Post Office Rakhi News: ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਪੋਸਟ ਆਫਿਸ, ਹੁਕਮ ਜਾਰੀ
15 ਜੁਲਾਈ 2026 ਤੋਂ 28 ਅਗਸਤ 2026 ਤੱਕ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਚੁਣੇ ਹੋਏ ਡਾਕਘਰ
ਪਟਿਆਲਾ, 15 ਜੁਲਾਈ 2026– ਸੁਪਰਡੈਂਟ ਡਾਕਘਰ, ਪਟਿਆਲਾ ਡਿਵੀਜ਼ਨ ਸ੍ਰੀਮਤੀ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਲੋਕਾਂ ਦੀ ਸਹੂਲਤ ਲਈ 15 ਜੁਲਾਈ 2026 ਤੋਂ 28 ਅਗਸਤ 2026 ਤੱਕ (ਸਮਾਂ: ਸਵੇਰੇ 09:00 ਵਜੇ ਮੰਗਲਵਾਰ/ਸ਼ਨੀਵਾਰ; ਸ਼ਾਮ 4:30 ਵਜੇ ਮੰਗਲਵਾਰ/ਬੁੱਧਵਾਰ Post Office Rakhi News) ਪੈਣ ਵਾਲੇ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਪਟਿਆਲਾ ਡਿਵੀਜ਼ਨ ਦੇ ਹੇਠ ਲਿਖੇ ਡਾਕਘਰ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ।
ਇਸ ਦੌਰਾਨ, ਇਨ੍ਹਾਂ ਡਾਕਘਰਾਂ (ਸਰਹਿੰਦ ਡਾਕਘਰ, ਸਮਾਣਾ ਡਾਕਘਰ, ਨਾਭਾ ਡਾਕਘਰ, ਮੰਡੀ ਗੋਬਿੰਦਗੜ੍ਹ ਡਾਕਘਰ, ਪਾਤੜਾਂ ਡਾਕਘਰ, ਪਟਿਆਲਾ ਮੁੱਖ ਡਾਕਘਰ, ਰਾਜਪੁਰਾ ਮੁੱਖ ਡਾਕਘਰ) ਵਿੱਚ ਰੱਖੜੀਆਂ, ਪਾਰਸਲ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਦੇ ਨਾਲ-ਨਾਲ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀਆਂ ਸੇਵਾਵਾਂ ਵੀ ਉਪਲਬਧ ਰਹਿਣਗੀਆਂ।
ਇਸ ਉਪਰਾਲੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ, ਤੋਹਫ਼ੇ ਅਤੇ ਹੋਰ ਤਿਉਹਾਰੀ ਡਾਕ ਸਮੇਂ ਸਿਰ, ਸੁਰੱਖਿਅਤ ਅਤੇ ਬਿਨਾਂ ਕਿਸੇ ਰੁਕਾਵਟ ਦੇ ਭੇਜ ਸਕਣ।
ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਮੁੱਖ ਡਾਕਘਰ ਅਤੇ ਰਾਜਪੁਰਾ ਮੁੱਖ ਡਾਕਘਰ ਵਿੱਚ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀ ਸਹੂਲਤ ਰੋਜ਼ਾਨਾ ਸਵੇਰੇ 7:30 ਵਜੇ ਤੋਂ ਸ਼ਾਮ 7:30 ਵਜੇ ਤੱਕ ਉਪਲਬਧ ਹੈ, ਜਿਸ ਦਾ ਆਮ ਲੋਕ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਤੋਂ ਇਲਾਵਾ, ਪਟਿਆਲਾ ਡਿਵੀਜ਼ਨ ਅਧੀਨ ਸਾਰੇ ਬਰਾਂਚ ਡਾਕਘਰਾਂ ਵਿੱਚ ਵੀ ਰੱਖੜੀਆਂ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਪੇਂਡੂ ਖੇਤਰਾਂ ਦੇ ਨਾਗਰਿਕਾਂ ਨੂੰ ਆਪਣੇ ਨੇੜਲੇ ਡਾਕਘਰ ਤੋਂ ਹੀ ਇਹ ਸਹੂਲਤ ਪ੍ਰਾਪਤ ਹੋ ਸਕੇ।
ਗਾਹਕਾਂ ਦੀ ਵਧੇਰੇ ਸਹੂਲਤ ਲਈ ਡਾਕਘਰਾਂ ਵਿੱਚ ਪਾਰਸਲ ਪੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਇਸ ਦੇ ਨਾਲ ਹੀ ਵਾਟਰ ਪ੍ਰੂਫ਼, ਸੈਲਫ਼ ਐਡਹੀਸਿਵ, ਆਕਰਸ਼ਕ ਰੰਗੀਨ ਵਿਸ਼ੇਸ਼ ਰੱਖੜੀ ਲਿਫ਼ਾਫੇ ਅਤੇ ਵਿਸ਼ੇਸ਼ ਰੱਖੜੀ ਬਾਕਸ ਵੀ ਡਾਕਘਰਾਂ ਵਿੱਚ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਗਾਹਕ ਆਪਣੀਆਂ ਰੱਖੜੀਆਂ ਅਤੇ ਤੋਹਫ਼ਿਆਂ ਨੂੰ ਸੁਰੱਖਿਅਤ ਢੰਗ ਨਾਲ ਭੇਜ ਸਕਦੇ ਹਨ।
ਸੁਪਰਡੈਂਟ ਡਾਕਘਰ ਸ੍ਰੀਮਤੀ ਮੋਨਿਕਾ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੱਖੜੀਆਂ, ਤੋਹਫ਼ੇ ਅਤੇ ਹੋਰ ਡਾਕ ਸਮੱਗਰੀ ਭੇਜਣ ਲਈ ਇੰਡੀਆ ਪੋਸਟ ਦੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਹੋਰ ਡਾਕ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਭਾਰਤੀ ਡਾਕ ਆਪਣੇ ਗਾਹਕਾਂ ਨੂੰ ਸਮੇਂ ਸਿਰ, ਸੁਰੱਖਿਅਤ, ਭਰੋਸੇਯੋਗ ਅਤੇ ਕਿਫ਼ਾਇਤੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਰੱਖੜੀ ਦੇ ਤਿਉਹਾਰ ਮੌਕੇ ਹਰ ਸੰਭਵ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ।
















