Join WhatsApp

Join Now

ਨਵ-ਜੰਮੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਮੁੰਦਰੀ; ਇਸ ਸੂਬੇ ਦੀ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ

On: ਅਗਸਤ 16, 2026 9:43 ਪੂਃ ਦੁਃ

 

ਨਵ-ਜੰਮੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਮੁੰਦਰੀ; ਇਸ ਸੂਬੇ ਦੀ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ

ਚੇਨਈ, 16 ਅਗਸਤ 2026:

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ 80ਵੇਂ ਆਜ਼ਾਦੀ ਦਿਵਸ ਮੌਕੇ ਚੇਨਈ ਦੇ ਇਤਿਹਾਸਕ 376 ਸਾਲ ਪੁਰਾਣੇ ਫੋਰਟ ਸੇਂਟ ਜਾਰਜ (ਰਾਜ ਸਕੱਤਰੇਤ) ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਆਜ਼ਾਦੀ ਦਿਵਸ ਭਾਸ਼ਣ ਦੌਰਾਨ ਉਨ੍ਹਾਂ ਨੇ ਸੂਬੇ ਦੇ ਨਵਜੰਮੇ ਬੱਚਿਆਂ ਨਾਲ ਸਬੰਧਤ ਇੱਕ ਵੱਡੀ ਜਨ ਭਲਾਈ ਯੋਜਨਾ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਯੋਗ ਨਵਜੰਮੇ ਬੱਚਿਆਂ ਨੂੰ 1 ਗ੍ਰਾਮ ਸ਼ੁੱਧ ਸੋਨੇ ਦੀ ਮੁੰਦਰੀ ਅਤੇ ‘ਬੇਬੀ ਵੈਲਕਮ ਕਿੱਟ’ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ‘ਥਾਈਮਾਨ ਥੰਗਾ ਮੋਥੀਰਾਮ ਥਿੱਟਮ’ ਦੇ ਨਾਂਅ ਨਾਲ ਸ਼ੁਰੂ ਕੀਤੀ ਜਾਣ ਵਾਲੀ ਇਸ ਯੋਜਨਾ ’ਤੇ ਲਗਭਗ 755.83 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਹ ਯੋਜਨਾ ਅਧਿਕਾਰਤ ਤੌਰ ’ਤੇ 15 ਸਤੰਬਰ ਤੋਂ ਲਾਗੂ ਹੋਵੇਗੀ।

ਸਰਕਾਰ ਮੁਤਾਬਕ ਇਸ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ ਹਸਪਤਾਲਾਂ ਵਿੱਚ ਜਣੇਪਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਮਾਂ ਤੇ ਨਵਜੰਮੇ ਬੱਚੇ ਦਾ ਸਨਮਾਨ ਕਰਨਾ ਹੈ। ਯੋਜਨਾ ਤਹਿਤ ਸਰਕਾਰੀ ਹਸਪਤਾਲ ਵਿੱਚ ਜਨਮ ਲੈਣ ਵਾਲੇ ਹਰ ਯੋਗ ਬੱਚੇ ਨੂੰ 1 ਗ੍ਰਾਮ ਸੋਨੇ ਦੀ ਮੁੰਦਰੀ ਮੁਫ਼ਤ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਬੱਚੇ ਨੂੰ ‘ਬੇਬੀ ਵੈਲਕਮ ਕਿੱਟ’ ਵੀ ਦਿੱਤੀ ਜਾਵੇਗੀ। ਇਸ ਕਿੱਟ ਵਿੱਚ ਬੱਚੇ ਦੇ ਕੱਪੜੇ, ਬੇਬੀ ਆਇਲ, ਸਾਬਣ, ਪਾਊਡਰ, ਡਾਇਪਰ, ਨੈਪਕਿਨ, ਮੱਛਰਦਾਨੀ ਅਤੇ ਖਿਡੌਣੇ ਵਰਗੀਆਂ ਜ਼ਰੂਰੀ ਵਸਤਾਂ ਸ਼ਾਮਲ ਹੋਣਗੀਆਂ।

ਯੋਜਨਾ ਲਈ ਕੁਝ ਯੋਗਤਾ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਬੱਚੇ ਦੇ ਮਾਪਿਆਂ ਦਾ ਤਾਮਿਲਨਾਡੂ ਦਾ ਸਥਾਈ ਨਿਵਾਸੀ ਹੋਣਾ ਲਾਜ਼ਮੀ ਹੋਵੇਗਾ ਅਤੇ ਬੱਚੇ ਦਾ ਜਨਮ ਸੂਬੇ ਦੇ ਕਿਸੇ ਸਰਕਾਰੀ ਹਸਪਤਾਲ ਵਿੱਚ ਹੋਇਆ ਹੋਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਇਹ ਯੋਜਨਾ 22 ਜੂਨ 2026 ਜਾਂ ਇਸ ਤੋਂ ਬਾਅਦ ਪੈਦਾ ਹੋਏ ਸਾਰੇ ਯੋਗ ਬੱਚਿਆਂ ’ਤੇ ਲਾਗੂ ਹੋਵੇਗੀ, ਭਾਵੇਂ ਇਸ ਦੀ ਰਸਮੀ ਸ਼ੁਰੂਆਤ 15 ਸਤੰਬਰ ਤੋਂ ਹੋ ਰਹੀ ਹੈ।

ਮੁੱਖ ਮੰਤਰੀ ਦੇ ਇਸ ਐਲਾਨ ਨੂੰ ਨਵਜੰਮੇ ਬੱਚਿਆਂ ਅਤੇ ਮਾਵਾਂ ਲਈ ਸਰਕਾਰ ਦੀ ਇੱਕ ਅਹਿਮ ਭਲਾਈ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।

 

Leave a Comment