ਸਿੱਖਿਆ ਮੰਤਰੀ ਦੇ ਹਲਕੇ ‘ਚ ਗਰਜੇ ਕੱਚੇ ਅਧਿਆਪਕ: ਬਹਾਲੀ ਦੀ ਮੰਗ ਨੂੰ ਲੈ ਕੇ ਹਰਜੋਤ ਬੈਂਸ ਦੀ ਕੋਠੀ ਵੱਲ ਕੀਤਾ ਰੋਸ ਮਾਰਚ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਰੋਡ ‘ਤੇ ਲਾਇਆ ਜਾਮ; ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਫਾਈਲਾਂ ਲਟਕਾਉਣ ਦੇ ਲਾਏ ਇਲਜ਼ਾਮ
Punjab Network
ਸ੍ਰੀ ਆਨੰਦਪੁਰ ਸਾਹਿਬ, 14 ਮਾਰਚ 2026- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ‘ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ’ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਕੂਚ ਕੀਤਾ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਹਨ, ਪਰ ਉਨ੍ਹਾਂ ਦੀ ਬਹਾਲੀ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ।
15 ਜੂਨ 2025 ਨੂੰ ਫਿਲੌਰ ਅਕੈਡਮੀ ਵਿਖੇ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਨੂੰ ਕਮੇਟੀ ਬਣਾ ਕੇ ਬਹਾਲੀ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਕਮੇਟੀ ਬਣਨ ਅਤੇ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ।
ਰੋਸ ਮਾਰਚ ਅਤੇ ਚੱਕਾ ਜਾਮ
ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਫਿਰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਦੇ ਨੇੜੇ ਟੀ-ਪੁਆਇੰਟ ‘ਤੇ ਪਹੁੰਚ ਕੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਸਰਕਾਰ ਅਤੇ ਸਿੱਖਿਆ ਮੰਤਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਯੂਨੀਅਨ ਨੇ ਮੰਗ ਕੀਤੀ ਕਿ EGS, AIE ਅਤੇ STR ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।ਸਿੱਖਿਆ ਪ੍ਰੋਵਾਈਡਰ ਅਤੇ IEV ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੱਲ ਰਹੇ ਬਜਟ ਸੈਸ਼ਨ ਦੌਰਾਨ ਉਨ੍ਹਾਂ ਦੀ ਬਹਾਲੀ ਦਾ ਐਲਾਨ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।
















