ਸ਼ਨੀਵਾਰ, ਮਾਰਚ 14, 2026
Home Blog Page 45

ਵੱਡੀ ਖ਼ਬਰ: ਹੁਣ ਜ਼ਮੀਨ ਦਾ ਵੀ ਬਣੇਗਾ ‘ਆਧਾਰ ਕਾਰਡ’; ਕਿਸਾਨਾਂ ਨੂੰ ਮਿਲੇਗੀ ਫ਼ਾਇਦਾ ਜਾਂ ਫਿਰ….

 

ਵੱਡੀ ਖ਼ਬਰ: ਜ਼ਮੀਨਾਂ ਦਾ ਵੀ ਬਣੇਗਾ ‘ਆਧਾਰ ਕਾਰਡ’!

ਨਵੀਂ ਦਿੱਲੀ, 19 ਫਰਵਰੀ 2026-

ਰਾਜਧਾਨੀ ਦਿੱਲੀ ਵਿੱਚ ਜ਼ਮੀਨੀ ਵਿਵਾਦਾਂ ਅਤੇ ਧੋਖਾਧੜੀ ਨੂੰ ਰੋਕਣ ਲਈ, ਸਰਕਾਰ ਨੇ ਇੱਕ ਵੱਡਾ ਡਿਜੀਟਲ ਕਦਮ ਚੁੱਕਿਆ ਹੈ। ਹੁਣ, ਸ਼ਹਿਰ ਵਿੱਚ ਜ਼ਮੀਨ ਦੇ ਹਰ ਟੁਕੜੇ ਨੂੰ ਇੱਕ ਵਿਲੱਖਣ 14-ਅੰਕਾਂ ਵਾਲਾ ਪਛਾਣ ਨੰਬਰ ਦਿੱਤਾ ਜਾਵੇਗਾ। ਇਸ ਨਵੀਂ ਪ੍ਰਣਾਲੀ ਨੂੰ “ਭੂ-ਆਧਾਰ” ਦਾ ਨਾਮ ਦਿੱਤਾ ਗਿਆ ਹੈ। ਇਸਦਾ ਅਧਿਕਾਰਤ ਨਾਮ ਵਿਲੱਖਣ ਜ਼ਮੀਨ ਪਾਰਸਲ ਪਛਾਣ ਨੰਬਰ (ULPIN) ਹੈ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸਨੂੰ ਪਾਰਦਰਸ਼ਤਾ ਅਤੇ ਬਿਹਤਰ ਸ਼ਾਸਨ ਵੱਲ ਇੱਕ ਇਤਿਹਾਸਕ ਪਹਿਲਕਦਮੀ ਦੱਸਿਆ। ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਇੱਕ ਨੰਬਰ ਨਹੀਂ ਹੈ ਬਲਕਿ ਇੱਕ ਪੂਰੀ ਤਰ੍ਹਾਂ ਆਧੁਨਿਕ ਅਤੇ ਸੁਰੱਖਿਅਤ ਭੂਮੀ ਰਿਕਾਰਡ ਪ੍ਰਣਾਲੀ ਦੀ ਸ਼ੁਰੂਆਤ ਹੈ।

ਭੂ-ਆਧਾਰ (ULPIN) ਕੀ ਹੈ?

ਭੂ-ਆਧਾਰ ਦੇ ਤਹਿਤ, ਦਿੱਲੀ ਵਿੱਚ ਜ਼ਮੀਨ ਦੇ ਹਰ ਟੁਕੜੇ ਜਾਂ ਪਲਾਟ ਨੂੰ ਇੱਕ ਵਿਲੱਖਣ 14-ਅੰਕਾਂ ਵਾਲਾ ਨੰਬਰ ਦਿੱਤਾ ਜਾਵੇਗਾ। ਇਹ ਨੰਬਰ ਜ਼ਮੀਨ ਮਾਲਕ ਦੀ ਜਾਣਕਾਰੀ, ਜ਼ਮੀਨ ਦੀ ਸਹੀ ਸਥਿਤੀ, ਇਸ ਦੀਆਂ ਸੀਮਾਵਾਂ ਅਤੇ ਸੰਬੰਧਿਤ ਰਿਕਾਰਡਾਂ ਤੱਕ ਔਨਲਾਈਨ ਪਹੁੰਚ ਦੀ ਆਗਿਆ ਦੇਵੇਗਾ। ਜਿਵੇਂ ਹਰ ਨਾਗਰਿਕ ਕੋਲ ਆਧਾਰ ਨੰਬਰ ਹੁੰਦਾ ਹੈ, ਉਸੇ ਤਰ੍ਹਾਂ ਹੁਣ ਜ਼ਮੀਨ ਦੇ ਹਰ ਟੁਕੜੇ ਦੀ ਆਪਣੀ ਡਿਜੀਟਲ ਪਛਾਣ ਹੋਵੇਗੀ।

ਇਸ ਨਵੀਂ ਪ੍ਰਣਾਲੀ ਨਾਲ ਕੀ ਬਦਲੇਗਾ?

ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਜ਼ਮੀਨ ਖਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਅਤੇ ਸੁਰੱਖਿਅਤ ਹੋਵੇਗੀ। ਇਸ ਦੇ ਫਾਇਦੇ ਇਸ ਪ੍ਰਕਾਰ ਹੋਣਗੇ: ਜਾਅਲੀ ਰਜਿਸਟ੍ਰੇਸ਼ਨਾਂ ਦੀ ਰੋਕਥਾਮ- ਇੱਕੋ ਜ਼ਮੀਨ ਦੀ ਦੋਹਰੀ ਵਿਕਰੀ ਵਰਗੇ ਧੋਖਾਧੜੀ ਵਾਲੇ ਲੈਣ-ਦੇਣ ਨੂੰ ਖਤਮ ਕਰਨਾ, ਜ਼ਮੀਨ ਦੇ ਰਿਕਾਰਡਾਂ ਦੀ ਔਨਲਾਈਨ ਤਸਦੀਕ ਕਰਨਾ ਆਸਾਨ- ਅਦਾਲਤੀ ਵਿਵਾਦਾਂ ਵਿੱਚ ਕਮੀ- ਜਾਇਦਾਦ ਖਰੀਦਦਾਰਾਂ ਕੋਲ ਹੁਣ ਸਪੱਸ਼ਟ ਅਤੇ ਪ੍ਰਮਾਣਿਕ ਰਿਕਾਰਡਾਂ ਤੱਕ ਪਹੁੰਚ ਹੋਵੇਗੀ, ਜਿਸ ਨਾਲ ਧੋਖਾਧੜੀ ਦੀ ਸੰਭਾਵਨਾ ਘੱਟ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਡਿਜੀਟਲ ਇੰਡੀਆ” ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰੇਗੀ। ਇਹ ਯੋਜਨਾ ਕੇਂਦਰ ਸਰਕਾਰ ਦੇ ਡਿਜੀਟਲ ਇੰਡੀਆ ਲੈਂਡ ਰਿਕਾਰਡ ਆਧੁਨਿਕੀਕਰਨ ਪ੍ਰੋਗਰਾਮ (DILRMP) ਦਾ ਹਿੱਸਾ ਹੈ, ਜੋ ਕਿ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ, ਇਹ ਯੋਜਨਾ ਅਜੇ ਤੱਕ ਦਿੱਲੀ ਵਿੱਚ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਗਈ ਹੈ। ਹੁਣ, ਸਰਕਾਰ ਨੇ ਇਸਨੂੰ ਮਿਸ਼ਨ ਮੋਡ ‘ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਇਹ ਕੰਮ ਕੌਣ ਕਰੇਗਾ?

ਦਿੱਲੀ ਮਾਲ ਵਿਭਾਗ ਦੀ ਆਈਟੀ ਸ਼ਾਖਾ ਨੂੰ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਵੇ ਆਫ਼ ਇੰਡੀਆ ਤਕਨੀਕੀ ਸਹਾਇਤਾ ਵਿੱਚ ਸ਼ਾਮਲ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਪੂਰੀ ਪ੍ਰਕਿਰਿਆ ਸਥਾਪਿਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOPs) ਅਤੇ ਪੜਾਅਵਾਰ ਸਮਾਂ-ਸੀਮਾਵਾਂ ਦੇ ਅਨੁਸਾਰ ਪੂਰੀ ਕੀਤੀ ਜਾਵੇਗੀ।

ਇਸਨੂੰ ਕਿਵੇਂ ਲਾਗੂ ਕੀਤਾ ਜਾਵੇਗਾ?

ਭੂਮੀ ਆਧਾਰ ਯੋਜਨਾ ਨੂੰ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ, ਜ਼ਮੀਨ ਦਾ ਇੱਕ ਡਿਜੀਟਲ ਸਰਵੇਖਣ ਕੀਤਾ ਜਾਵੇਗਾ। ਇਸ ਤੋਂ ਬਾਅਦ ਪੁਰਾਣੇ ਰਿਕਾਰਡਾਂ ਦੀ ਤਸਦੀਕ ਕੀਤੀ ਜਾਵੇਗੀ। ਫਿਰ, ਹਰੇਕ ਜ਼ਮੀਨ ਨੂੰ ਇੱਕ ਵਿਲੱਖਣ 14-ਅੰਕਾਂ ਵਾਲਾ ਨੰਬਰ ਜਾਰੀ ਕੀਤਾ ਜਾਵੇਗਾ। ਉਦੇਸ਼ ਰਿਕਾਰਡ ਦੀ ਸ਼ੁੱਧਤਾ ਨੂੰ ਬਿਹਤਰ ਬਣਾਉਣਾ ਅਤੇ ਭਵਿੱਖ ਵਿੱਚ ਕਾਨੂੰਨੀ ਵਿਵਾਦਾਂ ਨੂੰ ਘਟਾਉਣਾ ਹੈ।

ਦੱਸਦੇ ਚਲੀਏ ਕਿ ਜ਼ਮੀਨੀ ਸੀਮਾ ਵਿਵਾਦ ਅਤੇ ਧੋਖਾਧੜੀ ਵਾਲੇ ਲੈਣ-ਦੇਣ ਲੰਬੇ ਸਮੇਂ ਤੋਂ ਦਿੱਲੀ ਵਿੱਚ ਇੱਕ ਵੱਡੀ ਸਮੱਸਿਆ ਰਹੇ ਹਨ। ਅਕਸਰ, ਇੱਕੋ ਜ਼ਮੀਨ ਵੱਖ-ਵੱਖ ਲੋਕਾਂ ਦੇ ਨਾਮ ‘ਤੇ ਰਜਿਸਟਰ ਕੀਤੀ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਸਾਲਾਂ ਤੋਂ ਅਦਾਲਤਾਂ ਵਿੱਚ ਭੱਜਣਾ ਪੈਂਦਾ ਹੈ। ਭੂਮੀ ਆਧਾਰ ਪ੍ਰਣਾਲੀ ਸਪਸ਼ਟ ਅਤੇ ਡਿਜੀਟਲ ਤੌਰ ‘ਤੇ ਸੁਰੱਖਿਅਤ ਜ਼ਮੀਨ ਦੀ ਪਛਾਣ ਨੂੰ ਯਕੀਨੀ ਬਣਾਏਗੀ। ਇਹ ਪਾਰਦਰਸ਼ਤਾ ਵਧਾਏਗਾ, ਭ੍ਰਿਸ਼ਟਾਚਾਰ ਨੂੰ ਰੋਕੇਗਾ ਅਤੇ ਜ਼ਮੀਨ ਨਾਲ ਸਬੰਧਤ ਵਿਵਾਦਾਂ ਨੂੰ ਘਟਾਏਗਾ। ਸਰਕਾਰ ਨੂੰ ਉਮੀਦ ਹੈ ਕਿ ਇਹ ਪਹਿਲ ਰਾਜਧਾਨੀ ਵਿੱਚ ਜ਼ਮੀਨ ਪ੍ਰਬੰਧਨ ਨੂੰ ਵਧੇਰੇ ਯੋਜਨਾਬੱਧ, ਭਰੋਸੇਮੰਦ ਅਤੇ ਆਧੁਨਿਕ ਬਣਾਏਗੀ।

 

ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ‘ਚ ਚਾਰ ਦੋਸਤਾਂ ਦੀ ਮੌਤ

 

ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ‘ਚ ਚਾਰ ਦੋਸਤਾਂ ਦੀ ਮੌਤ

ਨਵੀਂ ਦਿੱਲੀ, 19 ਫਰਵਰੀ 2026-

ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਮਗੋਰਾ ਥਾਣਾ ਖੇਤਰ ਦੇ ਨਾਗਲਾ ਦੈਵੀਆ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨਹਿਰ ਵਿੱਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਰਿਪੋਰਟਾਂ ਅਨੁਸਾਰ, ਇਹ ਹਾਦਸਾ ਬੁੱਧਵਾਰ ਸ਼ਾਮ 6:30 ਤੋਂ 7:00 ਵਜੇ ਦੇ ਵਿਚਕਾਰ ਵਾਪਰਿਆ। ਚਾਰ ਦੋਸਤ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਾਵਨ ਤੋਂ ਮਾਰੂਤੀ ਸੁਜ਼ੂਕੀ ਫ੍ਰੈਂਕਸ ਕਾਰ (ਯੂਪੀ 85 ਸੀਵੀ 9856) ਵਿੱਚ ਯਾਤਰਾ ਕਰ ਰਹੇ ਸਨ। ਨਾਗਲਾ ਦੈਵੀਆ ਨੇੜੇ, ਡਰਾਈਵਰ ਨੇ ਤੇਜ਼ ਰਫ਼ਤਾਰ ਕਾਰਨ ਕਾਰ ਤੋਂ ਕੰਟਰੋਲ ਗੁਆ ਦਿੱਤਾ, ਅਤੇ ਇਹ ਨੇੜੇ ਦੀ ਨਹਿਰ ਵਿੱਚ ਪਲਟ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ, ਮਗੋਰਾ ਪੁਲਿਸ ਸਟੇਸ਼ਨ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਸਥਾਨਕ ਨਿਵਾਸੀਆਂ ਦੀ ਮਦਦ ਨਾਲ, ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਜਦੋਂ ਤੱਕ ਕਾਰ ਦੇ ਅੰਦਰ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ, ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮ੍ਰਿਤਕਾਂ ਦੀ ਪਛਾਣ ਰਾਹੁਲ ਵਰਮਾ (23 ਸਾਲ): ਮਹਾਵਨ ਦਾ ਰਹਿਣ ਵਾਲਾ, ਪੇਸ਼ੇ ਤੋਂ ਦਰਜ਼ੀ, ਅਮਿਤ (23 ਸਾਲ): ਪ੍ਰੇਮਨਗਰ ਕਲਾਂ ਦਾ ਰਹਿਣ ਵਾਲਾ, ਇੱਕ ਵਿਦਿਆਰਥੀ, ਮੋਹਿਤ (22 ਸਾਲ): ਮਹਾਵਨ ਦਾ ਰਹਿਣ ਵਾਲਾ, ਲਾਅ ਦਾ ਵਿਦਿਆਰਥੀ ਵਜੋਂ ਹੋਈ ਹੈ, ਜਦੋਂਕਿ ਇੱਕ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ।

ਐਸਪੀ ਦਿਹਾਤੀ ਸੁਰੇਸ਼ ਚੰਦਰ ਰਾਵਤ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਚਾਰ ਹੋਣਹਾਰ ਨੌਜਵਾਨਾਂ ਦੀ ਮੌਤ ਨੇ ਮਹਾਵਨ ਅਤੇ ਬਲਦੇਵਗੜ੍ਹ ਮੁਹੱਲਿਆਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

 

ਕਿਸਾਨਾਂ ਉੱਪਰ ਪੁਲਿਸ ਦੀ ਲਾਠੀ-ਗੋਲੀ ‘ਤੇ ਭੜਕਿਆ ਡੈਮੋਕ੍ਰੈਟਿਕ ਟੀਚਰਜ਼ ਫਰੰਟ; SSP ਬਠਿੰਡਾ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਕੇਸ ਦਰਜ ਕਰਨ ਦੀ ਮੰਗ

 

ਕਿਸਾਨਾਂ ਉੱਪਰ ਪੁਲਿਸ ਦੀ ਲਾਠੀ-ਗੋਲੀ ‘ਤੇ ਭੜਕਿਆ ਡੈਮੋਕ੍ਰੈਟਿਕ ਟੀਚਰਜ਼ ਫਰੰਟ; SSP ਬਠਿੰਡਾ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਕੇਸ ਦਰਜ ਕਰਨ ਦੀ ਮੰਗ

ਜਿਉਂਦ ਪਿੰਡ ਵਿੱਚ ਕਿਸਾਨਾਂ ‘ਤੇ ਲਾਠੀ ਗੋਲੀ ਲੋਕਤੰਤਰ ਦਾ ਦਿਨ ਦਿਹਾੜੇ ਕਤਲ: ਡੈਮੋਕ੍ਰੈਟਿਕ ਟੀਚਰਜ਼ ਫਰੰਟ

SSP ਬਠਿੰਡਾ ਦਾ ਕਿਸਾਨਾਂ ਪ੍ਰਤੀ ਕੂੜ ਪ੍ਰਚਾਰ ਨਿੰਦਾਜਨਕ

ਬਠਿੰਡਾ 18 ਫਰਵਰੀ 2026- ਪੰਜਾਬ ਸਰਕਾਰ ਸੂਬੇ ਵਿੱਚ ਪੁਲੀਸ ਦੇ ਡੰਡੇ ਰਾਹੀਂ ਹਕੂਮਤ ਚਲਾਉਣ ਦੇ ਰਾਹ ਪੈ ਚੁੱਕੀ ਹੈ। ਬਠਿੰਡਾ ਪ੍ਰਸ਼ਾਸਨ ਵੱਲੋਂ ਜਮੂਹਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਜਿਸ ਦਾ ਪੰਜਾਬ ਦੇ ਇਨਸਾਫ ਪਸੰਦ ਜਮਹੂਰੀ ਲੋਕਾਂ ਵੱਲੋਂ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ।

ਡੈਮੋਕਰੈਟਿਕ ਟੀਚਰ ਫਰੰਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਅੱਜ ਬਠਿੰਡੇ ਜਿਲੇ ਦੀ ਜਿਉਂਦ ਪਿੰਡ ਵਿੱਚ ਪੁਲਿਸ ਦੀਆਂ ਧਾੜਾਂ ਵੱਲੋਂ ਕਿਸਾਨਾਂ ‘ਤੇ ਢਾਏ ਗਏ ਅਣਮਨੁੱਖੀ ਕਹਿਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਵੜ ਕੇ ਕੁੱਟਿਆ ਗਿਆ, ਇਥੋਂ ਤੱਕ ਕਿ ਬੇਜ਼ੁਬਾਨ ਪਸ਼ੂਆਂ ਤੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।

ਜੱਥੇਬੰਦੀ ਦੇ ਮੀਤ ਪ੍ਰਧਾਨ ਵਿਕਾਸ ਗਰਗ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ, ਜੱਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ,ਵਿੱਤ ਸਕੱਤਰ ਅਨਿਲ ਭੱਟ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਥਾਂ ਜਾਨ ਲੈਣ ਦੀ ਕਵਾਇਦ ਜਾਰੀ ਹੈ।

ਉਨ੍ਹਾਂ ਕਿਹਾ ਕਿ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਹਰ ਇੱਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਪ੍ਰੰਤੂ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਇਸ ਹੱਕ ਨੂੰ ਪੈਰਾਂ ਥੱਲੇ ਕੁਚਲ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਥੇ ਜੁਲਮ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਪੁਲਿਸ ਗੁੰਡਾ ਗਰੋਹਾ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਸਐੱਸਪੀ ਬਠਿੰਡਾ ਵੱਲੋਂ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।

ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨੂੰ ਭੀੜ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐੱਸ ਐੱਸ ਪੀ ਬਠਿੰਡਾ ਖ਼ਿਲਾਫ਼ ਮਨੁੱਖ ਅਧਿਕਾਰਾਂ ਦੇ ਹਨਨ ਦਾ ਕੇਸ ਦਰਜ਼ ਕੀਤਾ ਜਾਵੇ। ਜੱਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ ਕਿਸਾਨ ਆਗੂਆਂ ਤੇ ਤੁਰੰਤ ਤਸ਼ੱਦਦ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ।

 

ਕਿਸਾਨਾਂ ਦਾ ਥਾਣੇ ਅੱਗੇ ਵਿਸ਼ਾਲ ਧਰਨਾ; ਮਾਈਨਿੰਗ ਵਿਭਾਗ ਅਤੇ ਪੁਲਿਸ ‘ਤੇ ਲਗਾਏ ਝੂਠੇ ਪਰਚੇ ਦਰਜ ਕਰਨ ਦੇ ਦੋਸ਼

 

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪਰਚੇ ਰੱਦ ਕਰਵਾਉਣ ਲਈ ਦਿੱਤਾ ਮੱਖੂ ਥਾਣੇ ਅੱਗੇ ਧਰਨਾ

ਫ਼ਤਹਿਗੜ੍ਹ ਪੰਜਤੂਰ, 18 ਫਰਵਰੀ 2026- 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਫ਼ਤਹਿਗੜ੍ਹ ਪੰਜਤੂਰ ਦੇ ਸੈਕੜੇ ਕਿਸਾਨਾਂ,ਮਜ਼ਦੂਰਾਂ ਨੇ ਅੱਜ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਥਾਣਾ ਮੱਖੂ ਅੱਗੇ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਇੰਦਰਜੀਤ ਬਾਠ, ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਹੜਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਜਿਸਦਾ ਖੇਤ ਉਸਦੀ ਰੇਤ ਨੀਤੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ , ਤਹਿਸੀਲ ਮੱਖੂ ਦੇ ਪਿੰਡ ਨਿਜ਼ਾਮੀ ਵਾਲਾ ਵਿਖੇ ਕਿਸਾਨ ਦੀ ਹੜਾਂ ਦੀ ਮਾਰ ਹੇਠ ਆਈ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ DC ਫਿਰੋਜ਼ਪੁਰ ਦੀ ਮਨਜ਼ੂਰੀ ਲੈਕੇ ਰੇਤ ਚੁੱਕ ਰਹੇ ਸੀ

15-18 ਦਿਨ ਲਗਾਤਾਰ ਮਾਈਨਿੰਗ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਮੌਕੇ ਤੇ ਜ਼ਮੀਨ ਪੱਧਰ ਕਰ ਰਹੇ ਕਿਸਾਨਾਂ ਕੋਲ ਜਾਂਦੇ ਸੀ ਤੇ 25 ਦਸੰਬਰ 2025 ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਦੁਪਹਿਰ 12 ਵਜ਼ੇ ਪਿੰਡ ਨਿਜ਼ਾਮੀ ਵਾਲਾ ਜਾ ਕੇ ਜ਼ਮੀਨ ਪੱਧਰ ਕਰ ਰਹੇ ਕਿਸਾਨਾਂ ਦੀਆਂ JCB ਜ਼ਬਤ ਕਰ ਕੇ ਥਾਣੇ ਲੈ ਆਏ ਪਰਚੇ ਦਰਜ ਕੀਤੇ ਗਏ ਤੇ ਐਫ ਆਰ ਆਈ ਕੱਟੀ ਗਈ ਕਿ ਰਾਤ 12 ਵਜ਼ੇ ਮਾਈਨਿੰਗ ਕਰ ਰਹੇ ਸੀ ਇਸ ਕਰਕੇ ਪਰਚੇ ਦਰਜ ਕੀਤੇ, ਜਿਸਦੇ ਰੋਸ ਵਜੋਂ ਅੱਜ ਕਿਸਾਨ ਮਜ਼ਦੂਰ ਜੱਥੇਬੰਦੀ ਦੀ ਅਗਵਾਈ ਹੇਠ ਥਾਣਾ ਮੱਖੂ ਧਰਨਾ ਦਿੱਤਾ ਗਿਆ

ਧਰਨੇ ਦੌਰਾਨ ਪੁਲਿਸ ਦੇ ਉਚ ਅਧਿਕਾਰੀ ADC ਮਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ 4 ਦਿਨਾਂ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ ਤੇ ਕਿਸਾਨ ਆਗੂਆਂ ਨੇ ਧਰਨਾਕਾਰੀਆਂ ਦੀ ਸਹਿਮਤੀ ਤੇ ਧਰਨਾ ਸਮਾਪਤ ਕੀਤਾ।

ਇਸ ਮੌਕੇ ਜ਼ਿਲ੍ਹਾ ਆਗੂ ਗੁਰਭੇਜ ਸਿੰਘ ਸਾਹ ਵਾਲਾ, ਜੋਨ ਪ੍ਰਧਾਨ ਹਰਬੰਸ ਸਿੰਘ ਸਾਹ ਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ,ਬਲਕਾਰ ਸਿੰਘ ਜੋਗੇਵਾਲਾ,ਸਰਪੰਚ ਜੋਗਾ ਸਿੰਘ ਵਸਤੀ ਕਸ਼ਮੀਰ ਸਿੰਘ ਵਾਲੀ, ਸੁਖਵਿੰਦਰ ਸਿੰਘ ਸਾਹ ਵਾਲਾ, ਸਰਵਨ ਸਿੰਘ, ਗੁਰਨਾਮ ਸਿੰਘ, ਪ੍ਰਗਟ ਸਿੰਘ ਖੰਭੇ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਸਾਹਿਬ ਸਿੰਘ ਝੰਡਾ ਬੱਗਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

 

Punjab News: ਸਟਾਫ਼ ਨਰਸਾਂ ਦੀਆਂ ਮੰਗਾਂ ‘ਤੇ ਸਿਹਤ ਡਾਇਰੈਕਟਰ ਨਾਲ ਅਹਿਮ ਮੀਟਿੰਗ; 15 ਦਿਨਾਂ ‘ਚ ਹੱਲ ਦਾ ਮਿਲਿਆ ਭਰੋਸਾ

 

Punjab News: ਸਟਾਫ਼ ਨਰਸਾਂ ਦੀਆਂ ਮੰਗਾਂ ‘ਤੇ ਸਿਹਤ ਡਾਇਰੈਕਟਰ ਨਾਲ ਅਹਿਮ ਮੀਟਿੰਗ; 15 ਦਿਨਾਂ ‘ਚ ਹੱਲ ਦਾ ਮਿਲਿਆ ਭਰੋਸਾ

ਫਿਰੋਜ਼ਪੁਰ, 18 ਫਰਵਰੀ 2026 –

ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਾਇਰੈਕਟਰ ਤੋਂ ਬਿਨਾਂ ਸੁਪਰਡੈਂਟ ਸੂਰਜ ਕੁਮਾਰ, ਪ੍ਰਬੰਧਕੀ ਅਫਸਰ ਔਜਲਾ, ਤੇ ਮਹਾਵੀਰ ਜੀ ਦੀ ਮੌਜੂਦਗੀ ਵਿੱਚ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਬਹਾਲ ਕੀਤਾ ਜਾਵੇ, ਸਟਾਫ ਨਰਸ ਨੂੰ ਦੂਜੇ ਸੂਬਿਆਂ ਵਾਂਗ ਬਣਦੇ ਭੱਤੇ ਦਿੱਤੇ ਜਾਣ।

ਡਾਕਟਰ ਕੇਡਰ ਦੀ ਤਰਾਂ ਮੋਡੀਫਾਈਡ ਏ ਸੀ ਪੀ ਸਟਾਫ ਨਰਸਿਸ ‘ਤੇ ਬਹਾਲ ਕੀਤਾ ਜਾਵੇ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਫਸਰ ਦਾ ਨਾਮ ਦਿੱਤਾ ਜਾਵੇ, ਨਰਸਿੰਗ ਸਿਸਟਰ ਤੋਂ ਮੇਟਰਨ ਦੀ ਤਰੱਕੀ ਲਈ ਤਿੰਨ ਸਾਲ ਦੀ ਜਗ੍ਹਾ ‘ਤੇ ਇੱਕ ਸਾਲ ਦਾ ਤਜਰਬਾ ਕੀਤਾ ਜਾਵੇ, ਸਟਾਫ ਨਰਸ ਦੀ ਨਵੀਂ ਭਰਤੀ ਆਬਾਦੀ ਦੇ ਅਨੁਪਾਤ ਨਾਲ ਹੋਵੇ।

ਅਮਰਨਾਥ ਦੀ ਯਾਤਰਾ ‘ਤੇ ਲੱਗ ਰਹੀਆਂ ਡਿਊਟੀਆਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਡਿਊਟੀ ਕਰ ਰਹੇ ਸਟਾਫ ਦਾ ਟੀ ਏ, ਡੀ ਏ ਅਤੇ ਸਪੈਸ਼ਲ ਡਿਊਟੀ ਭੱਤਾ ਜਾਰੀ ਕੀਤਾ ਜਾਵੇ, 140 ਟਿਊਟਰ ਦੀਆਂ ਖਾਲੀ ਪਈਆਂ ਅਸਾਮੀਆਂ ਵਿੱਚ ਨਰਸਿੰਗ ਕੇਡਰ ਵਿੱਚੋਂ ਹੀ ਯੋਗਤਾ ਦੇ ਆਧਾਰ ‘ਤੇ ਪਦ ਉਨਤੀ ਕਰਕੇ ਭਰੀਆਂ ਜਾਣ, ਆਦਿ ਮੁੱਦਿਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਕੌੜਾ ਸੂਬਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਇਸ ਸਮੇਂ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੀਆਂ ਮੰਗਾਂ ਜੋ ਕਿ ਡਾਇਰੈਕਟਰ ਲੈਵਲ ‘ਤੇ ਹੱਲ ਹੋਣ ਵਾਲੀਆਂ ਹਨ, ਦਾ 15 ਦਿਨਾਂ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਿੱਤਾ, 20-07-2020 ਤੋਂ ਬਾਅਦ ਭਰਤੀ ਹੋਏ ਅਤੇ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਦੀ 05-01-2026 ਦੀ ਚਿੱਠੀ ਨੂੰ ਮਾਨਯੋਗ ਸੈਕਟਰੀ ਸਾਹਿਬ ਦੀ ਪ੍ਰਵਾਨਗੀ ‘ਤੇ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ।

ਇਸ ਮੀਟਿੰਗ ਵਿੱਚ ਯੂਨੀਅਨ ਦੇ ਵਾਈਸ ਪ੍ਰਧਾਨ ਸੁਖਵਿੰਦਰ ਕੌਰ ਮੁਹਾਲੀ, ਚੇਅਰ ਪਰਸਨ ਕੁਲਵਿੰਦਰ ਕੌਰ ਕੰਵਲ, ਕਮਲਜੀਤ ਕੌਰ ਪੰਨੂ, ਮਿੰਨੀ ਘੁੰਮਣ, ਮੰਜੂ ਮਹਾਜਨ, ਮਲਕੀਤ ਸਿੰਘ, ਜਾਫਰ, ਭਾਰਤ ਭੂਸ਼ਣ , ਗੁਰਮੇਲ ਸਿੰਘ, ਸੰਦੀਪ ਕੁਮਾਰ, ਨੀਲਮ ਰਾਜਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਜੰਟ ਸਿੰਘ, ਆਸ਼ਾ, ਰਾਜਵਿੰਦਰ ਕੌਰ, ਉਪਕਾਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਵਰਿੰਦਰ, ਗੁਰਜੀਤ, ਦੀਪਕ ਕੁਮਾਰ ਤੋਂ ਬਿਨਾਂ ਹੋਰ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਸ ਸਮੇਂ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੀਆਂ ਮੰਗਾਂ ਸਬੰਧੀ 15 ਦਿਨਾਂ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜੇਕਰ ਯੂਨੀਅਨ ਦੀਆਂ ਮੰਗਾਂ ਸਬੰਧੀ 15 ਦਿਨਾਂ ਦੇ ਵਿੱਚ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਆਪਣਾ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

 

Punjab News: ਪਾਵਰਕਾਮ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ

 

Punjab News: ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਵੱਲੋਂ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ

ਬਿਜਲੀ ਬਿੱਲ 2025 ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲੀ ਅਤੇ ਟਰਮੀਨੇਟ ਕੀਤੇ ਮੁਲਾਜ਼ਮਾਂ ਨੂੰ ਵਾਪਸ ਲੈਣ ਦੀ ਉੱਠੀ ਮੰਗ

ਫਿਰੋਜ਼ਪੁਰ, 18 ਫਰਵਰੀ 2026- 

ਅੱਜ ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਜਥੇਬੰਦੀ ਵੱਲੋਂ ਪੰਜਾਬ ਦੇ ਵੱਖ-ਵੱਖ ਪਾਵਰਕਾਮ ਸਰਕਲਾਂ ਵਿੱਚ ਚੱਲ ਰਹੀਆਂ ਕਨਵੈਨਸ਼ਨਾਂ ਦੀ ਲੜੀ ਤਹਿਤ ਸਰਕਲ ਦਫ਼ਤਰ ਫਿਰੋਜ਼ਪੁਰ ਵਿੱਚ ਕਨਵੈਨਸ਼ਨ ਸਰਕਲ ਪ੍ਰਧਾਨ ਹਰਮੀਤ ਚੰਦ ਦੀ ਅਗਵਾਈ ਵਿੱਚ ਕੀਤੀ ਗਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਸੂਬਾ ਕਮੇਟੀ ਮੈਂਬਰ ਵੱਲੋਂ ਇਕੱਤਰ ਹੋਏ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਬਿੱਲ 2025 ਰੱਦ ਕੀਤਾ ਜਾਵੇ, ਪੰਜਾਬ ਸਰਕਾਰ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਦੀਆਂ ਨੀਤੀਆਂ ਨੂੰ ਬੰਦ ਕਰੇ, ਮੁਲਾਜ਼ਮਾਂ ਦੇ ਡੀ.ਏ. ਕਿਸ਼ਤ ਜਾਰੀ ਕਰੇ ਅਤੇ ਆਪਣੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।

ਪਾਵਰਕਾਮ ਦੀ ਮੈਨੇਜਮੈਂਟ 295/19 ਸੀ.ਆਰ.ਏ. ਦੇ ਟਰਮੀਨੇਟ ਕੀਤੇ 26 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰੇ, 20-7-2020 ਤੋਂ ਬਾਅਦ ਪਾਵਰਕੌਮ ਅੰਦਰ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵੇਂ ਪੇ ਬੈਂਡ ਅਨੁਸਾਰ ਸਕੇਲ ਲਾਗੂ ਕੀਤੇ ਜਾਣ, 267/11 ਅਤੇ 281/13 ਵਿੱਚ ਭਰਤੀ ਲਾਈਨਮੈਨ ਸਾਥੀਆਂ ਦੇ ਪਰਖਕਾਲ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਿਆ ਜਾਵੇ, ਨਵੇਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਨੇੜਲੇ ਖਾਲੀ ਸਟੇਸ਼ਨਾਂ ‘ਤੇ ਤੈਨਾਤ ਕੀਤਾ ਜਾਵੇ ਅਤੇ 289/16 ਵਾਲੇ ਲਾਈਨਮੈਨ ਮੁਲਾਜ਼ਮਾਂ ਨੂੰ ਜੇ.ਈ. ਦੀ ਪ੍ਰਮੋਸ਼ਨ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ।

ਪਾਵਰਕਾਮ ਅੰਦਰ ਲਾਈਨਮੈਨ ਤੋਂ ਜੇ.ਈ. ਬਣਨ ਦਾ ਪੇਪਰ ਬਹਾਲ ਕੀਤਾ ਜਾਵੇ, ਫੀਲਡ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ 60 ਲੀਟਰ ਪੈਟਰੋਲ ਭੱਤਾ ਦਿੱਤਾ ਜਾਵੇ, ਮੁਲਾਜ਼ਮਾਂ ਦਾ ਰਿਸਕ ਭੱਤਾ ਵਧਾਇਆ ਜਾਵੇ, ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ! ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਹੋਵੇਗੀ।

ਇਸ ਮੌਕੇ ਸੂਬਾ ਜਨਰਲ ਸਕੱਤਰ ਹਿਤੇਸ ਕੁਮਾਰ ਫਿਰੋਜ਼ਪੁਰ, ਸੂਬਾ ਖਜਾਨਚੀ ਜਗਜੀਤ ਸਿੰਘ ਢਿੱਲੋਂ, ਸੂਬਾ ਵਰਕਿੰਗ ਕਮੇਟੀ ਚੈਅਰਮੈਨ ਸਮਿੰਦਰ ਸਿੰਘ, ਸੂਬਾ ਵਰਕਿੰਗ ਕਮੇਟੀ ਮੈਂਬਰ ਗੁਰਦੇਵ ਸਿੰਘ ਮਮਦੋਟ, ਕਰਮਜੀਤ ਸਿੰਘ ਕਰਮਾ, ਸਰਕਲ ਕਮੇਟੀ ਵਰਿੰਦਰ ਕੁਮਾਰ, ਕਰਨੈਲ ਸਿੰਘ, ਪ੍ਰਗਟ ਸਿੰਘ, ਸੰਦੀਪ ਕੁਮਾਰ, ਡਵੀਜ਼ਨ ਕਮੇਟੀ ਕੇਸਵ ਕੁਮਾਰ, ਰੂਪ ਸਿੰਘ, ਗੁਰਮੀਤ ਹਾਡਾਂ, ਕਮਲਜੀਤ ਸੋਈ, ਸਬ ਡਵੀਜ਼ਨ ਕਮੇਟੀ ਮੈਂਬਰ ਰਾਕੇਸ਼ ਕੁਮਾਰ, ਗੁਰਵੀਰ ਸਿੰਘ, ਜਸਵਿੰਦਰ ਸਿੰਘ ਬੇਦੀ, ਜਸਬੀਰ ਸਿੰਘ, ਤਰਸੇਮ ਸਿੰਘ, ਰੋਹਿਤ ਆਨੰਦ, ਗੁਰਨਾਮ ਸਿੰਘ, ਮਨੋਹਰ ਸਿੰਘ, ਕਪਿਲ, ਕਰਨ ਕੁਮਾਰ, ਰੁਪਿੰਦਰ ਸਿੰਘ ਮਾਮੂਜੋਇਆ, ਜਗਮੀਤ ਸਿੰਘ, ਅਜੈ ਸ਼ਰਮਾ, ਹਰਦੀਪ ਸਿੰਘ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ, ਕੁਲਵੰਤ ਸਿੰਘ ਜੋਸਨ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਨਵਜੋਤ ਸਿੰਘ, ਸੁਖਦੀਪ ਸਿੰਘ ਆਦਿ ਸਾਥੀ ਹਾਜ਼ਰ ਸਨ।

 

Punjab News: ਕਿਸਾਨਾਂ ‘ਤੇ ਲਾਠੀਚਾਰਜ, ਲੋਕਤੰਤਰ ਦਾ ਦਿਨ-ਦਿਹਾੜੇ ਕਤਲ: DTF

 

ਜਿਉਂਦ ਪਿੰਡ ਵਿੱਚ ਕਿਸਾਨਾਂ ਤੇ ਲਾਠੀ ਗੋਲੀ ਲੋਕਤੰਤਰ ਦਾ ਦਿਨ ਦਿਹਾੜੇ ਕਤਲ: ਡੈਮੋਕ੍ਰੈਟਿਕ ਟੀਚਰਜ਼ ਫਰੰਟ

ਮੋਹਾਲੀ, 18 ਫਰਵਰੀ 2026-

ਪੰਜਾਬ ਸਰਕਾਰ ਸੂਬੇ ਵਿੱਚ ਪੁਲੀਸ ਦੇ ਡੰਡੇ ਰਾਹੀਂ ਹਕੂਮਤ ਚਲਾਉਣ ਦੇ ਰਾਹ ਪੈ ਚੁੱਕੀ ਹੈ। ਬਠਿੰਡਾ ਪ੍ਰਸ਼ਾਸਨ ਵੱਲੋਂ ਜਮੂਹਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ।ਜਿਸ ਦਾ ਪੰਜਾਬ ਦੇ ਇਨਸਾਫ ਪਸੰਦ ਜਮਹੂਰੀ ਲੋਕਾਂ ਵੱਲੋਂ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ।

ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਨੇ ਅੱਜ ਬਠਿੰਡੇ ਜਿਲੇ ਦੀ ਜਿਉਂਦ ਪਿੰਡ ਵਿੱਚ ਪੁਲਿਸ ਦੀਆਂ ਧਾੜਾਂ ਵੱਲੋਂ ਕਿਸਾਨਾਂ ਤੇ ਢਾਏ ਗਏ ਅਣਮਨੁੱਖੀ ਕਹਿਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਵੜ ਕੇ ਕੁੱਟਿਆ ਗਿਆ ਇਥੋਂ ਤੱਕ ਕਿ ਬੇਜ਼ੁਬਾਨ ਪਸ਼ੂਆਂ ਤੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।

ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ, ਜਥੇਬੰਦਕ ਸਕੱਤਰ ਦਲਜੀਤ ਸਮਰਾਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਬੈਣੀਵਾਲ ਨੇ ਦੋਸ਼ ਲਾਇਆ ਕਿ ਸੂਬਾ ਵੱਲੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਥਾਂ ਜਾਨ ਲੈਣ ਦੀ ਕਵਾਇਦ ਜਾਰੀ ਹੈ।

ਉਨ੍ਹਾਂ ਕਿਹਾ ਕਿ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਹਰ ਇੱਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ, ਪ੍ਰੰਤੂ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਇਸ ਹੱਕ ਨੂੰ ਪੈਰਾਂ ਥੱਲੇ ਕੁਚਲ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਸਐੱਸਪੀ ਬਠਿੰਡਾ ਵੱਲੋਂ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐੱਸ ਐੱਸ ਪੀ ਬਠਿੰਡਾ ਖ਼ਿਲਾਫ਼ ਮਨੁੱਖ ਅਧਿਕਾਰਾਂ ਦੇ ਹਨਨ ਦਾ ਕੇਸ ਦਰਜ਼ ਕੀਤਾ ਜਾਵੇ। ਜਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ ਕਿਸਾਨ ਆਗੂਆਂ ਤੇ ਤੁਰੰਤ ਤਸ਼ੱਦਦ ਬੰਦ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

 

ਸਾਇੰਸ ਅਧਿਆਪਕਾ ਸਪਨਾ ਬਾਂਸਲ ਨੇ ਸੂਬਾ ਪੱਧਰ ‘ਤੇ ਗੱਡਿਆ ਝੰਡਾ; ‘ਅਧਿਆਪਕ ਪਰਵ’ ‘ਚ ਹਾਸਲ ਕੀਤਾ ਤੀਜਾ ਸਥਾਨ

 

ਅਧਿਆਪਕ ਦੀ ਨਵੀ ਸੋਚ ਬੱਚਿਆਂ ਨੂੰ ਉਚਾਈਆਂ ‘ਤੇ ਪਹੁੰਚਾਉਂਦੀ ਹੈ: ਨੀਲਮ ਰਾਣੀ

Punjab Network

ਮਾਨਸਾ 18 ਫਰਵਰੀ 2026- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨੀਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੂਬਾ ਪੱਧਰੀ ਅਧਿਆਪਕ ਪਰਵ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਅਧਿਆਪਕਾਂ ਵਲੋਂ ਭਾਗ ਲਿਆ ਗਿਆ।

ਇਹਨਾਂ ਅਧਿਆਪਕ ਪਰਵ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ 12 ਅਧਿਆਪਕਾਂ ਨੇ ਭਾਗ ਲਿਆ। ਇਹਨਾਂ ਅਧਿਆਪਕਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾ ਦੇ ਸਾਇੰਸ ਅਧਿਆਪਕਾਂ ਸਪਨਾ ਬਾਂਸਲ ਨੇ ਇਸ ਸੂਬਾ ਪੱਧਰੀ ਅਧਿਆਪਕ ਪਰਵ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਅਧਿਆਪਕ ਦੇ ਸਕੂਲ ਪਹੁੰਚਣ ਤੇ ਸਨਮਾਨ ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ, ਲਗਨ ਅਤੇ ਨਵੀ ਸੋਚ ਹੀ ਬੱਚਿਆਂ ਨੂੰ ਉੱਚਾਈਆਂ ਤੱਕ ਪਹੁੰਚਾਉਂਦੀ ਹੈ। ਇਹ ਸਨਮਾਨ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਕੂਲ ਅਤੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਹੋਰ ਅਧਿਆਪਕਾਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਵਲੋਂ ਇਸ ਵਿਸ਼ੇਸ਼ ਪ੍ਰਾਪਤੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫ਼ਸਰ ਮਾਨਸਾ, ਨਵਨੀਤ ਕੱਕੜ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ, ਲੈਕਚਰਾਰ ਡਾ ਵੀਰਪਾਲ ਕੌਰ, ਲੈਕਚਰਾਰ ਜਸਵੀਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਸੋਨੀ ਸਿੰਗਲਾ ਬੀ ਆਰ ਸੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।


ਵਿਸ਼ੇਸ਼ ਨੋਟ – Punjab Network Media ਨਾ ਤਾਂ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ।

ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ।

ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ 

 

ਕਿਸਾਨਾਂ ’ਤੇ ਅੰਨ੍ਹੇ ਜਬਰ ਦੀ ਭਾਰਤੀ ਕਮਿਊਨਿਸਟ ਪਾਰਟੀ (ML) ਨਿਊ ਡੈਮੋਕ੍ਰੇਸੀ ਵੱਲੋਂ ਨਿਖੇਧੀ

 

ਕਿਸਾਨਾਂ ਉੱਪਰ ਅੰਨ੍ਹੇ ਜਬਰ ਦੀ ਭਾਰਤੀ ਕਮਿਊਨਿਸਟ ਪਾਰਟੀ (ML) ਨਿਊ ਡੈਮੋਕ੍ਰੇਸੀ ਵੱਲੋਂ ਨਿਖੇਧੀ

ਦਲਜੀਤ ਕੌਰ

ਚੰਡੀਗੜ੍ਹ,18 ਫਰਵਰੀ, 2026: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਝੂਠੇ ਕੇਸ ਵਿੱਚ ਜੇਲ੍ਹ ਡੱਕੇ ਕਿਸਾਨ ਆਗੂਆਂ ਦੀ ਰਿਹਾਈ ਲਈ ਸ਼ਾਂਤਮਈ ਤੌਰ ’ਤੇ ਬਠਿੰਡਾ ਜਾ ਰਹੇ ਕਿਸਾਨਾਂ ਉੱਪਰ ਰਾਜ ਭਰ ਚ ਪੁਲਿਸ ਵੱਲੋਂ ਅੰਨ੍ਹਾ ਜਬਰ ਢਾਹੁਣ ਦੀ ਨਿਖੇਧੀ ਕੀਤੀ ਹੈ।

ਪਾਰਟੀ ਦੇ ਬੁਲਾਰੇ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਦੇ ਨਾਂ ਹੇਠ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਆਰ.ਐਸ.ਐਸ.-ਭਾਜਪਾ ਦੀਆਂ ਪੈੜਾਂ ’ਤੇ ਚੱਲਦੀ ਹੋਈ ਪੰਜਾਬ ਦੇ ਲੋਕਾਂ ਨਾਲ ਦਗਾ ਕਮਾ ਰਹੀ ਹੈ। ਭਗਵੰਤ ਮਾਨ ਸਰਕਾਰ ਲੋਕਾਂ ਦੀ ਕੋਈ ਵੀ ਹੱਕੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਡੰਡੇ ਦਾ ਰਾਜ ਲਾਗੂ ਕਰਨ ਦੇ ਰਾਹ ਪੈ ਚੁੱਕੀ ਹੈ।

ਉਹ ਪੰਜਾਬ ਨੂੰ ਪੂਰਨ ਰੂਪ ਵਿੱਚ ਪੁਲਿਸ ਰਾਜ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਤੇ ਹਰ ਤਰ੍ਹਾਂ ਦੀ ਵਿਰੋਧੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ। ਘਰਾਂ ਵਿੱਚ ਛਾਪੇਮਾਰੀਆਂ, ਨਿਹੱਥੇ ਕਿਸਾਨਾਂ ਉੱਪਰ ਲਾਠੀਚਾਰਜ, ਅੱਥਰੂ ਗੈਸ ਦੇ ਅੰਨ੍ਹੇ ਜਬਰ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਦੇ ਇਸ ਮਨਸੂਬੇ ਨੂੰ ਪੂਰਾ ਨਹੀਂ ਹੋਣ ਦੇਣਗੇ।

ਪਾਰਟੀ ਨੇ ਸਮੂਹ ਇਨਸਾਫਪਸੰਦ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕੀਤੀ ਉਹ ਇਸ ਜਾਬਰ ਸਰਕਾਰ ਖਿਲਾਫ਼ ਅੱਗੇ ਆਉਣ।


ਵਿਸ਼ੇਸ਼ ਨੋਟ – Punjab Network Media ਨਾ ਤਾਂ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ।

ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ।

ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ 

 

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 6 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

 

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 6 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਭਗਵੰਤ ਮਾਨ ਸਰਕਾਰ ਨੇ ‘ਸਿੱਖਿਆ ਕ੍ਰਾਂਤੀ’ ਨੂੰ ਹੋਰ ਮਜ਼ਬੂਤ ਕਰਨ ਲਈ ਸਖ਼ਤ ਜਵਾਬਦੇਹੀ ਕੀਤੀ ਤੈਅ , 6 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਰੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਵਿੱਚ ਕੀਤਾ ਅਚਨਚੇਤ ਨਿਰੀਖਣ; ਕਿਹਾ, ਅਣਗਹਿਲੀ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ

ਮੁਢਲੀ ਸਿੱਖਿਆ ‘ਤੇ ਅਟਕੇ ਵਿਦਿਆਰਥੀਆਂ ਕਾਰਨ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਦੇ ਅਧਿਆਪਕਾਂ ‘ਤੇ ਕੀਤੀ ਕਾਰਵਾਈ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਲਈ ਸਿੱਖਿਆ ਸਭ ਤੋਂ ਅਹਿਮ, ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 18 ਫਰਵਰੀ 2026- 

ਵਿਦਿਅਕ ਮਿਆਰਾਂ ਨੂੰ ਹੋਰ ਬਿਹਤਰ ਬਣਾਉਣ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਸਾਹਮਣੇ ਆਈਆਂ ਗੰਭੀਰ ਖਾਮੀਆਂ ਸਬੰਧੀ ਫੌਰੀ ਅਤੇ ਫ਼ੈਸਲਾਕੁੰਨ ਕਾਰਵਾਈ ਕੀਤੀ ਗਈ ਹੈ।

ਇਸ ਦੌਰੇ ਦੌਰਾਨ, ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਪ੍ਰਬੰਧਨ ਵਿੱਚ ਕਮੀਆਂ ਸਾਹਮਣੇ ਆਈਆਂ ਅਤੇ ਵਿਦਿਆਰਥੀਆਂ ਨੂੰ ਮੁਢਲੀ ਸਿੱਖਿਆ ਨਾਲ ਜੂਝਦੇ ਦੇਖਿਆ, ਜਿਸ ਕਾਰਨ ਤੁਰੰਤ ਸੁਧਾਰਾਤਮਕ ਉਪਾਅ ਕੀਤੇ ਗਏ।

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਾਅਦ ਵਿੱਚ ਛੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ, ਜਿਨ੍ਹਾਂ ਵਿੱਚ ਬੀ.ਆਰ.ਸੀ., ਮੁੱਖ ਅਧਿਆਪਕ, ਇੱਕ ਐਸੋਸੀਏਟ ਅਧਿਆਪਕ, ਤਿੰਨ ਈ.ਟੀ.ਟੀ. ਅਧਿਆਪਕ ਅਤੇ ਇੱਕ ਆਈ.ਈ.ਏ.ਟੀ. ਅਧਿਆਪਕ ਸ਼ਾਮਲ ਹਨ।

ਇਹ ਕਾਰਵਾਈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਵਿੱਢੀ ਗਈ ‘ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਿੱਖਣ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਦਾ ਪ੍ਰਤੱਖ ਪ੍ਰਮਾਣ ਹੈ।

ਲਾਪਰਵਾਹੀ ਜਾਂ ਕੁਤਾਹੀ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਵਾਲੀ ਪਹੁੰਚ ਦੀ ਪੁਸ਼ਟੀ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਭਗਵੰਤ ਸਿੰਘ ਮਾਨ ਸਰਕਾਰ ਲਈ ਪ੍ਰਮੁੱਖ ਤਰਜੀਹ ਹੈ ਅਤੇ ਇਹ ਯਕੀਨੀ ਬਣਾਉਣ ਲਈ ਹਰ ਪੱਧਰ ’ਤੇ ਜਵਾਬਦੇਹੀ ਲਾਜ਼ਮੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ।

ਇਨ੍ਹਾਂ ਕੁਤਾਹੀਆਂ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਛੋਟੀ ਤੋਂ ਛੋਟੀ ਲਾਪਰਵਾਹੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੱਚਿਆਂ ਦਾ ਭਵਿੱਖ ਕਲਾਸਰੂਮਾਂ ਵਿੱਚ ਸਿਰਜਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵਿਦਿਅਕ ਮਿਆਰਾਂ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇਅ ਮੀਲ ਅਤੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਦੇ ਮੁਲਾਂਕਣ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ।

ਇਹ ਅਚਨਚੇਤ ਦੌਰੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਹੈਂਡਲ ‘ਤੇ ਆਪਣੇ ਦੌਰੇ ਦੀ ਇੱਕ ਕਲਿੱਪ ਸਾਂਝੀ ਕਰਦਿਆਂ ਕਿਹਾ: “ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਾਨਕ ਦੌਰਾ ਕੀਤਾ ਅਤੇ ਵਿਦਿਅਕ ਮਿਆਰਾਂ ਅਤੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਸਾਡੇ ਲਈ ਸਾਡੇ ਬੱਚਿਆਂ ਦੀ ਸਿੱਖਿਆ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ।

ਜੇਕਰ ਕੋਈ ਵੀ ਅਧਿਆਪਕ ਡਿਊਟੀ ਵਿੱਚ ਕੁਤਾਹੀ ਜਾਂ ਅਣਗਹਿਲੀ ਵਰਤਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਇਸ ਪ੍ਰਾਇਮਰੀ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੀ ਸਿੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।”