PSTET Exam ਦਾ ਰੌਲਾ; ਅਧਿਆਪਕਾਂ ਤੋਂ ਪੇਪਰ ਲੈਣ ਲਈ ਵਿਭਾਗ ਨੇ ਚੰਡੀਗੜ੍ਹ ਬਣਾਏ ਸੈਂਟਰ, ਟੀਚਰਾਂ ਨੇ ਕਿਹਾ- ਪੜ੍ਹੀ ਲਿਖੀ ਜਮਾਤ ਨੂੰ ਰੋਲਣ ਦੀ ਤਿਆਰੀ

 

PSTET Exam ਦਾ ਰੌਲਾ; ਪੰਜਾਬ ਦੇ ਅਧਿਆਪਕਾਂ ਦੇ ਪੇਪਰ ਲਈ ਵਿਭਾਗ ਨੇ ਚੰਡੀਗੜ੍ਹ ਬਣਾਏ ਸੈਂਟਰ, ਟੀਚਰਾਂ ਨੇ ਖੱਜਲ-ਖੁਆਰ ਕਰਨ ਦੇ ਲਾਏ ਦੋਸ਼

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦਾ ਸਰਕਾਰ ਨੂੰ ਸਿੱਧਾ ਚੈਲੇਂਜ- “ਜੁਰਤ ਹੈ ਤਾਂ ਨੌਕਰੀ ਤੋਂ ਕੱਢ ਲਵੇ, ਅਸੀਂ ਜਬਰੀ ਟੈੱਟ ਦਾ ਕਰਾਂਗੇ ਬਾਈਕਾਟ”

ਚੰਡੀਗੜ੍ਹ/ਜਲੰਧਰ, 17 ਅਪ੍ਰੈਲ 2026-

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ‘ਤੇ ਜਬਰੀ ਥੋਪੇ ਜਾ ਰਹੇ PSTET ਟੈਸਟ ਨੇ ਸੂਬੇ ਦੇ ਵਿੱਦਿਅਕ ਮਾਹੌਲ ਵਿੱਚ ਭਾਰੀ ਤਣਾਅ ਪੈਦਾ ਕਰ ਦਿੱਤਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਪੰਜਾਬ ਨੇ 19 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਯੂਨੀਅਨ ਨੇ ਸਾਫ਼ ਕਿਹਾ ਹੈ ਕਿ ਸਰਕਾਰ ਅਧਿਆਪਕਾਂ ਨੂੰ ਦੂਰ-ਦੁਰਾਡੇ ਸਫ਼ਰ ਦੌਰਾਨ ਖੱਜਲ-ਖੁਆਰ ਕਰਨਾ ਬੰਦ ਕਰੇ।

ਜੁਰਤ ਹੈ ਤਾਂ ਨੌਕਰੀ ਤੋਂ ਕੱਢੇ ਸਰਕਾਰ”

ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਬੇਹੱਦ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਉਨ੍ਹਾਂ ਕਿਹਾ, “ਜੇਕਰ ਸਰਕਾਰ ਵਿੱਚ ਜੁਰਤ ਹੈ ਤਾਂ ਟੈੱਟ ਨਾ ਦੇਣ ਵਾਲੇ ਅਧਿਆਪਕਾਂ ਅਤੇ ਆਗੂਆਂ ਨੂੰ ਨੌਕਰੀ ਤੋਂ ਕੱਢ ਕੇ ਦਿਖਾਵੇ।” ਆਗੂਆਂ ਨੇ ਦੁੱਖ ਪ੍ਰਗਟਾਇਆ ਕਿ ਜੇਕਰ ਸਮੁੱਚਾ ਅਧਿਆਪਕ ਵਰਗ ਇਕਜੁੱਟ ਹੋ ਕੇ ਇਸ ਟੈੱਟ ਦਾ ਮੁਕੰਮਲ ਬਾਈਕਾਟ ਕਰਦਾ ਤਾਂ ਸਰਕਾਰ ਦੀ ਅਜਿਹਾ ਧੱਕਾ ਕਰਨ ਦੀ ਹਿੰਮਤ ਨਹੀਂ ਸੀ ਹੋਣੀ।

ETU ਆਗੂਆਂ ਨੇ ਦੋਸ਼ ਲਾਇਆ ਕਿ ਅਧਿਆਪਕਾਂ ਦੀਆਂ ਅਹਿਮ ਵਿੱਤੀ ਮੰਗਾਂ ਅਤੇ ਪੁਰਾਣੀ ਪੈਨਸ਼ਨ ਵਰਗੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਰਕਾਰ ਜਾਣਬੁੱਝ ਕੇ ਉਨ੍ਹਾਂ ਨੂੰ ਬੇਲੋੜੇ ਟੈਸਟਾਂ ਅਤੇ ਚੰਡੀਗੜ੍ਹ ਦੇ ਚੱਕਰਾਂ ਵਿੱਚ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕ ਇਸ ਸਮੇਂ ਸਰਕਾਰ ਤੋਂ ਬੇਹੱਦ ਖ਼ਫ਼ਾ ਹਨ ਅਤੇ ਇਸ ਦੇ ਗੰਭੀਰ ਸਿੱਟੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ।

ਇਸ ਰੋਸ ਪ੍ਰਦਰਸ਼ਨ ਅਤੇ ਬਿਆਨਬਾਜ਼ੀ ਵਿੱਚ ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਹੋਰ ਦਰਜਨਾਂ ਸੂਬਾਈ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ, ਜਦੋਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇੰਤਜ਼ਾਮ ਹੋ ਸਕਦੇ ਹਨ, ਤਾਂ ਅਧਿਆਪਕਾਂ ਨੂੰ ਚੰਡੀਗੜ੍ਹ ਬੁਲਾ ਕੇ ਮਾਨਸਿਕ ਅਤੇ ਆਰਥਿਕ ਤੌਰ ‘ਤੇ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ?

ਸਰਕਾਰ ਪੜ੍ਹਾਉਣ ਦੇ ਕੰਮ ਨੂੰ ਛੱਡ ਕੇ ਹਰ ਵੇਲੇ ਅਧਿਆਪਕਾਂ ਨੂੰ ਨਵੇਂ-ਨਵੇਂ ਫੁਰਮਾਨਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰ ਦੇ ਇਨ੍ਹਾਂ ਤਾਨਾਸ਼ਾਹੀ ਫੈਸਲਿਆਂ ਅੱਗੇ ਗੋਡੇ ਨਹੀਂ ਟੇਕਣਗੇ। ਅਧਿਆਪਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖੱਜਲ-ਖੁਆਰੀ ਬੰਦ ਕਰਕੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।