ਪੰਜਾਬ ਸਰਕਾਰ ਵੱਲੋਂ ਲੇਡੀ ਮੁਲਾਜ਼ਮਾਂ ਦੀ ‘ਚਾਈਲਡ ਕੇਅਰ ਲੀਵ’ (CCL) ਦਾ ਵੇਰਵਾ ਤਲਬ; ਵਿਭਾਗਾਂ ਨੂੰ 3 ਦਿਨਾਂ ਅੰਦਰ ਰਿਪੋਰਟ ਭੇਜਣ ਦੇ ਹੁਕਮ
Punjab Network
ਚੰਡੀਗੜ੍ਹ, 19 ਮਾਰਚ 2026: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀ-3 ਸ਼ਾਖਾ) ਵੱਲੋਂ ਸੂਬੇ ਦੇ ਸਮੂਹ ਪ੍ਰਸ਼ਾਸਕੀ ਸਕੱਤਰਾਂ ਨੂੰ ਇੱਕ ਅਹਿਮ ਪੱਤਰ ਜਾਰੀ ਕਰਦਿਆਂ ਇਸਤਰੀ ਅਧਿਕਾਰੀਆਂ ਅਤੇ ਕਰਮਚਾਰਨਾਂ ਵੱਲੋਂ ਲਈ ਗਈ ਚਾਈਲਡ ਕੇਅਰ ਲੀਵ (Child Care Leave) ਦਾ ਮੁਕੰਮਲ ਵੇਰਵਾ ਮੰਗਿਆ ਗਿਆ ਹੈ।
ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ (ਮੀਮੋ ਨੰ: 06/04/2022-2ਪੀ.ਪੀ.3/106) ਅਨੁਸਾਰ, ਵਿਭਾਗ ਇਹ ਜਾਣਨਾ ਚਾਹੁੰਦਾ ਹੈ ਕਿ ਸਾਲ 2011 ਦੀਆਂ ਹਦਾਇਤਾਂ ਤੋਂ ਬਾਅਦ ਮਹਿਲਾ ਮੁਲਾਜ਼ਮਾਂ ਨੇ ਆਪਣੀ ਸੇਵਾਕਾਲ ਦੌਰਾਨ ਕਿੰਨੀ ਵਾਰ ਅਤੇ ਕਿੰਨੇ ਦਿਨਾਂ ਲਈ ਇਹ ਛੁੱਟੀ ਲਈ ਹੈ।
ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੀਆਂ ਇਸਤਰੀ ਮੁਲਾਜ਼ਮਾਂ ਦਾ ਡਾਟਾ ਤਿੰਨ ਦਿਨਾਂ ਦੇ ਅੰਦਰ-ਅੰਦਰ ਨਿਰਧਾਰਿਤ ਪ੍ਰੋਫਾਰਮੇ ਵਿੱਚ ਭੇਜਣਾ ਯਕੀਨੀ ਬਣਾਉਣ। ਵਿਭਾਗਾਂ ਨੂੰ ਮੁਲਾਜ਼ਮ ਦਾ ਨਾਂ, ਛੁੱਟੀ ਦਾ ਸਾਲ, ਛੁੱਟੀ ਦੀ ਮਿਆਦ (ਦਿਨਾਂ ਵਿੱਚ) ਅਤੇ ਸੇਵਾਕਾਲ ਦੌਰਾਨ ਹੁਣ ਤੱਕ ਕਿੰਨੀ ਵਾਰ (Spells) ਛੁੱਟੀ ਲਈ ਗਈ ਹੈ, ਬਾਰੇ ਜਾਣਕਾਰੀ ਦੇਣੀ ਹੋਵੇਗੀ।
ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ 22 ਦਸੰਬਰ 2011 ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਤਹਿਤ ਮਹਿਲਾ ਮੁਲਾਜ਼ਮਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਇਹ ਵਿਸ਼ੇਸ਼ ਛੁੱਟੀ ਮਿਲਦੀ ਹੈ।
ਸਰਕਾਰ ਵੱਲੋਂ ਅਚਾਨਕ ਮੰਗੇ ਗਏ ਇਸ ਵੇਰਵੇ ਤੋਂ ਬਾਅਦ ਮਹਿਲਾ ਮੁਲਾਜ਼ਮਾਂ ਵਿੱਚ ਚਰਚਾ ਛਿੜ ਗਈ ਹੈ। ਪ੍ਰਸ਼ਾਸਨਿਕ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ CCL ਸਬੰਧੀ ਨਿਯਮਾਂ ਦੀ ਸਮੀਖਿਆ ਕਰ ਸਕਦੀ ਹੈ ਜਾਂ ਇਸ ਡਾਟੇ ਦੀ ਵਰਤੋਂ ਭਵਿੱਖ ਦੀਆਂ ਨੀਤੀਆਂ ਬਣਾਉਣ ਲਈ ਕੀਤੀ ਜਾ ਸਕਦੀ ਹੈ।







