ਅਮਰੀਕਾ ‘ਚ ਘਰੇਲੂ ਹਿੰਸਾ ਦੀ ਸ਼ਿਕਾਰ ਪੰਜਾਬੀ ਮੁਟਿਆਰ ਜੈਸਮੀਨ ਨੂੰ ਸਮਰਪਿਤ ਜਨਤਕ ਸ਼ੋਕ ਸਭਾ
ਔਰਤਾਂ ਵਿਰੁੱਧ ਘਰੇਲੂ ਹਿੰਸਾ ਅਤੇ ਅੱਤਿਆਚਾਰਾਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦੇ ਕੇ ਸੰਪੰਨ
ਪੰਜਾਬ ਨੈੱਟਵਰਕ, ਲੁਧਿਆਣਾ
ਪਿੰਡ ਜਲਾਜਣ ਵਿਖੇ ਅਮਰੀਕਾ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਪੰਜਾਬੀ ਮੁਟਿਆਰ ਜੈਸਮੀਨ ਨੂੰ ਸਮਰਪਿਤ ਜਨਤਕ ਸ਼ੋਕ ਸਭਾ ਔਰਤਾਂ ਵਿਰੁੱਧ ਘਰੇਲੂ ਹਿੰਸਾ ਅਤੇ ਅੱਤਿਆਚਾਰਾਂ ਖ਼ਿਲਾਫ਼ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੰਦੀ ਹੋਈ ਸੰਪੰਨ ਹੋਈ। ਸੈਂਕੜੇ ਲੋਕਾਂ ਦੀ ਸ਼ਮੂਲੀਅਤ ਵਾਲੀ ਇਹ ਸ਼ੋਕ ਸਭਾ ਜੈਸਮੀਨ ਦੇ ਪੇਕੇ ਪਿੰਡ ਜਲਾਜਣ ਦੇ ਖੇਡ ਮੈਦਾਨ ਵਿੱਚ ਕੀਤੀ ਗਈ। ਜੈਸਮੀਨ ਦੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਨਸਾਫ਼ ਪਸੰਦ ਲੋਕਾਂ ਅਤੇ ਔਰਤਾਂ ਨੇ ਬੁਲਾਰਿਆਂ ਨੂੰ ਸਿੱਲ੍ਹੀਆਂ ਅੱਖਾਂ, ਭਾਵੁਕ ਮਾਹੌਲ ਅਤੇ ਪੂਰੀ ਗੰਭੀਰਤਾ ਨਾਲ ਸੁਣਿਆ।
ਇਸ ਸ਼ੋਕ ਸਭਾ ਲਈ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਵਰਾਜਬੀਰ ਅਤੇ ਉੱਘੀ ਰੰਗਕਰਮੀ, ਸਮਾਜਿਕ ਕਾਰਕੁਨ ਅਤੇ ਪੰਜਾਬੀ ਥੀਏਟਰ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਦੀ ਬੇਟੀ ਨਵਸ਼ਰਨ ਕੌਰ ਦੇ ਸੰਦੇਸ਼ ਬਹੁਤ ਗਹੁ ਨਾਲ ਸੁਣੇ ਗਏ। ਸਮਾਗਮ ਨੂੰ ਜੈਸਮੀਨ ਸ਼ੋਕ ਸਭਾ ਕਮੇਟੀ ਦੇ ਕਨਵੀਨਰ ਡਾ. ਹਰਚੰਦ ਸਿੰਘ, ਉੱਘੇ ਅਧਿਆਪਕ ਆਗੂ ਜੋਗਿੰਦਰ ਆਜ਼ਾਦ, ਦਲਜੀਤ ਸਿੰਘ ਸਾਬਕਾ ਪੀ.ਸੀ.ਐੱਸ., ਸੁਦਾਗਰ ਸਿੰਘ ਘੁਡਾਣੀ ਕਲਾਂ, ਐਡਵੋਕੇਟ ਸੁਦੀਪ ਸਿੰਘ ਬਠਿੰਡਾ, ਹਰਜਿੰਦਰ ਸਿੰਘ ਲੁਧਿਆਣਾ, ਜਸਪਾਲ ਜੱਸੀ ਅਤੇ ਜੈਸਮੀਨ ਦੀ ਭੈਣ ਦਿਸ਼ਾ ਨੇ ਸੰਬੋਧਨ ਕੀਤਾ।
ਸ਼ੋਕ ਸਭਾ ਦੀ ਸ਼ੁਰੂਆਤ ਕਮੇਟੀ ਦੇ ਕਨਵੀਨਰ ਡਾ. ਹਰਚੰਦ ਸਿੰਘ ਵੱਲੋਂ ਜੈਸਮੀਨ ਦੀ ਤਸਵੀਰ ‘ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਉਪਰੰਤ ਜੈਸਮੀਨ ਦੇ ਭਰਾ ਪਾਸ਼ ਆਜ਼ਾਦ ਅਤੇ ਬਾਕੀ ਭਰਾਵਾਂ ਵੱਲੋਂ ਲਿਖੇ ਗੀਤ ਅਤੇ ਸੋਗਮਈ ਧੁਨ ਦੀ ਹਾਜ਼ਰੀ ਵਿੱਚ ਸਮੂਹ ਹਾਜ਼ਰ ਲੋਕਾਂ ਨੇ ਤਿੰਨ ਮਿੰਟ ਦਾ ਮੌਨ ਧਾਰਨ ਕਰਕੇ ਜੈਸਮੀਨ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੁਲਾਰਿਆਂ ਨੇ ਘਰੇਲੂ ਹਿੰਸਾ ਅਤੇ ਇਸ ਦੇ ਸਮਾਜਿਕ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਜੈਸਮੀਨ ਦੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਸ ਨਾਲ ਵਾਪਰੀ ਦੁਖਦਾਈ ਘਟਨਾ ਪ੍ਰਤੀ ਡੂੰਘੀ ਸੰਵੇਦਨਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਗੱਲ ‘ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁੜੀਆਂ ਦਾ ਆਪਣੇ ਅਧਿਕਾਰਾਂ ਪ੍ਰਤੀ ਚੇਤੰਨ ਅਤੇ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ।
ਬੁਲਾਰਿਆਂ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਜੈਸਮੀਨ ਦਾ ਘਿਨੌਣਾ ਕਤਲ ਮਹਿਜ਼ ਇੱਕ ਵਿਅਕਤੀਗਤ ਮਾਮਲਾ ਨਹੀਂ ਹੈ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦੇ ਨਾਲ-ਨਾਲ ਅਜਿਹੇ ਅੱਤਿਆਚਾਰੀਆਂ ਨੂੰ ਸਮਾਜ ਵਿੱਚੋਂ ਨਿਖੇੜਨਾ ਵੀ ਬੇਹੱਦ ਜ਼ਰੂਰੀ ਹੈ। ਬੁਲਾਰਿਆਂ ਅਨੁਸਾਰ ਇਹ ਦਰਦਨਾਕ ਘਟਨਾ ਜਾਇਦਾਦ ਦੇ ਹੰਕਾਰ, ਜਾਤੀ ਹੰਕਾਰ, ਧਰਮ ਦੀ ਸਰਪ੍ਰਸਤੀ ਦੇ ਹੰਕਾਰ ਅਤੇ ਗੈਂਗਸਟਰ ਟੋਲਿਆਂ ਨਾਲ ਸਬੰਧਾਂ ਦੇ ਹੰਕਾਰ ਦੇ ਸਿਰ ‘ਤੇ ਵਾਪਰੀ ਹੈ। ਇਸ ਘਟਨਾ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਮਹਿਜ਼ ਪਰਿਵਾਰਕ ਜਾਂ ਨਿੱਜੀ ਮਸਲੇ ਦੀ ਬਜਾਏ ਇੱਕ ਵੱਡੇ ਸਮਾਜਿਕ ਸਵਾਲ ਵਜੋਂ ਸਾਹਮਣੇ ਲਿਆਂਦਾ ਹੈ।
ਬੁਲਾਰਿਆਂ ਨੇ ਇਸ ਗੱਲ ਦੀ ਲੋੜ ਉਭਾਰੀ ਕਿ ਔਰਤਾਂ ਵਿਰੁੱਧ ਹਿੰਸਾ ਅਤੇ ਅੱਤਿਆਚਾਰਾਂ ਦੇ ਖ਼ਾਤਮੇ ਲਈ ਸਮੁੱਚੇ ਸਮਾਜ ਨੂੰ ਗੰਭੀਰਤਾ ਨਾਲ ਅੱਗੇ ਆਉਣਾ ਪਵੇਗਾ। ਜੈਸਮੀਨ ਸ਼ੋਕ ਸਭਾ ਕਮੇਟੀ ਦੇ ਕਨਵੀਨਰ ਡਾ. ਹਰਚੰਦ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪਿੰਡ ਜਲਾਜਣ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮਾਗਮ ਦੀ ਤਿਆਰੀ ਵਿੱਚ ਪੂਰਾ ਸਹਿਯੋਗ ਦਿੱਤਾ।

ਇਸ ਮੌਕੇ ਜੈਸਮੀਨ ਦੀਆਂ ਯਾਦਾਂ ਨੂੰ ਸਮਰਪਿਤ ਇੱਕ ਫੋਟੋ ਗੈਲਰੀ ਵੀ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿੱਚ ਜੈਸਮੀਨ ਨਾਲ ਸਬੰਧਤ ਤਸਵੀਰਾਂ, ਉਸ ਦੇ ਜੀਵਨ ਸਫ਼ਰ ਦੀ ਸੰਖੇਪ ਝਲਕ ਅਤੇ ਵੱਖ-ਵੱਖ ਸ਼ੋਕ ਸੰਦੇਸ਼ ਸ਼ਾਮਲ ਕੀਤੇ ਗਏ ਸਨ। ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਨੇ ਇਸ ਫੋਟੋ ਗੈਲਰੀ ਨੂੰ ਬੜੇ ਗਹੁ ਅਤੇ ਭਾਵੁਕਤਾ ਨਾਲ ਦੇਖਿਆ। ਇਸ ਮੌਕੇ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਜੈਸਮੀਨ ਨੂੰ ਇਨਸਾਫ਼ ਦਿਵਾਇਆ ਜਾਵੇ, ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ।
ਜੈਸਮੀਨ ਦੇ ਅੱਠ ਮਹੀਨੇ ਦੇ ਬੇਟੇ ਦੀ ਕਸਟਡੀ ਉਸ ਦੀ ਮਾਤਾ ਜੀ ਨੂੰ ਦਿੱਤੀ ਜਾਵੇ ਅਤੇ ਜੈਸਮੀਨ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ਾਂ (Mortal Remains) ਨੂੰ ਭਾਰਤ ਲਿਆਉਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਲੋੜੀਂਦੀ ਸਹਾਇਤਾ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਜੈਸਮੀਨ ਦੀ ਮਾਤਾ ਜੀ ਲਈ ਐਮਰਜੈਂਸੀ ਵੀਜ਼ੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।
ਇਸ ਸਮਾਗਮ ਵਿੱਚ ਉੱਘੇ ਕਹਾਣੀਕਾਰ ਅਤਰਜੀਤ, ਲਲਕਾਰ ਦੇ ਪ੍ਰਤੀਨਿਧ ਰਵਿੰਦਰ, ਉੱਘੇ ਅਧਿਆਪਕ ਆਗੂ ਯਸ਼ਪਾਲ, ਭਜਨ ਗਿੱਲ ਕੈਲੇਗਰੀ (ਸਰੋਕਾਰਾਂ ਦੀ ਆਵਾਜ਼), ਜਸਵੰਤ ਜ਼ੀਰਖ, ਕੁਲਵੰਤ ਤਰਕ, ਅਨੁਵਾਦਕ ਹਰਚਰਨ ਚਾਹਲ, ਜਗਮੇਲ ਸਿੰਘ ਬਠਿੰਡਾ, ਹਰਭਗਵਾਨ ਬਰਨਾਲਾ, ਮਨਜੀਤ ਕੌਰ ਲੁਧਿਆਣਾ, ਡਾ. ਸੁਰਜੀਤ ਲੁਧਿਆਣਾ, ਆਵਾਮੀ ਰੰਗਮੰਚ ਸਹੌੜਾ ਅਤੇ ਮਜ਼ਦੂਰ ਯੂਨੀਅਨ ਖੰਨਾ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਡੀ.ਐੱਮ.ਸੀ. ਲੁਧਿਆਣਾ ਦੇ ਚਮੜੀ ਰੋਗ ਵਿਭਾਗ ਦੇ ਇੰਚਾਰਜ ਡਾਕਟਰ ਸਾਹਿਬਾਨ, ਵਿਭਾਗ ਦੇ ਸਟਾਫ਼ ਅਤੇ ਹੋਰ ਮੁਲਾਜ਼ਮ ਵੀ ਸਮਾਗਮ ਵਿੱਚ ਹਾਜ਼ਰ ਸਨ। ਇਕੱਠ ਵਿੱਚ ਹੈਬੋਵਾਲ ਕਲਾਂ, ਲੁਧਿਆਣਾ ਦੇ ਵਸਨੀਕਾਂ ਨੇ ਵੀ ਸ਼ਮੂਲੀਅਤ ਕੀਤੀ। ਅੰਤ ਵਿੱਚ ਇਕੱਠ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਹੰਝੂਆਂ ਭਰੀਆਂ ਅੱਖਾਂ ਅਤੇ ਦਿਲਾਂ ਵਿੱਚ ਰੋਹ ਲੈ ਕੇ ਜੈਸਮੀਨ ਨੂੰ ਅਲਵਿਦਾ ਕਿਹਾ। ਇਹ ਸ਼ੋਕ ਸਭਾ ਜਿੱਥੇ ਜੈਸਮੀਨ ਨੂੰ ਭਾਵਪੂਰਤ ਸ਼ਰਧਾਂਜਲੀ ਸੀ, ਉੱਥੇ ਹੀ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਖ਼ਾਤਮੇ ਅਤੇ ਸਮਾਜਿਕ ਚੇਤਨਾ ਦੀ ਲੋੜ ਦਾ ਇੱਕ ਸਾਂਝਾ ਸੁਨੇਹਾ ਵੀ ਬਣ ਕੇ ਉਭਰੀ।
















