ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਦੋ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ

On: ਜੂਨ 21, 2026 6:24 ਬਾਃ ਦੁਃ

 

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਦੋ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ

ਏ ਡੀ ਸੀ ਵੱਲੋਂ ਫਰਮ ਬੈਸਟ ਸਲਿਊਸ਼ਨ ਕੰਸਲਟੈਂਸੀ ਸਰਵਿਸਿਜ਼ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ, 2026:

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਬੈਸਟ ਸਲਿਊਸ਼ਨ ਕੰਸਲਟੈਂਸੀ ਸਰਵਿਸਿਜ਼ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ਬੈਸਟ ਸਲਿਊਸ਼ਨ ਕੰਸਲਟੈਂਸੀ ਸਰਵਿਸਿਜ਼’ ਐਸ.ਸੀ.ਐਫ. ਨੰਬਰ 49, ਟਾਪ ਫਲੋਰ, ਫੇਜ਼-11, ਮੁਹਾਲੀ ਦੇ ਮਾਲਕ ਸ਼ੁਭਮ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 590/ਆਈ.ਸੀ. ਮਿਤੀ 23.08.2023 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 22.08.2028 ਤੱਕ ਸੀ।

ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫਰਮ ਨੂੰ ਐਕਟ ਅਤੇ ਨਿਯਮਾਂ ਅਨੁਸਾਰ ਲਾਇਸੰਸ ਜਾਰੀ ਹੋਣ ਤੋਂ ਬਾਅਦ ਕੀਤੇ ਗਏ ਕੰਮਾਂ, ਕਰਵਾਏ ਗਏ ਸੈਮੀਨਾਰਾਂ ਅਤੇ ਪ੍ਰਕਾਸ਼ਿਤ ਇਸ਼ਤਿਹਾਰਾਂ ਸਬੰਧੀ ਮਹੀਨਾਵਾਰ ਰਿਪੋਰਟਾਂ ਇਸ ਦਫ਼ਤਰ ਵਿੱਚ ਪੇਸ਼ ਕਰਨ ਲਈ ਕਈ ਵਾਰ ਲਿਖਤੀ ਤੌਰ ’ਤੇ ਕਿਹਾ ਗਿਆ ਸੀ। ਇਸ ਸਬੰਧੀ ਦਫ਼ਤਰ ਵੱਲੋਂ ਸਮੇਂ-ਸਮੇਂ ’ਤੇ ਪੱਤਰ ਵੀ ਜਾਰੀ ਕੀਤੇ ਗਏ ਸਨ, ਪਰੰਤੂ ਫਰਮ ਵੱਲੋਂ ਅੱਜ ਤੱਕ ਕੋਈ ਵੀ ਰਿਪੋਰਟ ਜਾਂ ਲੋੜੀਂਦੀ ਜਾਣਕਾਰੀ ਦਫ਼ਤਰ ਵਿੱਚ ਪੇਸ਼ ਨਹੀਂ ਕੀਤੀ ਗਈ।

ਉਕਤ ਤੱਥਾਂ ਦੇ ਸਨਮੁੱਖ, ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਤਹਿਤ ਫਰਮ ਬੈਸਟ ਸਲਿਊਸ਼ਨ ਕੰਸਲਟੈਂਸੀ ਸਰਵਿਸਿਜ਼ ਨੂੰ ਜਾਰੀ ਲਾਇਸੰਸ ਨੰਬਰ 590/ਆਈ.ਸੀ. ਮਿਤੀ 23.08.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਪ੍ਰਾਰਥੀ/ਫਰਮ ਹਰ ਪੱਖੋਂ ਇਸ ਦੀ ਭਰਪਾਈ ਲਈ ਜਵਾਬਦੇਹ ਹੋਣਗੇ।

ਏ ਡੀ ਸੀ ਵੱਲੋਂ ‘ਕੀ ਆਫ ਅਬਰੋਡ’ ਫਰਮ ਦਾ ਲਾਇਸੰਸ ਰੱਦ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ‘ਕੀ ਆਫ ਅਬਰੋਡ’ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ‘ਕੀ ਆਫ ਅਬਰੋਡ’ ਐਸ.ਸੀ.ਐਫ ਨੰਬਰ 11, ਟਾਪ ਫਲੋਰ, ਫੇਜ਼-11, ਮੋਹਾਲੀ, ਦੇ ਮਾਲਕ ਯੋਗੇਸ਼ ਸ਼ਰਮਾ, ਪੁੱਤਰ ਸੁ਼ਭਾਸ਼ ਚੰਦ ਵਾਸੀ ਕੁਰਾਲੀ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਨੰ:196/ਆਈ.ਸੀ. ਮਿਤੀ 27.08.2018 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 26.08.2028 ਤੱਕ ਸੀ।

ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗੇਸ਼ ਸ਼ਰਮਾ ਨੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਆਈਆਂ ਤਬਦੀਲੀਆਂ ਅਤੇ ਕਾਰੋਬਾਰ ਵਿੱਚ ਆ ਰਹੀਆਂ ਆਰਥਿਕ ਮੁਸ਼ਕਲਾਂ ਦੇ ਮੱਦੇਨਜ਼ਰ ਆਪਣਾ ਲਾਇਸੰਸ ਸਰੰਡਰ ਕਰਨ ਲਈ ਅਰਜ਼ੀ ਦਿੱਤੀ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਪੁਲਿਸ ਰਿਪੋਰਟ ਅਤੇ ਹੋਰ ਲੋੜੀਂਦੀ ਪੜਤਾਲ ਕਰਵਾਈ ਗਈ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਪ੍ਰਾਰਥੀ ਖ਼ਿਲਾਫ਼ ਲਾਇਸੰਸ ਦੀ ਮਿਆਦ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੇਸ ਦਰਜ ਨਹੀਂ ਹੋਇਆ ਅਤੇ ਲਾਇਸੰਸ ਸਰੰਡਰ ਕਰਨ ਸਬੰਧੀ ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਇਲਾਵਾ ਜਨਤਕ ਨੋਟਿਸ ਜਾਰੀ ਹੋਣ ਉਪਰੰਤ ਵੀ ਕੋਈ ਇਤਰਾਜ਼ ਪ੍ਰਾਪਤ ਨਹੀਂ ਹੋਇਆ।

ਉਕਤ ਤੱਥਾਂ ਦੇ ਸਨਮੁੱਖ, ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) ਦੇ ਉਪਬੰਧਾਂ ਤਹਿਤ ‘ਕੀ ਆਫ ਅਬਰੋਡ’ ਫਰਮ ਨੂੰ ਜਾਰੀ ਲਾਇਸੰਸ ਨੰ:196/ਆਈ.ਸੀ. ਮਿਤੀ 27.08.2018 ਨੂੰ ਸਰੰਡਰ ਕਰਨ ਦੀ ਪ੍ਰਵਾਨਗੀ ਦਿੰਦੇ ਹੋਏ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਜੇਕਰ ਭਵਿੱਖ ਵਿੱਚ ਉਕਤ ਪ੍ਰਾਰਥੀ/ਫਰਮ/ਮਾਲਕ ਦੇ ਖਿਲਾਫ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਪ੍ਰਾਰਥੀ/ਫਰਮ/ਮਾਲਕ ਹਰ ਪੱਖੋਂ ਇਸ ਦੀ ਭਰਪਾਈ ਲਈ ਜਵਾਬਦੇਹ ਹੋਣਗੇ।

 

Join WhatsApp

Join Now

Leave a Comment