ਪੰਜਾਬ ਨੂੰ ਜੁਮਲੇ ਨਹੀਂ, ਰੋਕੇ ਹੋਏ 9000 ਕਰੋੜ ਦਾ ਹਿਸਾਬ ਚਾਹੀਦਾ: ਅਮਿਤ ਸ਼ਾਹ ‘ਤੇ AAP ਦਾ ਤਿੱਖਾ ਹਮਲਾ

 

ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨੂੰ ਜੁਮਲੇ ਨਹੀਂ, ਕੇਂਦਰ ਵੱਲੋਂ ਰੋਕੇ ਗਏ 9000 ਕਰੋੜ ਦਾ ਹਿਸਾਬ ਦੇ ਕੇ ਜਾਣ: ਕੁਲਦੀਪ ਧਾਲੀਵਾਲ

ਪ੍ਰਧਾਨ ਮੰਤਰੀ ਮੋਦੀ ਨੇ 1600 ਕਰੋੜ ਰੁਪਏ ਦੀ ਟੋਕਨ ਮਨੀ ਦੇਣ ਦਾ ਵਾਅਦਾ ਕੀਤਾ ਸੀ, ਅਜੇ ਤੱਕ ਪੰਜਾਬ ਨੂੰ ਫੁੱਟੀ ਕੌਡੀ ਨਹੀਂ ਮਿਲੀ: ਧਾਲੀਵਾਲ

ਦੇਸ਼ ਦੇ ਇਤਿਹਾਸ ਵਿੱਚ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਹੱੜ ਪੀੜਤਾਂ ਨਾਲ ਵਾਅਦਾ ਕਰਕੇ ਵੀ ਮੁੱਕਰ ਗਏ, ਅਮਿਤ ਸ਼ਾਹ ਦੱਸਣ ਉਹ ਪੈਸਾ ਕਿੱਥੇ ਗਿਆ: ਧਾਲੀਵਾਲ

ਅਮਰੀਕਾ ਨਾਲ ‘ਗੁਪਤ’ ਟ੍ਰੇਡ ਡੀਲ ਕਰਕੇ ਪੰਜਾਬ ਦੀ ਕਿਸਾਨੀ ਨੂੰ ਸੰਕਟ ਵਿੱਚ ਪਾ ਰਹੀ ਹੈ ਕੇਂਦਰ ਸਰਕਾਰ: ਧਾਲੀਵਾਲ

ਪੰਜਾਬ ਸਰਕਾਰ ਨੇ ਬਾਰਡਰ ‘ਤੇ ਤਸਕਰੀ ਰੋਕਣ ਲਈ ਆਪਣੇ ਸਰੋਤਾਂ ਤੋਂ 52 ਕਰੋੜ ਰੁਪਏ ਖਰਚ ਕਰਕੇ ਐਂਟੀ-ਡਰੋਨ ਸਿਸਟਮ ਲਗਾਏ, ਪਰ ਕੇਂਦਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ: ਧਾਲੀਵਾਲ

ਧਾਲੀਵਾਲ ਦੀ ਗ੍ਰਹਿ ਮੰਤਰੀ ਤੋਂ ਮੰਗ: ਹਿਮਾਚਲ ਅਤੇ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਪੰਜਾਬ ਦੀ ਇੰਡਸਟਰੀ ਨੂੰ ਵੀ ਮਿਲਣ ਵਿਸ਼ੇਸ਼ ਰਿਆਇਤਾਂ ਅਤੇ ਸਬਸਿਡੀਆਂ

ਅੰਮ੍ਰਿਤਸਰ/ਚੰਡੀਗੜ੍ਹ

ਆਮ ਆਦਮੀ ਪਾਰਟੀ (AAP) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੋਗਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਕਦਮ ਰੱਖਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਕਰੋੜ ਰੁਪਏ ਦਾ ਹਿਸਾਬ ਦੇਣਾ ਚਾਹੀਦਾ ਹੈ, ਜੋ ਕੇਂਦਰ ਸਰਕਾਰ ਨੇ ਰੋਕ ਕੇ ਰੱਖੇ ਹੋਏ ਹਨ।

ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ, ਪੰਜਾਬ ਦੀ ਤਰੱਕੀ ਦੇ 8300 ਕਰੋੜ ਜੋ ਹੁਣ ਵਧ ਕੇ 9000 ਕਰੋੜ ਰੁਪਏ ਹੋ ਗਏ ਹਨ, ਕੇਂਦਰ ਸਰਕਾਰ ਦਬਾਈ ਬੈਠੀ ਹੈ। ਇਸ ਵਿੱਚ ਆਰਡੀਐੱਫ (ਰੂਰਲ ਡਿਵੈਲਪਮੈਂਟ ਫੰਡ) ਸਮੇਤ ਕਈ ਹੋਰ ਫੰਡ ਸ਼ਾਮਲ ਹਨ, ਜਿਨ੍ਹਾਂ ਨਾਲ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦਾ ਨਿਰਮਾਣ ਹੋਣਾ ਸੀ। ਕੀ ਤੁਸੀਂ ਪੰਜਾਬ ਦੀ ਜਨਤਾ ਨੂੰ ਸਜ਼ਾ ਦੇ ਰਹੇ ਹੋ? ਜੇਕਰ ਤੁਸੀਂ ਪੰਜਾਬ ਆ ਰਹੇ ਹੋ, ਤਾਂ ਖਾਲੀ ਹੱਥ ਨਾ ਆਓ, ਪੰਜਾਬ ਦਾ ਹੱਕ ਨਾਲ ਲੈ ਕੇ ਆਓ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਜੋ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਕੇਂਦਰ ਸਰਕਾਰ ਉਸ ਦੀ ਭਰਪਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਮਿਤ ਸ਼ਾਹ ਪੰਜਾਬ ਦੇ ਰੁਕੇ ਹੋਏ ਜੀਐੱਸਟੀ ਫੰਡ ਤੁਰੰਤ ਮੁਹੱਈਆ ਕਰਵਾਉਣ ਦਾ ਐਲਾਨ ਕਰਨ।

ਹੜ੍ਹ ਰਾਹਤ ਦੇ ਮੁੱਦੇ ‘ਤੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੇ ਘਰ ਤਬਾਹ ਹੋ ਗਏ ਸਨ। ਪ੍ਰਧਾਨ ਮੰਤਰੀ ਮੋਦੀ ਖੁਦ ਦੌਰਾ ਕਰਨ ਆਏ ਸਨ ਅਤੇ ਉਨ੍ਹਾਂ ਨੇ 1600 ਕਰੋੜ ਰੁਪਏ ਦੀ ਟੋਕਨ ਮਨੀ ਦੇਣ ਦਾ ਵਾਅਦਾ ਕੀਤਾ ਸੀ। ਅੱਜ 8 ਮਹੀਨੇ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਜਨਤਾ ਨੂੰ ਫੁੱਟੀ ਕੌਡੀ ਨਹੀਂ ਮਿਲੀ। ਦੇਸ਼ ਦੇ ਇਤਿਹਾਸ ਵਿੱਚ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਆਪਦਾ ਪੀੜਤਾਂ ਨਾਲ ਵੀ ਝੂਠ ਬੋਲ ਕੇ ਮੁੱਕਰ ਗਏ। ਅਮਿਤ ਸ਼ਾਹ ਦੱਸਣ ਕਿ ਉਹ ਪੈਸਾ ਕਿੱਥੇ ਗਿਆ?

ਧਾਲੀਵਾਲ ਨੇ ਖੇਤੀ ਸੰਕਟ ‘ਤੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਆਪਣੇ ਕਾਰਪੋਰੇਟ ਦੋਸਤਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਸੌਂਪਣ ਦੀ ਸਾਜ਼ਿਸ਼ ਰਚੀ ਸੀ। ਜਿਸ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਅਤੇ ਇਸ ਅੰਦੋਲਨ ਵਿੱਚ ਕਰੀਬ 750 ਕਿਸਾਨ ਸ਼ਹੀਦ ਹੋ ਗਏ।

ਹਾਲਾਂਕਿ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਇਹ ਕਾਨੂੰਨ ਵਾਪਸ ਲੈਣੇ ਪਏ। ਹੁਣ ਇੱਕ ਵਾਰ ਫਿਰ ਅਮਰੀਕਾ ਨਾਲ ਗੁਪਤ ‘ਟ੍ਰੇਡ ਡੀਲ’ ਕਰਕੇ ਪੰਜਾਬ ਅਤੇ ਦੇਸ਼ ਦੀ ਕਿਸਾਨੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਸਮੇਂ-ਸਮੇਂ ‘ਤੇ ਇਸ ਡੀਲ ਬਾਰੇ ਟਵੀਟ ਕਰਦਾ ਹੈ, ਪਰ ਸਾਡੇ ਪ੍ਰਧਾਨ ਮੰਤਰੀ ਚੁੱਪ ਹਨ। ਕੀ ਦੇਸ਼ ਨੂੰ ਟਰੰਪ ਚਲਾ ਰਿਹਾ ਹੈ? ਅਸੀਂ ਅਜਿਹੀ ਕਿਸੇ ਵੀ ਡੀਲ ਨੂੰ ਮਨਜ਼ੂਰ ਨਹੀਂ ਕਰਾਂਗੇ ਜੋ ਪੰਜਾਬ ਦੀ ਖੇਤੀ ਨੂੰ ਬਰਬਾਦ ਕਰੇ।

ਨਸ਼ਾ ਤਸਕਰੀ ਅਤੇ ਸਰਹੱਦੀ ਸੁਰੱਖਿਆ ‘ਤੇ ਕੇਂਦਰ ਦੀ ਨਾਕਾਮੀ ਬਾਰੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਾਕਿਸਤਾਨ ਬਾਰਡਰ ਤੋਂ ਹੋਣ ਵਾਲੀ ਤਸਕਰੀ ਖਿਲਾਫ ਜੰਗ ਲੜ ਰਹੀ ਹੈ। ਪੰਜਾਬ ਸਰਕਾਰ ਨੇ ਆਪਣੇ ਸਰੋਤਾਂ ਤੋਂ 52 ਕਰੋੜ ਰੁਪਏ ਖਰਚ ਕੇ ਐਂਟੀ-ਡਰੋਨ ਸਿਸਟਮ ਲਗਾਏ ਹਨ, ਪਰ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੀਆਂ ਕੇਂਦਰੀ ਏਜੰਸੀਆਂ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਉਹ ਤਕਨੀਕ ਅਤੇ ਫੰਡ ਕਿਉਂ ਨਹੀਂ ਦੇ ਰਹੀ ਜਿਸ ਨਾਲ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਅਤੇ ਹਥਿਆਰਾਂ ਨੂੰ ਰੋਕਿਆ ਜਾ ਸਕੇ? ਕੀ ਕੇਂਦਰ ਜਾਣਬੁੱਝ ਕੇ ਪੰਜਾਬ ਨੂੰ ਨਸ਼ਿਆਂ ਦੀ ਅੱਗ ਵਿੱਚ ਝੋਕੀ ਰੱਖਣਾ ਚਾਹੁੰਦਾ ਹੈ?

ਧਾਲੀਵਾਲ ਨੇ ਅੱਗੇ ਕਿਹਾ ਕਿ ਜੋ ਉਦਯੋਗਿਕ ਨੀਤੀਆਂ ਅਤੇ ਸਬਸਿਡੀਆਂ ਕੇਂਦਰ ਸਰਕਾਰ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਦਿੰਦੀ ਹੈ, ਉਹੀ ਪੰਜਾਬ ਨੂੰ ਵੀ ਦਿੱਤੀਆਂ ਜਾਣ। ਪੰਜਾਬ ਇੱਕ ਸਰਹੱਦੀ ਸੂਬਾ ਹੈ, ਇੱਥੋਂ ਦੀ ਇੰਡਸਟਰੀ ਨੂੰ ਵੀ ਸਸਤੀ ਬਿਜਲੀ ਅਤੇ ਵਿਸ਼ੇਸ਼ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਰਾਜ ਦਾ ਵਿਕਾਸ ਹੋ ਸਕੇ।

ਧਾਲੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਜੀ, ਪੰਜਾਬ ਦੀ ਧਰਤੀ ‘ਤੇ ਆ ਕੇ ਫਿਰ ਤੋਂ ਕੋਈ ‘ਜੁਮਲਾ’ ਜਾਂ ਨਵਾਂ ‘ਲਾਰਾ’ ਨਾ ਲਾਇਓ। ਪੰਜਾਬ ਦੇ ਲੋਕ ਜਾਗਰੂਕ ਹਨ। ਜੇਕਰ ਤੁਸੀਂ ਪੰਜਾਬ ਦੀ ਮਦਦ ਨਹੀਂ ਕਰ ਸਕਦੇ, ਤਾਂ ਇੱਥੇ ਆ ਕੇ ਝੂਠ ਬੋਲਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ।