PM Narendra Modi Chandigarh Visit: PM ਮੋਦੀ 17 ਜੁਲਾਈ ਨੂੰ ਕਰਨਗੇ ਚੰਡੀਗੜ੍ਹ ਦਾ ਦੌਰਾ- ਪੀਜੀਆਈ ਦੇ ਐਡਵਾਂਸਡ ਨਿਊਰੋਸਾਇੰਸਿਜ਼ ਸੈਂਟਰ ਅਤੇ PU ਦੇ ਹਾਲੀਆ ਆਡੀਟੋਰੀਅਮ ਦਾ ਕਰ ਸਕਦੇ ਨੇ ਉਦਘਾਟਨ
ਪੀਜੀਆਈਐਮਈਆਰ (PGIMER) ਵਿਖੇ ਐਡਵਾਂਸਡ ਨਿਊਰੋਸਾਇੰਸਿਜ਼ ਅਤੇ ਮਦਰ ਐਂਡ ਚਾਈਲਡ ਹੈਲਥ ਸੈਂਟਰ ਦਾ ਉਦਘਾਟਨ ਹੋਣ ਦੀ ਉਮੀਦ

ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਸਾਊਥ ਕੈਂਪਸ ਵਿੱਚ ਬਣੇ 2400 ਸੀਟਾਂ ਵਾਲੇ ਮਲਟੀ-ਪਰਪਜ਼ ਆਡੀਟੋਰੀਅਮ ਦਾ ਵੀ ਕਰਨਗੇ ਉਦਘਾਟਨ- ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿਖੇ ਹੋ ਸਕਦਾ ਹੈ ਮੁੱਖ ਸਮਾਗਮ
ਚੰਡੀਗੜ੍ਹ, 03 ਜੁਲਾਈ 2026-
PM Narendra Modi Chandigarh Visit! ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਦਾ ਦੌਰਾ ਕਰਨ ਜਾ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਸ਼ਹਿਰ ਨੂੰ ਕਈ ਵੱਡੇ ਪ੍ਰੋਜੈਕਟਾਂ ਦੀ ਸੌਗਾਤ ਦੇ ਸਕਦੇ ਹਨ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਵੱਲੋਂ ਪੀਜੀਆਈ (PGIMER) ਵਿਖੇ ਬਣੇ ‘ਐਡਵਾਂਸਡ ਨਿਊਰੋਸਾਇੰਸਿਜ਼ ਸੈਂਟਰ’ (Advanced Neurosciences Centre) ਅਤੇ ‘ਮਦਰ ਐਂਡ ਚਾਈਲਡ ਹੈਲਥ ਸੈਂਟਰ’ (Mother and Child Health Centre) ਦਾ ਉਦਘਾਟਨ ਕੀਤੇ ਜਾਣ ਦੀ ਪ੍ਰਬਲ ਸੰਭਾਵਨਾ ਹੈ।
ਇਸ ਦੇ ਨਾਲ ਹੀ PM ਮੋਦੀ ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਸਾਊਥ ਕੈਂਪਸ ਵਿੱਚ ਨਵੇਂ ਬਣੇ ਇੱਕ ਵੱਡੇ ਮਲਟੀ-ਪਰਪਜ਼ ਆਡੀਟੋਰੀਅਮ ਦਾ ਉਦਘਾਟਨ ਵੀ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਸੂਚੀ ਨੂੰ ਫਿਲਹਾਲ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਬਣਾਇਆ ਗਿਆ ਇਹ ਮਲਟੀ-ਪਰਪਜ਼ ਆਡੀਟੋਰੀਅਮ ਬੇਹੱਦ ਆਧੁਨਿਕ ਹੈ, ਜਿਸ ਵਿੱਚ 2,400 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਆਡੀਟੋਰੀਅਮ ਦੀ ਵਰਤੋਂ ਯੂਨੀਵਰਸਿਟੀ ਦੀਆਂ ਕਨਵੋਕੇਸ਼ਨਾਂ (ਦੀਖਸ਼ਾਂਤ ਸਮਾਰੋਹ), ਅਕਾਦਮਿਕ ਕਾਨਫਰੰਸਾਂ ਅਤੇ ਵੱਡੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਲਈ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਮੁੱਖ ਸਮਾਗਮ ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿਖੇ ਕਰਵਾਇਆ ਜਾ ਸਕਦਾ ਹੈ, ਜਿੱਥੋਂ ਉਹ ਇਨ੍ਹਾਂ ਪ੍ਰੋਜੈਕਟਾਂ ਨੂੰ ਜਨਤਾ ਨੂੰ ਸਮਰਪਿਤ ਕਰਨਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 3 ਦਸੰਬਰ 2024 ਨੂੰ ਦੇਸ਼ ਦੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਰੱਖੇ ਇੱਕ ਪ੍ਰੋਗਰਾਮ ਲਈ ਚੰਡੀਗੜ੍ਹ ਆਏ ਸਨ। ਪੈਕ (PEC) ਵਿਖੇ ਹੋਏ ਉਸ ਸਮਾਗਮ ਦੌਰਾਨ ਉਨ੍ਹਾਂ ਨੇ ਲਾਈਵ ਕ੍ਰਾਈਮ ਸੀਨ (ਡੈਮੋ) ਦਾ ਮੁਆਇਨਾ ਵੀ ਕੀਤਾ ਸੀ ਅਤੇ ਚੰਡੀਗੜ੍ਹ ਨੂੰ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਦੱਸਿਆ ਸੀ।
ਹੁਣ ਕਰੀਬ ਡੇਢ ਸਾਲ ਬਾਅਦ ਹੋਣ ਜਾ ਰਹੀ ਉਨ੍ਹਾਂ ਦੀ ਇਸ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।














