰਮੇਵਾਰੀ ਹੈ।

 

ਅਧਿਆਪਕਾਂ ‘ਤੇ ਜਬਰੀ ਥੋਪੇ TET ਖ਼ਿਲਾਫ਼ ‘ਹੱਲਾ-ਬੋਲ’ ਪ੍ਰਦਰਸ਼ਨ! ਹਜ਼ਾਰਾਂ ਟੀਚਰਾਂ ਨੇ ਸਰਕਾਰ ਨੂੰ ਲਲਕਾਰਿਆ

 

ਅਧਿਆਪਕਾਂ ‘ਤੇ ਜਬਰੀ ਥੋਪੇ TET ਖ਼ਿਲਾਫ਼ ‘ਹੱਲਾ-ਬੋਲ’ ਪ੍ਰਦਰਸ਼ਨ! ਹਜ਼ਾਰਾਂ ਟੀਚਰਾਂ ਨੇ ਸਰਕਾਰ ਨੂੰ ਲਲਕਾਰਿਆ

ਸੁਪਰੀਮ ਕੋਰਟ ਦੇ ਫੈਸਲੇ ਨੇ ਰਾਸ਼ਟਰ ਨਿਰਮਾਤਾਵਾਂ ਦੇ ਮਾਨ-ਸਨਮਾਨ ਨੂੰ ਲਾਈ ਸੱਟ; ਪੰਜਾਬ ਸਰਕਾਰ ਨੂੰ ਵਿਸ਼ੇਸ਼ ਇਜਲਾਸ ਬੁਲਾਉਣ ਦੀ ਚੇਤਾਵਨੀ

ਸ਼੍ਰੀ ਆਨੰਦਪੁਰ ਸਾਹਿਬ 22 ਫਰਵਰੀ 2026

ਅੱਜ ਸਾਂਝੇ ਅਧਿਆਪਕ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਅਤੇ ਭਰਾਤਰੀ ਅਧਿਆਪਕ ਜਥੇਬੰਦੀਆਂ ਵੱਲੋਂ ਸੁਪਰੀਮ ਕੋਰਟ ਦੇ ਅਧਿਆਪਕ ਯੋਗਤਾ ਟੈਸਟ (ਟੈੱਟ) ਸਭ ਅਧਿਆਪਕਾਂ ਲਈ ਜਰੂਰੀ ਹੋਣ ਸਬੰਧੀ 01.09.2025 ਨੂੰ ਆਏ ਫੈਸਲੇ ਵਿਰੁੱਧ ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ, ਸੁਰਿੰਦਰ ਕੰਬੋਜ, ਵਿਕਰਮ ਦੇਵ ਸਿੰਘ, ਕ੍ਰਿਸ਼ਨ ਸਿੰਘ ਦੁੱਗਾਂ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਹਰਭਜਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਗੁਰਜੰਟ ਸਿੰਘ ਵਾਲੀਆ, ਗੁਰਿੰਦਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਹਰੀਕਾ, ਪਤਵੰਤ ਸਿੰਘ ਨੇ ਕੀਤੀ।

ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਬਿੰਦਰ ਸਿੰਘ ਸਸਕੌਰ, ਜਿੰਦਰ ਪਾਇਲਟ, ਰੇਸ਼ਮ ਸਿੰਘ ਖੇਮੂਆਣਾ, ਨਵਪ੍ਰੀਤ ਬੱਲੀ, ਮਹਿੰਦਰ ਸਿੰਘ ਕੋੜਿਆਂਵਾਲੀ, ਲਛਮਣ ਸਿੰਘ ਨਬੀਪੁਰ, ਰਵਿੰਦਰਜੀਤ ਸਿੰਘ ਪੰਨੂ, ਬਿਕਰਮਜੀਤ ਸਿੰਘ ਕੱਦੋਂ, ਜਗਜੀਤ ਸਿੰਘ, ਪਰਮਜੀਤ ਸਿੰਘ ਫਿਰੋਜ਼ਪੁਰ, ਵਰਿੰਦਰਜੀਤ ਸਿੰਘ ਬਜਾਜ, ਤੇਜਿੰਦਰ ਸਿੰਘ ਸ਼ਾਹ, ਮਨਪ੍ਰੀਤ ਸਿੰਘ ਕਾਹਲੋਂ

ਆਦਿ ਅਧਿਆਪਕ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਐਨਸੀਟੀਈ ਦੇ ਨੋਟੀਫਿਕੇਸ਼ਨਾਂ ਦੀ ਅਣਦੇਖੀ ਕਰਕੇ ਭਾਰਤੀ ਸੰਵਿਧਾਨ ਰਾਹੀਂ ਅਨੁਛੇਦ 142 ਤਹਿਤ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਟੈੱਟ ਲਾਗੂ ਹੋਣ ਤੋਂ ਪਹਿਲਾਂ ਭਰਤੀ ਨਿਯਮਾਂ ਅਨੁਸਾਰ ਨਿਯੁਕਤ ਸਮੁੱਚੇ ਅਧਿਆਪਕਾਂ ‘ਤੇ ਟੈੱਟ ਜਰੂਰੀ ਹੋਣ ਦਾ ਫੈਸਲਾ ਦੇ ਕੇ ਦੇਸ਼ ਭਰ ਦੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰੀ ਹੈ।

ਸਿਰਫ ਜਿਨ੍ਹਾਂ ਦਾ ਸੇਵਾ ਮੁਕਤੀ ਵਿੱਚ ਪੰਜ ਸਾਲ ਤੋਂ ਘੱਟ ਸਮਾਂ ਰਹਿੰਦਾ ਹੈ, ਉਨ੍ਹਾਂ ਨੂੰ ਹੀ ਛੋਟ ਦਿੱਤੀ ਗਈ ਹੈ, ਪਰ ਉਹ ਪਦਉਨਤ ਨਹੀਂ ਹੋ ਸਕਣਗੇ। ਬਾਕੀ ਸਭ ਅਧਿਆਪਕਾਂ ਨੂੰ ਦੋ ਸਾਲ ਦੇ ਸਮੇਂ ਵਿੱਚ ਟੈੱਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਦੋ ਸਾਲ ਦੇ ਸਮੇਂ ਬਾਅਦ ਬਿਨਾਂ ਟੈਟ ਪਾਸ ਅਧਿਆਪਕਾਂ ਨੂੰ ਨੌਕਰੀ ਤੋਂ ਜਬਰੀ ਹਟਾ ਦਿੱਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੇ ਤਹਿਤ ਸਰਕਾਰੀ ਸਿੱਖਿਆ ਖੇਤਰ ਨੂੰ ਖਤਮ ਕਰਨ ਵਾਲੇ ਫੈਸਲਿਆਂ ਨੂੰ ਹੀ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਦੇਸ਼ ਦੀ ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਇਸ ਫੈਸਲੇ ਦਾ ਸਖਤ ਵਿਰੋਧ ਕਰਨ ਅਤੇ ਦੇਸ਼ ਭਰ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਸ ਦੇ ਹੱਲ ਦਾ ਕੋਈ ਉਪਰਾਲਾ ਨਾ ਕਰਨਾ ਲੋਕਤੰਤਰ ਵਿੱਚ ਲੋਕਾਂ ਨਾਲ ਮਜ਼ਾਕ ਸਿੱਧ ਹੋ ਰਿਹਾ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 14.09.2017 ਨੂੰ ਸੀ ਐਂਡ ਵੀ, ਟੀਚਿੰਗ ਫੈਲੋਜ਼ ਅਤੇ ਜਿਲਾ ਪ੍ਰੀਸ਼ਦ ਤੋਂ ਵਿਭਾਗ ਵਿੱਚ ਆਏ ਅਧਿਆਪਕਾਂ ਨੂੰ ਪਦਉਨਤੀ ਲਈ ਟੈੱਟ ਤੋਂ ਛੋਟ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਸੀ। ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਉਪਰੰਤ ਹੋਈਆਂ ਪਦਉਨਤੀਆਂ ‘ਤੇ ਰੋਕ ਲਗਾ ਕੇ 07.02.2026 ਨੂੰ ਉਹ ਪੱਤਰ ਵੀ ਵਾਪਸ ਲੈ ਲਿਆ ਗਿਆ। ਵੱਖ-ਵੱਖ ਰਾਜਾਂ ਵੱਲੋਂ ਇਸ ਜਬਰੀ ਥੋਪੇ ਟੈੱਟ ਦੇ ਫੈਸਲੇ ਵਿਰੁੱਧ ਰਿਵਿਊ ਪਟੀਸ਼ਨਾਂ ਪਾਈਆਂ ਗਈਆਂ ਹਨ।

ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਸੇਵਾ ਸੁਰੱਖਿਅਤ ਕਰਨ ਲਈ ਹੁਣ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਸਿਰਫ ਰੋਕੀਆਂ ਹੋਈਆਂ ਪਦਉਨਤੀਆਂ ਵਾਲੇ ਅਧਿਆਪਕਾਂ ਦਾ ਹੀ ਟੈੱਟ ਟੈਸਟ ਲੈਣ ਦਾ ਉਪਰਾਲਾ ਕੀਤਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲ ਦੇ ਸਮੇਂ ਵਿੱਚ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਸਮੇਤ ਕੋਈ ਵੀ ਵਿਭਾਗੀ ਮਸਲਾ ਹੱਲ ਨਹੀਂ ਕੀਤਾ ਗਿਆ।

ਵਿਸ਼ਾਲ ਰੋਸ ਰੈਲੀ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਜਰਮਨਜੀਤ ਸਿੰਘ, ਫੈਡਰੇਸ਼ਨ ਵਿਗਿਆਨਿਕ ਦੇ ਜਨਰਲ ਸਕੱਤਰ ਐਨ ਡੀ ਤਿਵਾੜੀ ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਤਲਵਾੜਾ, ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਇਸ ਜਬਰੀ ਥੋਪੇ ਟੈੱਟ ਵਿਰੁੱਧ ਬਿੱਲ / ਮਤਾ ਪਾਸ ਕਰਕੇ ਇਸ ਕੁਦਰਤੀ ਨਿਆਂ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ।

ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਦੀ ਮੌਤ ਮਾਮਲੇ ‘ਚ ਨਵਾਂ ਟਵਿਸਟ! ਚੈੱਕ ਪੋਸਟ ਦੇ ਅੰਦਰੋਂ ਮਿਲੀਆਂ ਸੀ ਲਾਸ਼ਾਂ, ਕਿਸੇ ਅਣਪਛਾਤੇ ਹਮਲਾਵਰ ਨੇ ਮਾਰੀਆਂ ਗੋਲੀਆਂ?

 

ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਦੀ ਮੌਤ ਮਾਮਲੇ ‘ਚ ਨਵਾਂ ਟਵਿਸਟ! ਚੈੱਕ ਪੋਸਟ ਦੇ ਅੰਦਰੋਂ ਮਿਲੀਆਂ ਸੀ ਲਾਸ਼ਾਂ, ਕਿਸੇ ਅਣਪਛਾਤੇ ਹਮਲਾਵਰ ਨੇ ਮਾਰੀਆਂ ਗੋਲੀਆਂ?

ਚੰਡੀਗੜ੍ਹ, 22 ਫਰਵਰੀ 2026

ਅੱਜ ਸਵੇਰੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਸੀ, ਜਿੱਥੇ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਕਾਰਨ ਦੋਵਾਂ ਦੀ ਮੌਤ ਹੋਣ ਦੀ ਸੂਚਨਾ ਸੀ। ਹਾਲਾਂਕਿ ਜਿਵੇਂ ਜਿਵੇਂ ਦਿਨ ਚੜ੍ਹਿਆ ਤਾਂ ਪਤਾ ਲੱਗਿਆ ਕਿ ਪੁਲਿਸ ਮੁਲਾਜ਼ਮਾਂ ਦੀ ਇਹ ਆਪਸੀ ਗੋਲੀਬਾਰੀ ਦੌਰਾਨ ਮੌਤ ਨਹੀਂ ਸੀ, ਬਲਕਿ ਇਹਨਾਂ ਨੂੰ ਕਿਸੇ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਚੈੱਕ ਪੋਸਟ ਦੇ ਅੰਦਰੋਂ ਮਿਲੀਆਂ। ਜਿਸ ਤੋਂ ਇਹ ਸ਼ੱਕ ਹੁੰਦਾ ਹੈ ਕਿ ਕਿਸੇ ਹੋਰ ਵਿਅਕਤੀ ਨੇ ਇਹਨਾਂ ਨੂੰ ਗੋਲੀਆਂ ਮਾਰੀਆਂ ਹੋ ਸਕਦੀਆਂ ਨੇ, ਹਾਲਾਂਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ?

ਐਸਐਸਪੀ ਗੁਰਦਾਸਪੁਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਵਾਨਾਂ ਦੀ ਮੌਤ ਕਿਵੇਂ ਹੋਈ ਅਤੇ ਕਿਸ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ?

ਸਵੇਰੇ ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਡਿਊਟੀ ਦੌਰਾਨ ਦੋਵੇਂ ਮੁਲਾਜ਼ਮਾਂ ਨੇ ਆਪਸੀ ਗੋਲੀਬਾਰੀ ਦੌਰਾਨ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਹੀ ਕਿਸੇ ਹੋਰ ਬੰਦੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਮ੍ਰਿਤਕਾਂ ਵਿੱਚ ਇੱਕ ਸਹਾਇਕ ਸਬ ਇੰਸਪੈਕਟਰ ਅਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਿਲ ਹੈ।

 

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਗੂੰਜਿਆ ਅਧਿਆਪਕਾਂ ਦਾ ਰੋਹ: TET ਦੀ ਸ਼ਰਤ ਵਿਰੁੱਧ 15 ਜਥੇਬੰਦੀਆਂ ਨੇ ਫੂਕਿਆ ਬਿਗੁਲ

 

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਗੂੰਜਿਆ ਅਧਿਆਪਕਾਂ ਦਾ ਰੋਹ: TET ਦੀ ਸ਼ਰਤ ਵਿਰੁੱਧ 15 ਜਥੇਬੰਦੀਆਂ ਨੇ ਫੂਕਿਆ ਬਿਗੁਲ

DTF ਦਾ ਵੱਡਾ ਐਲਾਨ: “ਸੂਬਾ ਤੇ ਜ਼ਿਲ੍ਹਾ ਲੀਡਰਸ਼ਿਪ ਨਹੀਂ ਦੇਵੇਗੀ TET ਪ੍ਰੀਖਿਆ”; ਸਰਕਾਰ ਨੂੰ ਦਿੱਤੀ ਕੈਪਟਨ ਹਕੂਮਤ ਵਰਗੇ ਹਸ਼ਰ ਦੀ ਚੇਤਾਵਨੀ

ਪੰਜਾਬ ਨੈੱਟਵਰਕ

ਚੰਡੀਗੜ੍ਹ, 22 ਫਰਵਰੀ 2026-

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੀ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਹੋਣ ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਉੱਪਰ ਟੀ.ਈ.ਟੀ. ਦੀ ਲੱਗੀ ਸ਼ਰਤ ਨੂੰ ਹਟਵਾਉਣ ਲਈ ਸੁਹਿਰਦ ਯਤਨ ਕਰਨ ਦੀ ਥਾਂ ਟੀ.ਈ.ਟੀ. ਤੋਂ ਬਿਨਾਂ ਅਧਿਆਪਕਾਂ ਦੀਆਂ ਤਰੱਕੀਆਂ ਨਾ ਕਰਨ ਦੇ ਫੈਸਲੇ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਸਖ਼ਤ ਨਿਖੇਧੀ ਕੀਤੀ ਹੈ।

ਅਧਿਆਪਕਾਂ ਦੇ ਹਿੱਤਾਂ ਤੇ ਕੁਦਰਤੀ ਨਿਆਂ ਦੀ ਅਣਦੇਖੀ ਕਰਕੇ ਹੋਏ ਕਾਨੂੰਨੀ ਫੈਸਲੇ ਨੂੰ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਲਾਗੂ ਕਰਨ ਦਾ ਡੱਟਵਾਂ ਵਿਰੋਧ ਕਰਨ ਲਈ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 15 ਅਧਿਆਪਕ ਜਥੇਬੰਦੀਆਂ ਦੀ ਸਾਂਝੀ ਸੂਬਾਈ ਰੈਲੀ ਵਿੱਚ ਵੱਡੀ ਗਿਣਤੀ ਨਾਲ ਹਿੱਸਾ ਲਿਆ ਗਿਆ।

ਡੀ.ਟੀ.ਐੱਫ. ਦੀ ਸੂਬਾ ਕਮੇਟੀ ਵੱਲੋਂ ਮੀਟਿੰਗ ਕਰਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਸਕੱਤਰ ਜਬਰੀ ਥੋਪੀ ਟੀ.ਈ.ਟੀ. ਦੀ ਪ੍ਰੀਖਿਆ ਨਹੀਂ ਦੇਣਗੇ ਅਤੇ ਜਿਲ੍ਹਾ ਕਮੇਟੀਆਂ ਵੱਲੋਂ ਅਧਿਆਪਕਾਂ ਨੂੰ ਵੀ ਇਹ ਪ੍ਰੀਖਿਆ ਨਾ ਦੇਣ ਅਤੇ ਸੰਘਰਸ਼ਾਂ ਰਾਹੀਂ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਇਕਜੁੱਟ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਪਹਿਲੀ ਵਾਰ ਸਾਲ 2011 ਵਿੱਚ ਸ਼ੁਰੂ ਕੀਤੇ ਗਏ ਟੀ.ਈ.ਟੀ. ਨੂੰ ਉਸ ਤੋਂ ਪਹਿਲਾਂ ਦੀਆਂ ਭਰਤੀਆਂ ‘ਤੇ ਥੋਪਣਾ ਨਿਆਂ-ਸੰਗਤ ਨਹੀਂ ਹੈ, ਕਿਉਂਕਿ ਭਰਤੀ ਤੋਂ ਪਹਿਲਾਂ ਟੀ.ਈ.ਟੀ. ਪਾਸ ਕਰਨ ਦੀ ਸ਼ਰਤ ਦੇ ਹੋਣ ਦਾ ਮਤਲਬ ਉਨ੍ਹਾਂ ਦੇ ਅਧਿਆਪਕ ਬਣਨ ਦੀ ਯੋਗਤਾ ਦੀ ਪ੍ਰੀਖਿਆ ਹੈ, ਦਹਾਕਿਆਂ ਤੋਂ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਅਧਿਆਪਕਾਂ ਦੀ ਅਜਿਹੀ ਪ੍ਰੀਖਿਆ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਹੈ।

ਆਗੂਆਂ ਜਰਮਨਜੀਤ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ ਰਜਧਾਨ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ, ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ ਆਦਿ ਨੇ ਦੱਸਿਆ ਕਿ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕ ਵੀ ਆਪਣੇ ਸਮੇਂ ਵਿੱਚ ਹੁੰਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਜਾਂ ਮੈਰਿਟ ਅਧਾਰਿਤ ਮਾਪਦੰਡਾਂ ਵਿੱਚ ਚੁਣੇ ਜਾਣ ਉਪਰੰਤ ਹੀ ਨੌਕਰੀਆਂ ਵਿੱਚ ਆਏ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਕਦੇ ਵੀ ਸਾਲ 2010 ਜਾਂ ਇਸ ਤੋਂ ਪਹਿਲਾਂ ਦੀਆਂ ਭਰਤੀਆਂ ਦੇ ਅਧਿਆਪਕਾਂ ਸਬੰਧੀ ਟੀ.ਈ.ਟੀ. ਪਾਸ ਕਰਨ ਦੀ ਕੋਈ ਸ਼ਰਤ ਨਹੀਂ ਲਗਾਈ, ਹੁਣ ਤਰੱਕੀਆਂ ਮੌਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਇਸ ਸ਼ਰਤ ਨੂੰ ਇੱਕਦਮ ਲਿਆਉਣਾ ਗੈਰ-ਵਾਜਬ ਹੈ।

ਆਗੂਆਂ ਨੇ ਪੰਜਾਬ ਸਰਕਾਰ ‘ਤੇ ਇਹ ਵੀ ਦੋਸ਼ ਲਾਇਆ ਕਿ ਜਦੋਂ ਮੁਲਾਜ਼ਮ ਹਿੱਤਾਂ ਸਬੰਧੀ ਬਰਾਬਰ ਕੰਮ ਬਰਾਬਰ ਤਨਖਾਹ ਜਾਂ 17-7-2020 ਤੋਂ ਬਾਅਦ ਭਰਤੀਆਂ ‘ਤੇ ਪੰਜਾਬ ਪੇ ਸਕੇਲ ਲਾਗੂ ਕਰਨ ਜਾਂ ਪਰਖ ਸਮੇਂ ਵਿੱਚ ਪੂਰਾ ਤਨਖ਼ਾਹ ਸਕੇਲ ਦੇਣ ਵਰਗਾ ਕੋਈ ਫੈਸਲਾ ਆਉਂਦਾ ਹੈ ਤਾਂ ਸਰਕਾਰ ਇਸ ਨੂੰ ਲਾਗੂ ਕਰਨ ਤੋਂ ਟਾਲੇ ਵੱਟਦੀ ਹੋਈ ਲਾਗੂ ਨਾ ਕਰਨ ਦੇ ਰਾਹ ਤਲਾਸ਼ਦੀ ਹੈ, ਪਰ ਮੁਲਾਜ਼ਮ ਵਿਰੋਧੀ ਫ਼ੈਸਲੇ ਲਾਗੂ ਕਰਨ ਲਈ ਪੱਬਾਂ ਭਾਰ ਰਹਿੰਦੀ ਹੈ।

ਜੱਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਦੇ ਅਧਿਆਪਕ ਵਿਰੋਧੀ ਫੈਸਲੇ ਨੂੰ ਤਬਦੀਲ ਕਰਵਾਉਣ ਲਈ ਪੰਜਾਬ ਸਰਕਾਰ ਇਸ ਮਸਲੇ ਵਿੱਚ ਦਖ਼ਲ ਅੰਦਾਜ਼ੀ ਕਰਕੇ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਰਹੇ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਲਵੇ ਅਤੇ ਟੀ.ਈ.ਟੀ. ਪਾਸ ਦੀ ਸ਼ਰਤ ਤੋਂ ਪਹਿਲਾਂ ਨੌਕਰੀ ਵਿੱਚ ਆਏ ਅਧਿਆਪਕਾਂ ਨੂੰ ਇਸ ਸ਼ਰਤ ਤੋਂ ਛੋਟ ਦੇਵੇ ਅਤੇ ਇਸ ਮਾਰੂ ਫੈਸਲੇ ਵਿਰੁੱਧ ਫੌਰੀ ਆਪਣੀ ਸਿਆਸੀ ਸਥਿਤੀ ਜਰੂਰ ਸਪੱਸ਼ਟ ਕਰੇ, ਨਹੀਂ ਤਾਂ ਪੰਜਾਬ ਵਿੱਚ ਰਾਜ ਕਰ ਚੁੱਕੀ ਕੈਪਟਨ ਸਰਕਾਰ ਵਾਂਗ ਅਧਿਆਪਕਾਂ ਦੇ ਇਤਿਹਾਸਕ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

 

Punjab Breaking: ਪੁਲਿਸ ਮੁਲਾਜ਼ਮਾਂ ਨੇ ਇੱਕ-ਦੂਜੇ ‘ਤੇ ਚਲਾਈਆਂ ਗੋਲੀਆਂ, ਦੋ ਜਵਾਨਾਂ ਦੀ ਮੌਤ

 

Punjab Breaking: ਪੁਲਿਸ ਮੁਲਾਜ਼ਮਾਂ ਨੇ ਇੱਕ-ਦੂਜੇ ‘ਤੇ ਚਲਾਈਆਂ ਗੋਲੀਆਂ, ਦੋ ਜਵਾਨਾਂ ਦੀ ਮੌਤ

ਪੰਜਾਬ ਨੈੱਟਵਰਕ

ਚੰਡੀਗੜ੍ਹ 22 ਫਰਵਰੀ 2026-

ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਵਿਚਾਲੇ ਵੱਡੀ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦਰਅਸਲ, ਗੁਰਦਾਸਪੁਰ ਅਧੀਨ ਪੈਂਦੇ ਪਿੰਡ ਦੋਰਾਂਗਲਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵਾਂ ਮੁਲਾਜ਼ਮਾਂ ਨੇ ਇੱਕ ਦੂਜੇ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ ਦੋਵੇਂ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਪੁਲਿਸ ਮੁਲਾਜ਼ਮਾਂ ਦੀ ਪਹਿਚਾਣ ਅਸ਼ੋਕ ਕੁਮਾਰ ਅਤੇ ਗੁਰਨਾਮ ਸਿੰਘ ਵਜੋਂ ਹੋਈ। ਜਾਣਕਾਰੀ ਦੇ ਮੁਤਾਬਕ, ਪਿੰਡ ਆਦੀਆਂ ਵਿੱਚ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਇਸੇ ਦੌਰਾਨ ਹੀ ਦੋਵਾਂ ਪੁਲਿਸ ਮੁਲਾਜ਼ਮਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਦੋਵਾਂ ਮੁਲਾਜ਼ਮਾਂ ਨੇ ਆਪੋ-ਆਪਣੇ ਹਥਿਆਰ ਕੱਢ ਕੇ ਇੱਕ ਦੂਜੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਤਾਬੜਤੋੜ ਚੱਲੀਆਂ ਗੋਲੀਆਂ ਵਿੱਚ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਜਿੱਥੇ ਮੌਕੇ ‘ਤੇ ਹੀ ਮੌਤ ਹੋ ਗਈ, ਉੱਥੇ ਹੀ ਘਟਨਾ ਸਥਾਨ ‘ਤੇ ਖੜ੍ਹੇ ਹੋਰ ਮੁਲਾਜ਼ਮਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਭਾਵੇਂ ਕਿ ਦੋਵਾਂ ਮੁਲਾਜ਼ਮਾਂ ਵਿਚਾਲੇ ਹੋਈ ਖੂਨੀ ਝੜਪ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਪੁਲਿਸ ਅਤੇ ਕਾਨੂੰਨ ਵਿਵਸਥਾ ‘ਤੇ ਇਸ ਘਟਨਾ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਫਸਰ ਮੌਕੇ ‘ਤੇ ਪਹੁੰਚ ਗਏ ਹਨ, ਜਿਨ੍ਹਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਵਾਸਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਇੱਕ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਝਗੜੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

 

Breaking: ਜਥੇਦਾਰ ਅਕਾਲ ਤਖ਼ਤ ਦਾ ਹੋਲੇ-ਮਹੱਲੇ ਤੋਂ ਪਹਿਲਾਂ ਵੱਡਾ ਬਿਆਨ, ਜਾਰੀ ਕੀਤੇ ਸਖ਼ਤ ਹੁਕਮ!

 

Breaking: ਜਥੇਦਾਰ ਅਕਾਲ ਤਖ਼ਤ ਦਾ ਹੋਲੇ ਮਹੱਲੇ ਤੋਂ ਪਹਿਲਾਂ ਵੱਡਾ ਬਿਆਨ, ਜਾਰੀ ਕੀਤੇ ਸਖ਼ਤ ਹੁਕਮ!

ਚੰਡੀਗੜ੍ਹ, 22 ਫਰਵਰੀ 2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਭਾਈਚਾਰੇ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਕਿ ਹੋਲਾ ਮੁਹੱਲਾ ਖ਼ਾਲਸਾ ਪੰਥ ਦਾ ਰਾਸ਼ਟਰੀ ਤਿਉਹਾਰ ਹੈ, ਜੋ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਖ਼ਾਲਸਾਈ ਮਾਣ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਗੁਰਮਤਿ ਮਰਿਆਦਾ ਅਤੇ ਸਮੁੱਚੀ ਰਹਿਤ ਮਰਿਆਦਾ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਹੋਲਾ ਮੁਹੱਲਾ 26 ਫਰਵਰੀ ਨੂੰ ਰਾਤ 12 ਵਜੇ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਪੰਜ ਢੋਲ ਵਜਾਉਣ ਨਾਲ ਸ਼ੁਰੂ ਹੋਵੇਗਾ। 27 ਫਰਵਰੀ ਨੂੰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਣਗੇ, ਜਿਸ ਦੇ ਭੋਗ 1 ਮਾਰਚ ਨੂੰ ਪਾਏ ਜਾਣਗੇ।

ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ 2 ਮਾਰਚ ਨੂੰ ਸ਼ੁਰੂ ਹੋਣਗੇ, ਜਿਸ ਦੇ ਭੋਗ 4 ਮਾਰਚ ਨੂੰ ਪੂਰੇ ਭੋਗ ਨਾਲ ਹੋਣਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕੀਤਾ ਕਿ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਰੰਗ ਵੇਚਣ ਅਤੇ ਇੱਕ ਦੂਜੇ ‘ਤੇ ਰੰਗ ਸੁੱਟਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਉਨ੍ਹਾਂ ਕਿਹਾ ਕਿ ਸਾਡਾ ਹੋਲਾ ਮੁਹੱਲਾ ਗੁਰਬਾਣੀ ਅਤੇ ਨਾਮ ਦੇ ਰੰਗਾਂ ਵਿੱਚ ਰੰਗਣ ਦਾ ਤਿਉਹਾਰ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਰੰਗ-ਰੋਗਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਹੰਗ ਸਿੰਘ ਫੌਜਾ ਆਪਣੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਸੀਮਤ ਗੁਲਾਲ ਦੀ ਵਰਤੋਂ ਕਰਦੇ ਹਨ, ਪਰ ਆਮ ਲੋਕਾਂ ‘ਤੇ ਰੰਗ ਸੁੱਟਣ ਜਾਂ ਵੇਚਣ ਦੀ ਮਨਾਹੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਟਰੈਕਟਰਾਂ ਅਤੇ ਵਾਹਨਾਂ ਨੂੰ ਖਾਲਸਾ ਨਿਸ਼ਾਨ ਸਾਹਿਬ ਨਾਲ ਸਜਾਉਣ ਅਤੇ ਪੂਰੀ ਤਰ੍ਹਾਂ ਰਹਿਤ ਮਰਯਾਦਾ ਅਤੇ ਅਨੁਸ਼ਾਸਨ ਨੂੰ ਬਣਾਈ ਰੱਖਦੇ ਹੋਏ ਚੜ੍ਹਦੀ ਕਲਾ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ। ਉਨ੍ਹਾਂ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਤੇ ਫੌਜ ਦਾ ਪਹਿਲਾ ਗੁਣ ਰਹਿਤ ਮਰਯਾਦਾ ਹੈ, ਇਸ ਲਈ ਹਰ ਸੰਗਤ ਨੂੰ ਗੁਰੂ ਦੇ ਹੁਕਮਾਂ ਅਨੁਸਾਰ ਤਿਉਹਾਰ ਮਨਾਉਣਾ ਚਾਹੀਦਾ ਹੈ।

ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਗੁਰੂ ਇਤਿਹਾਸ ਦਾ ਆਨੰਦ ਮਾਣਨ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਦਾ ਆਸ਼ੀਰਵਾਦ ਲੈਣ। ਸੱਚੀ ਹੋਲੀ ਗੁਰੂ ਸੰਗਤਾਂ ਵੱਲੋਂ ਸੇਵਾ ਅਤੇ ਸਿਮਰਨ ਦੇ ਨਾਲ ਲਗਾਏ ਜਾਂਦੇ ਲੰਗਰਾਂ ਵਿੱਚ ਹਿੱਸਾ ਲੈਣਾ ਹੈ।

ਵੱਡੀ ਖ਼ਬਰ: ਭਾਜਪਾ ਵਿਧਾਇਕ 5 ਲੱਖ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਦੋ PA ਵੀ ਕਾਬੂ

 

ਵੱਡੀ ਖ਼ਬਰ: ਭਾਜਪਾ ਵਿਧਾਇਕ 5 ਲੱਖ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਦੋ PA ਵੀ ਕਾਬੂ

ਨਵੀਂ ਦਿੱਲੀ, 22 ਫਰਵਰੀ 2025-

ਕਰਨਾਟਕ ਦੀ ਰਾਜਨੀਤੀ ਸ਼ਨੀਵਾਰ ਨੂੰ ਉਸ ਸਮੇਂ ਹਿੱਲ ਗਈ ਜਦੋਂ ਸ਼ਿਰਹੱਟੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਡਾ. ਚੰਦਰੂ ਲਮਾਨੀ ਨੂੰ ਕਥਿਤ ਤੌਰ ‘ਤੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇਹ ਕਾਰਵਾਈ ਰਾਜ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ, ਕਰਨਾਟਕ ਲੋਕਾਯੁਕਤ ਦੁਆਰਾ ਕੀਤੀ ਗਈ ਸੀ।

ਜਾਣਕਾਰੀ ਅਨੁਸਾਰ ਇਹ ਕਾਰਵਾਈ ਗਡਗ ਜ਼ਿਲ੍ਹੇ ਦੇ ਲਕਸ਼ਮੇਸ਼ਵਰ ਵਿੱਚ ਹੋਈ, ਜਿੱਥੇ ਵਿਧਾਇਕ ਨੂੰ ਕਥਿਤ ਤੌਰ ਉੱਤੇ ਲਗਭਗ ₹5 ਲੱਖ ਲੈਂਦੇ ਹੋਏ ਹਿਰਾਸਤ ਵਿੱਚ ਲਿਆ ਗਿਆ। ਇੱਕ ਠੇਕੇਦਾਰ ਦੀ ਸ਼ਿਕਾਇਤ ਤੋਂ ਬਾਅਦ ਜਾਲ ਵਿਛਾਇਆ ਗਿਆ ਸੀ।

ਸੂਤਰਾਂ ਅਨੁਸਾਰ, ਗਡਗ ਵਿੱਚ ਕਲਾਸ-1 ਠੇਕੇਦਾਰ ਨੇ ਲੋਕਾਯੁਕਤ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਤੋਂ ਲਘੂ ਸਿੰਚਾਈ ਵਿਭਾਗ ਦੁਆਰਾ ਇੱਕ ਪ੍ਰੋਜੈਕਟ ਦੀ ਪ੍ਰਵਾਨਗੀ ਦੇ ਬਦਲੇ 11 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਇਸ ਪ੍ਰੋਜੈਕਟ ਵਿੱਚ ਇੱਕ ਸੜਕ ਦੇ ਦੋਵੇਂ ਪਾਸੇ ਰਿਟੇਨਿੰਗ ਵਾਲਾਂ ਦਾ ਨਿਰਮਾਣ ਸ਼ਾਮਲ ਸੀ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਲੋਕਾਯੁਕਤ ਪੁਲਿਸ ਨੇ ਜਾਲ ਵਿਉਂਤਿਆ ਅਤੇ ਸ਼ਨੀਵਾਰ ਨੂੰ ਕਾਰਵਾਈ ਕੀਤੀ।

ਆਪਰੇਸ਼ਨ ਦੌਰਾਨ, ਵਿਧਾਇਕ ਦੇ ਦੋ ਨਜ਼ਦੀਕੀ ਸਾਥੀਆਂ – ਇੱਕ ਸਰਕਾਰੀ ਪੀਏ ਅਤੇ ਇੱਕ ਨਿੱਜੀ ਸਹਾਇਕ – ਨੂੰ ਵੀ ਮੌਕੇ ‘ਤੇ ਹਿਰਾਸਤ ਵਿੱਚ ਲਿਆ ਗਿਆ। ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਕੁਝ ਦਸਤਾਵੇਜ਼ ਅਤੇ ਹੋਰ ਮਹੱਤਵਪੂਰਨ ਸਬੂਤ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਰਾਜਨੀਤਿਕ ਉਥਲ-ਪੁਥਲ ਪੈਦਾ ਹੋ ਗਈ ਹੈ। ਇੱਕ ਜਨਤਕ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਗੰਭੀਰ ਮੰਨਿਆ ਜਾ ਰਿਹਾ ਹੈ। ਲੋਕਾਯੁਕਤ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਸਾਰੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।

ਜਾਂਚ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਤੋਂ ਉੱਪਰ ਨਹੀਂ ਮੰਨਿਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਭਗਵੰਤ ਮਾਨ ਦੇ ਸਿੱਖਿਆ ਮਾਡਲ ‘ਤੇ ਉੱਠੇ ਸਵਾਲ! ਮੈਰੀਟੋਰੀਅਸ ਸਕੂਲਾਂ ਦੇ 130 ਬੱਚਿਆਂ ਨੇ ਪਾਸ ਕੀਤੀ JEE ਪ੍ਰੀਖਿਆ, ਪਰ ਅਧਿਆਪਕਾਂ ਨੂੰ 4 ਸਾਲਾਂ ਤੋਂ ਅਣਗੌਲਿਆ ਕਰ ਰਹੀ ਸਰਕਾਰ

 

ਭਗਵੰਤ ਮਾਨ ਦੇ ਸਿੱਖਿਆ ਮਾਡਲ ‘ਤੇ ਉੱਠੇ ਸਵਾਲ! ਮੈਰੀਟੋਰੀਅਸ ਸਕੂਲਾਂ ਦੇ 130 ਬੱਚਿਆਂ ਨੇ ਪਾਸ ਕੀਤੀ JEE ਪ੍ਰੀਖਿਆ, ਪਰ ਅਧਿਆਪਕਾਂ ਨੂੰ 4 ਸਾਲਾਂ ਤੋਂ ਅਣਗੌਲਿਆ ਕਰ ਰਹੀ ਸਰਕਾਰ

ਕ੍ਰਾਂਤੀ ਜਾਂ ਧੋਖਾ? ਸ਼ਾਨਦਾਰ ਨਤੀਜੇ ਦੇਣ ਵਾਲੇ ਮੈਰੀਟੋਰੀਅਸ ਅਧਿਆਪਕਾਂ ਨੂੰ ਲਾਰੇ ਲਾ ਰਹੀ ਮਾਨ ਸਰਕਾਰ

JEE Mains: ਮੈਰੀਟੋਰੀਅਸ ਸਕੂਲਾਂ ਦੇ 130 ਵਿਦਿਆਰਥੀ ਹੋਏ ਸਫ਼ਲ, ਪਰ 11 ਸਾਲਾਂ ਤੋਂ ‘ਕੱਚੇ’ ਅਧਿਆਪਕ ਅਜੇ ਵੀ ਇਨਸਾਫ਼ ਨੂੰ ਤਰਸੇ

Punjab Network

ਚੰਡੀਗੜ੍ਹ 21 ਫਰਵਰੀ 2026: 

ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ JEE Mains ਦੇ ਪਹਿਲੇ ਅਟੈੰਪਟ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਹੈ। ਪਰ ਦੂਜੇ ਪਾਸੇ, ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਲਈ ਇਹ ਖ਼ੁਸ਼ੀ ‘ਤ੍ਰਾਸਦੀ’ ਬਣ ਗਈ ਹੈ, ਕਿਉਂਕਿ ‘ਸਿੱਖਿਆ ਕ੍ਰਾਂਤੀ’ ਦਾ ਢਿੰਡੋਰਾ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਇਨ੍ਹਾਂ ਮਿਹਨਤੀ ਅਧਿਆਪਕਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਅਣਗੌਲਿਆ ਕਰ ਰਹੀ ਹੈ।

JEE Mains ਸਫ਼ਲ ਕੁੱਲ 305 ਵਿਦਿਆਰਥੀਆਂ ਵਿੱਚੋਂ 130 ਵਿਦਿਆਰਥੀ ਇਕੱਲੇ ਮੈਰੀਟੋਰੀਅਸ ਸਕੂਲਾਂ ਦੇ ਹਨ। ਮੈਰੀਟੋਰੀਅਸ ਸਕੂਲ ਅਧਿਆਪਕ ਪਿਛਲੇ 11 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ‘ਕੱਚੇ’ ਹੋਣ ਦਾ ਸੰਤਾਪ ਹੰਢਾ ਰਹੇ ਹਨ। ‘ਆਪ’ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਤਾਂ ਕੀਤਾ, ਪਰ ਅਮਲੀ ਰੂਪ ਵਿੱਚ ਕੁਝ ਨਹੀਂ ਕੀਤਾ।

‘ਸਿੱਖਿਆ ਕ੍ਰਾਂਤੀ’ ਦਾ ਅਸਲ ਸੱਚ

ਮੈਰੀਟੋਰੀਅਸ ਸਕੂਲ ਅਧਿਆਪਕ ਜਥੇਬੰਦੀ ਦੀ ਆਗੂ ਡਾ. ਟੀਨਾ ਦਾ ਕਹਿਣਾ ਹੈ ਕਿ ਜਦੋਂ ਨਤੀਜੇ ਆਉਂਦੇ ਹਨ ਤਾਂ ਸਰਕਾਰ ਆਪਣੀ ਪਿੱਠ ਥਾਪੜਦੀ ਹੈ, ਪਰ ਜਦੋਂ ਅਧਿਆਪਕਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਚੁੱਪ ਧਾਰ ਲੈਂਦੀ ਹੈ। 11 ਸਾਲਾਂ ਤੋਂ ਲਗਾਤਾਰ ਉੱਚ ਮਾਪਦੰਡ ਸਾਬਤ ਕਰਨ ਦੇ ਬਾਵਜੂਦ, ਇਨ੍ਹਾਂ ਅਧਿਆਪਕਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ, ਜੋ ਕਿ ਸਰਕਾਰ ਦੀ ਨੀਅਤ ‘ਤੇ ਵੱਡਾ ਸਵਾਲੀਆ ਚਿੰਨ੍ਹ ਲਗਾਉਂਦਾ ਹੈ।

ਟੀਨਾ ਕਲਸੀ ਨੇ ਕਿਹਾ ਕਿ “ਅਸੀਂ ਆਪਣੀ ਨਿਸ਼ਠਾ ਅਤੇ ਕੜੀ ਮਿਹਨਤ ਨਾਲ ਪੰਜਾਬ ਦੇ ਗਰੀਬ ਘਰਾਂ ਦੇ ਬੱਚਿਆਂ ਨੂੰ IITs ਅਤੇ NITs ਤੱਕ ਪਹੁੰਚਾ ਰਹੇ ਹਾਂ, ਪਰ ਸਰਕਾਰ ਸਾਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਪਿਛਲੇ 4 ਸਾਲਾਂ ਤੋਂ ਸਾਨੂੰ ਸਿਰਫ਼ ਲਾਰੇ ਹੀ ਮਿਲੇ ਹਨ।”

ਦੱਸਦੇ ਚੱਲੀਏ ਕਿ ਇਹ ਨਤੀਜੇ ਸਾਬਤ ਕਰਦੇ ਹਨ ਕਿ ਮੈਰੀਟੋਰੀਅਸ ਸਕੂਲਾਂ ਦਾ ਬੁਨਿਆਦੀ ਢਾਂਚਾ ਅਤੇ ਅਧਿਆਪਕ ਪੰਜਾਬ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜੇਕਰ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਨਹੀਂ ਕਰਦੀ, ਤਾਂ ਇਹ ‘ਸਿੱਖਿਆ ਕ੍ਰਾਂਤੀ’ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਰਹਿ ਜਾਵੇਗੀ।

 

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ‘ਚ ਸ਼ਾਮਲ ਹੋਈਆਂ 15 ਵਰਕਰਾਂ ਅਤੇ ਹੈਲਪਰਾਂ

 

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ‘ਚ ਸ਼ਾਮਲ ਹੋਈਆਂ 15 ਵਰਕਰਾਂ ਅਤੇ ਹੈਲਪਰਾਂ

ਆਂਗਣਵਾੜੀ ਵਰਕਰਾਂ ਨੇ ਫੜਿਆ ‘ਸਰਵ ਯੂਨੀਅਨ’ ਦਾ ਪੱਲਾ; ਮਾਣਭੱਤਾ ਦੁੱਗਣਾ ਕਰਨ ਲਈ ਸਰਕਾਰ ਨੂੰ ਘੇਰਨ ਦੀ ਤਿਆਰੀ

ਸਰਕਲ ਗੁਰਨਾ ਕਲਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੇ ਪੁਰਾਣੀ ਯੂਨੀਅਨ ਛੱਡ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ‘ਤੇ ਜਤਾਇਆ ਭਰੋਸਾ

Punjab Network

ਲਹਿਰਾਗਾਗਾ/ਸੁਨਾਮ: 21 ਫਰਵਰੀ 2026

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮਜ਼ਬੂਤੀ ਉਸ ਵੇਲੇ ਹੋਰ ਵਧ ਗਈ ਜਦੋਂ ਬਲਾਕ ਲਹਿਰਾਗਾਗਾ ਦੇ ਸਰਕਲ ਗੁਰਨਾ ਕਲਾਂ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ‘ਆਲ ਪੰਜਾਬ ਯੂਨੀਅਨ’ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਹ ਮੀਟਿੰਗ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਬਲਾਕ ਪ੍ਰਧਾਨ ਵੀਰਪਾਲ ਕੌਰ ਸੁਨਾਮ ਅਤੇ ਸਰਕਲ ਪ੍ਰਧਾਨ ਮਨਪ੍ਰੀਤ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਸਮਾਗਮ ਦੌਰਾਨ ਆਗੂਆਂ ਨੇ ਵਰਕਰਾਂ ਨਾਲ ਕਈ ਅਹਿਮ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਪ੍ਰਾਈਮਰੀ ਅਧਿਆਪਕਾਂ ਦਾ ਦਰਜਾ ਦਿਵਾਉਣ ਲਈ ਸੰਘਰਸ਼ ਤੇਜ਼ ਕਰਨ ਦੀ ਰਣਨੀਤੀ ਉਲੀਕੀ ਗਈ।

ਸਰਕਾਰੀ ਸਕੂਲਾਂ ਵਿੱਚ ਗਏ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਸੈਂਟਰਾਂ ਵਿੱਚ ਲਿਆਉਣ ਦੀ ਮੰਗ ਚੁੱਕੀ ਗਈ। ਮੈਡਮ ਛੀਨਾ ਨੇ ਪੰਜਾਬ ਸਰਕਾਰ ਨੂੰ ਉਹ ਵਾਅਦਾ ਯਾਦ ਕਰਵਾਇਆ, ਜਿਸ ਵਿੱਚ ਮਾਣਭੱਤਾ ਦੁੱਗਣਾ ਕਰਨ ਦੀ ਗੱਲ ਕਹੀ ਗਈ ਸੀ।

ਬਰਿੰਦਰਜੀਤ ਕੌਰ ਛੀਨਾ ਨੇ ਸਰਵ ਯੂਨੀਅਨ ਵਿੱਚ ਸ਼ਾਮਲ ਹੋਈਆਂ 15 ਵਰਕਰਾਂ ਅਤੇ ਹੈਲਪਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਹੀ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ।

ਇਸ ਮੌਕੇ ਹਰਮੇਸ਼ ਕੌਰ, ਅਮਨਦੀਪ ਕੌਰ, ਬਿੰਦਰ ਕੌਰ ਅਤੇ ਹੋਰ ਵਰਕਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਯੂਨੀਅਨ ਦੇ ਹਰ ਫੈਸਲੇ ‘ਤੇ ਫੁੱਲ ਚੜ੍ਹਾਉਣ ਦਾ ਭਰੋਸਾ ਦਿੱਤਾ।

 

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਵਿਖੇ ‘ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ’ ਉਤਸ਼ਾਹ ਨਾਲ ਮਨਾਇਆ

 

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਵਿਖੇ ‘ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ’ ਉਤਸ਼ਾਹ ਨਾਲ ਮਨਾਇਆ

Punjab Network

ਦਿੱਲੀ 21 ਫਰਵਰੀ 2026- ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵੱਲੋਂ ਆਈ.ਕਿਊ.ਏ.ਸੀ. ਦੀ ਸਰਪ੍ਰਸਤੀ ਅਧੀਨ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ “ਫਿਰਦੌਸ” ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਸੈਮੀਨਾਰ ਹਾਲ ਵਿੱਚ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਮਨਾਇਆ ਗਿਆ।

ਕਾਲਜ ਦੀ ਰਿਵਾਇਤ ਅਨੁਸਾਰ ਅਨਹਦ ਸੋਸਾਇਟੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਰਾਹੀਂ ਪ੍ਰੋਗਰਾਮ ਦੀ ਅਰੰਭਤਾ ਹੋਈ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋ. ਗੁਰਿੰਦਰ ਸਿੰਘ ਨੇ ਸਮਾਗਮ ਦੀ ਯੋਜਨਾਬੰਦੀ ਅਤੇ ਸੁਚੱਜੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਮੌਕੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਵਿਦਵਾਨ ਪ੍ਰੋ. ਰਵਿੰਦਰ ਸਿੰਘ ਅਤੇ ਪ੍ਰੋ. ਬਲਜਿੰਦਰ ਨਸਰਾਲੀ ਨੇ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਮਾਤਭਾਸ਼ਾ ਦੀ ਮਹੱਤਤਾ, ਸੱਭਿਆਚਾਰਕ ਪਛਾਣ ਅਤੇ ਸਾਹਿਤਕ ਵਿਰਾਸਤ ਦੀ ਸੰਭਾਲ ਦੀ ਲੋੜ ਉੱਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਬੱਚਿਆਂ ਨੂੰ ਕਿਤਾਬਾਂ ਅਤੇ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।

ਸਮੂਹ ਪੰਜਾਬੀ ਵਿਭਾਗ ਨੇ ਇਸ ਸਮਾਗਮ ਦੀ ਸਫਲਤਾ ਲਈ ਸਰਗਰਮ ਯੋਗਦਾਨ ਪਾਇਆ। ਵਿਭਾਗ ਕਨਵੀਨਰ ਡਾ. ਗੁਰਪ੍ਰੀਤ ਕੌਰ ਦੇ ਨੇਤ੍ਰਤਵ ਹੇਠ ਡਾ. ਰਵਿੰਦਰ ਕੌਰ ਬੇਦੀ, ਡਾ. ਪਰਮਜੀਤ ਕੌਰ, ਡਾ. ਗੁਰਦੀਪ ਕੌਰ ਸੂਰਾ, ਡਾ. ਕਵਲਜੀਤ ਕੌਰ ਅਤੇ ਡਾ. ਗੁਰਪ੍ਰੀਤ ਕੌਰ ਆਹੂਜਾ ਨੇ ਸਮਾਗਮ ਦੀ ਯੋਜਨਾਬੰਦੀ ਅਤੇ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਵਿਭਾਗ ਦੀ ਮਿਹਨਤ ਅਤੇ ਸਮਰਪਣ ਨਾਲ ਇਹ ਪ੍ਰੋਗਰਾਮ ਬਹੁਤ ਹੀ ਸਫਲ ਅਤੇ ਯਾਦਗਾਰ ਬਣਿਆ। ਅੰਤ ਵਿੱਚ ਡਾ. ਪਰਮਜੀਤ ਕੌਰ ਵੱਲੋਂ ਧੰਨਵਾਦ ਪ੍ਰਸਤਾਵ ਰਾਹੀਂ ਸਮੂਹ ਵਕਤਾਵਾਂ, ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਸਮੇਤ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।