NEET-UG Re-Exam: 22.79 ਲੱਖ ਤੋਂ ਵੱਧ ਵਿਦਿਆਰਥੀ ਅੱਜ ਦੇਣਗੇ NEET-UG ਪ੍ਰੀਖਿਆ, ਪੇਪਰ ਪਹੁੰਚਾਉਣ ਲਈ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਦੀ ਲਈ ਮਦਦ

On: ਜੂਨ 21, 2026 10:02 ਪੂਃ ਦੁਃ

 

NEET-UG Re-Exam: 22.79 ਲੱਖ ਤੋਂ ਵੱਧ ਵਿਦਿਆਰਥੀ ਅੱਜ ਦੇਣਗੇ ਨੀਟ-ਯੂਜੀ ਪ੍ਰੀਖਿਆ, ਪੇਪਰ ਪਹੁੰਚਾਉਣ ਲਈ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਦੀ ਲਈ ਮਦਦ

ਦੇਸ਼-ਵਿਦੇਸ਼ ਦੇ 565 ਸ਼ਹਿਰਾਂ ਵਿੱਚ ਪ੍ਰੀਖਿਆ, 22.79 ਲੱਖ ਤੋਂ ਵੱਧ ਮੈਡੀਕਲ ਉਮੀਦਵਾਰ ਹੋਣਗੇ ਸ਼ਾਮਲ- ਪੇਪਰ ਲੀਕ ਵਿਵਾਦ ਦੇ 7 ਹਫ਼ਤਿਆਂ ਬਾਅਦ ਸਖ਼ਤ ਸੁਰੱਖਿਆ ਹੇਠ ਹੋ ਰਹੀ ਪ੍ਰੀਖਿਆ; ਦੇਸ਼ ਭਰ ਵਿੱਚ ਹੋਈ ਮੌਕ ਡਰਿੱਲ

ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤੀਆਂ ਉੱਚ-ਪੱਧਰੀ ਬੈਠਕਾਂ; 95,000 ਤੋਂ ਵੱਧ ਕਮਰਿਆਂ ‘ਚ ਲੱਗੇ 1.38 ਲੱਖ ਸੀਸੀਟੀਵੀ (CCTV) ਕੈਮਰੇ

ਨਵੀਂ ਦਿੱਲੀ, 21 ਜੂਨ 2026-

NEET-UG Re-Exam: ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਪ੍ਰੀਖਿਆ ‘ਨੀਟ-ਯੂਜੀ’ (NEET-UG) ਅੱਜ ਐਤਵਾਰ ਨੂੰ ਦੁਬਾਰਾ ਕਰਵਾਈ ਜਾ ਰਹੀ ਹੈ। ਪਿਛਲੇ ਦਿਨੀਂ ਪੇਪਰ ਲੀਕ ਹੋਣ ਦੇ ਕਥਿਤ ਦੋਸ਼ਾਂ ਅਤੇ ਵਿਵਾਦਾਂ ਮਗਰੋਂ ਅਸਲ ਪ੍ਰੀਖਿਆ ਰੱਦ ਹੋਣ ਦੇ ਲਗਪਗ ਸੱਤ ਹਫ਼ਤਿਆਂ ਬਾਅਦ ਹੋ ਰਹੀ ਇਸ ਮੁੜ-ਪ੍ਰੀਖਿਆ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੁਰੱਖਿਆ ਦੇ ਬੇਹੱਦ ਸਖ਼ਤ ਅਤੇ ਬੇਮਿਸਾਲ ਪ੍ਰਬੰਧ ਕੀਤੇ ਹਨ।

ਵਧੇਰੇ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ, ਇਤਿਹਾਸ ਵਿੱਚ ਪਹਿਲੀ ਵਾਰ ਪ੍ਰਸ਼ਨ ਪੱਤਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਸੁਰੱਖਿਅਤ ਪਹੁੰਚਾਉਣ ਲਈ ਭਾਰਤੀ ਹਵਾਈ ਫ਼ੌਜ (Indian Air Force) ਦੀ ਮਦਦ ਲਈ ਗਈ ਹੈ। ਇਸ ਮੁੜ-ਪ੍ਰੀਖਿਆ ਨੂੰ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਯਤਨਾਂ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਇੱਕ ਵੱਡੀ ਦੇਸ਼ ਵਿਆਪੀ ‘ਮੌਕ ਡਰਿੱਲ’ (Mock Drill) ਕੀਤੀ ਗਈ।

ਇਸ ਦੌਰਾਨ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਕਈ ਉੱਚ-ਪੱਧਰੀ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਵੀ ਕੀਤੀ।

NEET-UG Re-Exam- ਪ੍ਰੀਖਿਆ ਦਾ ਸਮਾਂ ਅਤੇ ਭਾਸ਼ਾਵਾਂ

ਇਸ ਵਾਰ ਪ੍ਰੀਖਿਆ ਵਿੱਚ 22.79 ਲੱਖ ਤੋਂ ਵੱਧ ਮੈਡੀਕਲ ਉਮੀਦਵਾਰ ਬੈਠਣਗੇ। ਇਹ ਮੁੜ-ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ (ਕੁੱਲ 565 ਸ਼ਹਿਰਾਂ) ਵਿੱਚ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਕਰਵਾਈ ਜਾਵੇਗੀ। ਦਿਵਿਆਂਗ ਉਮੀਦਵਾਰ ਜੋ ਵਾਧੂ ਸਮੇਂ ਦੇ ਯੋਗ ਹਨ, ਨੂੰ ਸ਼ਾਮ 6.20 ਵਜੇ ਤੱਕ ਪੇਪਰ ਲਿਖਣ ਦੀ ਇਜਾਜ਼ਤ ਹੋਵੇਗੀ। ਇਹ ਪ੍ਰੀਖਿਆ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਕਰਵਾਈ ਜਾ ਰਹੀ ਹੈ।

ਐੱਨਟੀਏ (NTA) ਨੇ ਦੱਸਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਬਲਾਂ ਅਤੇ ਸੁਰੱਖਿਆ ਦਸਤਿਆਂ ਦੇ ਨਾਲ ਮੁੜ-ਪ੍ਰੀਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਗੁਪਤ ਪ੍ਰੀਖਿਆ ਸਮੱਗਰੀ ਨੂੰ ਸੁਰੱਖਿਅਤ ਰੱਖਣ ਅਤੇ ਸ਼ਹਿਰ-ਪੱਧਰ ਦੇ ਕੰਮਕਾਜ ਦੀ ਦੇਖਭਾਲ ਲਈ 674 ਸਿਟੀ ਕੋਆਰਡੀਨੇਟਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ’ਤੇ ਸੁਤੰਤਰ ਨਿਗਰਾਨੀ ਲਈ 6,669 ਨਿਗਰਾਨ (Observers) ਨਿਯੁਕਤ ਕੀਤੇ ਗਏ ਹਨ।

ਇਹ ਪ੍ਰੀਖਿਆ ਦੇਸ਼ ਭਰ ਦੇ 95,000 ਤੋਂ ਵੱਧ ਪ੍ਰੀਖਿਆ ਰੂਮਾਂ (ਕਮਰਿਆਂ) ਵਿੱਚ ਕਰਵਾਈ ਜਾਵੇਗੀ। ਡਿਜੀਟਲ ਨਿਗਰਾਨੀ ਨੂੰ ਮਜ਼ਬੂਤ ਕਰਦਿਆਂ, ਹਰੇਕ ਕਮਰੇ ਨੂੰ ਸੀਸੀਟੀਵੀ (CCTV) ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਏਜੰਸੀ ਮੁਤਾਬਕ ਨਕਲ ਅਤੇ ਗੜਬੜੀ ਰੋਕਣ ਲਈ ਕੁੱਲ 1,38,560 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਹਰ ਹਰਕਤ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।

 

Join WhatsApp

Join Now

Leave a Comment