DTF ਪੰਜਾਬ ਦੀ ਸੂਬਾਈ ਮੀਟਿੰਗ ਚ ਲਏ ਗਏ ਵੱਡੇ ਫੈਸਲੇ! ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

On: ਜੂਨ 29, 2026 10:53 ਬਾਃ ਦੁਃ

 

DTF ਪੰਜਾਬ ਦੀ ਸੂਬਾਈ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ! ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਪੁਰਾਣੀ ਪੈਨਸ਼ਨ ਅਤੇ ਡੀ ਏ ਸਮੇਤ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰੇ ਸਰਕਾਰ-ਡੀ. ਟੀ. ਐਫ਼.

ਪੰਜਾਬ ਨੈੱਟਵਰਕ 

ਜਲੰਧਰ, 29 ਜੂਨ 2026

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ।

ਇਸ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਦਸਦੇ ਹੋਏ ਡੀ ਟੀ ਐਫ਼ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ,ਸਾਂਝਾ ਮੁਲਜ਼ਮ ਮੰਚ ਅਤੇ ਆਜ਼ਾਦ ਜਥੇਬੰਦੀਆਂ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਹੋਈ ਏਕਤਾ ਦੇ ਅਧਾਰ ‘ਤੇ ਲਏ ਫੈਸਲਿਆਂ ਅਨੁਸਾਰ 01 ਜੁਲਾਈ ਤੋ 10 ਜੁਲਾਈ ਵਿਚਕਾਰ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਰੋਸ ਧਰਨਿਆਂ ਅਤੇ 17 ਜੁਲਾਈ ਨੂੰ ਮੋਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਮਹਾਂ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ।

ਆਗੂਆਂ ਨੇ ਦੱਸਿਆ ਕਿ ਅਗਸਤ ਮਹੀਨੇ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਭਰਾਤਰੀ ਅਧਿਆਪਕ ਜਥੇਬੰਦੀਆਂ ਨਾਲ ਮਿਲ ਕੇ ਸੰਗਰੂਰ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਕਰਨ ਦਾ ਫ਼ੈਸਲਾ ਵੀ ਅੱਜ ਦੀ ਮੀਟਿੰਗ ਵਿੱਚ ਹੋਇਆ।

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਾਨ ਗਵਾਉਣ ਵਾਲੇ ਮੋਗਾ ਦੇ ਅਧਿਆਪਕ ਜੋੜੇ ਜਸਕਰਨ ਅਤੇ ਕਮਲਜੀਤ ਦੀ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਕਰਕੇ ਡੀ ਟੀ ਐਫ਼ ਵੱਲੋਂ ਭਰਾਤਰੀ ਅਧਿਆਪਕ ਜਥੇਬੰਦੀਆਂ ਨਾਲ ਸਲਾਹ ਕਰਕੇ ਅਧਿਆਪਕਾਂ ਦੇ ਸਹਿਯੋਗ ਨਾਲ ਜਸਕਰਨ ਅਤੇ ਕਮਲਜੀਤ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਫ਼ੈਸਲਾ ਵੀ ਹੋਇਆ। ਮੀਟਿੰਗ ਦੌਰਾਨ ਆਗੂਆਂ ਨੇ ਲੈਕਚਰਾਰ ਭਰਤੀ ਦੀਆਂ ਪੋਸਟਾਂ ਵਿੱਚ ਰਿਜ਼ਰਵੇਸ਼ਨ ਅਨੁਸਾਰ ਪੋਸਟਾਂ ਨਾ ਦੇਣ ਦਾ ਸਪਸ਼ਟੀਕਰਨ ਵੀ ਮੰਗਿਆ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ਤੋ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਹੇਠ ਲਿਖੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। 1972 ਨਿਯਮਾ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 18% ਪੈਂਡਿੰਗ ਦਾ ਤੁਰੰਤ ਜ਼ਾਰੀ ਕੀਤਾ ਜਾਵੇ। 2020 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਪੁਰਾਣੇ ਪੰਜਾਬ ਸਕੇਲ ਲਾਗੂ ਕੀਤੇ ਜਾਣ। ਪੇਂਡੂ ਭੱਤੇ ਸਮੇਤ 37 ਭੱਤੇ ਬਹਾਲ ਕੱਟੇ ਭੱਤੇ ਬਹਾਲ ਕੀਤੇ ਜਾਣ। ਪੇ ਕਮਿਸ਼ਨ ਦੀ ਸਿਫਾਰਿਸ਼ ਕੀਤੀ 3-7-11-15 ਦੀ ACP ਸਕੀਮ ਬਹਾਲ ਕੀਤੀ ਜਾਵੇ।

ਕੰਪਿਊਟਰ ਅਧਿਆਪਕ, ਕੱਚੇ ਅਧਿਆਪਕ, ਮੈਰੀਟੋਰੀਅਸ ਅਧਿਆਪਕ ਅਤੇ ਐੱਨ ਐੱਸ ਕਿਉ ਐਫ਼ ਅਧਿਆਪਕ ਨੂੰ ਪੂਰੇ ਸਕੇਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਪ੍ਰੋਬੇਸ਼ਨ ਦੌਰਾਨ ਬੇਸਿਕ ਪੇ ਦੇਣ ਦਾ ਫ਼ੈਸਲਾ ਵਾਪਿਸ ਲਿਆ ਜਾਵੇ। 200 ਰੁਪਏ ਵਿਕਾਸ ਟੈਕਸ ਕੱਟਣਾ ਬੰਦ ਕੀਤਾ ਜਾਵੇ। ਅਧਿਆਪਕਾਂ ਨੂੰ ਐੱਸ ਆਈ ਆਰ , ਜਨ ਗਣਨਾ, ਡਰੱਗ ਜਨ ਗਣਨਾ, ਮਾਵਾਂ ਧੀਆਂ ਸਤਿਕਾਰ ਯੋਜਨਾ ਵਿੱਚ ਡਿਊਟੀਆਂ ਤੋ ਫਾਰਗ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦਾ ਮੌਕਾ ਦਿੱਤਾ ਜਾਵੇ।

ਇਸ ਮੌਕੇ ਬਲਜਿੰਦਰ ਸਿੰਘ ਬਠਿੰਡਾ,ਦਾਤਾ ਸਿੰਘ ਨਮੋਲ ਸੰਗਰੂਰ ,ਹਰਭਗਵਾਨ ਗੁਰਨੇ ਸੰਗਰੂਰ , ਸੁਖਵਿੰਦਰ ਘੋਲੀਆ ਮੋਗਾ ,ਚਰਨਜੀਤ ਕਪੂਰਥਲਾ, ਸੁਖਵਿੰਦਰ ਪ੍ਰੀਤ ਜਲੰਧਰ, ਬਲਰਾਮ ਸ਼ਰਮਾ ਫਿਰੋਜ਼ਪੁਰ,ਜੀਵਨ ਸਿੰਘ ਮੁਕਤਸਰ, ਗੁਰਮੀਤ ਝੋਰੜਾ, ਗਗਨ ਬਰਾੜ, ਗੁਰਪ੍ਰੀਤ ਮੱਲੋਕੇ ਸ਼ਾਮਿਲ ਸਨ।

 

Join WhatsApp

Join Now

Leave a Comment