ਸਾਈਬਰ ਠੱਗਾਂ ਦਾ ਵੱਡਾ ਕਾਰਨਾਮਾ! ਰਿਟਾਇਰਡ ਮਹਿਲਾ ਅਧਿਆਪਕਾ ਨੂੰ ‘ਡਿਜੀਟਲ ਅਰੈਸਟ’ ਕਰਕੇ 1.23 ਕਰੋੜ ਰੁਪਏ ਠੱਗੇ
ਕੈਥਲ, 12 ਨਵੰਬਰ 2026: ਹਰਿਆਣਾ ਵਿੱਚ ਸਾਈਬਰ ਅਪਰਾਧੀਆਂ ਨੇ ਠੱਗੀ ਦਾ ਨਵਾਂ ਤਰੀਕਾ ਅਪਣਾਉਂਦਿਆਂ ਇੱਕ ਸੇਵਾਮੁਕਤ ਮਹਿਲਾ ਅਧਿਆਪਕਾ ਨੂੰ ਤਿੰਨ ਦਿਨ ਤੱਕ ‘ਡਿਜੀਟਲ ਅਰੈਸਟ’ ਰੱਖ ਕੇ 1.23 ਕਰੋੜ ਰੁਪਏ ਦੀ ਠੱਗੀ ਮਾਰ ਲਈ। ਮੁਲਜ਼ਮਾਂ ਨੇ ਖੁਦ ਨੂੰ ਪੁਲਿਸ ਅਧਿਕਾਰੀ, ਵਕੀਲ ਅਤੇ ਜੱਜ ਦੱਸ ਕੇ ਫਰਜ਼ੀ ਅਦਾਲਤੀ ਕਾਰਵਾਈ ਦਾ ਨਾਟਕ ਰਚਿਆ ਅਤੇ ਗ੍ਰਿਫ਼ਤਾਰੀ ਤੇ ਵਾਰੰਟ ਜਾਰੀ ਕਰਨ ਦੀਆਂ ਧਮਕੀਆਂ ਦੇ ਕੇ ਮਹਿਲਾ ਨੂੰ ਡਰਾ ਦਿੱਤਾ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਮੁਤਾਬਕ, 3 ਨਵੰਬਰ ਨੂੰ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਕੈਨਰਾ ਬੈਂਕ ਵਿੱਚ ਉਸ ਦੇ ਨਾਮ ’ਤੇ ਫਰਜ਼ੀ ਖਾਤਾ ਖੋਲ੍ਹਿਆ ਗਿਆ ਹੈ, ਜਿਸ ਰਾਹੀਂ ਕਰੋੜਾਂ ਰੁਪਏ ਦਾ ਸ਼ੱਕੀ ਲੈਣ-ਦੇਣ ਹੋਇਆ ਹੈ। ਜਦੋਂ ਮਹਿਲਾ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ।
ਪੁਲਿਸ ਅਧਿਕਾਰੀ ਦੱਸਦਿਆਂ ਵਟਸਐਪ ’ਤੇ ਸਰਕਾਰੀ ਮੋਹਰ ਵਾਲਾ ਫਰਜ਼ੀ ਗ੍ਰਿਫ਼ਤਾਰੀ ਵਾਰੰਟ ਭੇਜਿਆ
ਅਗਲੇ ਦਿਨ ਵਿਜੇ ਖੰਨਾ ਨਾਮ ਦੇ ਵਿਅਕਤੀ ਨੇ ਖੁਦ ਨੂੰ ਪੁਲਿਸ ਅਧਿਕਾਰੀ ਦੱਸਦਿਆਂ ਵਟਸਐਪ ’ਤੇ ਸਰਕਾਰੀ ਮੋਹਰ ਵਾਲਾ ਫਰਜ਼ੀ ਗ੍ਰਿਫ਼ਤਾਰੀ ਵਾਰੰਟ ਭੇਜਿਆ। ਇਸ ਤੋਂ ਬਾਅਦ ਮਹਿਲਾ ਨੂੰ ਕੈਮਰੇ ਸਾਹਮਣੇ ਰਹਿਣ ਲਈ ਮਜਬੂਰ ਕੀਤਾ ਗਿਆ। 5 ਨਵੰਬਰ ਨੂੰ ਵੀਡੀਓ ਕਾਲ ਰਾਹੀਂ ਫਰਜ਼ੀ ਅਦਾਲਤ ਲਗਾਈ ਗਈ, ਜਿੱਥੇ ਰਾਹੁਲ ਗਰਗ ਨਾਮ ਦਾ ਵਿਅਕਤੀ ਉਸ ਦਾ ਵਕੀਲ ਬਣ ਕੇ ਪੇਸ਼ ਹੋਇਆ। ਕਥਿਤ ਜੱਜ ਨੇ ਨਿਰਦੋਸ਼ ਸਾਬਤ ਹੋਣ ਲਈ ਸਾਰੀ ਰਕਮ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਹੁਕਮ ਸੁਣਾਇਆ।
ਡਰ ਦੇ ਮਾਰੇ ਮਹਿਲਾ ਨੇ ਪਹਿਲਾਂ 33 ਲੱਖ ਰੁਪਏ ਆਰਟੀਜੀਐੱਸ ਰਾਹੀਂ ਟਰਾਂਸਫਰ ਕਰ ਦਿੱਤੇ। 6 ਨਵੰਬਰ ਨੂੰ ਦੁਬਾਰਾ ਸੁਣਵਾਈ ਦਾ ਨਾਟਕ ਰਚ ਕੇ ਬਾਕੀ ਰਕਮ ਵੀ ਟਰਾਂਸਫਰ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ ਐੱਚਡੀਐੱਫਸੀ ਬੈਂਕ ਦੀ ਐੱਫਡੀ ਤੁੜਵਾਈ ਅਤੇ ਡਾਕਘਰ ਵਿੱਚ ਜਮ੍ਹਾਂ 90 ਲੱਖ ਰੁਪਏ ਦੇ 28 ਕਿਸਾਨ ਵਿਕਾਸ ਪੱਤਰ ਭੁਨਵਾ ਕੇ ਠੱਗਾਂ ਦੇ ਖਾਤਿਆਂ ਵਿੱਚ ਪੈਸੇ ਭੇਜ ਦਿੱਤੇ। 8 ਨਵੰਬਰ ਨੂੰ ਜਦੋਂ ਉਸ ਦਾ ਪੁੱਤਰ ਘਰ ਵਾਪਸ ਆਇਆ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
















