Punjab News: ਨਹਿਰ ‘ਚ ਪਿਆ 40 ਫੁੱਟ ਦਾ ਪਾੜ, ਰਿਹਾਇਸ਼ੀ ਇਲਾਕਿਆਂ ਲਈ ਖ਼ਤਰਾ

On: ਜੂਨ 21, 2026 8:36 ਬਾਃ ਦੁਃ

 

Punjab News: ਨਹਿਰ ‘ਚ ਪਿਆ 40 ਫੁੱਟ ਦਾ ਪਾੜ! ਰਿਹਾਇਸ਼ੀ ਇਲਾਕਿਆਂ ਲਈ ਖ਼ਤਰਾ

ਬਠਿੰਡਾ ITI ਪੁਲ ਨੇੜੇ ਵਾਪਰੀ ਘਟਨਾ; ਤੇਜ਼ ਵਹਾਅ ਕਾਰਨ ਰਿੰਗ ਰੋਡ, ਆਈ.ਟੀ.ਆਈ. ਕੰਪਲੈਕਸ ਅਤੇ ਅੰਡਰਬ੍ਰਿਜ ਵੱਲ ਵਧਿਆ ਪਾਣੀ

ਬਠਿੰਡਾ, 21 ਜੂਨ 2026:

Punjab News: ਬਠਿੰਡਾ ਸ਼ਹਿਰ ਦੇ ਮਤੀਦਾਸ ਨਗਰ ਇਲਾਕੇ ਦੇ ਨੇੜੇ ਸਥਿਤ ਨਹਿਰੀ ਸੂਏ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਨਹਿਰੀ ਸੂਏ ਦੇ ਕਿਨਾਰੇ ਕਮਜ਼ੋਰ ਹੋਣ ਕਾਰਨ ਅਚਾਨਕ ਕਰੀਬ 35 ਤੋਂ 40 ਫੁੱਟ ਚੌੜਾ ਪਾੜ ਪੈ ਗਿਆ। ਪਾੜ ਪੈਣ ਕਾਰਨ ਸੂਏ ਦਾ ਪਾਣੀ ਬੇਹੱਦ ਤੇਜ਼ ਵਹਾਅ ਦੇ ਨਾਲ ਆਸ-ਪਾਸ ਦੇ ਖੇਤਾਂ ਅਤੇ ਖਾਲੀ ਪਈਆਂ ਜ਼ਮੀਨਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਦੇਖਦੇ ਹੀ ਦੇਖਦੇ ਕਰੀਬ 12 ਏਕੜ ਖੇਤੀਯੋਗ ਜ਼ਮੀਨ ਪਾਣੀ ਵਿੱਚ ਡੁੱਬ ਗਈ।

ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਾੜ ITI ਪੁਲ ਦੇ ਨਜ਼ਦੀਕ ਮਤੀਦਾਸ ਨਗਰ ਇਲਾਕੇ ਵਿੱਚ ਪਿਆ ਹੈ। ਪਾੜ ਵੱਡਾ ਹੋਣ ਕਰਕੇ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੁੰਦਾ ਗਿਆ, ਜਿਸ ਕਾਰਨ ਪਾਣੀ ਦੇ ਰਿੰਗ ਰੋਡ, ਆਈ.ਟੀ.ਆਈ. ਕੰਪਲੈਕਸ, ਹਰਬੰਸ ਨਗਰ ਅਤੇ ਨੇੜੇ ਸਥਿਤ ਅੰਡਰਬ੍ਰਿਜ (Underbridge) ਵੱਲ ਵਧਣ ਦਾ ਗੰਭੀਰ ਖ਼ਦਸ਼ਾ ਪੈਦਾ ਹੋ ਗਿਆ ਹੈ।

ਸਥਾਨਕ ਨਿਵਾਸੀ ਸ਼ਾਹਬਾਦ ਨੇ ਦੱਸਿਆ ਕਿ ਇਸ ਨਹਿਰੀ ਸੂਏ ਦੀ ਲੰਮੇ ਸਮੇਂ ਤੋਂ ਨਾ ਤਾਂ ਸਹੀ ਤਰੀਕੇ ਨਾਲ ਸਫ਼ਾਈ ਕੀਤੀ ਗਈ ਸੀ ਅਤੇ ਨਾ ਹੀ ਕਿਨਾਰਿਆਂ ਦੀ ਮੁਰੰਮਤ ਕਰਵਾਈ ਗਈ ਸੀ। ਕਮਜ਼ੋਰ ਕਿਨਾਰਿਆਂ ਕਰਕੇ ਹੀ ਇਹ ਹਾਦਸਾ ਵਾਪਰਿਆ ਅਤੇ ਮਹਿਜ਼ ਡੇਢ ਘੰਟੇ ਦੇ ਅੰਦਰ-ਅੰਦਰ ਵੱਡੀ ਮਾਤਰਾ ਵਿੱਚ ਪਾਣੀ ਚਾਰੇ ਪਾਸੇ ਭਰ ਗਿਆ।

ਇਲਾਕਾ ਨਿਵਾਸੀ ਭੁਪਿੰਦਰ ਸਿੰਘ ਨੇ ਪ੍ਰਸ਼ਾਸਨਿਕ ਨਾਕਾਮੀ ‘ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਵਾਪਰਨ ਦੇ ਤੁਰੰਤ ਬਾਅਦ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ, ਪਰ ਨਹਿਰੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਮੇਂ ਸਿਰ ਨਹਿਰ ਦਾ ਪਾਣੀ ਪਿੱਛੋਂ ਬੰਦ ਨਹੀਂ ਕੀਤਾ ਜਾ ਸਕਿਆ। ਜੇਕਰ ਵਿਭਾਗ ਸਮਾਂ ਰਹਿੰਦੇ ਮੁਰੰਮਤ ਅਤੇ ਦੇਖਭਾਲ ਵੱਲ ਧਿਆਨ ਦਿੰਦਾ ਤਾਂ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਆਸ-ਪਾਸ ਦੀ ਆਬਾਦੀ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪੈਂਦਾ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਮਾਨਸੂਨ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ ਹੈ, ਪਰ ਇਸ ਦੇ ਬਾਵਜੂਦ ਸੂਏ ਦਾ ਟੁੱਟਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਰਸਾਤ ਹੁੰਦੀ ਹੈ, ਤਾਂ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ, ਸੜਕਾਂ ਅਤੇ ਸਰਕਾਰੀ ਢਾਂਚੇ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚ ਸਕਦਾ ਹੈ।

ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨਹਿਰੀ ਸੂਏ ਦੇ ਕਮਜ਼ੋਰ ਹਿੱਸਿਆਂ ਦੀ ਤੁਰੰਤ ਯੁੱਧ ਪੱਧਰ ‘ਤੇ ਮੁਰੰਮਤ ਕਰਵਾਈ ਜਾਵੇ ਅਤੇ ਮਾਨਸੂਨ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ ਤੇ ਰਜਵਾਹਿਆਂ ਦੇ ਕਿਨਾਰਿਆਂ ਦੀ ਤਕਨੀਕੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ। ਫਿਲਹਾਲ ਇਲਾਕੇ ਵਿੱਚ ਤਣਾਅ ਅਤੇ ਸਹਿਮ ਦਾ ਮਾਹੌਲ ਹੈ ਅਤੇ ਲੋਕ ਪ੍ਰਸ਼ਾਸਨ ਵੱਲੋਂ ਜਲਦ ਰਾਹਤ ਕਾਰਜ ਸ਼ੁਰੂ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।

 

Join WhatsApp

Join Now

Leave a Comment