ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
ਚੰਡੀਗੜ੍ਹ, 11 ਸਤੰਬਰ 2026: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਐੱਮ.ਏ. ਪੰਜਾਬੀ, ਐੱਮ.ਏ. ਪੰਜਾਬੀ ਵਿਦ ਰਿਸਰਚ ਅਤੇ ਡਿਪਲੋਮਾ ਇਨ ਟ੍ਰਾਂਸਲੇਸ਼ਨ (ਅੰਗਰੇਜ਼ੀ ਤੋਂ ਪੰਜਾਬੀ) ਵਿੱਚ ਦਾਖਿਲ ਹੋਏ ਨਵੇਂ ਵਿਦਿਆਰਥੀਆਂ ਲਈ ਮੋਹਨ ਸਿੰਘ ਦੀਵਾਨਾ ਹਾਲ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਸਵਾਗਤੀ ਸੰਬੋਧਨ ਦੌਰਾਨ ਡਾ. ਪਰਮਜੀਤ ਸਿੱਧੂ, ਚੇਅਰਪਰਸਨ, ਪੰਜਾਬੀ ਅਧਿਐਨ ਸਕੂਲ ਨੇ ਪੰਜਾਬੀ ਵਿਭਾਗ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ ਅਤੇ ਇੱਥੋਂ ਦੇ ਵਿਦਵਾਨ ਅਧਿਆਪਕਾਂ ਦੀ ਵਿਦਵਤਾ ’ਤੇ ਚਾਨਣਾ ਪਾਇਆ। ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਵੀ ਕਦੇ ਇਸੇ ਵਿਭਾਗ ਦੀ ਵਿਦਿਆਰਥਣ ਰਹੀ ਹੈ ਅਤੇ ਅੱਜ ਇਸੇ ਸੰਸਥਾ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਨਿਰੰਤਰ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋ. ਉਮਾ ਸੇਠੀ ਨੇ ਵਿਦਿਆਰਥੀਆਂ ਨੂੰ ਵਿਭਾਗ ਦੇ ਅਕਾਦਮਿਕ ਮਾਹੌਲ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਅਕਾਦਮਿਕ ਅਤੇ ਸਹਿ–ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪ੍ਰੋ. ਯੋਗਰਾਜ ਅੰਗਰਿਸ਼ ਨੇ “ਪੰਜਾਬ ਯੂਨੀਵਰਸਿਟੀ: ਇਸ ਦੀ ਵਿਰਾਸਤ, ਅਕਾਦਮਿਕ ਸੱਭਿਆਚਾਰ ਅਤੇ ਵਿਦਿਆਰਥੀ ਜੀਵਨ” ਵਿਸ਼ੇ ’ਤੇ ਸੰਬੋਧਨ ਕਰਦਿਆਂ ਪੰਜਾਬ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ, ਅਕਾਦਮਿਕ ਸੱਭਿਆਚਾਰ ਅਤੇ ਵਿਦਿਆਰਥੀ ਜੀਵਨ ਦੇ ਵੱਖ–ਵੱਖ ਪੱਖਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਡਾ. ਬਲਵਿੰਦਰ ਸਿੰਘ, ਸਹਾਇਕ ਪ੍ਰੋ. ਈਵਨਿੰਗ ਕਾਲਜ, ਪੰਜਾਬ ਯੂਨੀਵਰਸਿਟੀ ਨੇ ਆਪਣੇ ਤਜਰਬਿਆਂ ਦੇ ਆਧਾਰ ’ਤੇ ਅੱਜ ਦੇ ਵਿਦਿਆਰਥੀਆਂ ਦੀਆਂ ਰੁਚੀਆਂ, ਸੁਪਨਿਆਂ ਅਤੇ ਆਕਾਂਖਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਭੂਮਿਕਾ ਕੇਵਲ ਪੜ੍ਹਾਉਣ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਇੱਕ ਚੰਗਾ, ਜ਼ਿੰਮੇਵਾਰ ਤੇ ਸੰਵੇਦਨਸ਼ੀਲ ਇਨਸਾਨ ਬਣਾਉਣ ਵਿੱਚ ਵੀ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ।
ਪ੍ਰੋ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਖੋਜ, ਅਧਿਆਪਨ ਅਤੇ ਅਨੁਵਾਦ ਦੇ ਖੇਤਰ ਵਿੱਚ ਉਪਲਬਧ ਵੱਖ–ਵੱਖ ਮੌਕਿਆਂ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ।
ਡਾ. ਪਰਵੀਨ ਕੁਮਾਰ, ਸਹਾਇਕ ਪ੍ਰੋ. ਸੀ. ਡੀ. ਓ. ਈ. ਪੰਜਾਬ ਯੂਨੀਵਰਸਿਟੀ ਨੇ “ਹੋਸਟਲ ਸਹੂਲਤਾਂ, ਨਿਯਮ ਅਤੇ ਪ੍ਰਬੰਧਨ ਪ੍ਰਣਾਲੀ” ਵਿਸ਼ੇ ’ਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਹੋਸਟਲ ਸਹੂਲਤਾਂ, ਨਿਯਮਾਂ ਅਤੇ ਸੰਬੰਧਿਤ ਪ੍ਰਬੰਧਨ ਪ੍ਰਣਾਲੀ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।
ਇਹ ਪ੍ਰੋਗਰਾਮ ਪੰਜਾਬੀ ਅਧਿਐਨ ਸਕੂਲ ਦੀ ਪੰਜਾਬੀ ਸਾਹਿਤ ਸਭਾ, ਐਲੂਮਨੀ ਸੈੱਲ, ਪਲੇਸਮੈਂਟ ਸੈੱਲ ਅਤੇ IQAC ਸੈੱਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਜੀਵਨ ਦੀ ਨਵੀਂ ਯਾਤਰਾ ਲਈ ਲੋੜੀਂਦੀ ਜਾਣਕਾਰੀ, ਆਤਮ–ਵਿਸ਼ਵਾਸ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਸੀ।
















