Join WhatsApp

Join Now

ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ ਦਾ ਸ਼ੋਕ ਸਮਾਗਮ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਸੰਪੰਨ

On: November 15, 2026 7:34 PM

 

ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ ਦਾ ਸ਼ੋਕ ਸਮਾਗਮ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਸੰਪੰਨ

ਕੁਲਵਿੰਦਰ ਨਗਾਰੀ ਦਾ ਵਿਛੋੜਾ ਤਰਕਸ਼ੀਲ ਅਤੇ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ: ਬੁਲਾਰੇ

ਐਸ.ਏ.ਐਸ. ਨਗਰ (ਮੁਹਾਲੀ), 15 ਨਵੰਬਰ: ਤਰਕਸ਼ੀਲ ਲਹਿਰ ਦੇ ਅਣਥੱਕ ਆਗੂ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਦੇ ਮੁਖੀ ਸਾਥੀ ਕੁਲਵਿੰਦਰ ਨਗਾਰੀ ਨਮਿਤ ਸ਼ੋਕ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਗਾਰੀ, ਤਹਿਸੀਲ ਮੁਹਾਲੀ ਵਿਖੇ ਹੋਇਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ, ਸਮਾਜਿਕ ਕਾਰਕੁਨਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਵਿਛੜੇ ਸਾਥੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।

ਜ਼ਿਕਰਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਕੁਲਵਿੰਦਰ ਨਗਾਰੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਓਪਰੇਸ਼ਨ ਉਪਰੰਤ ਉਹ ਕੋਮਾ ਦੀ ਸਥਿਤੀ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਸਨ।

ਇਸ ਮੌਕੇ ਬੋਲਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੁਖੀ ਮਾਸਟਰ ਰਾਜਿੰਦਰ ਭਦੌੜ, ਸੂਬਾ ਅਗਜੈਕਟਿਵ ਜੋਗਿੰਦਰ ਕੁੱਲੇਵਾਲ, ਪ੍ਰਿੰਸੀਪਲ ਹਰਿੰਦਰ ਕੌਰ, ਗੁਰਮੀਤ ਖਰੜ, ਕਰਮਜੀਤ ਚਿੱਲਾ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਸਾਥੀ ਕੁਲਵਿੰਦਰ ਨਗਾਰੀ ਦਾ ਵਿਛੋੜਾ ਉਨ੍ਹਾਂ ਦੇ ਪਰਿਵਾਰ, ਤਰਕਸ਼ੀਲ ਸੁਸਾਇਟੀ ਅਤੇ ਲੋਕ ਪੱਖੀ ਜਨਤਕ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਬੁਲਾਰਿਆਂ ਨੇ ਕਿਹਾ ਕਿ ਕੁਲਵਿੰਦਰ ਨਗਾਰੀ ਬਹੁਤ ਹੀ ਮਿਲਣਸਾਰ, ਹਸਮੁੱਖ ਅਤੇ ਸਮਰਪਿਤ ਸੁਭਾਅ ਦੇ ਇਨਸਾਨ ਸਨ। ਉਹ ਲੰਬੇ ਸਮੇਂ ਤੋਂ ਤਰਕਸ਼ੀਲ ਲਹਿਰ ਨਾਲ ਜੁੜੇ ਹੋਏ ਸਨ ਅਤੇ ਚੰਡੀਗੜ੍ਹ ਜ਼ੋਨ ਦੇ ਨਾਲ-ਨਾਲ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਣ ਵਾਲੇ ਸੂਬਾਈ ਸਮਾਗਮਾਂ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਨ੍ਹਾਂ ਨੇ ਆਪਣਾ ਜੀਵਨ ਵਿਗਿਆਨਕ ਸੋਚ, ਤਰਕਸ਼ੀਲ ਵਿਚਾਰਧਾਰਾ ਅਤੇ ਸਮਾਜਿਕ ਚੇਤਨਾ ਦੇ ਪ੍ਰਚਾਰ-ਪਸਾਰ ਲਈ ਸਮਰਪਿਤ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਸਾਥੀ ਕੁਲਵਿੰਦਰ ਨਗਾਰੀ ਵੱਲੋਂ ਤਰਕਸ਼ੀਲ ਸੁਸਾਇਟੀ, ਸਮਾਜ ਅਤੇ ਵਿਗਿਆਨਕ ਚੇਤਨਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਸੋਚ ਅਤੇ ਲੋਕ ਪੱਖੀ ਸਰਗਰਮੀਆਂ ਤੋਂ ਪ੍ਰੇਰਨਾ ਲੈਂਦਿਆਂ ਤਰਕਸ਼ੀਲ ਅਤੇ ਜਮਹੂਰੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

ਇਸ ਮੌਕੇ ਵਿਛੜੇ ਸਾਥੀ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਹਾਜ਼ਰੀਨ ਨੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ। ਸਮਾਗਮ ਦੀ ਸਟੇਜ ਕਾਰਵਾਈ ਅਜੀਤ ਪ੍ਰਦੇਸੀ ਵੱਲੋਂ ਬਾਖੂਬੀ ਨਿਭਾਈ ਗਈ।

ਸਮਾਗਮ ਦੌਰਾਨ ਸਮੂਹ ਹਾਜ਼ਰੀਨ ਨੇ ਸਾਥੀ ਕੁਲਵਿੰਦਰ ਨਗਾਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਰਜਾਂ ਅਤੇ ਵਿਗਿਆਨਕ ਸੋਚ ਦੇ ਪ੍ਰਚਾਰ-ਪਸਾਰ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਅਹਿਦ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਮੀਤ ਸਿੰਘ ਅੰਮ੍ਰਿਤਸਰ, ਪ੍ਰਿੰਸੀਪਲ ਹਰਿੰਦਰ ਕੌਰ, ਗੁਰਮੀਤ ਖਰੜ, ਜਸਵੰਤ ਮੁਹਾਲੀ, ਡਾ. ਮਜੀਦ ਆਜ਼ਾਦ, ਕਰਮਜੀਤ ਚਿੱਲਾ, ਸੁਰਜੀਤ ਸਿੰਘ, ਸਤਨਾਮ ਦਾਊਂ, ਅਸ਼ੋਕ ਕੁਮਾਰ, ਸੰਦੀਪ ਸਿੰਘ ਬੱਸੀ ਪਠਾਣਾਂ ਅਤੇ ਬਲਦੇਵ ਜਲਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

 

Leave a Comment