Punjab Education Revolution: ‘ਸਿੱਖਿਆ ਕ੍ਰਾਂਤੀ’ ‘ਤੇ ਸਵਾਲ ਚੁੱਕਦਿਆਂ ਵਿਧਾਇਕ ਸੁਖਵੀਰ ਮਾਈਸਰਖਾਨਾ ਹੋਏ ਭਾਵੁਕ; ਕਿਹਾ- ਸਰਕਾਰੀ ਸਕੂਲਾਂ ‘ਚ ਅਧਿਆਪਕ ਪੂਰੇ ਨਹੀਂ, ਮੇਰੇ ਬੱਚੇ ਦਾ ਭਵਿੱਖ ਖ਼ਤਰੇ ‘ਚ (ਵੇਖੋ ਪੂਰੀ ਵੀਡੀਓ)
ਸਕੂਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 30 ਮਨਜ਼ੂਰਸ਼ੁਦਾ ਪੋਸਟਾਂ ਵਿਰੁੱਧ 25 ਅਧਿਆਪਕ ਤਾਇਨਾਤ ਹਨ: AAP ਦਾ ਵੱਡਾ ਦਾਅਵਾ
Punjab Network, ਮੌੜ ਮੰਡੀ /ਚੰਡੀਗੜ੍ਹ, 4 ਅਕਤੂਬਰ 2026- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ (Punjab Education Revolution) ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬੀਤੇ ਕੱਲ੍ਹ ਇਸੇ ਪਾਰਟੀ ਦੇ ਰਹੇ ਸਾਢੇ 4 ਸਾਲਾਂ ਤੱਕ ਹਲਕਾ ਮੌੜ ਤੋਂ ਵਿਧਾਇਕ, ਸੁਖਵੀਰ ਸਿੰਘ ਮਾਈਸਰਖਾਨਾ ਨੇ ਸਰਕਾਰੀ ਸਕੂਲਾਂ ਦੇ ਮਾੜੇ ਹਾਲਾਤਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਰ ਜਿਵੇਂ ਹੀ ਉਕਤ ਵਿਧਾਇਕ ਨੇ ਵੀਡੀਓ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕੀਤੀ ਤਾਂ, ਕੁੱਝ ਹੀ ਘੰਟਿਆਂ ਬਾਹਰ ਪਾਰਟੀ ਨੇ ਉਸਨੂੰ ਸਸਪੈਂਡ ਕਰ ਦਿੱਤਾ।
ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਇੱਕ ਭਾਵੁਕ ਵੀਡੀਓ ਜਾਰੀ ਕਰਦਿਆਂ ਆਪਣੀ ਹੀ ਸਰਕਾਰ ਅਤੇ ਪਾਰਟੀ ਲੀਡਰਸ਼ਿਪ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਇਕਲੌਤੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ, ਪਰ ਅੱਜ ਉੱਥੇ ਅਧਿਆਪਕਾਂ ਦੀ ਭਾਰੀ ਕਮੀ ਕਾਰਨ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ।
ਵੀਡੀਓ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਸੁਖਵੀਰ ਮਾਈਸਰਖਾਨਾ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿੱਖਿਆ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਅਤੇ ਪਾਰਟੀ ਹਾਈਕਮਾਂਡ ਤੱਕ ਗੁਹਾਰ ਲਗਾ ਚੁੱਕੇ ਹਨ, ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਨ੍ਹਾਂ ਕਿਹਾ, “ਮੈਂ ਕਹਿ-ਕਹਿ ਕੇ ਥੱਕ ਗਿਆ ਕਿ ਬੁਰਜ ਸੇਮੇ ਵਾਲੇ ਸਕੂਲ ਅਤੇ ਕੁੱਤੀਵਾਲਾ ਵਰਗੇ ਹੋਰ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇ, ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਮੇਰੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ ਅਤੇ ਉੱਥੇ ਹੀ ਅਧਿਆਪਕ ਪੂਰੇ ਨਹੀਂ ਹਨ, ਤਾਂ ਆਮ ਲੋਕਾਂ ਦੇ 3 ਕਰੋੜ ਬੱਚਿਆਂ ਦਾ ਕੀ ਹਾਲ ਹੁੰਦਾ ਹੋਵੇਗਾ?”
ਵਿਧਾਇਕ ਨੇ ਦੱਸਿਆ ਕਿ ਹਾਲਾਤ ਇਹ ਬਣ ਚੁੱਕੇ ਹਨ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਉਨ੍ਹਾਂ ਦੇ ਬੱਚਿਆਂ ਨੂੰ ਅਧਿਆਪਕ ਪੂਰੇ ਕਰਵਾਉਣ ਲਈ ਤਾਹਨੇ ਮਾਰੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਵਿੱਚ ਉਨ੍ਹਾਂ ਦੇ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ? ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਵਾਸਤੇ ਇਹ ਆਵਾਜ਼ ਬੁਲੰਦ ਕਰ ਰਹੇ ਹਨ। ਜੇਕਰ ਇੱਕ ਵਿਧਾਇਕ ਹੁੰਦਿਆਂ ਵੀ ਉਨ੍ਹਾਂ ਦੇ ਬੱਚਿਆਂ ਨਾਲ ਅਜਿਹਾ ਧੱਕਾ ਹੋ ਰਿਹਾ ਹੈ, ਤਾਂ ਸਰਕਾਰੀ ਸਕੂਲਾਂ ਦੇ ਦਾਅਵੇ ਸਭ ਖੋਖਲੇ ਸਾਬਤ ਹੁੰਦੇ ਹਨ।
ਸੁਖਵੀਰ ਮਾਈਸਰਖਾਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਦੇਸ਼ ਅਤੇ ਪੰਜਾਬ ਵਿੱਚ ਪਾਰਟੀ ਨੂੰ ਖੜ੍ਹਾ ਕਰਨ ਲਈ ਮਿਹਨਤ ਕੀਤੀ, ਪਰ ਅੱਜ ਪਾਰਟੀ ਅੰਦਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਉਪ-ਚੋਣਾਂ ਦੌਰਾਨ ਵੀ ਉਨ੍ਹਾਂ ਨਾਲ ਅੰਦਰੂਨੀ ਰਾਜਨੀਤੀ ਕੀਤੀ ਗਈ। ਉਨ੍ਹਾਂ ਨੂੰ ਹਰ ਮੋੜ ‘ਤੇ ਦਬਾਉਣ ਅਤੇ ਕੱਟਣ ਦੀ ਕੋਸ਼ਿਸ਼ ਕੀਤੀ ਗਈ।
“ਚਾਹੇ ਜੇਲ੍ਹ ‘ਚ ਸੁੱਟ ਦਿਓ, ਮੈਂ ਅਸੂਲਾਂ ‘ਤੇ ਕਾਇਮ ਰਹਾਂਗਾ”
ਵੀਡੀਓ ਦੇ ਅੰਤ ਵਿੱਚ ਭਾਵੁਕ ਹੁੰਦਿਆਂ ਵਿਧਾਇਕ ਨੇ ਕਿਹਾ ਕਿ ਉਹ ਅਸੂਲਾਂ ਦੀ ਲੜਾਈ ਲੜ ਰਹੇ ਹਨ। ਜੇਕਰ ਸਰਕਾਰ ਜਾਂ ਪਾਰਟੀ ਉਨ੍ਹਾਂ ‘ਤੇ ਕੋਈ ਝੂਠੇ ਪਰਚੇ ਵੀ ਦਰਜ ਕਰਵਾਉਂਦੀ ਹੈ, ਤਾਂ ਵੀ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, “ਭਾਵੇਂ ਮੈਨੂੰ ਜੇਲ੍ਹ ਵਿੱਚ ਭੇਜ ਦਿਓ, ਮੈਂ ਬਾਹਰ ਜ਼ਮਾਨਤ ਵੀ ਨਹੀਂ ਕਰਵਾਵਾਂਗਾ, ਪਰ ਆਪਣੇ ਬੱਚਿਆਂ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਹੱਕਾਂ ਲਈ ਆਵਾਜ਼ ਚੁੱਕਦਾ ਰਹਾਂਗਾ।” ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਸਰਕਾਰੀ ਸਕੂਲਾਂ ਦੀ ਅਸਲ ਸੱਚਾਈ ਸਭ ਦੇ ਸਾਹਮਣੇ ਆ ਸਕੇ।
AAP ਨੇ ਵਿਧਾਇਕ ਮਾਇਸਰਖਾਨਾ ਨੂੰ ਮੁਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ
ਆਮ ਆਦਮੀ ਪਾਰਟੀ (AAP) ਪੰਜਾਬ ਨੇ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ ਤਹਿਤ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਾਇਸਰਖਾਨਾ ਨੇ ਇੱਕ ਸਰਕਾਰੀ ਸਕੂਲ ਦੇ ਕੰਮਕਾਜ ਬਾਰੇ ਝੂਠੇ ਬਿਆਨ ਦੇ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਸ਼ਨੀਵਾਰ ਦੇਰ ਸ਼ਾਮ ਪਾਰਟੀ ਵੱਲੋਂ ਜਾਰੀ ਇੱਕ ਪੱਤਰ ਵਿੱਚ, ਆਪ ਪੰਜਾਬ ਨੇ ਦੱਸਿਆ ਕਿ ਉਸਨੂੰ ਮਾਇਸਰਖਾਨਾ ਦੀ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸਨਹੀਣਤਾ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਮਿਲੀ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਨੇ ਉਨ੍ਹਾਂ ਦੀ ਪ੍ਰਾਇਮਰੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਹੈ। ਪਾਰਟੀ ਨੇ ਬਠਿੰਡਾ ਦੇ ਰਾਮ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ਬਾਰੇ ਮਾਇਸਰਖਾਨਾ ਦੇ ਬਿਆਨ ਦਾ ਵੀ ਹਵਾਲਾ ਦਿੱਤਾ, ਜਿੱਥੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਪੂਰੇ ਸਕੂਲ ਵਿੱਚ ਸਿਰਫ਼ ਇੱਕ ਹੀ ਅਧਿਆਪਕ ਹੈ।
AAP ਪੰਜਾਬ ਨੇ ਕਿਹਾ, “ਇਹ ਦਾਅਵਾ 29 ਸਤੰਬਰ 2026 ਨੂੰ ਸਕੂਲ ਪ੍ਰਿੰਸੀਪਲ ਵੱਲੋਂ ਜਾਰੀ ਸਰਕਾਰੀ ਰਿਕਾਰਡ ਦੇ ਬਿਲਕੁਲ ਉਲਟ ਸੀ। ਰਿਕਾਰਡ ਅਨੁਸਾਰ, ਸਕੂਲ ਵਿੱਚ 30 ਮਨਜ਼ੂਰਸ਼ੁਦਾ ਅਧਿਆਪਨ ਪੋਸਟਾਂ ਹਨ, ਜਿਨ੍ਹਾਂ ਵਿੱਚੋਂ 25 ਇਸ ਵੇਲੇ ਭਰੀਆਂ ਹੋਈਆਂ ਹਨ। ਸਕੂਲ ਵਿੱਚ ਤਾਇਨਾਤ ਸਟਾਫ਼ ਵਿੱਚ ਇੱਕ ਪ੍ਰਿੰਸੀਪਲ, 7 ਲੈਕਚਰਾਰ, ਮਾਸਟਰ ਕੇਡਰ ਦੇ 15 ਅਧਿਆਪਕ ਅਤੇ ਦੋ ਕੰਪਿਊਟਰ ਸਾਇੰਸ ਅਧਿਆਪਕ ਸ਼ਾਮਲ ਹਨ। ਸਕੂਲ ਵਿੱਚ ਇਸ ਵੇਲੇ 19 ਸੈਕਸ਼ਨਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ 580 ਵਿਦਿਆਰਥੀ ਪੜ੍ਹ ਰਹੇ ਹਨ।”
ਪਾਰਟੀ ਨੇ ਕਿਹਾ ਕਿ ਇਸ ਵੇਲੇ ਮਨਜ਼ੂਰਸ਼ੁਦਾ ਪੰਜ ਪੋਸਟਾਂ ਖਾਲੀ ਹਨ ਅਤੇ ਸਕੂਲ ਪ੍ਰਿੰਸੀਪਲ ਨੇ ਇਨ੍ਹਾਂ ਖਾਲੀ ਪੋਸਟਾਂ ਨੂੰ ਭਰਨ ਅਤੇ ਲੋੜ ਅਨੁਸਾਰ ਹੋਰ ਪੋਸਟਾਂ ਮਨਜ਼ੂਰ ਕਰਨ ਲਈ ਪਹਿਲਾਂ ਹੀ ਲਿਖਤੀ ਬੇਨਤੀ ਭੇਜੀ ਹੋਈ ਹੈ। ਆਪ ਪੰਜਾਬ ਨੇ ਕਿਹਾ ਕਿ ਸਰਕਾਰੀ ਰਿਕਾਰਡ ਤੋਂ ਸਪੱਸ਼ਟ ਹੁੰਦਾ ਹੈ ਕਿ ਪੂਰੇ ਸਕੂਲ ਵਿੱਚ ਸਿਰਫ਼ ਇੱਕ ਅਧਿਆਪਕ ਹੋਣ ਦਾ ਦਾਅਵਾ ਤੱਥਾਂ ਦੇ ਆਧਾਰ ‘ਤੇ ਗਲਤ ਸੀ।
ਪਾਰਟੀ ਨੇ ਦੁਹਰਾਇਆ ਕਿ ਸੰਗਠਨ ਵਿੱਚ ਅਨੁਸ਼ਾਸਨ ਸਰਵਉੱਚ ਹੈ ਅਤੇ ਹਰੇਕ ਚੁਣੇ ਹੋਏ ਨੁਮਾਇੰਦੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪਾਰਟੀ ਦੇ ਸਿਧਾਂਤਾਂ ਨੂੰ ਬਰਕਰਾਰ ਰੱਖੇ ਅਤੇ ਜਨਤਕ ਤੌਰ ‘ਤੇ ਬੋਲਦੇ ਸਮੇਂ ਤੱਥਾਂ ਦੀ ਸੱਚਾਈ ਨੂੰ ਬਣਾਏ ਰੱਖੇ। ਆਪ ਪੰਜਾਬ ਨੇ ਸਪੱਸ਼ਟ ਕੀਤਾ ਕਿ ਜਨਤਾ ਵਿੱਚ ਝੂਠੀਆਂ ਅਫਵਾਹਾਂ ਫੈਲਾਉਣ ਜਾਂ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਸਬੰਧਤ ਵਿਅਕਤੀ ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਵੇ।















