ਸ਼ਨੀਵਾਰ, ਮਾਰਚ 14, 2026
Home Blog Page 53

ਵੱਡੀ ਖ਼ਬਰ: ਪੰਜਾਬ ਦੇ ਮੁਲਾਜ਼ਮਾਂ ਅੱਗੇ ਝੁਕੀ ਭਗਵੰਤ ਮਾਨ ਸਰਕਾਰ! ਸੰਗਰੂਰ ‘ਚ ਹਜ਼ਾਰਾਂ ਕਾਮਿਆਂ ਦੀ ਮੁੱਖ ਮੰਤਰੀ ਨਿਵਾਸ ਵੱਲ ਹੱਲਾ ਬੋਲ ਰੈਲੀ, 5 ਮਾਰਚ ਦੀ ਮੀਟਿੰਗ ਤੈਅ

 

ਵੱਡੀ ਖ਼ਬਰ: ਪੰਜਾਬ ਦੇ ਮੁਲਾਜ਼ਮਾਂ ਅੱਗੇ ਝੁਕੀ ਭਗਵੰਤ ਮਾਨ ਸਰਕਾਰ! ਸੰਗਰੂਰ ‘ਚ ਹਜ਼ਾਰਾਂ ਕਾਮਿਆਂ ਦਾ ਮੁੱਖ ਮੰਤਰੀ ਨਿਵਾਸ ਵੱਲ ਹੱਲਾ ਬੋਲ, 5 ਮਾਰਚ ਦੀ ਮੀਟਿੰਗ ਤੈਅ

ਪੁਰਾਣੀ ਪੈਨਸ਼ਨ, ਪੰਜਾਬ ਸਕੇਲ ਅਤੇ ਭੱਤਿਆਂ ਦੀ ਬਹਾਲੀ ਲਈ ਗੂੰਜੇ ਨਾਅਰੇ; ਚਾਰ ਸਾਲਾ ‘ਬਦਲਾਅ’ ਨੂੰ ਦੱਸਿਆ ਖੋਖਲਾ

ਪੰਜਾਬ ਤਨਖ਼ਾਹ ਸਕੇਲ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਹਜ਼ਾਰਾਂ ਮੁਲਾਜ਼ਮਾਂ ਵੱਲੋਂ ‘ਮੁੱਖ ਮੰਤਰੀ ਨਿਵਾਸ’ ਅੱਗੇ ਜ਼ੋਰਦਾਰ ਪ੍ਰਦਰਸ਼ਨ

ਪੰਜਾਬ ਦੇ ਮੁਲਾਜ਼ਮਾਂ ਦੇ ਪੇਂਡੂ, ਬਾਰਡਰ ਏਰੀਆ ਭੱਤੇ ਨੱਪਣ ਅਤੇ 16% ਡੀ.ਏ. ਪੈਂਡਿੰਗ ਰੱਖਣ ਖਿਲਾਫ਼ ਗੂੰਜੇ ਤਿੱਖੇ ਨਾਅਰੇ

ਚਾਰ ਸਾਲ ਬੀਤਣ ਦੇ ਬਾਵਜੂਦ ਸਿਆਸੀ ‘ਬਦਲਾਅ’ ਦਾ ਨਾਅਰਾ ਮੁਲਾਜ਼ਮਾਂ ਲਈ ਸਾਬਿਤ ਹੋਇਆ ਪੂਰਨ ਖੋਖਲਾ: ਮੁਲਾਜ਼ਮ ਮੋਰਚਾ

ਸੰਗਰੂਰ ਪ੍ਰਸ਼ਾਸਨ ਵੱਲੋਂ ਮੋਰਚੇ ਦੀ 5 ਮਾਰਚ ਨੂੰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਹਾਊਸ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸੈਕਟਰੀ ਦੀ ਅਗਵਾਈ ਹੇਠ ਪਰਸੋਨਲ ਅਤੇ ਵਿੱਤ ਸਕੱਤਰਾਂ ਦੇ ਪੈਨਲ ਨਾਲ ਮੀਟਿੰਗ ਕਰਵਾਉਣੀ ਤੈਅ

ਸੰਗਰੂਰ, 15 ਫਰਵਰੀ 2026

ਪੰਜਾਬ ਵਿੱਚ ‘ਆਪ’ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਮਿਤੀ 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖ਼ਾਹ ਸਕੇਲ ਨਾ ਬਹਾਲ ਹੋਣ, ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਨਾ ਲਾਗੂ ਕਰਨ, ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਇਲਾਕਾ ਭੱਤਾ, ਏ.ਸੀ.ਪੀ. ਸਕੀਮ ਅਤੇ ਪੈਂਡਿੰਗ 16% ਮਹਿੰਗਾਈ ਭੱਤਾ ਨਾ ਜਾਰੀ ਹੋਣ ਤੋਂ ਖਫ਼ਾ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਨਵ ਗਠਿਤ ‘ਪੁਰਾਣੇ- ਸਕੇਲ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ’ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਸੂਬਾਈ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਨਿਵਾਸ ਵੱਲ ਰੋਹ ਭਰਪੂਰ ਰੋਸ ਮਾਰਚ ਵੀ ਕੀਤਾ ਗਿਆ।

ਇਸ ਦੌਰਾਨ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ‘ਮੋਰਚੇ’ ਦੇ ਸੂਬਾਈ ਕਨਵੀਨਰ ਅਤੇ ਕੋ-ਕਨਵੀਨਰਾਂ ਵਿਕਰਮਦੇਵ ਸਿੰਘ, ਅਤਿੰਦਰ ਪਾਲ ਘੱਗਾ, ਦੀਪਕ ਕੰਬੋਜ਼, ਗੁਰਦੀਪ ਸਿੰਘ ਬਾਸੀ, ਸੰਦੀਪ ਸਿੰਘ ਗਿੱਲ, ਸੁਰਿੰਦਰ ਪਾਲ ਸਿੰਘ, ਦੀਪਕ ਧਾਲੀਵਾਲ ਅਤੇ ਬਲਿਹਾਰ ਬੱਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਸਮੇਤ ਮੁਲਾਜ਼ਮਾਂ ਨੇ ਸੂਬੇ ਦੇ ਰਾਜਨੀਤਿਕ ਅਤੇ ਆਰਥਿਕ ਮਸਲਿਆਂ ਦੇ ਹੱਲ ਲਈ ਵੱਡੀਆਂ ਉਮੀਦਾਂ ਨਾਲ਼ ‘ਆਪ’ ਸਰਕਾਰ ਨੂੰ ਸੱਤਾ ਦੀ ਵਾਗਡੋਰ ਸੌਂਪੀ ਸੀ।

ਪਰ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੀਤੀ ਗਈ ਲੋੜੋਂ ਵੱਧ ਖਰਚੀਲੀ ਇਸ਼ਤਿਹਾਰਬਾਜ਼ੀ, ਨੁਕਸਦਾਰ ਆਰਥਿਕ ਨੀਤੀਆਂ ਅਤੇ ਬਿਨਾਂ ਵਿੱਤੀ ਸਰੋਤ ਪੈਦਾ ਕੀਤਿਆਂ ਕਰਜ਼ਾ ਚੁੱਕ ਕੇ ਲਾਗੂ ਕੀਤੀਆਂ ਜਾ ਰਹੀਆਂ ਲੋਕ ਲੁਭਾਊ ਸਕੀਮਾਂ ਕਾਰਨ, ਸੂਬੇ ਸਿਰ 4 ਲੱਖ ਕਰੋੜ ਤੱਕ ਪਹੁੰਚੇ ਕਰਜ਼ੇ ਨੇ ਪੰਜਾਬ ਨੂੰ ਹੋਰ ਗੰਭੀਰ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ।

ਮਾਲੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਵੱਡੇ ਦਮਗਜ਼ਿਆਂ ਦੇ ਉਲਟ, ਹੁਣ ਪੰਜਾਬ ਸਰਕਾਰ ਇਸ ਸੰਕਟ ਨੂੰ ਬਹਾਨਾ ਬਣਾ ਕੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਹੱਲ ਕਰਨ ਤੋਂ ਇਨਕਾਰੀ ਹੋ ਰਹੀ ਹੈ। ਇਸ ਸਥਿਤੀ ਵਿੱਚ ਪੰਜਾਬ ਦੇ ਨਵੇਂ ਅਤੇ ਪੁਰਾਣੇ ਮੁਲਾਜ਼ਮਾਂ ਵੱਲੋਂ ਸੰਘਰਸ਼ਾਂ ਨੂੰ ਜਰਬਾਂ ਦੇਣ ਲਈ ਇੱਕਜੁੱਟ ਹੋ ਕੇ ਅੱਜ ਦਾ ਅਹਿਮ ਐਕਸ਼ਨ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਵਿੱਚ ਬਾਕੀ ਸੰਘਰਸ਼ੀ ਜਥੇਬੰਦੀਆਂ ਨੂੰ ਸੱਦਾ ਦਿੰਦੇ ਹੋਏ ਇਸ ਏਕਤਾ ਨੂੰ ਹੋਰ ਵਿਸ਼ਾਲ ਕਰਨ ਦਾ ਫੈਸਲਾ ਕੀਤਾ ਹੈ।

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਪੰਚਾਇਤ ਅਫ਼ਸਰ ਸਸਪੈਂਡ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਪੰਚਾਇਤ ਅਫ਼ਸਰ ਸਸਪੈਂਡ

ਪੰਜਾਬ ਨੈੱਟਵਰਕ

ਚੰਡੀਗੜ੍ਹ, 15 ਫ਼ਰਵਰੀ 2026

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕੰਮਾਂ ਵਿੱਚ ਕੁਤਾਹੀ ਅਤੇ ਅਨੁਸ਼ਾਸਨਹੀਣਤਾ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ, ਬਲਾਕ ਮਲੌਦ ਵਿਖੇ ਤਾਇਨਾਤ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਹਾਲਾਂਕਿ ਜਾਰੀ ਕੀਤੇ ਗਏ ਸੰਖੇਪ ਹੁਕਮਾਂ ਵਿੱਚ ਮੁਅੱਤਲੀ ਦੇ ਵਿਸ਼ੇਸ਼ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਸੂਤਰਾਂ ਅਨੁਸਾਰ ਇਹ ਕਾਰਵਾਈ ਡਿਊਟੀ ਵਿੱਚ ਲਾਪਰਵਾਹੀ ਜਾਂ ਕਿਸੇ ਪ੍ਰਸ਼ਾਸਨਿਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਮੰਨੀ ਜਾ ਰਹੀ ਹੈ।

ਮੁਅੱਤਲੀ ਦੌਰਾਨ ਪੰਚਾਇਤ ਅਫ਼ਸਰ ਦਾ ਹੈੱਡਕੁਆਰਟਰ ਵਿਭਾਗ ਦੇ ਨਿਯਮਾਂ ਅਨੁਸਾਰ ਤੈਅ ਕੀਤਾ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਜਾਂ ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕਦੀ ਹੈ।

 

ਹਰਮ ਤੋਂ ਆਇਲੈਂਡ ਤੱਕ…

 

ਹਰਮ ਤੋਂ ਆਇਲੈਂਡ ਤੱਕ…

ਲੇਖਕ – ਪ੍ਰਦੀਪ ਮੁਸਾਹਿਬ 

ਸਾਮਰਾਜੀ ਦੇਸ਼ਾਂ ਦੇ ਮੀਡੀਏ ਅੰਦਰ ਅੱਜ ਕੱਲ ਐਪਸਟੀਨ ਫਾਈਲਾਂ ਦਾ ਖੂਬ ਰੌਲਾ ਪਿਆ ਹੋਇਆ ਹੈ। ਲਾਜ਼ਮੀ ਹੈ ਕਿ ਇਹਨਾਂ ਫਾਈਲਾਂ ਦਾ ਰੌਲਾ ਭਾਰਤ ਵਿੱਚ ਵੀ ਪੈਣਾ ਹੀ ਸੀ ਪਰ ਉਹ ਵੱਖਰੀ ਗੱਲ ਹੈ ਕਿ ਭਾਰਤ ਦੀ ਸਰਕਾਰ ਇਨ੍ਹਾਂ ਫਾਈਲਾਂ ਬਾਰੇ ਚੁੱਪ ਧਾਰੀ ਬੈਠੀ ਹੈ। ਇਹ ਫਾਈਲਾਂ ਵਿੱਚ 21ਵੀਂ ਸਦੀ ਦੇ ਪੂੰਜੀਵਾਦੀ ਪ੍ਰਬੰਧ ਦੇ ਸਭ ਤੋਂ ਗੰਭੀਰ ਅਤੇ ਦਿਲ ਦਹਿਲਾਉਣ ਵਾਲੀਆਂ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਹੈ। ਇਸ ਤਰ੍ਹਾਂ ਦੀਆਂ ਘਿਨੌਣੀਆਂ ਘਟਨਾਵਾਂ ਦਾ ਮੁੱਢ ਅੱਜ ਨਹੀਂ ਬਲਕਿ ਬੀਤੇ ਸਮੇਂ ਦਾ ਵੱਜਿਆ ਹੋਇਆ ਹੈ। ਐਪਸਟੀਨ ਫਾਈਲਾਂ ਵਰਗੀਆਂ ਕਹਾਣੀਆਂ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਵਿੱਚ ਆਮ ਹੀ ਵਾਪਰਦੀਆਂ ਸਨ।

ਇਤਿਹਾਸ ਵੀ ਇੰਝ ਪੜ੍ਹਾਇਆ ਜਾਂਦਾ ਹੈ ਜਿਵੇਂ ਰਜਵਾੜਾ ਸ਼ਾਹੀ ਪ੍ਰਣਾਲੀਆਂ ਦੇ ਖਤਮ ਹੋਣ ਤੋਂ ਬਾਅਦ ਮਨੁੱਖੀ ਸਮਾਜ ਤਰੱਕੀ ਦੇ ਇੱਕ ਉੱਚੇ ਦਰਜੇ ਚ ਦਾਖਲ ਹੋ ਗਿਆ ਹੋਵੇ। ਪ੍ਰਚਾਰਿਆ ਇਹ ਵੀ ਜਾਂਦਾ ਹੈ ਕਿ ਹੁਣ ਅਸੀਂ ਲੋਕਤੰਤਰ ਯੁਗ ਵਿੱਚ ਜਿਉਂ ਰਹੇ ਹਾਂ ਜਿੱਥੇ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਜਿੱਥੇ ਤਾਕਤ ਰਾਜਿਆਂ ਦੀ ਨਹੀਂ ਸਗੋਂ ਸੰਵਿਧਾਨ ਦੇ ਹੱਥ ਵਿੱਚ ਹੈ ਪਰ ਜਦੋਂ ਅਸੀਂ ਇਤਿਹਾਸ ਦੀ ਸਤਾ ਹੇਠਾਂ ਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸੱਤਾ ਦੇ ਰੂਪ ਬਦਲੇ ਹਨ ਸੱਤਾ ਦੀ ਸੋਚ ਨਹੀਂ।

ਰਜਵਾੜਿਆਂ ਦੇ ਦੌਰ ਵਿੱਚ ਤਾਕਤ ਰਾਜੇ ਦੇ ਹੱਥ ਵਿੱਚ ਹੁੰਦੀ ਸੀ। ਉਸ ਦੇ ਦਰਬਾਰ ਇਕੱਲੇ ਸ਼ਾਸਨ ਲਈ ਨਹੀਂ ਸਗੋਂ ਰਾਜਨੀਤਿਕ ਸੌਦੇਬਾਜ਼ੀ ਵਪਾਰਕ ਗੱਠਜੋੜ ਅਤੇ ਸਾਮਰਾਜੀ ਸਮਝੌਤਿਆਂ ਦੇ ਮੈਦਾਨ ਹੁੰਦੇ ਸਨ। ਇਹਨਾਂ ਦਰਬਾਰਾਂ ਵਿੱਚੋਂ ਔਰਤਾਂ ਭਾਵ ਗੁਲਾਮ ਜਾਂ ਰਾਜਕੁਮਾਰੀਆਂ ਨੂੰ ਰਾਜਨੀਤਿਕ ਵਪਾਰ ਦੇ ਲਾਭ ਲਈ ਪੇਸ਼ ਕੀਤਾ ਜਾਂਦਾ ਸੀ ਔਰਤ ਦਾ ਜਿਸਮ ਇਨਸਾਨੀ ਹੋਂਦ ਦੀ ਨਹੀਂ ਸਗੋਂ ਤਾਕਤ ਦੀ ਮੁਦਰਾ ਸੀ। ਜਦੋਂ ਬਸਤੀਵਾਦੀ ਦੌਰ ਆਇਆ ਅਤੇ ਈਸਟ ਇੰਡੀਆ ਵਰਗੀਆਂ ਕਾਰਪੋਰੇਟ ਤਾਕਤਾਂ ਨੇ ਰਾਜਿਆਂ ਦੀ ਜਗ੍ਹਾ ਲੈਣੀ ਸ਼ੁਰੂ ਕਰ ਦਿੱਤੀ ਤਾਂ ਮਹਿਸੂਸ ਹੋਇਆ ਜਿਵੇਂ ਇਸ ਸ਼ਾਹੀ ਪ੍ਰਣਾਲੀ ਤੋਂ ਖਹਿੜਾ ਛੁੱਟ ਗਿਆ ਹੋਵੇ ਪਰ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਰਜਵਾੜਾ ਸ਼ਾਹੀ ਟੁੱਟਣ ਨਾਲ ਕਾਰਪੋਰੇਟ ਆ ਗਏ। ਸੌਦੇਬਾਜ਼ੀ ਦੇ ਢੰਗ ਪਹਿਲਾਂ ਨਾਲੋਂ ਆਧੁਨਿਕ ਹੋ ਗਏ। ਤਾਕਤ ਦੇ ਕੇਂਦਰ ਬਦਲੇ ਪਰ ਤਾਕਤ ਦੇ ਹਥਿਆਰ ਨਹੀਂ ਬਦਲੇ।

ਦਰਬਾਰੀ ਨਿਜ਼ਾਮ ਖਤਮ ਕਰਕੇ ਪ੍ਰਾਈਵੇਟ ਆਈਲੈਂਡ ਬਣਾ ਲਏ ਹਨ। ਇੱਥੇ ਰਾਜੇ ਮਹਾਰਾਜੇ ਨਹੀਂ ਪਰ ਇਹਨਾਂ ਦੇ ਨਵੇਂ ਰੂਪ ਭਾਵ ਰਾਸ਼ਟਰਪਤੀ,ਪ੍ਰਧਾਨ ਮੰਤਰੀ, ਵੱਡੇ ਵਪਾਰੀ ਅਤੇ ਸੀਈਓ ਪਾਏ ਜਾਂਦੇ ਹਨ। ਕੁਝ ਸਾਲ ਪਹਿਲਾਂ ਇੱਕ ਵਿਵਾਦਤ ਫਾਈਲ ਸਾਹਮਣੇ ਆਈ ਸੀ ਪਰ ਵੱਡੇ ਵੱਡੇ ਨੇਤਾਵਾਂ ਦੇ ਦਬਾਅ ਨਾਲ ਮਸਲਾ ਦਬਾ ਦਿੱਤਾ ਗਿਆ ਪਰ ਕੁਝ ਦਿਨ ਪਹਿਲਾਂ ਉਹੀ ਮੁੱਦਾ ਫਿਰ ਗਰਮਾਇਆ ਹੋਇਆ ਹੈ ਜਿਸ ਨੇ ਪੂਰੀ ਦੁਨੀਆਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਨੂੰ ਐਪਸਟੀਨ ਫਾਈਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਪਸਟੀਨ ਫਾਈਲਾਂ ਦਰਸਾਉਂਦੀਆਂ ਹਨ ਕਿ ਕਿਵੇਂ ਰਜਵਾੜਿਆਂ ਦੇ ਦਰਬਾਰਾਂ ਤੋਂ ਚੱਲ ਕੇ ਅੱਜ ਦੇ ਗਲੋਬਲ ਸਾਮਰਾਜੀ ਢਾਂਚੇ ਤੱਕ ਪਹੁੰਚ ਚੁੱਕੀ ਹੈ। ਐਫਸਟੀਨ ਵਰਗੇ ਘਾਤਕ ਕਿਰਦਾਰ ਸਾਬਤ ਕਰਦੇ ਹਨ ਕਿ ਤਾਕਤਵਰ ਵਰਗ ਆਪਣੇ ਰਾਜਨੀਤਿਕ, ਆਰਥਿਕ ਅਤੇ ਸਾਮਰਾਜੀ ਹਿੱਤਾਂ ਲਈ ਔਰਤ ਅਤੇ ਉਸਦੇ ਜਿਸਮ ਨੂੰ ਸੌਦੇਬਾਜ਼ੀ ਦੇ ਸਾਧਨ ਵਜੋਂ ਵਰਤਦਾ ਹੈ। ਅੱਜ ਦੇ ਸਮੇਂ ਵਿੱਚ ਇਹ ਲਾਈਫ ਸਟਾਈਲ ਦੇ ਮਖੌਟੇ ਹੇਠਾਂ ਕੀਤਾ ਜਾਂਦਾ ਹੈ।

ਕੌਣ ਸੀ ਐਪਸਟੀਨ?

ਉਸ ਦਾ ਪੂਰਾ ਨਾਮ ਜੈਫਰੀ ਐਪਸਟੀਨ ਸੀ ਜੋ ਅਮਰੀਕਾ ਦਾ ਰਹਿਣ ਵਾਲਾ ਸੀ ਉਹ ਸੈਕਸ ਟਰੈਫਿਕਿੰਗ ਦਾ ਵੱਡਾ ਨੈਟਵਰਕ ਚਲਾਉਂਦਾ ਸੀ ਜੋ ਅੱਜ ਦੇ ਸਮੇਂ ਵਿੱਚ ਤਾਕਤ ਪੂੰਜੀ ਅਤੇ ਸ਼ੋਸ਼ਣ ਦੇ ਗੱਠਜੋੜ ਦੀ ਨੰਗੀ ਮਿਸਾਲ ਬਣ ਕੇ ਸਾਹਮਣੇ ਆਇਆ। ਉਹ ਅਮੀਰ ਤਾਕਤਵਰ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਾਉਂਦਾ ਸੀ ਭਾਵ ਨਬਾਲਗ ਕੁੜੀਆਂ ਉਹਨਾਂ ਦੇ ਮਨੋਰੰਜਨ ਲਈ ਪੇਸ਼ ਕਰਦਾ ਸੀ। ਪੂਰੀ ਦੁਨੀਆਂ ਤੋਂ ਵੱਖਰੀ ਅਤੇ ਅਜੀਬ ਤਰ੍ਹਾਂ ਦੀ ਦੁਨੀਆਂ ਉਸਨੇ ਆਪਣੇ ਪ੍ਰਾਈਵੇਟ ਆਈਲੈਂਡ ਤੇ ਵਸਾਈ ਹੋਈ ਸੀ। ਜਿੱਥੇ ਇਹ ਸਾਰੇ ਤਾਕਤਵਰ ਅਮੀਰ ਲੋਕ ਬਿਜਨਸ ਸੰਧੀਆਂ ਅਤੇ ਅਯਾਸ਼ੀਆਂ ਕਰਦੇ ਸਨ। ਉਸਦੀ ਨੇੜਤਾ ਵੱਡੇ ਵੱਡੇ ਰਾਜਨੇਤਾਵਾਂ ਨਾਲ ਸੀ ਜਿਵੇਂ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ, ਵੱਡੇ ਧਨਾਢ ਬਿੱਲ ਗੇਟਸ, ਬ੍ਰਿਟੇਨ ਦਾ ਸ਼ਾਹੀ ਘਰਾਣਾ ਪ੍ਰਿੰਸ ਐਂਡਰਿਊ ਅਤੇ ਬਾਕੀ ਦੇਸ਼ਾਂ ਦੇ ਪੂੰਜੀਪਤੀ ਅਤੇ ਨੇਤਾ ਉਸ ਦੇ ਸੰਪਰਕ ਵਿੱਚ ਸਨ। ਜਦੋਂ ਉਸ ਕੋਲ ਹਰ ਇਕ ਧਨਾਢ ਦੇ ਰਾਜ ਜਮ੍ਹਾ ਹੋ ਗਏ ਤਦ ਉਹ ਸਭ ਲਈ ਖਤਰਾ ਬਣ ਗਿਆ ਤਦ ਉਸ ਨੂੰ ਸੈਕਸ ਟਰੈਫਿਕਿੰਗ ਦੇ ਕੇਸ ਵਿੱਚ ਜੇਲ ਵਿੱਚ ਸੁੱਟਿਆ ਗਿਆ ਤੇ 2019 ਵਿੱਚ ਉਸ ਦੀ ਮੌਤ ਹੋ ਗਈ ਜਿਸ ਨੂੰ ਕਿ ਆਤਮ ਹੱਤਿਆ ਦਾ ਨਾਮ ਦਿੱਤਾ ਗਿਆ। ਮੰਨਿਆ ਇਹ ਜਾਂਦਾ ਹੈ ਕਿ ਉਸ ਦਾ ਕਤਲ ਹੋਇਆ ਸੀ। ਜੈਫਰੀ ਐਪਸਟੀਨ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਸੱਚ ਲੁਕੇ ਨਹੀਂ ਰਹੇ ਸਗੋਂ ਹੋਰ ਉੱਭਰ ਕੇ ਸਾਹਮਣੇ ਆ ਰਹੇ ਹਨ।

ਜਿੱਥੇ ਐਪਸਟੀਨ ਫਾਈਲਾਂ ਤੋਂ ਦੂਜੇ ਦੇਸ਼ਾਂ ਦੇ ਅਰਬਪਤੀ ਧਨਾਢ ਨਹੀਂ ਬਚ ਸਕੇ ਉੱਥੇ ਨਾਲ ਹੀ ਸਾਡੇ ਮੁਲਕ ਭਾਰਤ ਦੇ ਲੀਡਰ ਅਤੇ ਪੂੰਜੀਪਤੀ ਵੀ ਬਚ ਨਹੀਂ ਸਕੇ ਜਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਪਾਰਟੀ ਦੇ ਤਤਕਾਲੀ ਮੰਤਰੀ ਹਰਦੀਪ ਪੁਰੀ ਅਤੇ ਪੂੰਜੀਪਤੀ ਅਨਿਲ ਅੰਬਾਨੀ ਦਾ ਨਾਮ ਵੀ ਸ਼ਾਮਿਲ ਹੈ। ਜੇਕਰ ਐਪਸਟੀਨ ਦਾ ਨੈੱਟਵਰਕ ਪੂਰੀ ਤਰ੍ਹਾਂ ਸਮਾਜ ਸਾਹਮਣੇ ਨਸ਼ਰ ਹੋ ਜਾਵੇ ਤਾਂ ਵਿਸ਼ਵ ਪੱਧਰ ਤੇ ਤਹਿਲਕਾ ਮਚਾ ਦੇਵੇਗਾ। ਪੂੰਜੀਪਤੀ ਸਿਆਸੀ ਗੱਠਜੋੜ ਦੀ ਤਸਵੀਰ ਬੇਨਕਾਬ ਹੋ ਜਾਵੇਗੀ। ਐਪਸਟੀਨ ਫਾਈਲਾਂ ਪੂੰਜੀਵਾਦ ਦੇ ਨਿਜ਼ਾਮ ਦਾ ਉਹ ਕਰੂੜ ਸ਼ੀਸ਼ਾ ਹੈ ਜੋ ਇਸਦੀ ਹੈਵਾਨੀਅਤ ਨੂੰ ਦਿਖਾਉਂਦਾ ਹੈ। ਇੱਥੇ ਫਰਕ ਸਿਰਫ਼ ਇਹ ਹੈ ਕਿ ਪਹਿਲਾਂ ਇਹ ਖੁੱਲ੍ਹਾ ਜੁਲਮ ਸੀ, ਅੱਜ ਇਹ ਕਾਨੂੰਨੀ, ਗਲੈਮਰਾਈਜ਼ਡ ਅਤੇ ਮੀਡੀਆ ਦੁਆਰਾ ਢੱਕਿਆ ਹੋਇਆ ਹੈ।

ਐਪਸਟੀਨ ਫਾਈਲਾਂ ਸਾਨੂੰ ਇਹ ਨਹੀਂ ਦੱਸਦੀਆਂ ਕਿ ਦੁਨੀਆ ਖ਼ਰਾਬ ਹੈ ਬਲਕਿ ਇਹ ਦੱਸਦੀਆਂ ਹਨ ਕਿ ਨਿਜ਼ਾਮ ਹੀ ਖ਼ਰਾਬ ਹੈ। ਜਦ ਤੱਕ ਪੂੰਜੀ ਸੱਤਾ ਦਾ ਸਰੋਤ ਰਹੇਗੀ, ਤਦ ਤੱਕ ਐਪਸਟੀਨ ਮਰਦੇ ਰਹਿਣਗੇ ਅਤੇ ਨਵੇਂ ਐਪਸਟੀਨ ਪੈਦਾ ਹੁੰਦੇ ਰਹਿਣਗੇ। ਪੂੰਜੀਵਾਦ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਚੀਜ਼ ਨੂੰ ਵਸਤੂ (Commodity) ਬਣਾ ਦਿੰਦਾ ਹੈ ਜਿਵੇਂ ਮਜ਼ਦੂਰ ਦੀ ਮਿਹਨਤ, ਕੁਦਰਤ ਦੇ ਸਰੋਤ ਅਤੇ ਔਰਤ ਦਾ ਸਰੀਰ। ਐਪਸਟੀਨ ਮਾਮਲੇ ਤੋਂ ਬਾਅਦ ਕਾਨੂੰਨ ਸਖ਼ਤ ਹੋ ਸਕਦੇ ਹਨ ਤੇ ਕੁਝ ਚਿਹਰਿਆਂ ਦੀ ਵੀ ਬਲੀ ਦਿੱਤੀ ਜਾਵੇਗੀ ਪਰ ਨਿਜ਼ਾਮ ਜਿਉਂ ਦਾ ਤਿਉਂ ਰਹੇਗਾ। ਵਿਗਿਆਨਿਕ ਵਿਚਾਰਧਾਰਾ ਸਾਨੂੰ ਦੱਸਦੀ ਹੈ ਕਿ ਪੂੰਜੀਵਾਦ ਨੂੰ ਸੁਧਾਰਿਆ ਨਹੀਂ ਜਾ ਸਕਦਾ, ਉਸਨੂੰ ਉਲਟਾਇਆ ਹੀ ਜਾ ਸਕਦਾ ਹੈ।

ਮੰਟੋ ਦੇ ਕਥਨ ਮੁਤਾਬਿਕ “ਤੁਸੀਂ ਸ਼ਹਿਰ ਦੀਆਂ ਸੜਕਾਂ ‘ਤੇ ਦੌੜਦੀਆਂ ਸ਼ਾਨਦਾਰ ਗੱਡੀਆਂ ਨੂੰ ਬੜੀ ਖੁਸ਼ੀ ਨਾਲ ਦੇਖਦੇ ਹੋ,ਪਰ ਜਿਵੇਂ ਹੀ ਕੂੜਾ ਚੁੱਕਣ ਵਾਲੀ ਗੱਡੀ ਨਜ਼ਰ ਆਉਂਦੀ ਹੈ, ਤੁਸੀਂ ਤੁਰੰਤ ਨੱਕ ‘ਤੇ ਰੁਮਾਲ ਰੱਖ ਲੈਂਦੇ ਹੋ। ਸਵਾਲ ਇਹ ਨਹੀਂ ਕਿ ਕੂੜੇ ਤੋਂ ਨੱਕ ਕਿਉਂ ਨਾ ਢੱਕੀਏ, ਸਵਾਲ ਇਹ ਹੈ ਕਿ ਕੂੜਾ ਪੈਦਾ ਕਰਨ ਵਾਲੀ ਫੈਕਟਰੀ ਕਦੋਂ ਬੰਦ ਕਰਨੀ ਹੈ?

 

ਪ੍ਰਦੀਪ ਮੁਸਾਹਿਬ
musahibpardeep@gmail.com
9115551989

 

ਵੱਡੀ ਖ਼ਬਰ: ਭਗਵੰਤ ਮਾਨ ਦੀ ਸਿਹਤ ਵਿਗੜੀ; ਏਅਰਲਿਫਟ ਕਰਕੇ ਕਰਾਇਆ ਫੋਰਟਿਸ ਹਸਪਤਾਲ ਦਾਖਲ

 

BREAKING: ਭਗਵੰਤ ਮਾਨ ਦੀ ਸਿਹਤ ਵਿਗੜੀ; ਏਅਰਲਿਫਟ ਕਰਕੇ ਕਰਾਇਆ ਫੋਰਟਿਸ ਹਸਪਤਾਲ ਦਾਖਲ

ਮੋਹਾਲੀ/ਸੰਗਰੂਰ, 15 ਫਰਵਰੀ 2026

ਪੰਜਾਬ ਦੇ ਸਿਆਸੀ ਗਲਿਆਰੇ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਮੌਜੂਦ ਸਨ, ਜਿੱਥੇ ਅਚਾਨਕ ਉਨ੍ਹਾਂ ਨੂੰ ਸਿਹਤ ਸਬੰਧੀ ਦਿੱਕਤ ਮਹਿਸੂਸ ਹੋਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਫ਼ੈਸਲਾ ਲਿਆ ਗਿਆ ਅਤੇ ਉਨ੍ਹਾਂ ਨੂੰ ਏਅਰਲਿਫਟ (Airlift) ਕਰਕੇ ਸਿੱਧਾ ਮੋਹਾਲੀ ਪਹੁੰਚਾਇਆ ਗਿਆ।

ਫੋਰਟਿਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਮੁੱਖ ਮੰਤਰੀ ਦਾ ਇਲਾਜ ਕਰ ਰਹੀ ਹੈ। ਹਸਪਤਾਲ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ, ਅਜੇ ਤੱਕ ਸਰਕਾਰ ਜਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬਿਮਾਰੀ ਸਬੰਧੀ ਕੋਈ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਡਾਕਟਰ ਉਨ੍ਹਾਂ ਦੇ ਟੈਸਟ ਕਰ ਰਹੇ ਹਨ।

ਇਹ ਖ਼ਬਰ ਫੈਲਦਿਆਂ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਪਲ-ਪਲ ਦੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਕੀ ਸੁਧਾਰ ਹੈ ਅਤੇ ਡਾਕਟਰਾਂ ਨੇ ਕੀ ਕਿਹਾ? ਇਸ ਬਾਰੇ ਹਰ ਤਾਜ਼ਾ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਲਈ ਸਾਡੀ ਵੈੱਬਸਾਈਟ ਨੂੰ ਰਿਫ੍ਰੈਸ਼ ਕਰਦੇ ਰਹੋ।

 

ਪੰਜਾਬ ਭਾਜਪਾ ਨੂੰ ਵੱਡਾ ਝਟਕਾ; ਸੀਨੀਅਰ ਲੀਡਰ ਅਕਾਲੀ ਦਲ ‘ਚ ਸ਼ਾਮਿਲ

 

ਪੰਜਾਬ ਭਾਜਪਾ ਨੂੰ ਵੱਡਾ ਝਟਕਾ; ਸੀਨੀਅਰ ਲੀਡਰ ਅਕਾਲੀ ਦਲ ‘ਚ ਸ਼ਾਮਿਲ

ਚੰਡੀਗੜ੍ਹ, 15 ਫਰਵਰੀ 2026-

ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਅੱਜ ਸੀਨੀਅਰ ਭਾਜਪਾਈ ਲੀਡਰ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸੰਗਰੂਰ ਦੇ ਧੂਰੀ ਹਲਕੇ ਦਾ ਦੌਰਾ ਕੀਤਾ, ਏਸੇ ਦੌਰਾਨ ਹੀ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਏ।

ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਨਿੱਜੀ ਤੌਰ ‘ਤੇ ਧੂਰੀ ਦੀ ਯਾਤਰਾ ਕੀਤੀ। ਖੰਨਾ ਪੰਜਾਬ ਵਿੱਚ ਭਾਜਪਾ ਦੇ ਉਪ-ਪ੍ਰਧਾਨ ਸਨ। ਦੱਸਦੇ ਚੱਲੀਏ ਕਿ ਅਰਵਿੰਦ ਖੰਨਾ, ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਰਹੇ ਹਨ।

ਅਰਵਿੰਦ ਖੰਨਾ ਨੂੰ ਧੂਰੀ (ਸੰਗਰੂਰ) ਵਿੱਚ ਇੱਕ ਪ੍ਰਮੁੱਖ ਉਦਯੋਗਪਤੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਉਮੀਦ ਫਾਊਂਡੇਸ਼ਨ ਰਾਹੀਂ ਕਈ ਸਾਲਾਂ ਤੱਕ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਨਾਮਣਾ ਖੱਟਿਆ ਹੈ।

ਜਾਣਕਾਰੀ ਅਨੁਸਾਰ , ਖੰਨਾ ਪਹਿਲੀ ਵਾਰ 2002 ਵਿੱਚ ਕਾਂਗਰਸ ਦੀ ਟਿਕਟ ‘ਤੇ ਸੰਗਰੂਰ ਵਿਧਾਨ ਸਭਾ ਸੀਟ ਜਿੱਤ ਕੇ ਵਿਧਾਇਕ ਬਣੇ ਸਨ। ਉਹ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ, ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ ਸਨ। ਫਿਰ ਉਨ੍ਹਾਂ ਨੇ 2012 ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ। ਇਸ ਵਾਰ ਉਨ੍ਹਾਂ ਨੇ ਭਾਰੀ ਜਿੱਤ ਨੇ ਇੱਕ ਵੱਡੇ ਨੇਤਾ ਵਜੋਂ ਰੁਤਬਾ ਸਥਾਪਿਤ ਕੀਤਾ।

ਕਿਉਂਕਿ ਉਸ ਸਮੇਂ ਕਾਂਗਰਸ ਸਰਕਾਰ ਨਹੀਂ ਬਣੀ ਸੀ, ਇਸ ਲਈ ਉਨ੍ਹਾਂ ਨੇ ਦੋ ਸਾਲ ਬਾਅਦ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਇਸ ਦੇ ਨਾਲ ਹੀ, ਉਸਨੇ ਆਪਣੇ ਸਾਰੇ ਕਾਰੋਬਾਰ ਅਤੇ ਸੰਸਥਾਵਾਂ ਬੰਦ ਕਰ ਦਿੱਤੀਆਂ ਅਤੇ ਸ਼ਹਿਰ ਛੱਡ ਦਿੱਤਾ ਸੀ। ਪਿਛਲੇ ਕੁਝ ਸਮੇਂ ਤੋਂ ਅਰਵਿੰਦ ਖੰਨਾ ਫਿਰ ਤੋਂ ਸਰਗਰਮ ਹੋਏ ਹਨ ਅਤੇ ਉਹ ਇਸ ਸਮੇਂ ਭਾਜਪਾ ਵਿੱਚ ਉਪ ਪ੍ਰਧਾਨ ਵਜੋਂ ਸਨ।

ਅਰਵਿੰਦ ਖੰਨਾ ਹਮੇਸ਼ਾ ਹੀ ਮੌਜੂਦਾ ਸਰਕਾਰ ‘ਤੇ ਤੰਜ ਕਸਦੇ ਰਹੇ ਨੇ ਅਤੇ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਹਮੇਸ਼ਾ ਸਵਾਲ ਚੁੱਕਦੇ ਰਹੇ ਨੇ ਇਸੇ ਵਿਚਾਲੇ ਅੱਜ ਸੁਖਬੀਰ ਬਾਦਲ ਨੇ ਅਰਵਿੰਦ ਖੰਨਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਭਰੋਸਾ ਦਿੱਤਾ ਕਿ ਖਲਾਂ ਨੂੰ ਪਾਰਟੀ ਵਿੱਚ ਬਣਨ ਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

 

Valentine’s day: ਮੁਹੱਬਤ ਵਾਲੇ ਦਿਨ ਸਜੇ ਨਫ਼ਰਤ ਦੇ ਬਾਜ਼ਾਰ, ਸਰਕਾਰ ਚੁੱਪ ਕਿਉਂ?

 

Valentine’s day: ਮੁਹੱਬਤ ਵਾਲੇ ਦਿਨ ਸੱਜੇ ਨਫ਼ਰਤ ਦੇ ਬਾਜ਼ਾਰ, ਸਰਕਾਰ ਚੁੱਪ!

ਲੇਖਕ – ਗੁਰਪ੍ਰੀਤ

ਕਹਾਣੀ ਹਰ ਸਾਲ ਇਹੋ ਹੁੰਦੀ ਹੈ ਕਿ ਅਸੀਂ ਵੈਲੇਨਟਾਈਨ ਡੇ ਨਹੀਂ ਮਨਾਉਣਾ। ਕਿਹਾ ਜਾਂਦਾ ਹੈ ਕਿ ਇਹ ਗੋਰਿਆਂ ਦਾ ਤਿਉਹਾਰ ਹੈ, ਗੋਰੇ ਮਨਾਉਣ ਅਸੀਂ ਕਿਉਂ ਮਨਾਈਏ, ਪਰ ਸਵਾਲ ਉੱਠਦਾ ਇਹ ਹੈ ਕਿ ਜਦੋਂ ਗੋਰਿਆਂ ਦੁਆਰਾ ਬਣਾਈਆਂ ਗਈਆਂ ਵਸਤੂਆਂ ਦਾ ਅਸੀਂ ਅਜੋਕੇ ਸਮੇਂ ਵਿੱਚ ਇਸਤੇਮਾਲ ਆਮ ਜ਼ਿੰਦਗੀ ਵਿੱਚ ਕਰ ਰਹੇ ਹਾਂ ਤਾਂ ਪਿਆਰ ਮੁਹੱਬਤ ਵਾਲਾ ਤਿਉਹਾਰ ਕਿਉਂ ਨਹੀਂ ਮਨਾਇਆ ਜਾ ਸਕਦਾ ਅਤੇ ਇਸ ਨੂੰ ਮਨਾਉਣ ਵਿੱਚ ਹਰਜ ਕੀ ਹੈ? 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨ ਡੇ ‘ਤੇ ਭਾਰਤ ਦੇ ਕੁਝ ਕੱਟੜਪੰਥੀ ਦਲ ਇਸ ਦਾ, ਇਸੇ ਕਰਕੇ ਵਿਰੋਧ ਕਰਦੇ ਨੇ ਕਿਉਂਕਿ ਉਹ ਮੰਨਦੇ ਨੇ ਕਿ ਵੈਲੇਨਟਾਈਨ ਡੇ ਪਿਆਰ ਮੁਹੱਬਤ ਵਾਲਾ ਨਹੀਂ, ਬਲਕਿ ਨਫ਼ਰਤ ਭਰਿਆ ਹੈ ਅਤੇ ਇਸ ਦੇ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾਂਦਾ ਹੈ।

ਭਾਵੇਂ ਕਿ ਬਜਰੰਗ ਦਲ, ਸ਼ਿਵ ਸੈਨਾ, ਆਰਐਸਐਸ ਇਹਨਾਂ ਸਭ ਦੀ ਸੋਚ ਇੱਕੋ ਹੀ ਹੈ ਅਤੇ ਇਹ ਸਭ ਮੰਨਦੇ ਨੇ ਕਿ ਗੋਰਿਆਂ ਦੁਆਰਾ ਮਨਾਏ ਜਾਂਦੇ ਇਸ ਤਿਉਹਾਰ ਨੂੰ ਭਾਰਤ ਵਿੱਚ ਮਨਾਉਣ ਵਾਲੇ ਲੋਕ ਵੀ, ਇਸ ਤਿਉਹਾਰ ਨੂੰ ਮਨਾ ਕੇ ਸਮਾਜ ਵਿੱਚ ਗੰਦਗੀ ਫੈਲਾਉਂਦੇ ਨੇ, ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਇਹ ਤਿਉਹਾਰ ਸੱਚਮੁੱਚ ਹੀ ਉਹਨਾਂ ਲੋਕਾਂ ਲਈ ਨਫਰਤ ਭਰਿਆ ਹੋਵੇਗਾ ਜਿਨ੍ਹਾਂ ਦੇ ਮਨਾਂ ਵਿੱਚ ਨਫਰਤ ਤੋਂ ਇਲਾਵਾ ਕੁਝ ਨਹੀਂ ਭਰਿਆ। ਵੈਸੇ, ਹਰ ਸਾਲ ਬੀਜੇ ਜਾਂਦੇ ਨਫ਼ਰਤ ਦੇ ਬੀਜ ਨਾ ਤਾਂ ਸਰਕਾਰਾਂ ਨੂੰ ਦਿਸਦੇ ਨੇ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੂੰ।

ਹਰ ਸਾਲ ਵੈਲੇਨਟਾਈਨ ਡੇ ‘ਤੇ ਯੂਨੀਵਰਸਿਟੀ, ਕਾਲਜਾਂ ਤੋਂ ਇਲਾਵਾ ਬਾਜ਼ਾਰਾਂ ਦੇ ਅੰਦਰ ਜਿੱਥੇ ਸਿਰ-ਫਿਰਿਆਂ ਦੇ ਵੱਲੋਂ ਤੋੜ ਭੰਨ ਕੀਤੀ ਜਾਂਦੀ ਹੈ, ਉੱਥੇ ਹੀ ਮੁਹੱਬਤ ਦੇ ਵਿੱਚ ਰੁੱਝੇ ਕੁੜੀਆਂ ਮੁੰਡਿਆਂ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਟਾਰਚਰ ਕੀਤਾ ਜਾਂਦਾ ਹੈ। ਹਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਇਹਨਾਂ ਦੇ ਧੜੇ ਕੰਮ ਕਰਦੇ ਨੇ, ਉੱਥੇ ਹਮੇਸ਼ਾ ਹੀ ਅਜਿਹਾ ਕੁਝ ਵਾਪਰਦਾ ਹੈ। ਪਿਛਲੇ ਦਿਨੀਂ ਇੰਦੌਰ, ਮੱਧ ਪ੍ਰਦੇਸ਼ ਤੋਂ ਇੱਕ ਖ਼ਬਰ ਸਾਹਮਣੇ ਆਈ ਜਿੱਥੇ ਬਜਰੰਗ ਦਲ ਦੇ ਵੱਲੋਂ ਇੱਕ ਕਾਲਜ ਦੇ ਵਿੱਚ ਦਾਖਲ ਹੋ ਕੇ ਜਿੱਥੇ ਭੰਨ ਤੋੜ ਕੀਤੀ ਗਈ ਉੱਥੇ ਹੀ ਵੈਲੇਨਟਾਈਨ ਡੇ ਸਬੰਧੀ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਵੀ ਵਿਰੋਧਤਾ ਕਰਨ ਦੇ ਨਾਲ ਨਾਲ ਕਾਲਜ ਵਿੱਚ ਭੰਨਤੋੜ ਕੀਤੀ ਗਈ ਅਤੇ ਨਾਲ ਹੀ ਕਈ ਕਾਲਜ ਕਰਮੀਆਂ ਤੋਂ ਇਲਾਵਾ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ। ਬੇਸ਼ੱਕ, ਬਜਰੰਗ ਦਲ ਨੇ ਨਰਸੀ ਮੋਨਜੀ ਕਾਲਜ ਵਿੱਚ ਭੰਨਤੋੜ ਕੀਤੀ, ਪਰ ਇਸ ਮਸਲੇ ‘ਤੇ ਡੀਸੀਪੀ ਜ਼ੋਨ 1, ਕ੍ਰਿਸ਼ਨਾ ਲਾਲਚੰਦਾਨੀ ਇਹ ਕਹਿੰਦੇ ਹੋਏ ਨਜ਼ਰੀ ਆਏ ਕਿ, “… ਇੱਕ ਵੈਲੇਨਟਾਈਨ ਡੇਅ ਪ੍ਰੋਗਰਾਮ ਹੋ ਰਿਹਾ ਸੀ, ਜਦੋਂ ਇੱਕ ਹਿੰਦੂ ਸੰਗਠਨ ਨੇ ਕੈਂਪਸ ਵਿੱਚ ਭੰਨਤੋੜ ਕੀਤੀ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ, ਅਤੇ ਕਾਲਜ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਅਨੁਸਾਰ, ਅਗਲੀ ਕਾਰਵਾਈ ਕੀਤੀ ਜਾਵੇਗੀ…”। ਸਵਾਲ ਇਹ ਉੱਠਦਾ ਹੈ ਕਿ ਕੀ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹ ਸਾਹਮਣੇ ਹੋ ਰਹੇ ਕ੍ਰਾਈਮ ਨੂੰ ਰੋਕੇ ਅਤੇ ਅਜਿਹੇ ਨਫ਼ਰਤ ਬਾਜ਼ਾਂ ਦੇ ਖਿਲਾਫ ਕਾਰਵਾਈ ਕਰੇ? ਵੈਸੇ, “ਜਿਸ ਕੀ ਲਾਠੀ ਉਸ ਕੀ ਭੈਂਸ” ਵਾਲੀ ਗੱਲ ਅੱਜ ਦੀ ਪੁਲਿਸ ਦੇ ਨਾਲ ਹੋਈ ਪਈ ਹੈ। ਮਤਲਬ ਕਿ ਜਿਸ ਦੀ ਸਰਕਾਰ ਹੋਵੇਗੀ, ਪੁਲਿਸ ਵੀ ਉਸ ਦੀ ਬੋਲੀ ਬੋਲੇਗੀ ਅਤੇ ਕਾਰਵਾਈ ਕਰਨ ਦੀ ਬਜਾਏ ਹੱਥਾਂ ‘ਤੇ ਹੱਥ ਧਰ ਕੇ ਤਮਾਸ਼ਾ ਵੇਖੇਗੀ।

ਖੈਰ ਮੁੱਦੇ ‘ਤੇ ਵਾਪਸ ਆਉਂਦੇ ਹਾਂ ਕਿ, ਭਾਵੇਂ ਕਿ ਵੈਲੇਨਟਾਈਨ ਡੇ ਦਾ ਵਿਰੋਧ ਕਰਨ ਵਾਲਿਆਂ ਦਾ ਸਿੱਧਾ ਮਤਲਬ ਇਹ ਸਮਝਿਆ ਜਾਵੇ ਕਿ, ਨਾ ਪੜ੍ਹਾਂਗੇ ਅਤੇ ਨਾ ਪੜ੍ਹਨ ਦਿਆਂਗੇ, ਨਾ ਖੁਸ਼ ਰਹਾਂਗੇ ਅਤੇ ਨਾ ਖੁਸ਼ ਰਹਿਣ ਦਿਆਂਗੇ, ਇਹੋ ਹੀ ਅੰਦਰੋ ਅੰਦਰੀ ਇਨ੍ਹਾਂ ਦਾ ਏਜੰਡਾ ਹੋਵੇਗਾ? ਪਰ ਅਸਲ ਦੇ ਵਿੱਚ ਇਹ ਨਫ਼ਰਤ ਦੀ ਖੇਤੀ ਪਿਛਲੇ ਕੋਈ ਡੇਢ ਦਹਾਕੇ ਤੋਂ ਜ਼ਿਆਦਾ ਹੀ ਫੈਲ ਚੁੱਕੀ ਹੈ। ਹਰ ਸਾਲ ਜਦੋਂ ਵੀ ਕੋਈ ਤਿਉਹਾਰ ਮੁਹੱਬਤ ਨਾਲ ਜੁੜਿਆ ਸਾਹਮਣੇ ਆਉਂਦਾ ਹੈ ਤਾਂ, ਗੁੰਡਾ ਕਿਸਮ ਦੀਆਂ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਧਿਰ ਦੇ ਨਾਲ ਸਬੰਧ ਰੱਖਦੀਆਂ ਹੋਣ, ਉਹ ਸਾਹਮਣੇ ਆ ਹੀ ਜਾਂਦੀਆਂ ਨੇ ਅਤੇ ਆਪਣਾ ਏਜੰਡਾ ਫਿਕਸ ਮੰਨਦਿਆਂ ਹੋਇਆਂ ਦੂਜਿਆਂ ਨਾਲ ਨਫ਼ਰਤ ਕਰਕੇ ਕੁੱਟਮਾਰ ਕਰਦੀਆਂ ਨੇ।

ਵੈਸੇ ਇਹ ਚੱਲਣ ਕੋਈ ਅੱਜ ਦਾ ਨਹੀਂ, ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਲੈ ਕੇ ਹੀ ਮੁਹੱਬਤ ਕਰਨ ਵਾਲੇ ਲੋਕਾਂ ਦੇ ਨਾਲ ਬਦਮਾਸ਼ ਕਿਸਮ ਦੇ ਲੋਕਾਂ ਦੀ ਦੁਸ਼ਮਣੀ ਰਹੀ ਹੈ। ਮਨੋਵਿਗਿਆਨੀ ਦੱਸਦੇ ਨੇ ਕਿ ਜਿਨ੍ਹਾਂ ਦਾ ਇੱਕ ਖੁਦ ਪੈਰ ਨਹੀਂ ਹੁੰਦੇ, ਉਹ ਦੂਜਿਆਂ ਦੇ ਵੀ ਪੈਰ ਵੱਢਣ ਤੁਰ ਪੈਂਦੇ ਨੇ। ਮਿਸਾਲ ਦੇ ਤੌਰ ‘ਤੇ ਜਿਨ੍ਹਾਂ ਦੇ ਜੀਵਨ ਸਾਥੀ ਖੁਦ ਨਹੀਂ ਬਣ ਪਾਉਂਦੇ ਅਤੇ ਉਹ ਪਿਆਰ ਦੀ ਭਾਸ਼ਾ ਨਹੀਂ ਸਿੱਖ ਪਾਉਂਦੇ, ਉਹ ਦੂਜਿਆਂ ਦੇ ਪਿਆਰ ਵਿੱਚ ਫਿੱਕ ਪਾਉਣ ਵਾਸਤੇ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦੇ ਨੇ। ਕਦੇ ਲਵ ਜਿਹਾਦ ਦੇ ਨਾਮ ‘ਤੇ ਅਤੇ ਕਦੇ ਹਿੰਦੂ ਮੁਸਲਮ ਦੇ ਨਾਂ ‘ਤੇ।

ਬੇਸ਼ੱਕ, ਵੈਲੇਨਟਾਈਨ ਡੇ ਕੋਈ ਇੱਕ ਧਰਮ ਨਹੀਂ ਮਨਾਉਂਦਾ, ਸਗੋਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਹੀ ਮਨਾਉਂਦੇ ਨੇ, ਪਰ ਕੁਝ ਕੁ ਗਿਣਤੀ ਅਜਿਹੀ ਵੀ ਹੈ, ਜਿਹੜੀ ਇਸ ਤਿਉਹਾਰ ਦਾ ਵਿਰੋਧ ਕਰਦੀ ਹੈ। ਇਸ ਸਮੇਂ ਮੁਹੱਬਤ ਦੇ ਬਜ਼ਾਰ ਵਿੱਚ ਨਫ਼ਰਤ ਦਾ ਬਾਜ਼ਾਰ ਇਸ ਵੇਲੇ ਇਨ੍ਹਾਂ ਜ਼ਿਆਦਾ ਗਰਮ ਹੋ ਚੁੱਕਿਆ ਹੈ ਕਿ, ਇਹਨਾਂ ਨਫ਼ਰਤਬਾਜ਼ਾਂ ਨੂੰ ਦੇਸ਼ ਦੇ ਅੰਦਰ ਹੋ ਰਹੇ ਲੋਕਾਈ ਵਿਰੋਧੀ ਕੰਮ, ਲੋਕ ਵਿਰੋਧੀ ਨੀਤੀਆਂ ਨਹੀਂ ਦਿਸ ਰਹੀਆਂ, ਨਾ ਇਨ੍ਹਾਂ ਨੂੰ ਮਾਸੂਮ ਬੱਚੀਆਂ ਨਾਲ ਹੁੰਦੇ ਬਲਾਤਕਾਰ ਦਿਸ ਰਹੇ ਨੇ, ਨਾ ਔਰਤਾਂ ਨਾਲ ਹੁੰਦੀ ਛੇੜਛਾੜ ਅਤੇ ਨਾ ਹੀ ਹੋਰ ਕੁਝ ਵਿਖਾਈ ਨਹੀਂ ਦੇ ਰਿਹਾ।

ਹਕੂਮਤੀ ਟੁਕੜਿਆਂ ‘ਤੇ ਪਲਣ ਵਾਲੇ ਇਹਨਾਂ ਨਫ਼ਰਤੀਆਂ ਨੂੰ ਦੇਸ਼ ਦੇ ਅੰਦਰ ਵੱਧਦੀ ਮਹਿੰਗਾਈ ਨਹੀਂ ਦਿਸ ਰਹੀ, ਬੇਰੁਜ਼ਗਾਰੀ ਨਹੀਂ ਦਿਸ ਰਹੀ, ਗ਼ਰੀਬ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨਹੀਂ ਦਿਸ ਰਹੀਆਂ, ਇਸ ਤੋਂ ਇਲਾਵਾ ਦੇਸ਼ ਦੀ ਡਿੱਗਦੀ ਜੀਡੀਪੀ ਵੀ ਨਹੀਂ ਦਿਸ ਰਹੀ।

ਨਾ ਤਾਂ ਇਹਨਾਂ ਨਫ਼ਰਤ ਦੇ ਬਾਜ਼ਾਰਾਂ ਦੀ ਦੁਕਾਨਦਾਰੀ ਕਰਨ ਵਾਲਿਆਂ ਨੂੰ ਸਰਹੱਦ ‘ਤੇ ਸ਼ਹੀਦ ਹੁੰਦਾ ਜਵਾਨ ਦਿਸ ਰਿਹਾ ਅਤੇ ਨਾ ਹੀ ਖੇਤਾਂ ਵਿੱਚ ਮਰਦਾ ਕਿਸਾਨ। ਇਹਨਾਂ ਨੂੰ ਸਿਰਫ ਤੇ ਸਿਰਫ ਦਿਸ ਰਹੇ ਨੇ ਤਾਂ ਉਹ ਮੁਹੱਬਤ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨਾਲ ਇਹ ਖੂਬ ਨਫ਼ਰਤ ਕਰਦੇ ਨੇ। ਇਹ ਸੋਚਦੇ ਨੇ ਕਿ ਸਾਡਾ ਜੀਵਨ ਸਾਥੀ ਵੀ ਨਹੀਂ ਬਣਿਆ ਅਤੇ ਅਸੀਂ ਵੀ ਕਿਸੇ ਦਾ ਜੀਵਨ ਸਾਥੀ ਨਹੀਂ ਬਣਨ ਦਿਆਂਗੇ, ਨਾ ਖੁਸ਼ ਰਹਾਂਗੇ ਅਤੇ ਨਾ ਕਿਸੇ ਨੂੰ ਖੁਸ਼ ਰਹਿਣ ਦਿਆਂਗੇ। ਇਹੋ ਏਜੰਡਾ ਹਰ ਸਾਲ ਵੈਲੇਨਟਾਈਨ ਡੇ ਨੂੰ ਨਫ਼ਰਤ ਕਰਨ ਵਾਲੀਆਂ ਧਿਰਾਂ ਦਾ ਫਿਕਸ ਹੁੰਦਾ ਹੈ।

ਖੈਰ, ਦੇਖਦੇ ਹਾਂ ਕਿ ਹੁਣ ਇਹਨਾਂ ਨਫ਼ਰਤੀ ਬਾਜ਼ਾਂ ਦੇ ਖਿਲਾਫ ਪੁਲਿਸ ਅਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ? ਵੈਸੇ ਜਿਹੋ ਜਿਹੇ ਐਕਸ਼ਨ ਪਿਛਲੇ ਸਮਿਆਂ ਵਿੱਚ ਲੈਂਦੇ ਰਹੇ ਨੇ ਪੁਲਿਸ ਵਾਲੇ ਉਹੋ ਜਿਹੇ ਐਕਸ਼ਨ ਹੀ ਅੱਗੇ ਲਏ ਜਾਣਗੇ।

 

CM ਭਗਵੰਤ ਮਾਨ ਦੇ ਜ਼ਿਲ੍ਹੇ ‘ਚ ਗਰਜੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ

 

CM ਭਗਵੰਤ ਮਾਨ ਦੇ ਜ਼ਿਲ੍ਹੇ ‘ਚ ਗਰਜੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ

ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿਖੇ ਰੈਲੀ ਲਈ ਫ਼ਿਰੋਜ਼ਪੁਰ ਤੋਂ ਭਰਵੀਂ ਸ਼ਮੂਲੀਅਤ

ਪੁਰਾਣੀ ਪੈਨਸ਼ਨ, ਪੰਜਾਬ ਸਕੇਲ ਅਤੇ ਭੱਤਿਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ- ਹਰਾਜ /ਖੋਸਾ /ਮਹਿਰੋਕ /ਭਾਵੜਾ /ਕੰਬੋਜ

ਫ਼ਿਰੋਜ਼ਪੁਰ 15 ਫਰਵਰੀ 2026

ਪੁਰਾਣੇ- ਸਕੇਲ, ਪੁਰਾਣੀ ਪੈਨਸ਼ਨ, ਭੱਤੇ ਬਹਾਲੀ ਮੋਰਚਾ ਵੱਲੋਂ ਸੰਗਰੂਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਮਲਕੀਤ ਸਿੰਘ ਹਰਾਜ, ਗੁਰਵਿੰਦਰ ਸਿੰਘ ਖੋਸਾ, ਰਾਜ ਕੁਮਾਰ ਮਹਿਰੋਕ, ਸਰਬਜੀਤ ਸਿੰਘ ਭਾਵੜਾ ਅਤੇ ਅਮਿਤ ਕੰਬੋਜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਰੈਲੀ ਲਈ ਰਵਾਨਾ ਹੋਏ । ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਪੁਰਾਣੇ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ ਤੇ ਪੈਂਡਿੰਗ 16% ਡੀ ਏ ਦੀਆਂ ਮੰਗਾਂ ਤੋਂ ਭਗੌੜਾ ਹੋ ਚੁੱਕੀ ਸਰਕਾਰ ਵਿਰੁੱਧ ਮੋਰਚੇ ਵੱਲੋਂ ਅੱਜ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਭਰਵੀਂ ਸ਼ਮੂਲੀਅਤ ਕੀਤੀ ਗਈ ਹੈ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੂਰੇ ਸਾਲ ਦੌਰਾਨ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਭਾਵੇਂ ਉਹ ਕੇਂਦਰ ਦੇ ਮੁਲਾਜ਼ਮਾਂ ਨਾਲੋਂ 16% ਮਹਿੰਗਾਈ ਭੱਤਾ ਘੱਟ ਲੈ ਰਹੇ ਹਨ। ਮੁਲਾਜ਼ਮ ਪੇਂਡੂ ਭੱਤੇ ਅਤੇ ਬਾਰਡਰ ਏਰੀਆ ਭੱਤੇ ਸਮੇਤ 37 ਕਿਸਮ ਦੇ ਭੱਤਿਆਂ ਦੇ ਬਿਨਾਂ ਕੰਮ ਕਰਦੇ ਹੋਏ ਕੇਂਦਰ ਦੇ ਮੁਲਾਜ਼ਮਾਂ ਤੋਂ ਤਨਖਾਹਾਂ ਵਿੱਚ ਪਛੜ ਗਏ ਹਨ। ਪੰਜਾਬ ਸਰਕਾਰ 17-07-2020 ਜਾਂ ਇਸ ਤੋਂ ਬਾਅਦ ਹੋਈਆਂ ਭਰਤੀਆਂ ਵਾਲੇ ਮੁਲਾਜ਼ਮਾਂ ਨੂੰ ਅਧੂਰੇ ਕੇਂਦਰੀ ਸਕੇਲ ਦੇ ਕੇ ਆਰਥਿਕ ਸ਼ੋਸਣ ਕਰ ਰਹੀ ਹੈ। ਇਹਨਾਂ ਮੁਲਾਜ਼ਮਾਂ ਦੀ ਤਨਖਾਹ ਦਾ ਪੁਰਾਣੇ ਸਕੇਲਾਂ ਵਾਲੇ ਮੁਲਾਜ਼ਮਾਂ ਨਾਲੋਂ ਅੰਤਰ ਕਾਫ਼ੀ ਵੱਡਾ ਹੋ ਗਿਆ ਹੈ ਜੋ ਇੰਨ੍ਹਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਕਾਨੂੰਨ ਦੀ ਸਪਸ਼ਟ ਉਲੰਘਣਾ ਹੈ। ਪੰਜਾਬ ਸਰਕਾਰ ਪੰਜਾਬ ਪੇ ਸਕੇਲਾਂ ਸਬੰਧੀ ਆਏ ਅਦਾਲਤੀ ਫੈਸਲਿਆਂ ਨੂੰ ਟੇਡੇ ਢੰਗ ਨਾਲ ਲਾਗੂ ਕਰਦਿਆਂ ਸਮੁੱਚੇ ਰੂਪ ਵਿੱਚ ਛੇਵਾਂ ਪੰਜਾਬ ਪੇਅ ਕਮਿਸ਼ਨ ਸਮੇਤ 15% ਤਨਖ਼ਾਹ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਨ ਤੋਂ ਭੱਜ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਿਤੀ 18-10-2022 ਨੂੰ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ (SOP) ਜਾਰੀ ਕਰਵਾਕੇ ਜੀ.ਪੀ.ਐੱਫ. ਖਾਤੇ ਖੁਲ੍ਹਵਾਉਣ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਵੱਲ ਕੋਈ ਕਦਮ ਨਹੀਂ ਉਠਾਇਆ ਹੈ। ਜਿਸ ਕਾਰਣ ਸਮੁੱਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਖਫ਼ਾ ਹੈ।

ਇਸ ਮੌਕੇ ਹੀਰਾ ਸਿੰਘ ਤੂਤ, ਅਨਿਲ ਧਵਨ, ਦਵਿੰਦਰ ਨਾਥ, ਬਿਕਰਮਜੀਤ ਸਿੰਘ ਉੱਪਲ, ਸਵਰਨ ਸਿੰਘ ਜੋਸਨ, ਕੁਲਦੀਪ ਸਿੰਘ, ਸੰਦੀਪ ਕੁਮਾਰ, ਮਨੋਜ ਕੁਮਾਰ, ਕਿਰਪਾਲ ਸਿੰਘ, ਰਜਿੰਦਰ ਕੁਮਾਰ, ਅਨਿਲ ਕੁਮਾਰ, ਲਖਵਿੰਦਰ ਸਿੰਘ, ਇੰਦਰ ਸਿੰਘ ਸੰਧੂ, ਗੁਰਦਰਸ਼ਨ ਸਿੰਘ, ਜੈ ਦੇਵ ਬਲਵਿੰਦਵਰ ਸਫ਼ਰੀ, ਰੌਸ਼ਨ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ ਵੜਵਾਲ , ਪ੍ਰੇਮ ਚੰਦ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ ਹਰਦੀਪ ਸਿੰਘ, ਦਲਜੀਤ ਸਿੰਘ ਸੁਨੀਲ ਕੁਮਾਰ, ਵਿਪਨ ਲੋਟਾ, ਮਨੀਸ਼ ਕੁਮਾਰ, ਵਿਸ਼ੂ ਕੰਬੋਜ, ਇਕਬਾਲ ਸਿੰਘ, ਰਾਜੀਵ ਕੁਮਾਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।

 

ਅਜੀਬੋ ਗਰੀਬ ਮਾਮਲਾ; 19 ਸਾਲਾਂ ਦੀ ਕੁੜੀ ਨੇ ਮੁੰਡੇ ਨਾਲ ਕੀਤਾ ਬਲਾਤਕਾਰ

 

ਅਜੀਬੋ ਗਰੀਬ ਮਾਮਲਾ; 19 ਸਾਲਾਂ ਦੀ ਕੁੜੀ ਨੇ ਮੁੰਡੇ ਨਾਲ ਕੀਤਾ ਬਲਾਤਕਾਰ

ਮੁੰਬਈ, 15 ਫਰਵਰੀ 2026-

ਮੁੰਬਈ ਦੇ ਮਾਨਖੁਰਦ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 19 ਸਾਲਾ ਕੁੜੀ ‘ਤੇ 17 ਸਾਲਾ ਮੁੰਡੇ ਨੂੰ ਅਗਵਾ ਕਰਨ, ਜਿਨਸੀ ਸ਼ੋਸ਼ਣ ਕਰਨ ਅਤੇ ਮਾਨਸਿਕ ਤੌਰ ‘ਤੇ ਤਸੀਹੇ ਦੇਣ ਦਾ ਦੋਸ਼ ਹੈ।

ਸ਼ਿਕਾਇਤ ਤੋਂ ਬਾਅਦ, ਮਾਨਖੁਰਦ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਦੋਸ਼ੀ ਦੇ ਖਿਲਾਫ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (POCSO) ਅਤੇ ਭਾਰਤੀ ਦੰਡ ਸੰਹਿਤਾ ਦੇ ਅਗਵਾ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਕੁੜੀ ਇਸ ਸਮੇਂ ਫਰਾਰ ਹੈ।

ਪੁਲਿਸ ਦੇ ਅਨੁਸਾਰ, ਪੀੜਤ ਅਤੇ ਦੋਸ਼ੀ ਇੱਕੋ ਇਲਾਕੇ ਵਿੱਚ ਰਹਿੰਦੇ ਹਨ। ਜਾਂਚ ਵਿੱਚ ਖੁਲਾਸਾ ਹੋਇਆ ਕਿ ਅਗਸਤ 2025 ਅਤੇ ਫਰਵਰੀ 2026 ਦੇ ਵਿਚਕਾਰ, ਕੁੜੀ ਨੇ ਕਥਿਤ ਤੌਰ ‘ਤੇ ਨਾਬਾਲਗ ਮੁੰਡੇ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ। ਉਸਨੇ ਕਥਿਤ ਤੌਰ ‘ਤੇ ਉਸਨੂੰ ਆਪਣੇ ਘਰ ਬੁਲਾਇਆ, ਖਾਸ ਕਰਕੇ ਜਦੋਂ ਕੋਈ ਹੋਰ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਉਸਨੇ ਕਥਿਤ ਤੌਰ ‘ਤੇ ਮੁੰਡੇ ਨੂੰ ਵਿਆਹ ਕਰਨ ਲਈ ਵੀ ਦਬਾਅ ਪਾਇਆ।

ਜਦੋਂ ਮੁੰਡੇ ਨੇ ਇਨਕਾਰ ਕਰ ਦਿੱਤਾ, ਤਾਂ ਕੁੜੀ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ, ਉਸ ‘ਤੇ ਮੁੰਡੇ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ ਹੈ।

ਪੀੜਤ ਕਿਸੇ ਤਰ੍ਹਾਂ ਦੋਸ਼ੀ ਦੇ ਚੁੰਗਲ ਤੋਂ ਬਚ ਗਿਆ, ਘਰ ਪਹੁੰਚਿਆ ਅਤੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੱਸੀ। ਪਰਿਵਾਰ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।

ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਉਸਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

 

Heavy Rain Warning: ਫਿਰ ਬਦਲੇਗਾ ਮੌਸਮ! ਅਗਲੇ 24 ਘੰਟਿਆਂ ਵਿੱਚ ਇਨ੍ਹਾਂ ਥਾਵਾਂ ‘ਤੇ ਮੀਂਹ ਮਚਾਏਗਾ ਤਬਾਹੀ

 

Heavy Rain Warning: ਫਿਰ ਬਦਲੇਗਾ ਮੌਸਮ! ਅਗਲੇ 24 ਘੰਟਿਆਂ ਵਿੱਚ ਇਨ੍ਹਾਂ ਥਾਵਾਂ ‘ਤੇ ਮੀਂਹ ਮਚਾਏਗਾ ਤਬਾਹੀ

ਚੰਡੀਗੜ੍ਹ, 15 ਫਰਵਰੀ 2026 –

ਫਰਵਰੀ ਦੀ ਬੇਮੌਸਮੀ ਹਲਕੀ ਗਰਮੀ ਦੀ ਲਹਿਰ ਖਤਮ ਹੋਣ ਵਾਲੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 11 ਰਾਜਾਂ ਵਿੱਚ ਮੌਸਮ ਬਦਲਣ ਵਾਲਾ ਹੈ। ਅਗਲੇ 24 ਘੰਟਿਆਂ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਸਮੇਤ ਉੱਤਰ ਭਾਰਤ ਦੇ ਕਈ ਖੇਤਰਾਂ ਵਿੱਚ ਗਰਜ-ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇਸ ਸਮੇਂ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ, ਦਿਨ ਵੇਲੇ ਚਮਕਦਾਰ ਧੁੱਪ ਤਾਪਮਾਨ ਵਿੱਚ ਵਾਧਾ ਕਰ ਰਹੀ ਹੈ। 17 ਅਤੇ 18 ਫਰਵਰੀ ਨੂੰ, ਰਾਜਧਾਨੀ ਵਿੱਚ ਬੱਦਲਵਾਈ ਵਧੇਗੀ, ਅਤੇ ਹਲਕੀ ਬੂੰਦ-ਬੂੰਦ ਦੀ ਉਮੀਦ ਹੈ, ਜੋ ਵਧਦੇ ਤਾਪਮਾਨ ਨੂੰ ਥੋੜ੍ਹਾ ਘੱਟ ਕਰ ਸਕਦੀ ਹੈ।

ਇਸੇ ਤਰ੍ਹਾਂ ਮੌਸਮ ਵਿਭਾਗ ਨੇ 17 ਅਤੇ 18 ਫਰਵਰੀ ਨੂੰ ਉੱਤਰ ਪ੍ਰਦੇਸ਼ ਵਿੱਚ ਗਰਜ-ਤੂਫਾਨ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਜਿਵੇਂ ਕਿ ਸਹਾਰਨਪੁਰ, ਅਲੀਗੜ੍ਹ, ਹਾਥਰਸ ਅਤੇ ਇਟਾਵਾ ਵਿੱਚ ਮੀਂਹ ਦੀ ਉਮੀਦ ਹੈ।

ਮਿਲੀ ਜਾਣਕਾਰੀ ਮੁਤਾਬਕ, ਆਉਣ ਵਾਲੇ ਕੱਲ੍ਹ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਉਮੀਦ ਹੈ। ਸੀਵਾਨ, ਸਾਰਨ, ਭੋਜਪੁਰ ਅਤੇ ਗਯਾ ਸਮੇਤ ਕਈ ਇਲਾਕਿਆਂ ਵਿੱਚ ਦ੍ਰਿਸ਼ਟੀ ਘੱਟ ਹੋ ਸਕਦੀ ਹੈ।

ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ

ਮੌਸਮ ਵਿਭਾਗ ਦੇ ਅਲਰਟ ਮੁਤਾਬਕ, ਉੱਤਰਾਖੰਡ ਦੇ ਚਮੋਲੀ, ਰੁਦਰਪ੍ਰਯਾਗ ਅਤੇ ਉੱਤਰਕਾਸ਼ੀ ਵਰਗੇ ਜ਼ਿਲ੍ਹਿਆਂ ਵਿੱਚ 16 ਅਤੇ 17 ਫਰਵਰੀ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿੱਚ ਅੱਜ 15 ਫਰਵਰੀ ਤੋਂ ਬਾਅਦ ਉੱਚ-ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।

ਕੀ ਠੰਢ ਵਾਪਸ ਆਵੇਗੀ?

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਨਾਲ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਜ਼ਰੂਰ ਆਵੇਗੀ, ਪਰ ਤੇਜ਼ ਠੰਢ ਦੀ ਵਾਪਸੀ ਦੀ ਸੰਭਾਵਨਾ ਘੱਟ ਹੈ। ਪੱਛਮੀ ਗੜਬੜ, ਜੋ ਕਿ ਮਹਾਂਸ਼ਿਵਰਾਤਰੀ ਦੇ ਆਲੇ-ਦੁਆਲੇ ਸਰਗਰਮ ਹੋ ਜਾਵੇਗੀ, 15 ਤੋਂ 20 ਫਰਵਰੀ ਦੇ ਵਿਚਕਾਰ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬੱਦਲ ਅਤੇ ਮੀਂਹ ਲਿਆਏਗੀ।

 

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲਈ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵੋਟਾਂ ਲਈ ਕਿਸਾਨਾਂ-ਨੌਜਵਾਨਾਂ ਅਤੇ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ

 

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲਈ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵੋਟਾਂ ਲਈ ਕਿਸਾਨਾਂ-ਨੌਜਵਾਨਾਂ ਅਤੇ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ

ਪੰਜਾਬ ਅਤੇ ਸਿੱਖਿਆ ਲਈ ਆਵਾਜ਼ ਬੁਲੰਦ ਕਰਨ ਵਾਲ਼ੇ ਉਮੀਦਵਾਰਾਂ ਨੂੰ ਹੀ ਸਮਰਥਨ ਕਰਾਂਗੇ – ਅਵਤਾਰ ਮਹਿਮਾਂ

ਫਿਰੋਜ਼ਪੁਰ, 14 ਫਰਵਰੀ 2026-

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਉਸਦੇ ਅਧੀਨ ਆਉਣ ਵਾਲੇ ਕਾਲਜਾਂ ਉੱਪਰ ਪੰਜਾਬ ਦੇ ਲੋਕਾਂ ਦਾ ਅਧਿਕਾਰ ਕਾਇਮ ਰੱਖਣ ਲਈ ਬੀਤੇ ਸਾਲ ਸੈਨੇਟ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਿੱਤਣ ਤੋਂ ਬਾਅਦ ਹੁਣ ਸੈਨੇਟ ਚੋਣਾਂ ਜਿੱਤਣ ਲਈ ਪੰਜਾਬ ਦੇ ਲੋਕਾਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਮਸਲੇ ਨੂੰ ਲੈ ਕੇ ਅੱਜ ਫਿਰੋਜ਼ਪੁਰ ਦੇ ਕਿਸਾਨਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਵੱਲੋਂ ਇਕ ਸਾਂਝੀ ਮੀਟਿੰਗ ਫਿਰੋਜ਼ਪੁਰ ਛਾਉਣੀ ਵਿੱਚ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਚੰਡੀਗੜ੍ਹ ਉੱਪਰ ਪੰਜਾਬ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਦੀ ਪੰਜਾਬ ਯੂਨੀਵਰਸਿਟੀ ਅਤੇ ਉਸਦੇ ਕਾਲਜਾਂ ਵਿੱਚ ਪੰਜਾਬੀਅਤ ਪੱਖੀ ਸਿੱਖਿਆ ਨੂੰ ਜਿਉਂਦਾ ਰੱਖਣ ਅਤੇ ਅਗਲੀ ਪੀੜ੍ਹੀ ਲਈ ਗਿਆਨ ਦੇ ਸੋਮਿਆਂ ਨੂੰ ਕਾਰਪੋਰੇਟ ਪੱਖੀ ਅਤੇ ਫਾਸ਼ੀਵਾਦੀ ਸਰਕਾਰਾਂ ਦੇ ਹਮਲੇ ਤੋਂ ਬਚਾਉਣ ਲਈ ਸੈਨੇਟ ਵਿੱਚ ਲੋਕ ਪੱਖੀ ਨੁਮਾਇੰਦਿਆਂ ਨੂੰ ਭੇਜਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਸਾਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਵਾਉਣ। ਇਲਾਕੇ ਅੰਦਰ ਨੌਜਵਾਨਾਂ ਦੀ ਟੀਮ ਬਣਾ ਕੇ ਨਵੀਆਂ ਵੋਟਾਂ ਬਣਾਉਣ ਲਈ ਮੁਹਿੰਮ ਵਿੱਢੀ ਗਈ ਹੈ।

ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਹੋਣ ਵਾਲੀਆਂ ਇਹਨਾਂ ਚੋਣਾਂ ਵਿੱਚ ਪੰਜਾਬੀਅਤ ਅਤੇ ਸਿੱਖਿਆ ਦੀ ਆਵਾਜ਼ ਬੁਲੰਦ ਕਰਨ ਵਾਲ਼ੇ ਉਮੀਦਵਾਰਾਂ ਨੂੰ ਹੀ ਸਮਰਥਨ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੇ ਹੱਕ ਸੁਰੱਖਿਅਤ ਹੋ ਸਕਣ।

ਇਸ ਮੌਕੇ ਸਰਬਜੀਤ ਸਿੰਘ ਭਾਵੜਾ, ਅਮਿਤ ਸ਼ਰਮਾ, ਦੀਪਕ ਝਾਂਬ, ਸਰਬਜੀਤ ਸਿੰਘ ਮਹਿਮਾਂ, ਮਨਜੀਤ ਸਿੰਘ ਮਹਿਮਾਂ, ਗੁਰਸਿਮਰਨ ਸਿੰਘ ਝੋਕ, ਰਸ਼ਪਾਲ ਸਿੰਘ ਝੋਕ, ਦਵਿੰਦਰ ਸਿੰਘ ਕਾਲੂਰਾਏ, ਗੁਰਵਿੰਦਰ ਸਿੰਘ ਰੋਡੇਵਾਲਾ, ਸਤਵਿੰਦਰ ਸਿੰਘ ਚੱਕ ਹੈਰਾਜ, ਪ੍ਰਿੰਸ ਬਾਰੇਕੇ, ਕਰਨ ਬਾਰੇਕੇ, ਗੁਰਪ੍ਰੀਤ ਸਿੰਘ ਸੱਦੂਸ਼ਾਹ, ਹਰਪ੍ਰੀਤ ਸਿੰਘ ਵਸਤੀ ਇੰਦਰ ਸਿੰਘਵਾਲੀ, ਜਰਮਨਦੀਪ ਸਾਂਦੇਹਾਸ਼ਮ, ਕੁਲਦੀਪ ਸਾਂਦੇਹਾਸ਼ਮ ਆਦਿ ਹਾਜ਼ਰ ਸਨ।


ਵਿਸ਼ੇਸ਼ ਨੋਟ – Punjab Network Media ਨਾ ਤਾਂ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ। ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ।

ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ