ਪੰਜਾਬ ਦੇ ਸਰਕਾਰੀ ਅਧਿਆਪਕਾਂ ਦਾ ਵੱਡਾ ਐਕਸ਼ਨ; ਗੈਰ ਵਿੱਦਿਅਕ ਡਿਊਟੀਆਂ ਬਾਰੇ CM ਮਾਨ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ
ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
ਬਰਨਾਲਾ, 15 ਸਤੰਬਰ 2026 : ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਅਨੁਸਾਰ ਅੱਜ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਰਾਜੀਵ ਕੁਮਾਰ, ਤਜਿੰਦਰ ਤੇਜੀ, ਅਮਰਜੀਤ ਸਿੰਘ ਖਾਲਸਾ, ਕਪਿਲ ਦੇਵ, ਸੁਮਿਤ ਕੰਬੋਜ ਅਤੇ ਮਾਲਵਿੰਦਰ ਠੀਕਰੀਵਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ADC ਜਰਨਲ ਬਰਨਾਲਾ ਵਿਵੇਕ ਮੋਦੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ ਤੇ ਡਿਪਟੀ ਡੀ ਈ ਓ ਸਰਬਜੀਤ ਸਿੰਘ ਰਾਹੀਂ ਸੱਤ ਦਿਨਾਂ ਦਾ ਨੋਟਿਸ ਭੇਜਿਆ ਗਿਆ।
ਜਥੇਬੰਦੀਆਂ ਨੇ ਇਹ ਨੋਟਿਸ ਗੈਰ ਵਿੱਦਿਅਕ ਡਿਊਟੀਆਂ (ਰਾਸ਼ਨ ਕਾਰਡ ਵੈਰੀਫਿਕੇਸ਼ਨ, ਹੈਲਥ ਕਾਰਡ, ਪਰਾਲੀ ਪ੍ਰਬੰਧਨ ਆਦਿ), ਪ੍ਰਾਇਮਰੀ ਪੱਧਰ ਅਤੇ ਸੈਕੰਡਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਮਿਲਣ ਤੱਕ ਖੇਡਾਂ ਨਾ ਕਰਵਾਉਣ,ਵਤਨ ਪੰਜਾਬ ਦੀਆਂ ਖੇਡਾਂ ਵਿੱਚ ਦਬਾਅ ਹੇਠ ਰਜਿਸਟ੍ਰੇਸ਼ਨ ਨਾ ਕਰਵਾਉਣ, ਸਕੂਲਾਂ ਵਿੱਚ ਸਫਾਈ ਸੇਵਕਾਂ ਦਾ ਪ੍ਰਬੰਧ ਕਰਨ,ਐੱਸ ਐੱਮ ਸੀ ਦੀਆਂ ਟ੍ਰੇਨਿੰਗਾਂ ਵਿੱਚ ਪੰਜਾਬ ਸਰਕਾਰ ਦੀਆਂ ਗੈਰ-ਵਿਦਿਅਕ ਸਕੀਮਾਂ ਦਾ ਪ੍ਰਚਾਰ ਨਾ ਕਰਨ,ਬੇਲੋੜੀਆਂ ਡਾਕਾਂ ਅਤੇ ਗੂਗਲ ਫਾਰਮ ਬੰਦ ਕਰਨ, SNA ਸਪਰਸ਼ ਦੀਆਂ ਸਮੱਸਿਆਵਾਂ ਦੇ ਯੋਗ ਹੱਲ, ਅਧਿਆਪਕਾਂ ਦੇ ਤਨਖਾਹ ਕਮਿਸ਼ਨ ਦੇ ਸਮੁੱਚੇ ਲਾਭ ਜਾਰੀ ਕਰਨ, ਡੀ ਏ, ਪੁਰਾਣੀ ਪੈਨਸ਼ਨ, ਪੁਰਾਣੇ ਸਕੇਲ ਅਤੇ ਭੱਤੇ ਬਹਾਲ ਕਰਨ ਆਦਿ ਨੂੰ ਲੈ ਕੇ ਸੱਤ ਦਿਨਾਂ ਦਾ ਭੇਜਿਆ ਹੈ।
ਭੇਜੇ ਗਏ ਨੋਟਿਸ ਰਾਹੀਂ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਹਨਾਂ ਮੰਗਾਂ ਤੇ ਕੋਈ ਹਾਂ ਪੱਖੀ ਰਵੱਈਆ ਨਹੀਂ ਅਪਣਾਉਂਦੀ ਤਾਂ ਇਹਨਾਂ ਗੈਰ-ਵਿਦਿਅਕ ਕੰਮਾਂ ਪੂਰਨ ਬਾਈਕਾਟ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਨ ਪੜ੍ਹਾਉਣ ਦੇ ਕੰਮ ਲਈ ਸਕੂਲਾਂ ਵਿੱਚ ਰਹਿਣ ਦਿੱਤਾ ਜਾਵੇ, ਕਿਉਂਕਿ ਇਸ ਸਮੇਂ ਸਕੂਲਾਂ ਵਿੱਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ, ਖੇਡਾਂ ਚੱਲ ਰਹੀਆਂ, ਅਧਿਆਪਕ ਵਰਗ ਦਾ ਵੱਡਾ ਹਿੱਸਾ ਐੱਸ ਆਈ ਆਰ ਵਿੱਚ ਡਿਊਟੀ ਤੇ ਤੈਨਾਤ ਹੈ।ਇਸ ਮੌਕੇ ਮਨਮੋਹਨ ਭੱਠਲ,ਅਮਰੀਕ ਭੱਦਲਵੱਡ,ਗੁਰਜੀਤ ਉੱਗੋਕੇ,ਅੰਮ੍ਰਿਤ ਹਰੀਗੜ੍ਹ, ਪ੍ਰਿੰਸ ਕੁਮਾਰ, ਜਸਪਾਲ ਸਮਾਓ ਆਦਿ ਆਗੂ ਹਾਜ਼ਰ ਸਨ।
















