Join WhatsApp

Join Now

Punjab Electricity Crisis: ਪੰਜਾਬ ‘ਚ ਬਿਜਲੀ ਦਾ ਸੰਕਟ! ਠੰਢੇ ਪਏ ਥਰਮਲ ਪਲਾਂਟ? ਲੋਕਾਂ ਦਾ ਗੁੱਸਾ; ਕਿਹਾ- ਬੁਝਾਵਾਂਗੇ ਆਪ ਸਰਕਾਰ ਦੀ ਬੱਤੀ

On: November 26, 2026 8:02 PM

 

Punjab Electricity Crisis: ਪੰਜਾਬ ‘ਚ ਬਿਜਲੀ ਦਾ ਸੰਕਟ! ਠੰਢੇ ਪਏ ਥਰਮਲ ਪਲਾਂਟ? ਲੋਕਾਂ ਦਾ ਗੁੱਸਾ; ਕਿਹਾ- ਬੁਝਾਵਾਂਗੇ ਆਪ ਸਰਕਾਰ ਦੀ ਬੱਤੀ

24 ਘੰਟੇ ਬਿਜਲੀ ਦੇ ਵਾਅਦਿਆਂ ਦੀ ਨਿਕਲੀ ਫੂਕ; ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਕੱਢਿਆ ਲੋਕਾਂ ਦਾ ਦਮ, ਸਵੇਰ ਵੇਲੇ ਪਾਣੀ ਨੂੰ ਤਰਸੇ ਸ਼ਹਿਰ ਵਾਸੀ- ਲਗਾਤਾਰ ਲੱਗ ਰਹੇ ਕੱਟਾਂ ਕਾਰਨ ਕਾਰੋਬਾਰ ਅਤੇ ਘਰੇਲੂ ਕੰਮਕਾਜ ਠੱਪ

Punjab News, 26 ਨਵੰਬਰ 2026- ਪੰਜਾਬ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ (ਫਿਰੋਜ਼ਪੁਰ, ਫਾਜਿਲਕਾ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕਈ ਹਿੱਸਿਆਂ) ਦੇ ਲੋਕ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੇ ਆਮ ਜਨਜੀਵਨ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ।

ਲੋਕਾਂ ਵਿੱਚ ਪਾਵਰਕੌਮ ਅਤੇ ਸਰਕਾਰ ਦੀ ਇਸ ਢਿੱਲੀ ਕਾਰਗੁਜ਼ਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਬੰਦ ਹੋਣ ਦਾ ਸਿਲਸਿਲਾ ਸਵੇਰੇ ਕਰੀਬ 6 ਵਜੇ ਹੀ ਸ਼ੁਰੂ ਹੋ ਜਾਂਦਾ ਹੈ, ਜੋ ਕਿ ਦਿਨ ਦਾ ਸਭ ਤੋਂ ਅਹਿਮ ਸਮਾਂ ਹੁੰਦਾ ਹੈ। ਇਸ ਤੋਂ ਬਾਅਦ ਵੀ ਪੂਰਾ ਦਿਨ ਵੱਖ-ਵੱਖ ਸਮੇਂ ‘ਤੇ ਇੱਕ ਤੋਂ ਦੋ ਘੰਟਿਆਂ ਦੇ ਕੱਟ ਲੱਗਦੇ ਰਹਿੰਦੇ ਹਨ। ਸਵੇਰ ਵੇਲੇ ਹਰ ਘਰ ਵਿੱਚ ਭੱਜ-ਦੌੜ ਦਾ ਮਾਹੌਲ ਹੁੰਦਾ ਹੈ।

ਸਕੂਲ ਜਾਣ ਵਾਲੇ ਬੱਚਿਆਂ ਨੇ ਤਿਆਰ ਹੋਣਾ ਹੁੰਦਾ ਹੈ ਅਤੇ ਮੁਲਾਜ਼ਮਾਂ ਨੇ ਆਪੋ-ਆਪਣੀਆਂ ਡਿਊਟੀਆਂ ‘ਤੇ ਪਹੁੰਚਣਾ ਹੁੰਦਾ ਹੈ। ਅਜਿਹੇ ਸਮੇਂ ਬਿਜਲੀ ਗੁੱਲ ਹੋਣ ਕਾਰਨ ਘਰਾਂ ਵਿੱਚ ਪਾਣੀ ਦੀਆਂ ਮੋਟਰਾਂ ਨਹੀਂ ਚੱਲਦੀਆਂ, ਜਿਸ ਕਾਰਨ ਪੀਣ ਵਾਲੇ ਪਾਣੀ ਅਤੇ ਨਹਾਉਣ-ਧੋਣ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਰਿਵਾਰਾਂ ਨੂੰ ਬਿਨਾਂ ਪਾਣੀ ਅਤੇ ਬਿਜਲੀ ਦੇ ਹੀ ਬੱਚਿਆਂ ਨੂੰ ਸਕੂਲ ਭੇਜਣ ਲਈ ਮਜਬੂਰ ਹੋਣਾ ਪੈਂਦਾ ਹੈ।

ਦੂਜੇ ਪਾਸੇ, ਦੁਕਾਨਦਾਰ ਅਤੇ ਵਪਾਰੀ ਵਰਗ ਵੀ ਇਨ੍ਹਾਂ ਲੰਬੇ ਕੱਟਾਂ ਕਾਰਨ ਬੇਹੱਦ ਪਰੇਸ਼ਾਨ ਹਨ। ਦੁਕਾਨਦਾਰਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਦੱਸਿਆ ਕਿ ਸਵੇਰੇ ਦੁਕਾਨਾਂ ਖੋਲ੍ਹਣ ਵੇਲੇ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਮਾੜਾ ਅਸਰ ਪੈ ਰਿਹਾ ਹੈ। ਕਈ ਵਪਾਰੀਆਂ ਨੇ ਤਾਂ ਇੱਥੋਂ ਤੱਕ ਆਖਿਆ ਕਿ ਸਵੇਰੇ ਘਰਾਂ ਵਿੱਚ ਪਾਣੀ ਨਾ ਹੋਣ ਕਰਕੇ ਉਹ ਬਿਨਾਂ ਨਹਾਤੇ ਹੀ ਦੁਕਾਨਾਂ ‘ਤੇ ਆਉਣ ਲਈ ਬੇਵੱਸ ਹਨ।

Punjab Electricity Crisis

 

ਘਰੇਲੂ ਸੁਆਣੀਆਂ ਨੇ ਵੀ ਬਿਜਲੀ ਦੀ ਇਸ ਲੁਕਣਮੀਟੀ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਔਰਤਾਂ ਅਨੁਸਾਰ ਸਵੇਰ ਵੇਲੇ ਬਿਜਲੀ ਬੰਦ ਹੋਣ ਨਾਲ ਰਸੋਈ ਦੇ ਕੰਮਕਾਜ, ਸਫ਼ਾਈ ਅਤੇ ਪਾਣੀ ਭਰਨ ਵਰਗੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮੌਸਮ ਵਿੱਚ ਠੰਢਕ ਆਉਣ ਕਾਰਨ ਪੱਖਿਆਂ ਅਤੇ ਏ.ਸੀ. ਦੀ ਵਰਤੋਂ ਬੰਦ ਹੋ ਗਈ ਹੈ, ਪਰ ਬਿਜਲੀ ਦੀ ਲੋੜ ਸਿਰਫ਼ ਗਰਮੀ ਤੋਂ ਬਚਣ ਤੱਕ ਹੀ ਸੀਮਤ ਨਹੀਂ ਹੁੰਦੀ। ਰੋਜ਼ਾਨਾ ਦੀਆਂ ਘਰੇਲੂ ਲੋੜਾਂ ਅਤੇ ਪਾਣੀ ਦੀ ਸਪਲਾਈ ਲਈ ਬਿਜਲੀ ਬੇਹੱਦ ਜ਼ਰੂਰੀ ਹੈ।

ਲੋਕਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਤੁਰੰਤ ਸੁਚਾਰੂ ਬਣਾਇਆ ਜਾਵੇ। ਲੋਕਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਬਿਨਾਂ ਕਿਸੇ ਠੋਸ ਕਾਰਨ ਤੋਂ ਲੱਗ ਰਹੇ ਇਨ੍ਹਾਂ ਕੱਟਾਂ ਨੂੰ ਤੁਰੰਤ ਬੰਦ ਨਾ ਕੀਤਾ ਗਿਆ, ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਲੋਕਾਂ ਨੇ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਂਦਿਆਂ ਅਪੀਲ ਕੀਤੀ ਕਿ ਲੋਕਾਂ ਨੂੰ ਘੱਟੋ-ਘੱਟ ਰੋਜ਼ਾਨਾ ਦੀਆਂ ਬੁਨਿਆਦੀ ਸਹੂਲਤਾਂ ਲਈ ਤਾਂ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇ।

 

Leave a Comment