PSTET ਪੇਪਰ ਜਾਂ ‘ਪੈਸੇ ਉਗਰਾਹੀ’ ਦੀ ਮਸ਼ੀਨ? ਦੋ-ਦੋ ਪੇਪਰਾਂ ਦੀ ਫੀਸ ਵਸੂਲੀ, ਪਰ ਰੋਲ ਨੰਬਰ ਸਿਰਫ਼ ਇੱਕ!
ਸਿੱਖਿਆ ਵਿਭਾਗ ਦੇ ‘ਤਕਨੀਕੀ ਸਿਆਪੇ’ ਨੇ ਅਧਿਆਪਕ ਕੀਤੇ ਪਾਗਲ; ਈਮੇਲਾਂ ਦਾ ਜਵਾਬ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਮਾਨ ਸਰਕਾਰ!
ਚੰਡੀਗੜ੍ਹ, 16 ਅਪ੍ਰੈਲ 2026-
ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਕਥਿਤ ‘ਤਕਨੀਕੀ ਘੁਟਾਲਾ’ ਸਾਹਮਣੇ ਆਇਆ ਹੈ। PSTET ਦੇ ਪੇਪਰ ਨੂੰ ਲੈ ਕੇ ਨਵਾਂ ਸਿਆਪਾ ਪੈ ਗਿਆ ਹੈ, ਜਿਸ ਨੇ ਸੈਂਕੜੇ ਅਧਿਆਪਕਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਨੇ ਉਮੀਦਵਾਰਾਂ ਤੋਂ ਦੋ-ਦੋ ਪੇਪਰਾਂ (TET-1 ਅਤੇ TET-2) ਦੀ ਫੀਸ ਤਾਂ ਪੂਰੀ ਵਸੂਲ ਲਈ, ਪਰ ਜਦੋਂ ਰੋਲ ਨੰਬਰ ਜਾਰੀ ਕਰਨ ਦੀ ਵਾਰੀ ਆਈ ਤਾਂ ਵਿਭਾਗ ਦੇ ‘ਸਿਸਟਮ’ ਨੇ ਦਮ ਤੋੜ ਦਿੱਤਾ।
ਫੀਸਾਂ ਪੂਰੀਆਂ, ਪਰ ਸਹੂਲਤ ਅਧੂਰੀ!
ਪੰਜਾਬ ਭਰ ਤੋਂ ਬਹੁ-ਗਿਣਤੀ ਅਧਿਆਪਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ TET-1 ਅਤੇ TET-2 ਦੋਵੇਂ ਪੇਪਰ ਭਰੇ ਸਨ ਅਤੇ ਦੋਵਾਂ ਦੀ ਫੀਸ ਵੀ ਜਮ੍ਹਾਂ ਕਰਵਾਈ ਸੀ। ਪਰ ਹੁਣ ਜਦੋਂ ਰੋਲ ਨੰਬਰ ਡਾਊਨਲੋਡ ਕਰਨ ਦਾ ਸਮਾਂ ਆਇਆ ਹੈ, ਤਾਂ ਕਈਆਂ ਦਾ ਸਿਰਫ਼ ਇੱਕ ਹੀ ਰੋਲ ਨੰਬਰ ਸ਼ੋਅ ਹੋ ਰਿਹਾ ਹੈ। ਕੁਝ ਮਾਮਲਿਆਂ ਵਿੱਚ ਤਾਂ ਹੱਦ ਹੀ ਹੋ ਗਈ; ਪੋਰਟਲ ‘ਤੇ ਲਿੰਕ ਤਾਂ ਦੋ ਸ਼ੋਅ ਹੋ ਰਹੇ ਹਨ, ਪਰ ਦੋਵਾਂ ਲਿੰਕਾਂ ਤੋਂ ਰੋਲ ਨੰਬਰ ਇੱਕੋ ਹੀ ਡਾਊਨਲੋਡ ਹੋ ਰਿਹਾ ਹੈ।
ਈਮੇਲਾਂ ਕਰਕੇ ਹੰਭੇ ਅਧਿਆਪਕ, ਵਿਭਾਗ ਦੀ ਚੁੱਪ ਬਣੀ ਰਹੱਸ
ਪ੍ਰੇਸ਼ਾਨ ਅਧਿਆਪਕਾਂ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਨੂੰ ਲਗਾਤਾਰ ਈਮੇਲਾਂ ਕਰ ਰਹੇ ਹਨ, ਪਰ ਅੱਗੋਂ ਕੋਈ ਜਵਾਬ ਨਹੀਂ ਮਿਲ ਰਿਹਾ। ਕੀ ਸਿੱਖਿਆ ਵਿਭਾਗ ਸਿਰਫ਼ ਫੀਸਾਂ ਦੇ ਪੈਸੇ ਇਕੱਠੇ ਕਰਨ ਲਈ ਬਣਿਆ ਹੈ? ਜੇਕਰ ਕਿਸੇ ਉਮੀਦਵਾਰ ਦਾ ਪੇਪਰ ਇਸ ਗਲਤੀ ਕਾਰਨ ਰਹਿ ਜਾਂਦਾ ਹੈ, ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਕੀ ਮਾਨ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਸਿਰਫ਼ ਫੋਟੋਆਂ ਤੱਕ ਹੀ ਸੀਮਤ ਹੈ?
ਅਧਿਆਪਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਗੈਰ-ਵਿੱਦਿਅਕ ਡਿਊਟੀਆਂ ਦੇ ਬੋਝ ਹੇਠ ਦੱਬੇ ਹੋਏ ਹਨ ਅਤੇ ਹੁਣ ਸਰਕਾਰ ਦੇ ਨਕਾਰਾ ਸਿਸਟਮ ਨੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪਾਗਲ ਹੋਣ ਲਈ ਮਜਬੂਰ ਕਰ ਦਿੱਤਾ ਹੈ। ਉਮੀਦਵਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਦੋਵਾਂ ਪੇਪਰਾਂ ਦੇ ਰੋਲ ਨੰਬਰ ਜਾਰੀ ਨਾ ਕੀਤੇ ਗਏ ਅਤੇ ਫੀਸਾਂ ਦਾ ਹਿਸਾਬ ਨਾ ਦਿੱਤਾ ਗਿਆ, ਤਾਂ ਉਹ ਸਿੱਖਿਆ ਭਵਨ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਪ੍ਰੇਸ਼ਾਨ ਅਧਿਆਪਕਾਂ ਨੇ ਕਿਹਾ ਕਿ, “ਇਹ ਸਿੱਧਾ-ਸਿੱਧਾ ਲੁੱਟ ਦਾ ਮਾਮਲਾ ਹੈ। ਸਰਕਾਰ ਨੂੰ ਸਿਰਫ਼ ਪੈਸਿਆਂ ਨਾਲ ਮਤਲਬ ਹੈ, ਮੁਲਾਜ਼ਮਾਂ ਦੇ ਭਵਿੱਖ ਨਾਲ ਨਹੀਂ।”
ਦੂਜੇ ਪਾਸੇ, ਸਾਰੇ ਪੰਜਾਬ ਦੇ ਅਧਿਆਪਕਾਂ ਨੂੰ ਪੇਪਰ ਦੇਣ ਲਈ ਚੰਡੀਗੜ੍ਹ ਬੁਲਾਉਣਾ ਸਮਝ ਤੋਂ ਬਾਹਰ ਦੀ ਗੱਲ ਹੈ। ਅਜੇ 15 ਮਾਰਚ ਨੂੰ ਹੋਏ ਟੈਟ ਦੇ ਪੇਪਰ ਲਈ ਸੈਂਟਰ 50 ਤੋਂ 80 ਕਿਲੋਮੀਟਰ ਦੂਰ ਬਣਾਏ ਗਏ ਸਨ ਤੇ ਉਥੇ ਟਰੈਫਿਕ ਦੀ ਸਮੱਸਿਆ ਆ ਗਈ ਸੀ। ਹੁਣ ਚੰਡੀਗੜ੍ਹ ਵਿਖੇ ਸੈਂਟਰ ਬਣਨ ਨਾਲ ਇਹ ਇਕ ਵੱਡੀ ਸਮੱਸਿਆ ਬਣੇਗੀ, ਕਿਉਂਕਿ ਉਸੇ ਦਿਨ ਨਿਊ ਚੰਡੀਗੜ੍ਹ ਵਿੱਚ IPL ਦਾ ਮੈਚ ਵੀ ਹੈ।






