ਮੰਗਲਵਾਰ, ਮਾਰਚ 10, 2026
Home Blog Page 8

ਵੱਡੀ ਖ਼ਬਰ: ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ!

 

ਵੱਡੀ ਖ਼ਬਰ: ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ!

ਬਾਘਾਪੁਰਾਣਾ ਵਿਖੇ ਫਾਰਚੂਨਰ ਸਵਾਰ ਹਮਲਾਵਰਾਂ ਨੇ ਸਰਪੰਚ ਹਰਵਿੰਦਰ ਹੈਪੀ ‘ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ; ਇਲਾਜ ਦੌਰਾਨ ਤੋੜਿਆ ਦਮ

ਮੋਗਾ/ਬਾਘਾਪੁਰਾਣਾ: 6 ਮਾਰਚ 2026 – ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਡਗਮਗਾ ਰਹੀ ਹੈ। ਅਜੇ ‘ਆਪ’ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਇਲਾਕੇ ਵਿੱਚ ਇੱਕ ਹੋਰ ਖ਼ੂਨੀ ਵਾਰਦਾਤ ਵਾਪਰ ਗਈ ਹੈ। ਪਿੰਡ ਪੱਤੋਂ ਦੇ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਹੈਪੀ ਦਾ ਬੇਖ਼ੌਫ਼ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸਰਪੰਚ ਹਰਵਿੰਦਰ ਸਿੰਘ ਹੈਪੀ ਬਾਘਾਪੁਰਾਣਾ ਵਿਖੇ ਕੋਟਕਪੂਰਾ ਰੋਡ ‘ਤੇ ਸਥਿਤ ਇੱਕ ਪੈਟਰੋਲ ਪੰਪ ਦੇ ਕੋਲ ਮੌਜੂਦ ਸੀ। ਇਸੇ ਦੌਰਾਨ ਇੱਕ ਸਫੈਦ ਰੰਗ ਦੀ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਆਏ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ।

ਹਮਲਾਵਰਾਂ ਨੇ ਸਰਪੰਚ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਉੱਥੇ ਹੀ ਗਿਰ ਪਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਉੱਚ-ਪੱਧਰੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਸੀਸੀਟੀਵੀ (CCTV) ਫੁਟੇਜ ਖੰਗਾਲੀ ਜਾ ਰਹੀ ਹੈ ਤਾਂ, ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਦਿਨ-ਦਹਾੜੇ ਵਾਪਰੀ ਇਸ ਵਾਰਦਾਤ ਕਾਰਨ ਬਾਘਾਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

 

ਅਧਿਆਪਕਾਂ ਦਾ ਸਬਰ ਟੁੱਟਿਆ; ਪਰਿਵਾਰਾਂ ਸਮੇਤ ਵਿਧਾਨ ਸਭਾ ਵੱਲ ਕੂਚ ਕਰਨਗੇ ਸਪੈਸ਼ਲ ਬੀ.ਐੱਡ. ਪਾਸ ਅਤੇ ਕੱਚੇ ਅਧਿਆਪਕ

 

ਅਧਿਆਪਕਾਂ ਦਾ ਸਬਰ ਟੁੱਟਿਆ; ਪਰਿਵਾਰਾਂ ਸਮੇਤ ਵਿਧਾਨ ਸਭਾ ਵੱਲ ਕੂਚ ਕਰਨਗੇ ਸਪੈਸ਼ਲ ਬੀ.ਐੱਡ. ਪਾਸ ਅਤੇ ਕੱਚੇ ਅਧਿਆਪਕ

ਮਾਨ ਸਰਕਾਰ ਲਈ ‘ਮਹਿਲਾ ਦਿਵਸ’ ਬਣੇਗਾ ਚੁਣੌਤੀ; ਹਜ਼ਾਰਾਂ ਅਧਿਆਪਕ ਪਰਿਵਾਰਾਂ ਸਮੇਤ ਘੇਰਨਗੇ ਵਿਧਾਨ ਸਭਾ

“6000 ਰੁਪਏ ‘ਚ ਕਿਵੇਂ ਚੱਲੇਗਾ ਚੁੱਲ੍ਹਾ?” – ਸਪੈਸ਼ਲ ਬੀ.ਐੱਡ. ਅਧਿਆਪਕਾਂ ਨੇ ਸਰਕਾਰ ਦੇ ‘ਲਾਰਿਆਂ’ ਵਿਰੁੱਧ ਖੋਲ੍ਹਿਆ ਮੋਰਚਾ

8 ਮਾਰਚ ਨੂੰ ਮੋਹਾਲੀ ਤੋਂ ਚੰਡੀਗੜ੍ਹ ਤੱਕ ਗੂੰਜੇਗੀ ਅਧਿਆਪਕਾਂ ਦੀ ਆਵਾਜ਼; ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਨ ਦੀ ਮੰਗ

ਮਹਿਲਾ ਦਿਵਸ ਮੌਕੇ ਸਰਕਾਰ ਵਿਰੁੱਧ ਖੋਲ੍ਹਿਆ ਜਾਵੇਗਾ ਮੋਰਚਾ; 6000 ਰੁਪਏ ਨਿਗੂਣੀ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਅਧਿਆਪਕਾਂ ਨੇ ਦਿੱਤੀ ਖ਼ੁਦਕੁਸ਼ੀ ਦੀ ਚੇਤਾਵਨੀ

ਮੋਹਾਲੀ/ਚੰਡੀਗੜ੍ਹ 6 ਮਾਰਚ 2026: ਪੰਜਾਬ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।

‘ਸਪੈਸ਼ਲ ਬੀ.ਐੱਡ. ਪਾਸ ਅਧਿਆਪਕ ਯੂਨੀਅਨ’ ਅਤੇ ‘107 ਕੱਚੇ ਅਧਿਆਪਕ ਯੂਨੀਅਨ’ (ਜਿਨ੍ਹਾਂ ਦੀ 10 ਸਾਲ ਦੀ ਸੇਵਾ ਪੂਰੀ ਹੋ ਚੁੱਕੀ ਹੈ) ਨੇ 8 ਮਾਰਚ (ਐਤਵਾਰ) ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਪਣੇ ਪਰਿਵਾਰਾਂ ਸਮੇਤ ਵਿਧਾਨ ਸਭਾ ਚੰਡੀਗੜ੍ਹ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਕੇਸ ਨੰਬਰ 132 ਅਨੁਸਾਰ ਸਪੈਸ਼ਲ ਬੀ.ਐੱਡ. ਪਾਸ ਅਧਿਆਪਕਾਂ ਨੂੰ ‘ਸਪੈਸ਼ਲ ਐਜੂਕੇਟਰ’ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਲਟਕ ਰਹੀ ਹੈ। ਅਧਿਆਪਕ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਵੀ ਮਹਿਜ਼ 3500 ਤੋਂ 6000 ਰੁਪਏ ਮਹੀਨਾਵਾਰ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਨੂੰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ, ਪਰ ਅੱਜ ਤੱਕ ਇੱਕ ਵੀ ਅਹਿਮ ਮੀਟਿੰਗ ਕਰਕੇ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਗਏ।

ਅਧਿਆਪਕ ਆਗੂਆਂ ਨੇ ਭਰੇ ਮਨ ਨਾਲ ਕਿਹਾ ਕਿ ਖ਼ਾਸ ਕਰਕੇ ਮਹਿਲਾ ਅਧਿਆਪਕ ਮਾਨਸਿਕ ਤੌਰ ‘ਤੇ ਇੰਨੀਆਂ ਪਰੇਸ਼ਾਨ ਹੋ ਚੁੱਕੀਆਂ ਹਨ ਕਿ ਉਹ ਆਤਮ-ਹੱਤਿਆ ਵਰਗੇ ਕਦਮ ਚੁੱਕਣ ਲਈ ਮਜਬੂਰ ਹਨ। ਜੇਕਰ ਸੰਘਰਸ਼ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਸਪੈਸ਼ਲ ਬੀ.ਐੱਡ. ਪਾਸ ਅਧਿਆਪਕ ਜਥੇਬੰਦੀ ਨੇ ਸਮੂਹ ਸਾਥੀਆਂ ਅਤੇ ਹੋਰ ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 8 ਮਾਰਚ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਸਵੇਰੇ 11:00 ਵਜੇ ਪਹੁੰਚਣ।

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਵੱਡਾ ਐਲਾਨ; ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 8 ਮਾਰਚ ਨੂੰ ਵਿਧਾਨ ਸਭਾ ਵੱਲ ਹੋਵੇਗਾ ਵਿਸ਼ਾਲ ਮਾਰਚ

 

ਪੁਰਾਣੀ ਪੈਨਸ਼ਨ ਲਈ 8 ਮਾਰਚ ਨੂੰ ਵਿਧਾਨ ਸਭਾ ਵੱਲ ਹੋਵੇਗਾ ਮਾਰਚ

– ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ-ਡੀ. ਟੀ. ਐਫ਼

ਐੱਸ ਏ ਐੱਸ ਨਗਰ, 06 ਮਾਰਚ 2026- ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸੀ ਪੀ ਐਫ਼ ਕਰਮਚਾਰੀ ਯੂਨੀਅਨ ਅਤੇ ਟਰੇਡ ਯੂਨੀਅਨ ਸੈਂਟਰਾਂ ਵੱਲੋਂ 08 ਮਾਰਚ ਨੂੰ ਬਜ਼ਟ ਵਾਲੇ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਕੋਈ ਪੁਖਤਾ ਕਦਮ ਨਹੀਂ ਪੁੱਟਿਆ।

ਸਗੋਂ ਐੱਨ ਪੀ ਐੱਸ ਦੇ ਅੰਡਰ ਮੁਲਾਜ਼ਮਾਂ ਅਤੇ ਖਜ਼ਾਨੇ ਦੇ ਕਰੋੜਾਂ-ਅਰਬਾਂ ਰੁਪਏ ਕਾਰਪੋਰੇਟਾਂ ਨੂੰ ਸ਼ੇਅਰ ਮਾਰਕੀਟ ਵਿੱਚ ਲਾਉਣ ਲਈ ਦਿੱਤੇ ਜਾ ਰਹੇ ਹਨ ਅਤੇ ਮੁਲਾਜ਼ਮ ਪੰਜ-ਪੰਜ ਹਜ਼ਾਰ ਦੀ ਨਿਗੂਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਹਨ।

ਆਗੂਆਂ ਨੇ ਕਿਹਾ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਖੁਦ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਨਿਰਾ ਝੂਠ ਸਾਬਿਤ ਹੋਇਆ।

ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਲਗਭਗ 2 ਲੱਖ ਮੁਲਾਜ਼ਮ ਐੱਨ ਪੀ ਐੱਸ ਦੇ ਅੰਡਰ ਹਨ, ਜੋ 8 ਮਾਰਚ ਨੂੰ ਵੱਡੀ ਗਿਣਤੀ ਵਿੱਚ ਮੋਹਾਲੀ ਵਿਖੇ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਵਧਣਗੇ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ ਅਤੇ ਉਹ ਜੀ ਪੀ ਐਫ਼ ਖਾਤੇ ਖੋਲ੍ਹੇ।

ਆਗੂਆਂ ਨੇ ਕਿਹਾ ਹੁਣ ਪੰਜਾਬ ਸਰਕਾਰ ਦੇ ਝੂਠ ਸਾਹਮਣੇ ਆ ਗਏ ਹਨ ਅਤੇ ਮੁਲਾਜ਼ਮ ਇਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ ਗਏ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੁਲਾਜ਼ਮਾਂ ਦੀ ਨਾਰਾਜ਼ਗੀ ਦਾ ਖਮਿਆਜ਼ਾ ਭੁਗਤਣਾ ਪਵੇਗਾ।

 

ਮਾਨਸਾ: ਸਰਕਾਰੀ ਸਕੂਲਾਂ ‘ਚ ਦਾਖਲਾ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ; ਅਹਿਮਦਪੁਰ ਸਕੂਲ ‘ਚ 50 ਬੱਚਿਆਂ ਦਾ ਹੋਇਆ ਦਾਖਲਾ

 

ਮਾਨਸਾ: ਸਰਕਾਰੀ ਸਕੂਲਾਂ ‘ਚ ਦਾਖਲਾ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ; ਅਹਿਮਦਪੁਰ ਸਕੂਲ ‘ਚ 50 ਬੱਚਿਆਂ ਦਾ ਹੋਇਆ ਦਾਖਲਾ

ਮਾਨਸਾ ਜ਼ਿਲ੍ਹੇ ‘ਚ ਦਾਖਲਾ ਮੁਹਿੰਮ ਤੇਜ਼- 50 ਦੇ ਕਰੀਬ ਸਕੂਲ ਆਫ਼ ਹੈਪੀਨੈੱਸ ਅਹਿਮਦਪੁਰ ਵਿਖੇ ਬੱਚੇ ਦਾਖਲ

ਮਾਨਸਾ, 6 March 2026- 

ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਮੰਜੂ ਬਾਲਾ ਅਤੇ ਬਲਾਕ ਸਿੱਖਿਆ ਅਫਸਰ ਸਤਪਾਲ ਸ਼ਰਮਾ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਦਾਖਲਾ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ।

ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਗੱਲਬਾਤ ਕਰਦਿਆਂ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਸ ਵਾਰ ਪ੍ਰਾਇਮਰੀ ਸਕੂਲ ਵਿੱਚ 50 ਦੇ ਕਰੀਬ ਬੱਚਿਆਂ ਦਾ ਆਰਜ਼ੀ ਦਾਖਲਾ ਕੀਤਾ ਜਾ ਚੁੱਕਾ ਹੈ।

ਉਹਨਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਵੱਲੋਂ ਇਸ ਸਾਲ ਪਹਿਲਾਂ ਹੀ ਦਾਖਲਾ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਤਾਂ ਜੋ ਸਹੀ ਸਮੇਂ ‘ਤੇ ਬੱਚਿਆਂ ਦੇ ਦਾਖਲੇ ਹੋ ਸਕਣ।

ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਭੱਠਿਆਂ, ਫੈਕਟਰੀਆਂ, ਢਾਬਿਆਂ ਵਿੱਚ ਕੰਮ ਕਰਦੇ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।

ਉਹਨਾਂ ਅੱਜ ਅਹਿਮਦਪੁਰ ਵਿਖੇ ਗੱਤਾ ਫੈਕਟਰੀ ਵਿੱਚੋਂ ਤਿੰਨ ਨਵੇਂ ਵਿਦਿਆਰਥੀਆਂ ਦਾ ਦਾਖਲਾ ਕੀਤਾ।

ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ, ਮੁਫਤ ਵਜ਼ੀਫਾ, ਦੁਪਹਿਰ ਦਾ ਵਧੀਆ ਭੋਜਨ, ਮੁਫਤ ਕਿਤਾਬਾਂ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਮਾਪਿਆਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ।

 

Big Breaking: ਚੰਡੀਗੜ੍ਹ ‘ਚ ਹਾਕੀ ਖਿਡਾਰਨ ਦਾ ਬੇਰਹਿਮੀ ਨਾਲ ਕਤਲ

 

Big Breaking: ਚੰਡੀਗੜ੍ਹ ‘ਚ ਹਾਕੀ ਖਿਡਾਰਨ ਦਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ, 6 March 2026- 

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਸਟੇਟ ਪੱਧਰੀ ਹਾਕੀ ਖਿਡਾਰਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਚੰਡੀਗੜ੍ਹ ਦੇ ਸੈਕਟਰ 38 ਵਿੱਚ ਇੱਕ 21 ਸਾਲਾ ਰਾਜ ਪੱਧਰੀ ਹਾਕੀ ਖਿਡਾਰਨ ਦੀ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਤਾਨੀਆ ਵਜੋਂ ਹੋਈ ਹੈ।

ਪੁਲਿਸ ਦੇ ਅਨੁਸਾਰ, ਇਹ ਘਟਨਾ ਇੱਕੋ ਘਰ ਵਿੱਚ ਰਹਿਣ ਵਾਲੇ ਦੋ ਪਰਿਵਾਰਾਂ ਵਿਚਕਾਰ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਤੋਂ ਬਾਅਦ ਵਾਪਰੀ।

ਆਪਣੀ ਸ਼ਿਕਾਇਤ ਵਿੱਚ, ਤਾਨੀਆ ਦੇ ਪਿਤਾ ਰਵੀ, ਜੋ ਕਿ ਇੱਕ ਆਟੋ-ਰਿਕਸ਼ਾ ਚਾਲਕ ਹੈ, ਨੇ ਕਿਹਾ ਕਿ ਉਸਦੀ ਭੈਣ ਅਤੇ ਉਸਦਾ ਪਰਿਵਾਰ ਘਰ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦੇ ਸਨ ਅਤੇ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ।

ਰਵੀ ਨੇ ਦੋਸ਼ ਲਗਾਇਆ ਕਿ ਉਸਦਾ ਭਤੀਜਾ ਕ੍ਰਿਸ਼ਨਾ ਅਕਸਰ ਇਸ ਮੁੱਦੇ ‘ਤੇ ਉਸ ਨਾਲ ਬਹਿਸ ਕਰਦਾ ਸੀ। ਵੀਰਵਾਰ ਦੁਪਹਿਰ ਨੂੰ, ਪਰਿਵਾਰਾਂ ਵਿਚਕਾਰ ਇੱਕ ਹੋਰ ਝਗੜਾ ਹੋ ਗਿਆ।

ਰਵੀ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਪਰਿਵਾਰ ਨੂੰ ਸ਼ਾਂਤ ਕਰਨ ਲਈ ਉੱਪਰ ਗਿਆ ਸੀ ਅਤੇ ਵਾਪਸ ਆ ਰਿਹਾ ਸੀ ਜਦੋਂ ਤਾਨੀਆ ਉੱਪਰ ਗਈ।

ਉਸਨੇ ਦਾਅਵਾ ਕੀਤਾ ਕਿ ਬਹਿਸ ਦੌਰਾਨ, ਕ੍ਰਿਸ਼ਨਾ ਨੇ ਰਵੀ, ਗੰਗਨ, ਅਨਿਕੇਤ, ਨਵੀਨ ਅਤੇ ਟੀਨਾ ਨਾਲ ਮਿਲ ਕੇ ਤਾਨੀਆ ‘ਤੇ ਹਮਲਾ ਕਰ ਦਿੱਤਾ।

ਹਮਲੇ ਦੌਰਾਨ ਕ੍ਰਿਸ਼ਨਾ ਨੇ ਕਥਿਤ ਤੌਰ ‘ਤੇ ਉਸਦੀ ਕਮਰ ਦੇ ਨੇੜੇ ਚਾਕੂ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਤਾਨੀਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਣ ਤੋਂ ਬਾਅਦ, ਸੈਕਟਰ 39 ਪੁਲਿਸ ਸਟੇਸ਼ਨ ਦੀ ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ। ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤਾ ਦੇ ਪਿਤਾ ਨੇ ਕਿਹਾ ਕਿ ਤਾਨੀਆ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ ਅਤੇ ਇੱਕ ਹਾਕੀ ਖਿਡਾਰਨ ਸੀ। ਉਹ ਸ਼ੁੱਕਰਵਾਰ ਨੂੰ ਇੱਕ ਰਾਜ ਪੱਧਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਵਾਲੀ ਸੀ। ਖਬਰ ਸਰੋਤ- ptc

 

ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ, ਵੇਖੋ ਲਾਈਵ- ਸੁਣੋ ਗਵਰਨਰ ਦਾ ਧਾਕੜ ਭਾਸ਼ਣ

 

ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ, ਵੇਖੋ ਲਾਈਵ- ਗਵਰਨਰ ਕਰ ਰਹੇ ਨੇ ਸੰਬੋਧਨ

 

Punjab Budget Session 2026 Live : ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ।

ਇਹ ਬਜਟ 6 ਮਾਰਚ ਤੋਂ 16 ਮਾਰਚ ਤੱਕ ਚੱਲੇਗਾ। ਇਸਤੋਂ ਪਹਿਲਾਂ ਅੱਜ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮਟਿੰਗ ਵੀ ਕੀਤੀ, ਜਿਸ ਵਿੱਚ ਸਭ ਤੋਂ ਵੱਡੇ ਮੁੱਦੇ ਔਰਤਾਂ ਨੂੰ 1000 ਰੁਪਏ ਦੇ ਫੈਸਲੇ ਨੂੰ ਲੈ ਕੇ ਚਰਚਾ ਕੀਤੀ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ 8 ਮਾਰਚ ਨੂੰ ਐਤਵਾਰ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਕਹਿਣਾ ਹੈ ਕਿ ਇਸ ਵਾਰ ਦਾ ਬਜਟ ਲੋਕਪੱਖੀ ਹੋਵੇਗਾ, ਜਿਸ ਵਿੱਚ ਔਰਤਾਂ ਨੂੰ 1000 ਰੁਪਏ ਦੇ ਫੈਸਲੇ ਦਾ ਐਲਾਨ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ (ਗਾਰੰਟੀ) ਦਿੱਤੀ ਗਈ ਸੀ, ਪਰੰਤੂ ਅਜੇ ਤੱਕ ਸਰਕਾਰ ਦੇ 4 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਤੱਕ ਇਹ ਐਲਾਨ ਨਹੀਂ ਹੋਇਆ ਹੈ।

ਬੈਂਡ ਲੈ ਕੇ ਪਹੁੰਚੇ ਮੰਤਰੀ ਈਟੀਓ

ਵਿਧਾਨ ਸਭਾ ਦੇ ਬਾਹਰ ਬੈਂਡ ਲੈ ਕੇ ਪੁੱਜੇ ਮੰਤਰੀ ਹਰਭਜਨ ਸਿੰਘ ਈਟੀਓ ‘ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਿੱਖਾ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ‘ਚ ਚੰਡੀਗੜ੍ਹ ਪੁਲਿਸ ਤੇ ਰਾਜਪਾਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਖਹਿਰਾ ਨੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ

ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅੱਜ ਵਿਧਾਨ ਸਭਾ ਨੂੰ ਵੀ ਸਰਕਸ ਬਣਾ ਕੇ ਰੱਖ ਦਿੱਤਾ ਹੈ, ਪੰਜਾਬ ਸਿਰ ਕਰਜ਼ਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਐਨਕਾਊਂਟਰ ਵੱਧਦੇ ਜਾ ਰਹੇ ਹਨ ਅਤੇ ਪੰਜਾਬੀਆਂ ਨੂੰ ਬਜਟ ਤੋਂ ਵੀ ਜ਼ੀਰੋ ਉਮੀਦਾਂ ਹਨ।

ਕਾਨੂੰਨ ਵਿਵਸਥਾ ਦਾ ਜਲੂਸ ਨਿਕਲਿਆ : ਪ੍ਰਗਟ ਸਿੰਘ

ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ, “ਮੈਨੂੰ ਬਾਕੀਆਂ ਬਾਰੇ ਨਹੀਂ ਪਤਾ। ਸਰਕਾਰ ਪਹਿਲਾਂ ਹੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਟੈਂਡ ਲੈ ਚੁੱਕੀ ਹੈ। ਗੁਰਦਾਸਪੁਰ ਦੀ ਸਥਿਤੀ ਦੱਸਦੀ ਹੈ ਕਿ ਪੁਲਿਸ ਅਤੇ ਲੀਡਰਸ਼ਿਪ ਦੋਵੇਂ ਅਸਫਲ ਹੋ ਗਏ ਹਨ। ਕੋਈ ਵੀ ਅੱਗੇ ਵਧਣ ਅਤੇ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।”

ਉਨ੍ਹਾਂ ਕਿਹਾ, “ਮੈਂ ਸੁਣਿਆ ਹੈ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਹੋ ਰਹੀ ਹੈ। ਹਾਲਾਂਕਿ, ਅਕਤੂਬਰ ਤੋਂ ਦਸੰਬਰ ਤੱਕ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਨੂੰ ਉਨ੍ਹਾਂ ਦੀ ਨਿਯਮਤ ਪੈਨਸ਼ਨ ਵੀ ਨਹੀਂ ਦਿੱਤੀ ਗਈ ਸੀ। ਬਿਹਤਰ ਹੁੰਦਾ ਜੇਕਰ ਉਨ੍ਹਾਂ ਨੂੰ ਪਹਿਲਾਂ ਪੈਨਸ਼ਨ ਦਿੱਤੀ ਜਾਂਦੀ।”

ਕਾਂਗਰਸ ਨੇ ਵਿਧਾਨ ਸਭਾ ਦੀ ਮੰਗੀ ਸੁਰੱਖਿਆ

ਬਜਟ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਰਾਜਨੀਤਿਕ ਪਾਰਾ ਗਰਮ ਹੋ ਗਿਆ ਹੈ। ਪੰਜਾਬ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਨੇ ਆਮ ਆਦਮੀ ਪਾਰਟੀ (ਆਪ) ਦੇ ਮੰਤਰੀਆਂ ਅਤੇ ਵਿਧਾਇਕਾਂ ‘ਤੇ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਮਰਿਆਦਾ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਪੰਜਾਬ ਕਾਂਗਰਸ ਨੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਚੰਡੀਗੜ੍ਹ ਪੁਲਿਸ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

 

ਵੱਡੀ ਖ਼ਬਰ: ਭਾਰਤੀ ਹਵਾਈ ਸੈਨਾ ਦਾ ਜਹਾਜ਼ ਕ੍ਰੈਸ਼

 

ਵੱਡੀ ਖ਼ਬਰ: ਭਾਰਤੀ ਹਵਾਈ ਸੈਨਾ ਦਾ ਜਹਾਜ਼ ਕ੍ਰੈਸ਼

ਨਵੀਂ ਦਿੱਲੀ, 6 ਮਾਰਚ 2026-

ਵੀਰਵਾਰ ਨੂੰ ਅਸਾਮ ਦੇ ਕਾਰਬੀ ਐਂਗਲੌਂਗ ਖੇਤਰ ਵਿੱਚ ਹਵਾਈ ਸੈਨਾ ਦਾ ਇੱਕ ਸੁਖੋਈ-30 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਦੇ ਬੁਲਾਰੇ ਨੇ ਸ਼ੁੱਕਰਵਾਰ ਸਵੇਰੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਹਾਦਸਾ ਜੋਰਹਾਟ ਤੋਂ 60 ਕਿਲੋਮੀਟਰ ਦੂਰ ਹੋਇਆ। ਪਾਇਲਟ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਹਵਾਈ ਸੈਨਾ ਇੱਕ ਵਿਸ਼ਾਲ ਬਚਾਅ ਕਾਰਜ ਚਲਾ ਰਹੀ ਹੈ।

ਇਸ ਤੋਂ ਪਹਿਲਾਂ, ਹਵਾਈ ਸੈਨਾ ਨੇ ਵੀਰਵਾਰ ਦੇਰ ਰਾਤ ਐਲਾਨ ਕੀਤਾ ਸੀ ਕਿ ਇੱਕ ਸੁਖੋਈ ਲੜਾਕੂ ਜਹਾਜ਼ ਦੇ ਨਿਰਧਾਰਤ ਸਮੇਂ ਅਨੁਸਾਰ ਵਾਪਸ ਨਾ ਆਉਣ ਤੋਂ ਬਾਅਦ ਇੱਕ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਇੱਕ ਸੁਖੋਈ ਲੜਾਕੂ ਜਹਾਜ਼ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ਨੇ ਅਸਾਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਆਖਰੀ ਵਾਰ ਵੀਰਵਾਰ ਸ਼ਾਮ 7:42 ਵਜੇ ਸੰਪਰਕ ਕੀਤਾ ਗਿਆ ਸੀ।

ਦੱਸ ਦਈਏ ਕਿ, Su-30MKI ਇੱਕ ਦੋ-ਸੀਟ ਵਾਲਾ, ਮਲਟੀਰੋਲ, ਲੰਬੀ ਦੂਰੀ ਦਾ ਲੜਾਕੂ ਜਹਾਜ਼ ਹੈ ਜੋ ਰੂਸੀ ਏਰੋਸਪੇਸ ਕੰਪਨੀ ਸੁਖੋਈ ਦੁਆਰਾ ਵਿਕਸਤ ਕੀਤਾ ਗਿਆ ਹੈ। ਭਾਰਤ ਵਿੱਚ, ਇਹ ਭਾਰਤੀ ਹਵਾਈ ਸੈਨਾ ਲਈ HAL (ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ) ਦੁਆਰਾ ਲਾਇਸੈਂਸ ਅਧੀਨ ਤਿਆਰ ਕੀਤਾ ਜਾਂਦਾ ਹੈ।

ਇੱਕ ਸਥਾਨਕ ਵਿਅਕਤੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ “ਅਸੀਂ ਵੀਰਵਾਰ ਸ਼ਾਮ ਨੂੰ ਇੱਕ ਲੜਾਕੂ ਜਹਾਜ਼ ਨੂੰ ਹੇਠਾਂ ਆਉਂਦੇ ਦੇਖਿਆ। ਫਿਰ ਇੱਕ ਜ਼ੋਰਦਾਰ ਆਵਾਜ਼ ਅਤੇ ਧਮਾਕਾ ਹੋਇਆ। ਚੌਕੀਵਾਲਾ ਪੁਲਿਸ ਸਟੇਸ਼ਨ ਦੀ ਪੁਲਿਸ ਇੱਥੇ ਮੌਜੂਦ ਹੈ। ਉਹ ਹੈਲੀਕਾਪਟਰਾਂ ਨਾਲ ਭਾਲ ਕਰ ਰਹੇ ਹਨ। ਪਾਇਲਟ ਅਜੇ ਤੱਕ ਨਹੀਂ ਮਿਲਿਆ ਹੈ।”

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਭਾਰਤੀ ਹਵਾਈ ਸੈਨਾ ਕੋਲ 260 ਤੋਂ ਵੱਧ ਐਸਯੂ-30ਐਮਕੇਆਈ ਜਹਾਜ਼ ਹਨ। ਜੂਨ 2024 ਵਿੱਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਸੁਖੋਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਨਵਰੀ 2023 ਵਿੱਚ ਗਵਾਲੀਅਰ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਇੱਕ ਹੋਰ ਐਸਯੂ-30 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।

 

Book Review: ‘ਬਾਲ ਕਾਵਿ ਕਿਆਰੀ’ – ਨੰਨ੍ਹੇ ਮਨਾਂ ਦੀਆਂ ਕੋਮਲ ਭਾਵਨਾਵਾਂ ਦਾ ਸੁਨੇਹਾ

 

Book Review: ‘ਬਾਲ ਕਾਵਿ ਕਿਆਰੀ’ – ਨੰਨ੍ਹੇ ਮਨਾਂ ਦੀਆਂ ਕੋਮਲ ਭਾਵਨਾਵਾਂ ਦਾ ਸੁਨੇਹਾ

ਕਿਤਾਬ ‘ਬਾਲ ਕਾਵਿ ਕਿਆਰੀ’ ਬਾਲ ਮਨਾਂ ਨੂੰ ਸਮਰਪਿਤ ਹੈ।ਬਾਲ ਸਾਹਿਤ ਰਚਨਾ ਆਪਣੇ ਆਪ ਦੇ ਵਿਚ ਕਾਬਲੇ ਤਾਰੀਫ਼ ਉਪਰਾਲਾ ਹੈ। ਇਸ ਬਾਲ ਲਿਖਤ ਵਿੱਚ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿਦਿਆਰਥੀ ਸ਼ਾਮਿਲ ਹਨ। ਬਹੁਤ ਅੱਛੀਆਂ ਰਚਨਾਵਾਂ ਵਿਦਿਆਰਥੀਆਂ ਵੱਲੋਂ ਤਿਆਰ ਕਰਕੇ ਇਸ ਕਿਤਾਬ ਦੇ ਪੰਨਿਆਂ ਦਾ ਸ਼ਿੰਗਾਰ ਬਣਾਈਆਂ ਗਈਆਂ ਹਨ।ਜਿਸ ਦੇ ਵਿੱਚ ਵਿਦਿਆਰਥੀਆਂ ਨੇ ਵੱਖੋ ਵੱਖਰੇ ਵਿਸ਼ਿਆਂ ਨੂੰ ਛੋਹਿਆ ਹੈ। ਕਿਤੇ ਵਿਦਿਆਰਥੀ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਹਨ, ਕਿਤੇ ਪਿਆਰੀ ਮਾਂ ‘ਤੇ, ਕਿਤੇ ਗੁਰੂ ਗੋਬਿੰਦ ਸਿੰਘ ‘ਤੇ ਕਿਤੇ ਸਬਜ਼ੀਆਂ ਦੇ ਉੱਪਰ ਕਿਤੇ ਤਿਤਲੀ ਕਿਤੇ ਪਿਤਾ, ਦਾਦਾ ਦਾਦੀ,ਮਾਂ ,ਗਿਆਨ ਵਿਗਿਆਨ ਆਦਿ ਵਿਸ਼ਿਆਂ ਉੱਪਰ ਵਿਦਿਆਰਥੀਆਂ ਨੇ ਬਹੁਤ ਰਚਨਾਵਾਂ ਰਚੀਆਂ ਹਨ ਜੋ ਬਾਖੂਬੀ ਨਿੱਕੇ-ਨਿੱਕੇ ਮਨਾਂ ਦਾ ਸੁਨੇਹਾ ਦਿੰਦੀਆਂ ਹਨ।ਇਹਨਾਂ ਦੀਆਂ ਕਾਵਿ ਸਤਰਾਂ ਬਾਲ ਨਿਆਣਿਆਂ ਦੀਆਂ ਤੜਾਗੀਆਂ ਵਰਗੀਆਂ ਹਨ।ਇਨਾ ਕਾਵਿ ਸਤਰਾਂ ਵਿੱਚੋਂ ਬੱਚਿਆਂ ਦੇ ਤੋਤਲੇ ਅਲਫਾਜ਼ਾਂ ਦੇ ਤਰਾਸ਼ਣ ਦੀ ਮਹਿਕ ਆਉਂਦੀ ਹੈ।

ਕਿਤਾਬ ਬਾਲ ਕਾਵਿ ਕਿਆਰੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਮੋਬਾਇਲ ਫੋਨਾ ਦਾ ਬੋਲਬਾਲਾ ਹੈ ਉੱਥੇ ਵਿਦਿਆਰਥੀਆਂ ਨੂੰ ਬਾਲ ਸਹਿਤ ਦੇ ਨਾਲ ਜੋੜਨਾ ਬਹੁਤ ਜਿਆਦਾ ਜ਼ਰੂਰੀ ਹੈ। ਇਹਨਾਂ ਦੇ ਕੋਮਲ ਮਨ ਅੱਛੇ ਵਿਸ਼ਿਆਂ ਦੇ ਉੱਪਰ ਕਾਵਿ ਲੜੀਆਂ ਜੋੜਨ ਅਤੇ ਨਵੇਂ ਸੁਨੇਹੇ ਸਾਡੇ ਸਮਾਜ ਨੂੰ ਦੇਣ ਦੇ ਸਮਰੱਥ ਹਨ।

ਇਸ ਕਿਤਾਬ ਦੇ ਮੁੱਖ ਸੰਪਾਦਕ ਪ੍ਰਿੰਸੀਪਲ ਬਹਾਦਰ ਸਿੰਘ ਗੌਸਲ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ਕਿਉਂਕਿ ਇਹਨਾਂ ਦੁਆਰਾ ਸਾਹਿਤਿਕ ਖੇਤਰ ਦੇ ਵਿੱਚ 117 ਤੋਂ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਜੋ ਇੱਕ ਯੁੱਗ ਪੁਰਸ਼ ਹੋਣ ਦੀ ਹਾਂਮੀ ਭਰਦੀਆਂ ਹਨ। ਪ੍ਰਿੰਸੀਪਲ ਗੋਸਲ ਵਿਸ਼ਵ ਪੰਜਾਬੀ ਪ੍ਰਸਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਵੀ ਹਨ। ਜੋ ਸਮੇਂ-ਸਮੇਂ ਤੇ ਬੜੇ ਕਾਬਲੇ ਤਾਰੀਫ ਕੰਮ ਸਮਾਜ ਭਲਾਈ ਨੂੰ ਲੈ ਕੇ ਕਰ ਰਹੇ ਹਨ। ਸਾਹਿਤ ਰਚਨਾ ਕਰਨਾ ਆਪਣੇ ਆਪ ਵਿੱਚ ਕਾਬਲੇ ਤਾਰੀਫ ਉਪਰਾਲਾ ਹੈ ਜੋ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਕੋਈ ਖਾਸ ਰੱਬੀ ਰੂਹਾਂ ਹੁੰਦੀਆਂ ਹਨ ਜਿਨਾਂ ਦੁਆਰਾ ਇਹ ਰਚਿਤ ਹੁੰਦਾ ਹੈ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਬਣਦਾ ਹੈ।

ਮੈਡਮ ਬਲਜਿੰਦਰ ਕੌਰ ਸ਼ੇਰ ਗਿੱਲ ਕਿਤਾਬ ‘ਬਾਲ ਕਾਵਿ ਕਿਆਰੀ’ ਦੇ ਸਹਿ ਸੰਪਾਦਕ ਹਨ। ਇਹਨਾਂ ਦੀਆਂ ਦੋ ਕਿਤਾਬਾਂ ਆਖਿਰ ਕਦੋਂ ਤੱਕ ਅਤੇ ਦੂਜੀ ਕਿਤਾਬ ਸੋਚ ਤੋਂ ਸੱਚ ਤੱਕ (ਬਾਲ ਕਾਵਿ ਸੰਗ੍ਰਹਿ) ਪ੍ਰਕਾਸ਼ਤ ਹੋ ਚੁੱਕੀਆਂਂ ਹਨ। ਮੈਡਮ ਬਲਜਿੰਦਰ ਕੌਰ ਵੱਲੋਂ ਕਈ ਸਾਂਝੀਆਂ ਪੁਸਤਕਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਮੈਡਮ ਬਹੁਤ ਮਿਹਨਤੀ ਚੰਗੇ ਸੁਭਾਅ ਦੇ ਮਾਲਕ ਹਨ। ਜਿਨਾਂ ਨੇ ਬੱਚਿਆਂ ਦੇ ਉੱਜਲ ਭਵਿੱਖ ਦੇ ਲਈ ਕਿਤਾਬ ਬਾਲ ਕਾਵਿ ਕਿਆਰੀ ਪ੍ਰਕਾਸ਼ਿਤ ਕਰਵਾਉਣ ਦਾ ਸੋਚਿਆ,ਸਮਝਿਆ ਅਤੇ ਅਮਲ ‘ਚ ਲਿਆਂਦਾ। ਇਸ ਦੇ ਵਿੱਚ ਇਹਨਾਂ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਬਾਲ ਰਚਨਾਵਾਂ ਇਕੱਠੀਆਂ ਕੀਤੀਆਂ ਜੋ ਇਸ ਕਿਤਾਬ ਬਾਲ ਕਾਵਿ ਕਿਆਰੀ ਦੇ ਪੰਨਿਆਂ ਦਾ ਸ਼ਿੰਗਾਰ ਬਣੀਆਂ। ਵਿਦਿਆਰਥੀਆਂ ਦੁਆਰਾ ਬੜੇ ਨਿੱਕੇ-ਨਿੱਕੇ ਵਿਸ਼ਿਆਂ ਦੇ ਉੱਪਰ ਕਾਬਲੇ ਤਾਰੀਫ ਢੰਗ ਦੇ ਨਾਲ ਸਤਰਾਂ ਲਿਖੀਆਂ ਗਈਆਂ ਹਨ ਜਿਨਾਂ ਦਾ ਸਿਹਰਾ ਇਹਨਾਂ ਦੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਜਾਂਦਾ ਹੈ,ਇਹਨਾਂ ਦੇ ਗਾਈਡ ਅਧਿਆਪਕਾਂ ਨੂੰ ਜਾਂਦਾ ਹੈ।ਜਿਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਇਹ ਬਾਲ ਮਨਾਂ ਨੂੰ ਪ੍ਰੇਰਿਆ। ਉਹਨਾਂ ਦੇ ਵਿੱਚ ਸ਼ਬਦਾਂ ਦਾ ਸੰਚਾਰ ਕੀਤਾ ਅਤੇ ਉਹਨਾਂ ਨੂੰ ਇਹ ਬਾਲ ਸਹਿਤ ਰਚਣ ਦੇ ਸਮਰੱਥ ਬਣਾਇਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਦਿਆਰਥੀ ਚੰਗੇ ਸਾਹਿਤਕਾਰ ਵਜੋਂ ਇਹ ਸਮਾਜ ਦੀ ਸੇਵਾ ਕਰਦੇ ਨਜ਼ਰ ਆਉਣਗੇ,ਕਿਉਂਕਿ ਆਉਣ ਵਾਲੀ ਪੀੜੀ ਦੇ ਨਰਿੰਦਰ ਕਪੂਰ, ਅੰਮ੍ਰਿਤਾ ਪ੍ਰੀਤਮ,ਨਾਨਕ ਸਿੰਘ ਵਰਗੇ ਸਾਹਿਤਕਾਰ ਆਉਣ ਵਾਲੇ ਸਮੇਂ ਵਿੱਚ ਸਾਡੇ ਬਾਲ ਲਿਖਾਰੀਆਂ ਦੇ ਵਿੱਚੋਂ ਹੀ ਦੇਖੇ ਜਾ ਸਕਣਗੇ।ਜੋ ਸਮਾਜ ਨੂੰ ਸਮੇਂ ਸਮੇਂ ਤੇ ਬਣਦੀ ਸੇਧ ਦੇਣਗੇ। ਸੋ ਕਿਤਾਬ ਬਾਲ ਕਾਵਿ ਕਿਆਰੀ ਦੀ ਜਿੰਨੀ ਸਲਾਹਣਾ ਕੀਤੀ ਜਾਵੇ ਉਨੀ ਘੱਟ ਹੈ। ਕਿਉਂਕਿ ਜਿੱਥੇ ਕਿਤਾਬ ਅੰਦਰੋਂ ਇਨੀਆਂ ਸੁਹਜਮਈ ਰਚਨਾਵਾਂ ਦਾ ਸੁਨੇਹਾ ਦਿੰਦੀ ਹੈ।ਉੱਥੇ ਬਾਹਰੋਂ ਵੀ ਕਾਬਲੇ ਤਾਰੀਫ ਖਿੱਚ ਭਰਪੂਰ ਨਜ਼ਾਰਾ ਪੇਸ਼ ਕਰਦੀ ਹੈ, ਜਿਸ ਦਾ ਸਿਹਰਾ ਇਸ ਕਿਤਾਬ ਦੇ ਪਬਲਿਸ਼ਰਜ਼ ਨੂੰ ਜਾਂਦਾ ਹੈ। ਸਰਦਾਰ ਤਰਲੋਚਨ ਸਿੰਘ ਜੋ ਇੱਕ ਮੰਨੇ ਪਰਮੰਨੇ ਪ੍ਰਕਾਸ਼ਿਤ ਕਰਤਾ ਹਨ। ਉਹਨਾਂ ਵੱਲੋਂ ਇਸ ਕਿਤਾਬ ਦੀ ਰੂਪ ਰੇਖਾ ਅੰਦਰੋਂ ਤੇ ਬਾਹਰੋਂ ਬੜੇ ਕਾਬਲ ਤਰੀਕੇ ਦੇ ਨਾਲ ਸਮਾਜ ਦੇ ਸਾਹਮਣੇ ਕੀਤੀ ਗਈ ਹੈ। ਜੋ ਕਿ ਬਹੁਤ ਅੱਛਾ ਹੁੰਗਾਰਾ ਦਿੰਦੀ ਹੈ, ਕਿਉਂਕਿ ਜੇਕਰ ਇੱਕ ਕਿਤਾਬ ਖਿੱਚ ਭਰਪੂਰ ਨਹੀਂ ਹੋਏਗੀ ਤਾਂ ਵਿਦਿਆਰਥੀਆਂ ਦੇ ਮਨਾਂ ਨੂੰ ਕਿਸ ਤਰ੍ਹਾਂ ਖਿੱਚੇਗੀ। ਇਹ ਵੀ ਇਸ ਦੇ ਵਿੱਚ ਬਾਖੂਬੀ ਦੇਖਿਆ ਗਿਆ ਹੈ ਇਸ ਦੇ ਉੱਪਰ ਦਿੱਤੀ ਗਈ ਤਸਵੀਰ ਵਿਦਿਆਰਥੀਆਂ ਦੀ ਹੈ ਅਤੇ ਇਸ ਵਿੱਚ ਹੋਰ ਵੀ ਅੱਛੀ ਗੱਲ ਹੈ ਕਿ ਉਹ ਸਕੂਲ ਨੂੰ ਜਾਂਦੇ ਦਿਖਾਏ ਗਏ ਹਨ। ਜੋ ਇੱਕ ਐਜੂਕੇਸ਼ਨ ਦੇ ਨਾਲ ਜੁੜਨ ਦਾ ਸੁਨੇਹਾ ਦਿੰਦੇ ਹਨ। ਸੋ ਇਸ ਤਰ੍ਹਾਂ ਦੀ ਕਾਬਲ ਡਾਇਗ੍ਰਾਮ ਕਿਤਾਬ ਦੇ ਉੱਪਰਲੇ ਪੰਨੇ ਉੱਪਰ ਹੋਣਾ ਆਪਣੇ ਆਪ ਵਿੱਚ ਅੱਛੇ ਸੁਨੇਹੇ ਦਾ ਪ੍ਰਤੀਕ ਹੈ।

ਡਾਕਟਰ ਰਵਿੰਦਰ ਸਿੰਘ ਲੁਬਾਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨਾ ਦਾ ਮਾਰਗ ਦਰਸ਼ਨ ਵੀ ਸਮੇਂ ਸਮੇਂ ‘ਤੇ ਕਿਤੇ ਨਾ ਕਿਤੇ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਹਨਾਂ ਦੁਆਰਾ ਕਹੇ ਬੋਲ, “ਬੱਚੇ ਦਾ ਚੰਚਲ ਮਨ ਜੋ ਵੀ ਮਹਿਸੂਸ ਕਰਦਾ ਹੈ ਉਸੇ ਭਾਵਨਾ ਦਾ ਪ੍ਰਦਰਸ਼ਨ ਆਪਣੀ ਕਲਾ ਰਾਹੀਂ ਸਹਿਜੇ ਹੀ ਕਰ ਜਾਂਦਾ ਹੈ। ਬੇਸ਼ਕ ਉਸ ਵਿੱਚੋਂ ਵਿਵੇਕ ਘੱਟ ਹੋਵੇਗਾ ਪਰ ਸੁਭਾਵਿਕਤਾ ਅਤੇ ਆਪ ਮੁਹਾਰਾਪਣ ਸਹਿਜੇ ਹੀ ਝਲਕ ਜਾਵੇਗਾ।” ਅਨੁਸਾਰ ਵੱਡੇ ਤੋਂ ਬੱਚੇ ਤੱਕ ਦਾ ਸਫਰ ਕਰਕੇ ਬੱਚੇ ਤੋਂ ਵੀ ਹੇਠਾਂ ਜਾ ਕੇ ਸੋਚਣ ਵਾਲੀ ਗੱਲ ਦੀ ਹਾਮੀ ਭਰਦਾ ਹੈ। ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਕਾਰ ਵਿਹਾਰ ਹੋਏਗਾ ਅਸੀਂ ਉਸੇ ਤਰ੍ਹਾਂ ਦੀ ਸੋਚ ਦੇ ਮਾਲਕ ਹੋਵਾਂਗੇ ਇਥੋਂ ਪਤਾ ਚਲਦਾ ਹੈ ਕਿ ਇਹਨਾਂ ਦਾ ਬੱਚਿਆਂ ਦੇ ਨਾਲ ਕਿੰਨਾ ਗਹਿਰਾ ਪਿਆਰ ਹੈ ਜੋ ਇਹਨਾਂ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਇਹਨਾਂ ਅਨੁਸਾਰ ਅੱਜ ਦੇ ਬਾਲ ਲਿਖਾਰੀ ਕੱਲ੍ਹ ਦੇ ਅੱਛੇ ਵਿਦਵਾਨ ਹੋ ਨਿਬੜਨਗੇ। ਜੋ ਸਮਾਜ ਨੂੰ ਅੱਛੀ ਸੇਧ ਦੇਣਗੇ ਸਮਾਜ ਨੂੰ ਤਰਾਸ਼ਣਗੇ ਅਤੇ ਕਿਤੇ ਨਾ ਕਿਤੇ ਇਹਨਾਂ ਵਿਦਿਆਰਥੀਆਂ ਨੂੰ ਤਰਾਸ਼ਨ ਵਾਲਿਆਂ ਦਾ ਨਾਮ ਵੀ ਆਏਗਾ। ਸੋ ਡਾਕਟਰ ਰਵਿੰਦਰ ਸਿੰਘ ਲੁਬਾਣਾ ਕਾਫੀ ਸੂਝਵਾਨ ਪੜੇ ਲਿਖੇ ਬੱਚਿਆਂ ਦੇ ਨਾਲ ਦਿਲੋਂ ਜੁੜੇ ਹੋਏ ਇਨਸਾਨ ਹਨ।

ਕੋਮਲ ਮਨਾਂ ਦਾ ਪ੍ਰਤੀਕ ਇਹ ਕਿਤਾਬ ਬਾਲ ਕਾਵਿ ਕਿਆਰੀ ਜਿੱਥੇ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਵਿੱਚ ਸੰਜੋਈ ਬੈਠੀ ਹੈ। ਉਥੇ ਸਾਡੇ ਸੰਗਰੂਰ ਜਿਲ੍ਹੇ ਦੇ ਪਿੰਡ ਜਖੇਪਲਵਾਸ,ਜਖੇਪਲ ਦੇ ਛੇ ਵਿਦਿਆਰਥੀ( ਖੁਸ਼ਪ੍ਰੀਤ ਕੌਰ, ਪ੍ਰਭਜੋਤ ਕੌਰ,ਏਕਮਜੋਤ ਕੌਰ, ਜਸ਼ਨਦੀਪ ਕੌਰ,ਹਰਸਿਮਰਤ ਕੌਰ ਅਤੇ ਅਰਸ਼ਦੀਪ ਸਿੰਘ ) ਵੀ ਇਸ ਵਿੱਚ ਆਪਣਾ ਹਿੱਸਾ ਪਾ ਚੁੱਕੇ ਹਨ ਜਿਨਾਂ ਨੇ ਵੱਖ ਵੱਖ ਵਿਸ਼ਿਆਂ ਉੱਪਰ ਆਪਣੀਆਂ ਨੰਨੀਆਂ ਰਚਨਾਵਾਂ ਲਿਖੀਆਂ ਹਨ। ਜੋ ਸਾਡੇ ਪੰਜਾਬ ਦੇ ਵਿਦਿਆਰਥੀਆਂ ਨੂੰ ਸੇਧ ਦੇਣ ਦੇ ਸਮਰੱਥ ਹਨ। ਇਹ ਵਿਦਿਆਰਥੀਆਂ ਦੀ ਇੱਕ ਸਾਂਝੀ ਕਿਤਾਬ ਜਿਸ ਦੇ ਵਿੱਚ 35 ਬਾਲ ਲਿਖਾਰੀ ਸ਼ਾਮਿਲ ਹਨ ‘ਤਾਰਿਆਂ ਦੀ ਝਿਲਮਿਲ’ ਵੀ ਪਿੱਛੇ ਜਨਵਰੀ 2026 ਵਿੱਚ ਲੋਕ ਅਰਪਣ ਕੀਤੀ ਜਾ ਚੁੱਕੀ ਹੈ। ਜੋ ਸਾਡੇ ਜਖੇਪਲਵਾਸ ਪ੍ਰਾਇਮਰੀ ਸਕੂਲ ਵੱਲੋਂ ਕਾਬਲੇ ਤਾਰੀਫ ਉਪਰਾਲਾ ਹੈ।

ਕਿਤਾਬ ‘ਬਾਲ ਕਾਵਿ ਕਿਆਰੀ’ ਜਿੱਥੇ ਬਾਹਰੋਂ ਆਕਰਸ਼ਕ ਹੈ ਉੱਥੇ ਹੀ ਇਸ ਦੇ ਅੰਦਰਲੇ ਸਫੇ ਵੀ ਅੱਛੇ ਸਹੱਪਣ ਦਾ ਬਿਆਨ ਕਰਦੇ ਹਨ ਕਿਉਂਕਿ ਬਾਲ ਲਿਖਾਰੀਆਂ ਦੀ ਹਰ ਲਿਖਤ ਦੇ ਨਾਲ ਉਹਨਾਂ ਦੀ ਇੱਕ ਆਕਰਸ਼ਕ ਤਸਵੀਰ ਦਿੱਤੀ ਗਈ ਹੈ। ਜਿਨਾਂ ਬਾਲ ਲਿਖਾਰੀਆਂ ਦੀ ਆਕਰਸ਼ਕ ਤਸਵੀਰ ਕਿਸੇ ਖਾਸ ਕਾਰਨ ਕਰਕੇ ਨਹੀਂ ਮਿਲੀ। ਉਹਨਾਂ ਬਾਲ ਰਚਨਾਵਾਂ ਦੇ ਉੱਪਰ ਲਿਖਤ ਦੇ ਨਾਲ ਢੁਕਦੀ ਤਸਵੀਰ ਦੇ ਕੇ ਕਿਤਾਬ ਨੂੰ ਬੜਾ ਆਕਰਸ਼ਕ ਢੰਗ ਨਾਲ ਤਿਆਰ ਕੀਤਾ ਗਿਆ ਹੈ ਜੋ ਬੱਚਿਆਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਅਜਿਹੀਆਂ ਕਿਤਾਬਾਂ ਦੀ ਸਾਡੇ ਸਮਾਜ ਨੂੰ ਸਾਡੇ ਬਾਲ ਲਿਖਾਰੀਆਂ ਨੂੰ ਸਾਡੇ ਪੰਜਾਬ ਦੇ ਸਕੂਲਾਂ ਨੂੰ ਬੜੀ ਅਹਿਮ ਲੋੜ ਹੈ। ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਾਲ ਲਿਖਾਰੀਆਂ ਦੇ ਵਿੱਚ ਵਾਧਾ ਹੋ ਸਕਦਾ ਹੈ। ਕਿਤਾਬ ਬਾਲ ਕਾਵਿ ਕਿਆਰੀ ਪਿਛਲੇ ਦਿਨੀ ‘ਨਵਾਂ ਪੰਦ ਨਵੀਂ ਸੋਚ’ ਸੰਸਥਾ ਵੱਲੋਂ ਅਤੇ ਪੰਜਾਬੀ ਵਿਸ਼ਵ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਲੋਕ ਅਰਪਣ ਕੀਤੀ ਗਈ ਹੈ। ਇਸ ਦੇ ਵਿੱਚ ਜੋ ਵੀ ਮੈਂਬਰ ਸ਼ਾਮਿਲ ਹਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ, ਮੈਡਮ ਬਲਜਿੰਦਰ ਕੌਰ ਸ਼ੇਰ ਗਿੱਲ, ਡਾ. ਰਵਿੰਦਰ ਸਿੰਘ ਲਬਾਣਾ, ਸ. ਸੁਰਜੀਤ ਸਿੰਘ ਧੀਰ,ਵਿੰਦਰ ਮਾਝੀ (ਨਵਾਂ ਪੰਧ ਨਵੀ ਸੋਚ) ਸੰਸਥਾ ਮੁਹਾਲੀ ਦੇ ਜਨਰਲ ਸਕੱਤਰ, ਮਲਕੀਤ ਸਿੰਘ ਸੈਣੀ ਡਾਇਰੈਕਟਰ ਚੰਡੀਗੜ੍ਹ ਅਤੇ ਜੋ ਵੀ ਮੈਂਬਰ ਹੋਰ ਇਸ ਕਿਤਾਬ ਦੇ ਲਈ ਉਪਰਾਲਿਆਂ ਦੇ ਵਿੱਚ ਜੁੱਟੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਉਪਰਾਲੇ ਕਰਨ ਦੀ ਇਹਨਾਂ ਤੋਂ ਮੰਗ ਕਰਦਾ ਹਾਂ ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਇਹ ਕਾਰਵਾਂ ਹੈ ਦਿਨੋ ਦਿਨ ਵਧੇ ਫੁੱਲੇ ਅਤੇ ਸਾਡੇ ਪੰਜਾਬ ਵਰਗੇ ਸੂਬੇ ਨੂੰ ਬੁਲੰਦੀਆਂ ਤੱਕ ਲੈ ਕੇ ਜਾਵੇ।

ਮਾ.ਪ੍ਰਗਟ ਸਿੰਘ ਮਹਿਤਾ

ਧਰਮਗੜ੍ਹ (ਸੰਗਰੂਰ)

ਮੋ. 9878488796

 

Punjab News: ਮੁੜ ਬਹਾਲ ਕੱਚੇ ਅਧਿਆਪਕਾਂ ਵੱਲੋਂ 8 ਮਾਰਚ ਨੂੰ ਮੁੱਖ ਮੰਤਰੀ ਦੀ ‘ਸਤੌਜ’ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ

 

Punjab News: ਮੁੜ ਬਹਾਲ ਕੱਚੇ ਅਧਿਆਪਕਾਂ ਵੱਲੋਂ 8 ਮਾਰਚ ਨੂੰ ਮੁੱਖ ਮੰਤਰੀ ਦੀ ‘ਸਤੌਜ’ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ

“ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਨੇ ਸਿੱਖਿਆ ਮੰਤਰੀ”- ਵਿਕਾਸ ਸਾਹਨੀ

ਮਾਨਸਾ, 6 ਮਾਰਚ 2026

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ। ਇਸ ਦੇ ਰੋਸ ਵਜੋਂ 8 ਮਾਰਚ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਸੂਬਾ ਪ੍ਰਧਾਨ ਅਨੁਸਾਰ, 15 ਜੂਨ ਨੂੰ ਫਿਲੌਰ ਵਿਖੇ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ 15 ਦਿਨਾਂ ਦੇ ਅੰਦਰ ਬਹਾਲੀ ਦਾ ਪ੍ਰੋਸੈਸ ਪੂਰਾ ਕਰਨ ਦੇ ਹੁਕਮ ਦਿੱਤੇ ਸਨ। ਪਰ 8 ਮਹੀਨੇ ਬੀਤ ਜਾਣ ‘ਤੇ ਵੀ ਸਿੱਖਿਆ ਮੰਤਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਯੂਨੀਅਨ ਦੀ ਮੰਗ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਸਮੂਹ ਵਲੰਟੀਅਰਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਸ਼ਰਤ ਦੇ ਤੁਰੰਤ ਬਹਾਲ ਕੀਤਾ ਜਾਵੇ।

ਮਾਨਸਾ ਵਿਖੇ ਹੋਈ ਮੀਟਿੰਗ ਵਿੱਚ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਣਗੜ੍ਹ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ, ਵੀਰਪਾਲ ਕੌਰ ਅਤੇ ਹੋਰ ਆਗੂਆਂ ਨੇ ਸਮੂਹ ਸਾਥੀਆਂ ਨੂੰ 8 ਮਾਰਚ ਨੂੰ ਵੱਡੀ ਗਿਣਤੀ ਵਿੱਚ ਸਤੌਜ ਪਹੁੰਚਣ ਦੀ ਅਪੀਲ ਕੀਤੀ ਹੈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ, “ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਮਾਨ ਸਰਕਾਰ ਦੇ ਰਾਜ ਵਿੱਚ ਸਿੱਖਿਆ ਮੰਤਰੀ ਦੀਆਂ ਮਨਮਾਨੀਆਂ ਕਾਰਨ ਅਧਿਆਪਕ ਸੜਕਾਂ ‘ਤੇ ਰੁਲਣ ਲਈ ਮਜਬੂਰ ਹਨ।”

 

ਬਜਟ ਦੀ ਘਾਟ ਕਾਰਨ ਅਧਿਆਪਕ ਤਨਖ਼ਾਹਾਂ ਤੋਂ ਵਾਂਝੇ; ETU ਵੱਲੋਂ 13 ਮਾਰਚ ਤੋਂ ਪੱਕੇ ਧਰਨੇ ਦਾ ਐਲਾਨ

 

ਬਜਟ ਦੀ ਘਾਟ ਕਾਰਨ ਅਧਿਆਪਕ ਤਨਖ਼ਾਹਾਂ ਤੋਂ ਵਾਂਝੇ; ETU ਵੱਲੋਂ 13 ਮਾਰਚ ਤੋਂ ਪੱਕੇ ਧਰਨੇ ਦਾ ਐਲਾਨ

ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਅਧਿਆਪਕਾਂ ਦੀ ਤਨਖ਼ਾਹ ਲਈ ਲੋੜੀਂਦਾ ਬਜ਼ਟ ਜਾਰੀ ਕਰਨ ਦੀ ਮੰਗ

ਬਜ਼ਟ ਨਾ ਮਿਲਣ ਦੇ ਰੋਸ ਵਜੋਂ ਧਰਨੇ ਦਾ ਦਿੱਤਾ ਅਗਾਊਂ ਨੋਟਿਸ

ਜਲੰਧਰ, 5 ਮਾਰਚ 2026- 

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਵੱਲੋਂ ਸੂਬਾ ਸਰਕਾਰ ਤੋਂ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਲਈ ਲੋੜੀਂਦਾ ਬਜ਼ਟ ਤੁਰੰਤ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।

ਜਥੇਬੰਦੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱ:) ਜਲੰਧਰ ਮੈਡਮ ਹਰਜਿੰਦਰ ਕੌਰ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਦੇ ਕੁੱਝ ਬਲਾਕਾਂ ਦੇ ਅਧਿਆਪਕਾਂ ਨੂੰ ਫਰਵਰੀ 2026 ਦੀ ਤਨਖ਼ਾਹ ਜਾਰੀ ਨਾ ਹੋਣ ਬਾਰੇ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱ:) ਜਲੰਧਰ ਨੇ ਦੱਸਿਆ ਕਿ ਤਨਖ਼ਾਹਾਂ ਲਈ ਲੋੜੀਂਦਾ ਬਜ਼ਟ ਨਾ ਹੋਣ ਕਾਰਨ ਜਾਰੀ ਨਹੀਂ ਹੋ ਸਕੀਆਂ। ਇਸ ਮੀਟਿੰਗ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱ:) ਮੁਨੀਸ਼ ਸ਼ਰਮਾ ਅਤੇ ਦਫ਼ਤਰ ਤੋਂ ਸਬੰਧਤ ਜੂਨੀਅਰ ਸਹਾਇਕ ਦੀਪਕ ਸਿੱਧੂ ਮੌਜੂਦ ਸਨ।

ਜਥੇਬੰਦੀ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਲੋੜੀਂਦਾ ਬਜ਼ਟ ਜਾਰੀ ਨਾ ਹੋਣ ਦੀ ਸੂਰਤ ਵਿੱਚ ਰੋਸ ਵਜੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਉਪਰੰਤ ਮਿਤੀ 13 ਮਾਰਚ 2026 ਤੋਂ ਬਾਅਦ ਦੁਪਹਿਰ ਲਗਾਤਾਰ ਅਣਮਿੱਥੇ ਸਮੇਂ ਲਈ ਪੰਜਾਬ ਸਰਕਾਰ ਵਿਰੁੱਧ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸਿੱ:) ਜਲੰਧਰ ਵਿਖੇ ਧਰਨਾ ਦਿੱਤਾ ਜਾਵੇਗਾ।

ਇਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਧੀਰਜ ਡੋਗਰਾ, ਸੋਨੂੰ ਭਗਤ, ਰਜਿੰਦਰ ਕੁਮਾਰ (ਦੋਵੇਂ ਮੀਤ ਪ੍ਰਧਾਨ) ਨਵੀਨ ਸ਼ਰਮਾ, ਪੰਕਜ ਧੂਰੀਆ (ਦੋਵੇਂ ਸਹਾਇਕ ਜਥੇਬੰਦਕ ਸਕੱਤਰ) ਹਰਪਾਲ ਸਿੰਘ, ਜਗਸੀਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।