Murder Case- ਇਸ਼ਕ ‘ਚ ਅੰਨ੍ਹੀ ਪਤਨੀ ਦਾ ਖ਼ੌਫ਼ਨਾਕ ਕਾਰਨਾਮਾ: ਪ੍ਰੇਮੀ ਨਾਲ ਮਿਲ ਕੇ ਸਕੂਲ ਪ੍ਰਿੰਸੀਪਲ ਪਤੀ ਨੂੰ ਮਾਰਿਆ
ਸਕੂਲ ਸੰਚਾਲਕ ਕਤਲਕਾਂਡ: 25 ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਸਪੇਰਿਆਂ ਕੋਲੋਂ ਲਗਵਾਏ ਸੱਪ ਦੇ ਡੰਗ, ਪਤਨੀ ਤੇ ਪ੍ਰੇਮੀ ਗ੍ਰਿਫ਼ਤਾਰ- ਇੰਝ ਖੁੱਲ੍ਹਿਆ ਰਾਜ਼
Murder Case- ਮੇਰਠ, 19 ਜੁਲਾਈ 2026- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਅਜਿਹਾ ਸਨਸਨੀਖੇਜ਼ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇੱਕ ਸਕੂਲ ਸੰਚਾਲਕ ਦੀ ਹੋਈ ਰਹੱਸਮਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਬਹੁਤ ਹੀ ਚੌਂਕਾ ਦੇਣ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਇਹ ਕੋਈ ਕੁਦਰਤੀ ਮੌਤ ਜਾਂ ਹਾਦਸਾ ਨਹੀਂ ਸੀ, ਬਲਕਿ ਇੱਕ ਬੇਹੱਦ ਖ਼ੌਫ਼ਨਾਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ ਸੀ। ਸਕੂਲ ਸੰਚਾਲਕ ਅਤੁਲ ਪੰਵਾਰ ਦੀ ਪਤਨੀ ਨੇ ਹੀ ਆਪਣੇ ਪ੍ਰੇਮੀ ਅਤੇ ਦੋ ਹੋਰ ਲੋਕਾਂ ਨਾਲ ਮਿਲ ਕੇ ਇਸ ਪੂਰੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਦਾ ਦਾਅਵਾ ਹੈ ਕਿ ਪਤਨੀ ਨੇ ਜੀਵਨ ਬੀਮਾ (ਲਾਈਫ ਇੰਸ਼ੋਰੈਂਸ) ਦੀ ਮੋਟੀ ਰਕਮ ਹਾਸਲ ਕਰਨ ਅਤੇ ਆਪਣੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਇਹ ਖ਼ੂਨੀ ਖੇਡ ਰਚੀ ਸੀ। ਮ੍ਰਿਤਕ ਅਤੁਲ ਪੰਵਾਰ ਅਤੇ ਉਸ ਦੀ ਪਤਨੀ ਦਾਮਿਨੀ ਨੇ ਸਾਲ 2019 ਵਿੱਚ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ (ਲਵ ਮੈਰਿਜ) ਕੀਤਾ ਸੀ। ਦੋਵੇਂ ਹਸਤਿਨਾਪੁਰ ਖੇਤਰ ਵਿੱਚ ਰਾਮਲੀਲਾ ਮੈਦਾਨ ਦੇ ਨੇੜੇ ‘ਕ੍ਰਿਸ਼ਨਾ ਕਿਡਜ਼ ਪਬਲਿਕ ਸਕੂਲ’ ਚਲਾਉਂਦੇ ਸਨ ਅਤੇ ਉਸੇ ਸਕੂਲ ਦੀ ਇਮਾਰਤ ਵਿੱਚ ਰਹਿੰਦੇ ਸਨ।
ਪੁਲਿਸ ਸੁਪਰਡੈਂਟ (ਦਿਹਾਤੀ) ਅਭਿਜੀਤ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਅਤੁਲ ਪੰਵਾਰ ਨੂੰ ਸੱਪ ਦੇ ਡੰਗਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ (CHC) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ‘ਤੇ ਅਤੁਲ ਦੇ ਬੈੱਡ ਦੇ ਅੰਦਰੋਂ ਹੀ ਇੱਕ ਜ਼ਹਿਰੀਲਾ ਸੱਪ ਵੀ ਬਰਾਮਦ ਹੋਇਆ ਸੀ। ਅਤੁਲ ਦੀ ਅਚਾਨਕ ਹੋਈ ਇਸ ਮੌਤ ‘ਤੇ ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਅਤੁਲ ਦੀ ਪਤਨੀ ਦਾਮਿਨੀ ਦੇ ਮੋਬਾਈਲ ਫੋਨ ਦੀ ਡਿਟੇਲ ਖੰਗਾਲੀ ਗਈ, ਤਾਂ ਪਤਾ ਲੱਗਿਆ ਕਿ ਉਹ ਸਕੂਲ ਵਿੱਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਤੁਸ਼ਾਰ ਉਰਫ਼ ਨਿੱਕੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਪੁਲਿਸ ਵੱਲੋਂ ਕੀਤੀ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦਾਮਿਨੀ ਅਤੇ ਤੁਸ਼ਾਰ ਵਿਚਕਾਰ ਨਾਜਾਇਜ਼ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੇ ਮਿਲ ਕੇ ਹੀ ਅਤੁਲ ਨੂੰ ਮਾਰਨ ਦੀ ਵਿਉਂਤਬੰਦੀ ਕੀਤੀ ਸੀ।
ਸਪੇਰੇ ਨੂੰ ਦਿੱਤੀ 20 ਹਜ਼ਾਰ ਦੀ ਐਡਵਾਂਸ ਸੁਪਾਰੀ
ਆਪਣੇ ਰਸਤੇ ਦੇ ਕੰਡੇ ਨੂੰ ਹਟਾਉਣ ਲਈ ਦਾਮਿਨੀ ਅਤੇ ਤੁਸ਼ਾਰ ਨੇ ਸਪੇਰੇ ਉਦੈ ਅਤੇ ਸੋਨੂੰ ਨਾਲ ਸੌਦਾ ਤੈਅ ਕੀਤਾ। ਉਨ੍ਹਾਂ ਨੇ ਸਪੇਰਿਆਂ ਨੂੰ ਐਡਵਾਂਸ ਵਜੋਂ 20 ਹਜ਼ਾਰ ਰੁਪਏ ਨਕਦ ਦਿੱਤੇ ਅਤੇ ਇਹ ਵਾਅਦਾ ਵੀ ਕੀਤਾ ਕਿ ਅਤੁਲ ਦੀ ਮੌਤ ਤੋਂ ਬਾਅਦ ਜਦੋਂ ਬੀਮੇ ਦੇ 20 ਲੱਖ ਰੁਪਏ ਮਿਲਣਗੇ, ਤਾਂ ਉਹ ਉਨ੍ਹਾਂ ਨੂੰ 5 ਲੱਖ ਰੁਪਏ ਹੋਰ ਦੇਣਗੇ। ਯੋਜਨਾ ਦੇ ਮੁਤਾਬਕ, ਸ਼ੁੱਕਰਵਾਰ ਦੀ ਸਵੇਰ ਕਰੀਬ 4 ਵਜੇ ਕਰੈਤ ਪ੍ਰਜਾਤੀ (ਬੇਹੱਦ ਜ਼ਹਿਰੀਲਾ ਸੱਪ) ਦਾ ਸੱਪ ਲੈ ਕੇ ਉਦੈ ਅਤੇ ਸੋਨੂੰ, ਅਤੁਲ ਅਤੇ ਦਾਮਿਨੀ ਦੇ ਕਿਰਾਏ ਦੇ ਘਰ ਪਹੁੰਚੇ।
ਪੁਲਿਸ ਸੂਤਰਾਂ ਅਨੁਸਾਰ, ਉਸੇ ਰਾਤ ਦਾਮਿਨੀ ਨੇ ਅਤੁਲ ਨੂੰ ਕਿਸੇ ਚੀਜ਼ ਵਿੱਚ ਮਿਲਾ ਕੇ ਕਰੀਬ 25 ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਸਨ ਤਾਂ ਜੋ ਉਹ ਬੇਹੋਸ਼ ਹੋ ਜਾਵੇ ਅਤੇ ਕੋਈ ਵਿਰੋਧ ਨਾ ਕਰ ਸਕੇ। ਜਦੋਂ ਉਦੈ ਅਤੇ ਸੋਨੂੰ ਸੱਪ ਲੈ ਕੇ ਅਤੁਲ ਦੇ ਘਰ ਪਹੁੰਚੇ, ਤਾਂ ਦਾਮਿਨੀ ਨੇ ਖ਼ੁਦ ਉਨ੍ਹਾਂ ਨੂੰ ਅਤੁਲ ਦੇ ਕਮਰੇ ਤੱਕ ਪਹੁੰਚਾਇਆ, ਜਿੱਥੇ ਉਹ ਗੂੜ੍ਹੀ ਨੀਂਦ ਵਿੱਚ ਸੌ ਰਿਹਾ ਸੀ। ਦੋਵਾਂ ਸਪੇਰਿਆਂ ਨੇ ਸੱਪ ਕੋਲੋਂ ਬੇਹੋਸ਼ ਪਏ ਅਤੁਲ ਨੂੰ ਦੋ ਵਾਰ ਡੰਗਵਾਇਆ ਅਤੇ ਫਿਰ ਸੱਪ ਨੂੰ ਉੱਥੇ ਹੀ ਬੈੱਡ ‘ਤੇ ਛੱਡ ਕੇ ਫ਼ਰਾਰ ਹੋ ਗਏ।
ਜਦੋਂ ਉਦੈ ਅਤੇ ਸੋਨੂੰ ਚਲੇ ਗਏ, ਤਾਂ ਥੋੜ੍ਹੀ ਦੇਰ ਬਾਅਦ, ਕਰੀਬ 6 ਵਜੇ ਦਾਮਿਨੀ ਨੇ ਜ਼ੋਰ-ਜ਼ੋਰ ਨਾਲ ਰੋਣਾ ਅਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਪਤੀ ਨੂੰ ਸੱਪ ਨੇ ਡੱਸ ਲਿਆ ਹੈ। ਸ਼ੋਰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਬਿਸਤਰ ‘ਤੇ ਡੰਡੇ ਬਰਸਾਏ, ਜਿਸ ਨਾਲ ਉਹ ਸੱਪ ਉੱਥੇ ਹੀ ਮਰ ਗਿਆ। ਲੋਕਾਂ ਦੀ ਮਦਦ ਨਾਲ ਅਤੁਲ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
















