Petrol Diesel Price Hike! ਮਹਿੰਗਾਈ ਦਾ ਵੱਡਾ ਝਟਕਾ; ਪੈਟਰੋਲ ਨੇ ਮਾਰਿਆ ‘ਸੈਂਕੜਾ’, ਡੀਜ਼ਲ 95 ਰੁਪਏ ਤੋਂ ਪਾਰ; ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਤੇਲ ਕੰਪਨੀਆਂ ਨੇ ਅੱਧੀ ਰਾਤ ਨੂੰ ਈਮੇਲ ਭੇਜ ਕੇ ਵਧਾਏ ਰੇਟ; 25 ਮਈ ਦੀ ਸਵੇਰ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ
ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਦਿੱਲੀ ਵਿੱਚ ਪੈਟਰੋਲ 102 ਰੁਪਏ ਅਤੇ ਡੀਜ਼ਲ 95 ਰੁਪਏ ਪ੍ਰਤੀ ਲੀਟਰ ਤੋਂ ਪਾਰ; ਪਿਛਲੇ ਕੁਝ ਦਿਨਾਂ ਵਿੱਚ ਚੌਥੀ ਵਾਰ ਹੋਇਆ ਵਾਧਾ
ਨਵੀਂ ਦਿੱਲੀ, 25 ਮਈ 2026:
ਆਮ ਜਨਤਾ ‘ਤੇ ਮਹਿੰਗਾਈ ਦਾ ਇੱਕ ਹੋਰ ਵੱਡਾ ਬੋਝ ਪਾਉਂਦੇ ਹੋਏ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਭਾਰੀ ਵਾਧਾ ਕਰ ਦਿੱਤਾ ਹੈ।
ਤੇਲ ਕੰਪਨੀਆਂ ਨੇ ਪੈਟਰੋਲ ਪੰਪਾਂ ਨੂੰ ਅੱਧੀ ਰਾਤ ਨੂੰ ਹੀ ਈਮੇਲ ਰਾਹੀਂ ਸੂਚਿਤ ਕਰ ਦਿੱਤਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਹਨ, ਜੋ ਕਿ 25 ਮਈ ਦੀ ਸਵੇਰ 6 ਵਜੇ ਤੋਂ ਲਾਗੂ ਹੋ ਗਏ ਹਨ।
ਤਾਜ਼ਾ ਵਾਧੇ ਤਹਿਤ ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ ਨੇ ਸੈਂਕੜਾ (100 ਰੁਪਏ) ਪਾਰ ਕਰ ਲਿਆ ਹੈ, ਜਦਕਿ ਡੀਜ਼ਲ ਦਾ ਰੇਟ ਵੀ 95 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਚਲਾ ਗਿਆ ਹੈ।
ਮਹਾਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ
ਦਿੱਲੀ ਵਿੱਚ ਅੱਜ ਪੈਟਰੋਲ 99.51 ਰੁਪਏ ਦੀ ਬਜਾਏ 102.12 ਰੁਪਏ ਪ੍ਰਤੀ ਲੀਟਰ ਮਿਲੇਗਾ। ਜਦਕਿ ਡੀਜ਼ਲ 92.49 ਰੁਪਏ ਦੀ ਬਜਾਏ 95.20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਮੁੰਬਈ ਵਿੱਚ ਪੈਟਰੋਲ ਦਾ ਰੇਟ 111.21 ਰੁਪਏ ਅਤੇ ਡੀਜ਼ਲ ਦਾ ਰੇਟ 97.83 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਕੋਲਕਾਤਾ ਵਿੱਚ ਅੱਜ ਤੋਂ ਪੈਟਰੋਲ 113.51 ਰੁਪਏ ਅਤੇ ਡੀਜ਼ਲ 99.82 ਰੁਪਏ ਪ੍ਰਤੀ ਲੀਟਰ ਵਿਕੇਗਾ।
ਚੇਨਈ ਵਿੱਚ ਪੈਟਰੋਲ ਦਾ ਰੇਟ 107.77 ਰੁਪਏ ਅਤੇ ਡੀਜ਼ਲ 99.95 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪਿਛਲੇ ਕੁਝ ਦਿਨਾਂ ਵਿੱਚ ਲਗਾਤਾਰ ਵਧੀਆਂ ਕੀਮਤਾਂ
23 ਮਈ (ਸ਼ਨੀਵਾਰ) ਨੂੰ ਦੋ ਦਿਨ ਪਹਿਲਾਂ ਵੀ ਪੈਟਰੋਲ 91 ਪੈਸੇ ਵਧ ਕੇ 99.51 ਰੁਪਏ ਅਤੇ ਡੀਜ਼ਲ 86 ਪੈਸੇ ਮਹਿੰਗਾ ਹੋ ਕੇ 92.49 ਰੁਪਏ ਪ੍ਰਤੀ ਲੀਟਰ ਹੋਇਆ ਸੀ।
23 ਮਈ ਤੋਂ ਪੰਜ ਦਿਨ ਪਹਿਲਾਂ ਪੈਟਰੋਲ 87 ਪੈਸੇ ਵਧ ਕੇ 98.64 ਰੁਪਏ ਅਤੇ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚਿਆ ਸੀ।
ਅਪ੍ਰੈਲ 2022 ਤੋਂ ਬਾਅਦ ਪਹਿਲੀ ਵਾਰ 15 ਮਈ ਨੂੰ ਰੇਟ ਵਧਾਏ ਗਏ ਸਨ। ਉਸ ਦਿਨ ਪੈਟਰੋਲ 3.14 ਰੁਪਏ ਦੇ ਵਾਧੇ ਨਾਲ 94.67 ਰੁਪਏ ਤੋਂ 97.77 ਰੁਪਏ ਅਤੇ ਡੀਜ਼ਲ 3.11 ਰੁਪਏ ਦੇ ਵਾਧੇ ਨਾਲ 87 ਰੁਪਏ ਤੋਂ 90.67 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ।
ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਇਸ ਵਾਧੇ ਕਾਰਨ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮਾਲ-ਭਾੜਾ ਵਧਣ ਕਾਰਨ ਹੋਰ ਚੀਜ਼ਾਂ ਵੀ ਮਹਿੰਗੀਆਂ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।






