ਪੰਜਾਬ ਦੇ ਨਾਮੀ ਸਕੂਲ ‘ਚ ਵੱਡੀ ਵਾਰਦਾਤ; ਅਧਿਆਪਕ ਦੀ ਸਜ਼ਾ ਮਗਰੋਂ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਦਸੂਹਾ ਦੇ ਨਾਮੀ ਸਕੂਲ ਦੀ ਵਧੀਕੀ ਨੇ ਲਈ ਮਾਸੂਮ ਦੀ ਜਾਨ; ਧੁੱਪ ‘ਚ ਖੜ੍ਹੇ ਕਰਨ ਦੀ ਸਜ਼ਾ ਤੋਂ ਪਰੇਸ਼ਾਨ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਕਾਹਨੂੰਵਾਨ/ਦਸੂਹਾ, 2 ਮਈ 2026: ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਦੇ ਇੱਕ 15 ਸਾਲਾ ਵਿਦਿਆਰਥੀ ਵੱਲੋਂ ਸਕੂਲ ਪ੍ਰਬੰਧਕਾਂ ਦੀ ਕਥਿਤ ਵਧੀਕੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦਾ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਦਸੂਹਾ ਦੇ ਇੱਕ ਨਾਮੀ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ, 27 ਅਪ੍ਰੈਲ ਨੂੰ ਕਿਸੇ ਮਾਮੂਲੀ ਗ਼ਲਤੀ ਕਾਰਨ ਸਕੂਲ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਗਈ।
ਨਵਜੋਤ ਨੂੰ ਕਥਿਤ ਤੌਰ ‘ਤੇ ਦੋ ਪੀਰੀਅਡ ਲਗਾਤਾਰ ਸਖ਼ਤ ਧੁੱਪ ਵਿੱਚ ਖੜ੍ਹਾ ਰੱਖਿਆ ਗਿਆ। ਇਸ ਜ਼ਿਲਤ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਕਈ ਦਿਨਾਂ ਤੱਕ ਹਸਪਤਾਲ ਵਿੱਚ ਮੌਤ ਨਾਲ ਜੰਗ ਲੜਨ ਤੋਂ ਬਾਅਦ ਅਖੀਰ ਨਵਜੋਤ ਸਿੰਘ ਨੇ ਦਮ ਤੋੜ ਦਿੱਤਾ।
ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਵਜੋਤ ਦੇ ਸੁਪਨਿਆਂ ਦਾ ਅੰਤ ਇੰਨਾ ਭਿਆਨਕ ਹੋਵੇਗਾ, ਇਹ ਕਿਸੇ ਨੇ ਨਹੀਂ ਸੋਚਿਆ ਸੀ। ਪਰਿਵਾਰ ਵੱਲੋਂ ਨਵਜੋਤ ਸਿੰਘ ਦਾ ਅੰਤਿਮ ਸਸਕਾਰ ਉਸ ਨੂੰ ਸਿਹਰੇ ਨਾਲ ਸਜਾ ਕੇ ਬਹੁਤ ਹੀ ਨਮ ਅੱਖਾਂ ਨਾਲ ਕੀਤਾ ਗਿਆ।
ਵਿਦਿਆਰਥੀਆਂ ਨੇ ਖੋਲ੍ਹੀ ਸਕੂਲ ਦੀ ਪੋਲ
ਸਸਕਾਰ ਮੌਕੇ ਪਹੁੰਚੇ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਨ ਦੀਆਂ ਵਧੀਕੀਆਂ ਬਾਰੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਅਕਸਰ ਬੱਚਿਆਂ ਨਾਲ ਅਜਿਹਾ ਵਤੀਰਾ ਕੀਤਾ ਜਾਂਦਾ ਹੈ।
ਵਿਦਿਆਰਥੀਆਂ ਅਤੇ ਪਿੰਡ ਵਾਸਿਆਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਸਕੂਲ ਪ੍ਰਬੰਧਨ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਮਾਪੇ ਦੀ ਗੋਦ ਨਾ ਉੱਜੜੇ।
ਇਸ ਮਾਮਲੇ ਵਿੱਚ ਡੀ.ਐਸ.ਪੀ. ਭੈਣੀ ਮੀਆਂ ਖਾਨ, ਕੁਲਵੰਤ ਸਿੰਘ ਮਾਨ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।






