ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਅਨਾਥ ਬੱਚੇ ਅਜੇ ਵੀ ਮੁਆਵਜ਼ੇ ਦੀ ਉਡੀਕ ‘ਚ; DTF ਨੇ ਕੀਤੀ 2-2 ਕਰੋੜ ਦੀ ਮੰਗ
ਸਰਕਾਰੀ ਨਾਕਸ ਪ੍ਰਬੰਧਾਂ ਦੀ ਭੇਟ ਚੜ੍ਹੇ ਅਧਿਆਪਕ ਜੋੜੇ ਲਈ ਇਨਸਾਫ਼ ਦੀ ਗੁਹਾਰ; ਅਧਿਆਪਕ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਹੋਏ ਦਰਦਨਾਕ ਹਾਦਸੇ ਨੂੰ ਬੀਤਿਆ ਇੱਕ ਸਾਲ: ਮ੍ਰਿਤਕ ਅਧਿਆਪਕ ਜੋੜੇ ਦੇ ਪਰਿਵਾਰ ਲਈ 2-2 ਕਰੋੜ ਰੁਪਏ ਮੁਆਵਜ਼ੇ ਦੀ ਉਠੀ ਜ਼ੋਰਦਾਰ ਮੰਗ
ਮੋਗਾ ਦੇ ਮ੍ਰਿਤਕ ਅਧਿਆਪਕ ਜੋੜੇ ਦੇ ਮਾਸੂਮ ਬੱਚਿਆਂ ਨੂੰ ਮਿਲੇ ਪੂਰਾ ਹੱਕ: ਚੋਣਾਂ ਦੌਰਾਨ ਨੇੜਲੀਆਂ ਥਾਵਾਂ ‘ਤੇ ਡਿਊਟੀਆਂ ਲਗਾਉਣ ਦੀ ਵੀ ਉੱਠੀ ਮੰਗ
ਚੰਡੀਗੜ੍ਹ/ਮੋਹਾਲੀ, 5 ਨਵੰਬਰ 2026:
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਅਧਿਆਪਕ ਪਤੀ-ਪਤਨੀ ਦੇ ਅਨਾਥ ਹੋ ਚੁੱਕੇ ਬੱਚੇ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਵੱਲੋਂ ਉਚਿਤ ਮੁਆਵਜ਼ਾ ਰਾਸ਼ੀ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਡਿਊਟੀ ਨਿਭਾਉਣ ਜਾ ਰਹੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਦੀ ਗੱਡੀ ਭਾਰੀ ਧੁੰਦ ਕਾਰਨ ਅਚਾਨਕ ਸੰਤੁਲਨ ਵਿਗੜਨ ਕਰਕੇ ਸੂਏ ਵਿੱਚ ਡਿੱਗ ਗਈ ਸੀ। ਇਸ ਦਰਦਨਾਕ ਹਾਦਸੇ ਵਿੱਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਹਾਦਸੇ ਨੇ ਉਨ੍ਹਾਂ ਦੇ 11 ਅਤੇ 14 ਸਾਲ ਦੇ ਦੋ ਛੋਟੇ-ਛੋਟੇ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਖੋਹ ਲਿਆ ਸੀ। ਅੱਜ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਅਨਾਥ ਬੱਚੇ ਸਰਕਾਰ ਦੀਆਂ ਨੀਤੀਆਂ ਅਤੇ ਵਾਅਦਿਆਂ ਵੱਲ ਤੱਕ ਰਹੇ ਹਨ।
ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਇਹ ਹਾਦਸਾ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਕਸ ਪ੍ਰਬੰਧਾਂ ਦੀ ਭੇਟ ਚੜ੍ਹਿਆ ਹੈ। ਸਰਕਾਰੀ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਇਸ ਅਧਿਆਪਕ ਜੋੜੇ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਲਗਾਤਾਰ ਤਿੱਖਾ ਸੰਘਰਸ਼ ਕੀਤਾ ਸੀ, ਜਿਸ ਦੇ ਦਬਾਅ ਹੇਠ ਸਰਕਾਰ ਨੇ ਮਹਿਜ਼ 10-10 ਲੱਖ ਰੁਪਏ ਦੀ ਮਾਮੂਲੀ ਰਾਸ਼ੀ ਦਿੱਤੀ ਸੀ। ਪਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਦੋ ਅਨਾਥ ਬੱਚਿਆਂ ਦੇ ਭਵਿੱਖ ਅਤੇ ਪਰਿਵਾਰ ਦੇ ਹੋਏ ਅਪੂਰਨ ਘਾਟੇ ਦੇ ਮੁਕਾਬਲੇ ਬਹੁਤ ਘੱਟ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਲਈ 2 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ, ਤਾਂ ਸਵਰਗੀ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੇ ਅਨਾਥ ਬੱਚਿਆਂ ਅਤੇ ਸਮੂਹ ਅਧਿਆਪਕ ਵਰਗ ਨੂੰ ਇਸ ਦਰਦਨਾਕ ਘਟਨਾ ਦਾ ਦਰਦ ਮੁੜ ਚੇਤੇ ਆ ਗਿਆ। ਆਗੂਆਂ ਅਨੁਸਾਰ ਸਰਕਾਰੀ ਡਿਊਟੀ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਨਾਲ ਇਹ ਪੱਖਪਾਤੀ ਰਵੱਈਆ ਬਹੁਤ ਹੀ ਅਫ਼ਸੋਸਜਨਕ ਹੈ।
ਜਥੇਬੰਦੀ ਦੇ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਾਂਝੇ ਤੌਰ ‘ਤੇ ਆਖਿਆ ਕਿ ਚੋਣਾਂ ਦੌਰਾਨ ਅਧਿਆਪਕਾਂ ਨੂੰ ਦੂਰ-ਦੁਰਾਡੇ ਭੇਜਣ ਅਤੇ ਅਚਾਨਕ ਹਫ਼ੜਾ-ਦਫ਼ੜੀ ਵਾਲੇ ਮਾਹੌਲ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਸਰਕਾਰਾਂ ਹਰ ਵਾਰ ਅਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਂਦੀਆਂ।
ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਅਤੇ ਮਾਨਯੋਗ ਚੋਣ ਕਮਿਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਰਿਹਾਇਸ਼ੀ ਖੇਤਰਾਂ ਦੇ ਬਿਲਕੁਲ ਨੇੜੇ ਲਗਾਈਆਂ ਜਾਣ। ਇਸ ਨਾਲ ਨਾ ਕੇਵਲ ਕਰਮਚਾਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ, ਬਲਕਿ ਅਜਿਹੇ ਦਰਦਨਾਕ ਹਾਦਸਿਆਂ ਨੂੰ ਵਾਪਰਨ ਤੋਂ ਵੀ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਮ੍ਰਿਤਕ ਅਧਿਆਪਕ ਜੋੜੇ ਦੇ ਬੱਚਿਆਂ ਲਈ 2-2 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ।
















