ਕੱਪੜਾ ਵਪਾਰੀ ਮੌਤ ਮਾਮਲੇ ‘ਚ ਨਵਾਂ ਮੋੜ; ਪੁਲਿਸ ਦਾ ਦਾਅਵਾ- ਗੈਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ-ਹੱਤਿਆ

 

ਕੱਪੜਾ ਵਪਾਰੀ ਮੌਤ ਮਾਮਲੇ ‘ਚ ਨਵਾਂ ਮੋੜ; ਪੁਲਿਸ ਦਾ ਦਾਅਵਾ- ਗੈਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ-ਹੱਤਿਆ

ਐਸ.ਐਸ.ਪੀ. ਮੋਗਾ ਨੇ ਕੀਤਾ ਖ਼ੁਲਾਸਾ- ਗੈਰੀ ਨੇ ਆਪਣੇ ਹੀ ਪਿਸਤੌਲ ਨਾਲ ਮਾਰੀ ਖੁਦ ਨੂੰ ਗੋਲੀ

ਮੋਗਾ, 15 ਅਪ੍ਰੈਲ 2026:

ਮੋਗਾ ਦੇ ਧਰਮਕੋਟ ਇਲਾਕੇ ਵਿੱਚ ਵਾਪਰੀ ਨੌਜਵਾਨ ਕਾਰੋਬਾਰੀ ਗੁਰਪ੍ਰੀਤ ਸਿੰਘ ਗੈਰੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪਹਿਲਾਂ ਇਸ ਨੂੰ ਕਤਲ ਦੀ ਵਾਰਦਾਤ ਮੰਨਿਆ ਜਾ ਰਿਹਾ ਸੀ, ਪਰ ਐਸ.ਐਸ.ਪੀ. ਮੋਗਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਤਲ ਦਾ ਨਹੀਂ ਬਲਕਿ ਆਤਮ-ਹੱਤਿਆ ਦਾ ਪ੍ਰਤੀਤ ਹੁੰਦਾ ਹੈ।

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਗੈਰੀ ਨੇ ਮੋਗਾ-ਜਲੰਧਰ ਰੋਡ ‘ਤੇ ਆਪਣੀ ਗੱਡੀ ਦੇ ਅੰਦਰ ਹੀ ਆਪਣੇ ਨਿੱਜੀ ਲਾਇਸੈਂਸਸ਼ੁਦਾ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸਥਾਨ ਦੇ ਹਾਲਾਤ ਅਤੇ ਮੁਢਲੀ ਜਾਂਚ ਤੋਂ ਬਾਅਦ ਪੁਲਿਸ ਇਸ ਨਤੀਜੇ ‘ਤੇ ਪਹੁੰਚੀ ਹੈ।

ਕਤਲ ਦੀਆਂ ਕਿਆਸਅਰਾਈਆਂ ਹੋਈਆਂ ਖ਼ਤਮ

ਵਾਰਦਾਤ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਇਹ ਚਰਚਾ ਸੀ ਕਿ ਗੈਰੀ ਦਾ ਕਤਲ ਕੀਤਾ ਗਿਆ ਹੈ, ਪਰ ਐਸ.ਐਸ.ਪੀ. ਨੇ ਸਪੱਸ਼ਟ ਕੀਤਾ ਹੈ ਕਿ, ਸ਼ੁਰੂਆਤੀ ਜਾਂਚ ਮੁਤਾਬਕ ਇਹ ਕਤਲ ਦਾ ਮਾਮਲਾ ਨਹੀਂ ਲੱਗਦਾ। ਗੈਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਜਿਹਾ ਕਿਹੜਾ ਕਾਰਨ ਸੀ ਜਿਸ ਕਰਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।

ਐਸ.ਐਸ.ਪੀ. ਮੋਗਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪੁਲਿਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਗੈਰੀ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਗੈਰੀ ਧਰਮਕੋਟ ਵਿੱਚ ‘ਗੈਰੀ ਕੁਲੈਕਸ਼ਨ’ ਨਾਮ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।