Join WhatsApp

Join Now

ਪੰਜਾਬ ‘ਚ ਕੁਦਰਤ ਦਾ ਕਹਿਰ! ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਕੀਤਾ ਵੱਡੇ ਪੱਧਰ ‘ਤੇ ਨੁਕਸਾਨ

On: October 25, 2026 4:14 PM
Punjab Rain Alert

 

ਪੰਜਾਬ ‘ਚ ਕੁਦਰਤ ਦਾ ਕਹਿਰ! ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਕੀਤਾ ਵੱਡੇ ਪੱਧਰ ‘ਤੇ ਨੁਕਸਾਨ

ਬੇਮੌਸਮੀ ਬਾਰਿਸ਼ ਨੇ ਵਧਾਈ ਨਮੀ: ਝੋਨੇ ਦੇ ਝਾੜ ਅਤੇ ਗੁਣਵੱਤਾ ‘ਤੇ ਪਵੇਗਾ ਬੁਰਾ ਅਸਰ, ਕਿਸਾਨਾਂ ਨੇ ਜਤਾਈ ਵੱਡੀ ਚਿੰਤਾ- ਝੋਨੇ ਅਤੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ, ਮੰਡੀਆਂ ‘ਚ ਖਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ- ਖੇਤਾਂ ‘ਚ ਪਾਣੀ ਭਰਨ ਨਾਲ ਵਢਾਈ ਲੇਟ, ਧਰਨਾਕਾਰੀ ਵੀ ਹੋਏ ਪ੍ਰੇਸ਼ਾਨ

ਚੰਡੀਗੜ੍ਹ/ਮਾਨਸਾ 24 ਅਕਤੂਬਰ 2026- ਪੰਜਾਬ ਵਿੱਚ ਦੇਰ ਰਾਤ ਹੋਈ ਬੇਮੌਸਮੀ ਭਾਰੀ ਬਾਰਿਸ਼, ਝੱਖੜ ਅਤੇ ਗੜੇਮਾਰੀ ਨੇ ਸੂਬੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਸ ਸਮੇਂ ਖੇਤਾਂ ਵਿੱਚ ਝੋਨੇ, ਕਪਾਹ ਅਤੇ ਨਰਮੇ ਦੀ ਫ਼ਸਲ ਲਗਭਗ ਪੱਕ ਕੇ ਤਿਆਰ ਖੜ੍ਹੀ ਸੀ। ਅਚਾਨਕ ਆਏ ਇਸ ਮੌਸਮੀ ਬਦਲਾਅ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਪੱਕ ਕੇ ਤਿਆਰ ਹੋਈ ਫ਼ਸਲ ਕਈ ਥਾਵਾਂ ‘ਤੇ ਧਰਤੀ ‘ਤੇ ਵਿਛ ਗਈ ਹੈ।

ਫ਼ਸਲ ਦੇ ਜ਼ਮੀਨ ‘ਤੇ ਡਿੱਗਣ ਕਾਰਨ ਜਿੱਥੇ ਇਸ ਦੀ ਗੁਣਵੱਤਾ ਖ਼ਰਾਬ ਹੋਣ ਦਾ ਡਰ ਹੈ, ਉੱਥੇ ਹੀ ਇਸ ਦੇ ਝਾੜ ‘ਤੇ ਵੀ ਬੁਰਾ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ। ਕਿਸਾਨਾਂ ਨੂੰ ਸਭ ਤੋਂ ਵੱਡਾ ਫਿਕਰ ਇਹ ਸਤਾ ਰਿਹਾ ਹੈ ਕਿ ਹਵਾ ਵਿੱਚ ਸਿੱਲ੍ਹ ਵਧਣ ਕਾਰਨ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਗਈ ਝੋਨੇ ਦੀ ਫ਼ਸਲ ਵਿੱਚ ਨਮੀ ਦਾ ਮਾਤਰਾ ਵਧ ਜਾਵੇਗੀ। ਝੋਨੇ ਵਿੱਚ ਵੱਧ ਨਮੀ ਹੋਣ ਕਰਕੇ ਖਰੀਦਦਾਰ ਅਤੇ ਵਪਾਰੀ ਇਸ ਨੂੰ ਖਰੀਦਣ ਤੋਂ ਝਿਜਕਦੇ ਹਨ, ਜਿਸ ਨਾਲ ਮੰਡੀਆਂ ਵਿੱਚ ਫ਼ਸਲ ਰੁਲਣ ਦਾ ਖ਼ਤਰਾ ਵਧ ਜਾਂਦਾ ਹੈ।

ਖੇਤਾਂ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਨਰਮੇ ਅਤੇ ਕਪਾਹ ਦੀ ਫ਼ਸਲ ਵੀ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਅਤੇ ਚੁਗਾਈ ਲਈ ਤਿਆਰ ਖੜ੍ਹੀ ਸੀ। ਜੇਕਰ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਜਾਂ ਤੇਜ਼ ਹਵਾਵਾਂ ਚੱਲਦੀਆਂ ਹਨ, ਤਾਂ ਨਰਮੇ ਦੇ ਟਾਂਡੇ ਖੁੱਲ੍ਹ ਕੇ ਹੇਠਾਂ ਡਿੱਗ ਜਾਣਗੇ ਅਤੇ ਮਿੱਟੀ ਵਿੱਚ ਮਿਲ ਕੇ ਪੂਰੀ ਤਰ੍ਹਾਂ ਖ਼ਰਾਬ ਹੋ ਜਾਣਗੇ।

ਇਸ ਤੋਂ ਇਲਾਵਾ, ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਕਟਾਈ ਅਜੇ ਬਾਕੀ ਹੈ, ਉੱਥੇ ਮੀਂਹ ਦਾ ਪਾਣੀ ਭਰ ਜਾਣ ਕਰਕੇ ਕੰਬਾਈਨਾਂ ਚਲਾਉਣਾ ਔਖਾ ਹੋ ਜਾਵੇਗਾ। ਇਸ ਨਾਲ ਝੋਨੇ ਦੀ ਵੱਢ-ਟੁੱਕ ਦਾ ਕੰਮ ਕਾਫ਼ੀ ਪਿਛੜ ਜਾਵੇਗਾ। ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਸਮੇਂ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਰਹੇ ਹਨ, ਅਜਿਹੇ ਵਿੱਚ ਇਹ ਗੜੇਮਾਰੀ ਕਿਸਾਨਾਂ ਲਈ ਆਫ਼ਤ ਬਣ ਕੇ ਆਈ ਹੈ। ਹਾਲਾਂਕਿ, ਫ਼ਸਲ ਨੂੰ ਹੋਏ ਕੁੱਲ ਨੁਕਸਾਨ ਦਾ ਅਸਲ ਅੰਦਾਜ਼ਾ ਮੌਕੇ ‘ਤੇ ਜਾਇਜ਼ਾ ਲੈਣ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ।

ਧਰਨੇ ‘ਤੇ ਬੈਠੇ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਾਲੀ ਥਾਂ ‘ਤੇ ਵੀ ਇਸ ਬੇਮੌਸਮੀ ਮੀਂਹ ਅਤੇ ਗੜੇਮਾਰੀ ਦਾ ਬੁਰਾ ਅਸਰ ਦੇਖਣ ਨੂੰ ਮਿਲਿਆ। ਤੇਜ਼ ਹਵਾਵਾਂ ਅਤੇ ਬਾਰਿਸ਼ ਕਾਰਨ ਧਰਨੇ ਵਾਲੀ ਥਾਂ ‘ਤੇ ਲਗਾਏ ਗਏ ਟੈਂਟ ਉੱਖੜ ਗਏ ਅਤੇ ਹੋਰ ਪ੍ਰਬੰਧਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇਸ ਅਚਾਨਕ ਆਈ ਆਫ਼ਤ ਕਰਕੇ ਧਰਨੇ ‘ਤੇ ਬੈਠੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

 

Leave a Comment