Punjab Job Alert: ਵੋਕੇਸ਼ਨਲ ਟ੍ਰੇਨਿੰਗ ਸੈਂਟਰ ‘ਚ ਠੇਕੇ ‘ਤੇ ਭਰਤੀ ਦਾ ਐਲਾਨ, ਜਾਣੋ ਪੂਰੀ ਯੋਗਤਾ ਤੇ ਅਪਲਾਈ ਕਰਨ ਦਾ ਤਰੀਕਾ
ਜਲੰਧਰ ਦੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ‘ਚ ਨੌਕਰੀਆਂ ਦਾ ਸੁਨਹਿਰੀ ਮੌਕਾ: 17 ਅਗਸਤ ਤੱਕ ਮੰਗੀਆਂ ਅਰਜ਼ੀਆਂ
ਜਲੰਧਰ, 6 ਅਗਸਤ 2026- ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਲੇ ਲਈ ਵਚਨਬੱਧ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵੱਲੋਂ ਇੱਕ ਅਹਿਮ ਸੁਚਨਾ ਜਾਰੀ ਕੀਤੀ ਗਈ ਹੈ। ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ 11 ਮਹੀਨਿਆਂ ਦੀ ਮਿਆਦ ਲਈ ਠੇਕੇ (ਕੰਟਰੈਕਟ) ਦੇ ਆਧਾਰ ’ਤੇ ਇੱਕ ਐਜੂਕੇਸ਼ਨ ਇੰਸਟਰੱਕਟਰ (Education Instructor) ਅਤੇ ਇੱਕ ਪਾਰਟ ਟਾਈਮ ਕਲਰਕ (Part-time Clerk) ਦੀ ਅਸਾਮੀ ‘ਤੇ ਨਿਯੁਕਤੀ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸ ਭਰਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾਇਰਡ) ਨੇ ਦੱਸਿਆ ਕਿ ਇਹ ਨਿਯੁਕਤੀਆਂ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਿਖਲਾਈ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਲਈ ਕੀਤੀਆਂ ਜਾ ਰਹੀਆਂ ਹਨ।
ਅਸਾਮੀਆਂ ਦਾ ਵੇਰਵਾ, ਪੜ੍ਹਾਈ ਤੇ ਯੋਗਤਾ ਦੀਆਂ ਸ਼ਰਤਾਂ
ਐਜੂਕੇਸ਼ਨ ਇੰਸਟਰੱਕਟਰ (Education Instructor) ਖਾਲੀ ਅਸਾਮੀ- 01: ਇਸ ਅਸਾਮੀ ਲਈ ਉਮੀਦਵਾਰ ਦਾ ਭਾਰਤੀ ਫੌਜ (ਆਰਮੀ ਐਜੂਕੇਸ਼ਨ ਕਾਰਪਸ) ਤੋਂ ਸੇਵਾਮੁਕਤ ਜੇ.ਸੀ.ਓ. (JCO) ਜਾਂ ਹਵਲਦਾਰ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਜੇਕਰ ਸਾਬਕਾ ਸੈਨਿਕਾਂ ਦੇ ਆਸ਼ਰਿਤ (Dependents) ਇਸ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਦੀ ਯੋਗਤਾ ਸਾਇੰਸ (B.Sc) ਜਾਂ ਹਿਸਾਬ/ਗਣਿਤ (Maths) ਵਿਸ਼ੇ ਨਾਲ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ।
ਪਾਰਟ ਟਾਈਮ ਕਲਰਕ (Part-time Clerk), ਖਾਲੀ ਅਸਾਮੀ-01: ਪਾਰਟ ਟਾਈਮ ਕਲਰਕ ਦੀ ਅਸਾਮੀ ਲਈ ਉਮੀਦਵਾਰ ਦਾ ਸਾਬਕਾ ਸੈਨਿਕ ਕਲਰਕ (Ex-servicemen Clerk) ਜਾਂ ਜੀ.ਡੀ. (ਐਸ.ਡੀ.) [GD (SD)] ਹੋਣਾ ਚਾਹੀਦਾ ਹੈ, ਜਿਨ੍ਹਾਂ ਕੋਲ ਦਫ਼ਤਰੀ ਕੰਮਕਾਜ ਦਾ ਚੰਗਾ ਤਜਰਬਾ ਹੋਵੇ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਇਹ ਨਿਯੁਕਤੀਆਂ 11 ਮਹੀਨਿਆਂ ਦੇ ਇਕਰਾਰਨਾਮੇ ‘ਤੇ ਕੀਤੀਆਂ ਜਾ ਰਹੀਆਂ ਹਨ; ਐਜੂਕੇਸ਼ਨ ਇੰਸਟਰੱਕਟਰ ਨੂੰ ਪ੍ਰਤੀ ਮਹੀਨਾ 12,000 ਰੁਪਏ ਮਾਣਭੱਤਾ ਦਿੱਤਾ ਜਾਵੇਗਾ। ਪਾਰਟ ਟਾਈਮ ਕਲਰਕ ਨੂੰ ਪ੍ਰਤੀ ਮਹੀਨਾ 8,500 ਰੁਪਏ ਮਾਣਭੱਤਾ ਦਿੱਤਾ ਜਾਵੇਗਾ।
ਇਹਨਾਂ ਅਸਾਮੀਆਂ ਲਈ ਇੱਛੁਕ ਅਤੇ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਕਿ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਡਿਸਚਾਰਜ ਬੁੱਕ, ਆਧਾਰ ਕਾਰਡ ਆਦਿ) ਦੀਆਂ ਕਾਪੀਆਂ ਅਤੇ ਆਪਣਾ ਪੂਰਾ ਬਾਇਓ-ਡਾਟਾ (Resume) ਲੈ ਕੇ ਨਿਰਧਾਰਿਤ ਸਮੇਂ ਤੱਕ ਅਪਲਾਈ ਕਰਨ। ਅਪਲਾਈ ਕਰਨ ਦੀ ਆਖਰੀ ਮਿਤੀ 17 ਅਗਸਤ 2026 (ਸ਼ਾਮ 5:00 ਵਜੇ ਤੱਕ)… ਅਰਜ਼ੀਆਂ ਜਮ੍ਹਾਂ ਕਰਵਾਉਣ ਦਾ ਪਤਾ… ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਜਲੰਧਰ।
ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ‘ਤੇ ਸਪੱਸ਼ਟ ਕੀਤਾ ਕਿ ਇਹਨਾਂ ਅਸਾਮੀਆਂ ਲਈ ਸਾਬਕਾ ਸੈਨਿਕਾਂ (Ex-servicemen) ਅਤੇ ਉਨ੍ਹਾਂ ਦੇ ਆਸ਼ਰਿਤਾਂ (Dependents) ਨੂੰ ਪਹਿਲ/ਤਰਜੀਹ ਦਿੱਤੀ ਜਾਵੇਗੀ। ਇਸ ਲਈ ਯੋਗ ਉਮੀਦਵਾਰ ਅੰਤਿਮ ਤਰੀਕ ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਦਫ਼ਤਰ ਵਿਖੇ ਵਿਅਕਤੀਗਤ ਤੌਰ ‘ਤੇ ਜਾਂ ਡਾਕ ਰਾਹੀਂ ਪਹੁੰਚਦੀਆਂ ਕਰਨ।
















