Punjab News: 4161 ਮਾਸਟਰ ਕਾਡਰ ਭਰਤੀ! 253 ਅਧਿਆਪਕ ਨੌਕਰੀ ਬਰਖ਼ਾਸਤ!
4161 ਮਾਸਟਰ ਕਾਡਰ ਭਰਤੀ: ਨੌਕਰੀ ਤੋਂ ਕੱਢਣ ਦੇ ਹੁਕਮਾਂ ਖ਼ਿਲਾਫ਼ ਭਖਿਆ ਰੋਸ; ਪ੍ਰਭਾਵਿਤ ਅਧਿਆਪਕਾਂ ਨੇ ਹਲਕਾ ਬੰਗਾ ਦੇ MLA ਸੁਖਵਿੰਦਰ ਸੁੱਖੀ ਨੂੰ ਸੌਂਪਿਆ ਮੰਗ ਪੱਤਰ
ਪਰਖ ਸਮਾਂ (Probation Period) ਪੂਰਾ ਹੋਣ ਤੋਂ ਐਨ ਪਹਿਲਾਂ 253 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਫ਼ਰਮਾਨ ‘ਤੇ ਚੁੱਕੇ ਸਵਾਲ
“3 ਸਾਲ ਇਮਾਨਦਾਰੀ ਨਾਲ ਸੇਵਾ ਨਿਭਾਉਣ ਤੋਂ ਬਾਅਦ ਵਿਭਾਗ ਦੀ ਗਲਤੀ ਦੀ ਸਜ਼ਾ ਅਧਿਆਪਕਾਂ ਨੂੰ ਦੇਣਾ ਸਰਾਸਰ ਗਲਤ” – ਪੀੜਤ ਅਧਿਆਪਕ
ਵਿਧਾਇਕ ਸੁਖਵਿੰਦਰ ਸੁੱਖੀ ਨੇ ਭਰੋਸਾ ਦਿਵਾਇਆ- ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ
ਨਵਾਂਸ਼ਹਿਰ 24 ਮਈ 2026-
4161 ਮਾਸਟਰ ਕਾਡਰ ਭਰਤੀ ਤਹਿਤ ਪਿਛਲੇ 3 ਸਾਲਾਂ ਤੋਂ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਟਰਮੀਨੇਸ਼ਨ (ਨੌਕਰੀ ਤੋਂ ਕੱਢਣ) ਦੇ ਸ਼ੋ-ਕਾਜ਼ ਨੋਟਿਸਾਂ ਖ਼ਿਲਾਫ਼ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸੇ ਤਹਿਤ ਭਰਤੀ ਤੋਂ ਪ੍ਰਭਾਵਿਤ ਹੋਏ 253 ਅਧਿਆਪਕਾਂ ਦੇ ਇੱਕ ਵਫ਼ਦ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ (MLA) ਡਾ. ਸੁਖਵਿੰਦਰ ਕੁਮਾਰ ਸੁੱਖੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਗੁਹਾਰ ਲਗਾਈ।
ਵਿਧਾਇਕ ਸੁੱਖੀ ਨੂੰ ਮਿਲਣ ਪਹੁੰਚੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਾਲ 2022 ਵਿੱਚ ਸ਼ੁਰੂ ਹੋਈ 4161 ਮਾਸਟਰ ਕਾਡਰ ਅਧਿਆਪਕ ਭਰਤੀ ਪ੍ਰਕਿਰਿਆ ਤਹਿਤ ਉਨ੍ਹਾਂ ਨੂੰ ਸਾਲ 2023 ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਗਿਆ ਸੀ।
ਪਿਛਲੇ ਤਿੰਨ ਸਾਲਾਂ ਤੋਂ ਉਹ ਪੂਰੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਵਿਭਾਗ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ। ਪਰ ਹੁਣ, ਜਦੋਂ ਉਨ੍ਹਾਂ ਦਾ ਪਰਖ ਸਮਾਂ (ਪ੍ਰੋਬੇਸ਼ਨ ਪੀਰੀਅਡ) ਪੂਰਾ ਹੋਣ ਵਿੱਚ ਮਹਿਜ਼ ਇੱਕ ਦਿਨ ਬਾਕੀ ਰਹਿ ਗਿਆ ਸੀ, ਤਾਂ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਤਾਨਾਸ਼ਾਹੀ ਹੁਕਮ (ਸ਼ੋ-ਕਾਜ਼ ਨੋਟਿਸ) ਜਾਰੀ ਕਰ ਦਿੱਤੇ ਗਏ।
ਅਧਿਆਪਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਅਨਸਰ-ਕੀਅ (Answer Key) ਜਾਂ ਮੈਰਿਟ ਰੀਕਾਸਟਿੰਗ ਵਿੱਚ ਜੇਕਰ ਵਿਭਾਗ ਕੋਲੋਂ ਕੋਈ ਤਕਨੀਕੀ ਗਲਤੀ ਹੋਈ ਹੈ, ਤਾਂ ਉਸ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ, ਫਿਰ ਉਨ੍ਹਾਂ ਦਾ ਰੁਜ਼ਗਾਰ ਕਿਉਂ ਖੋਹਿਆ ਜਾ ਰਿਹਾ ਹੈ?
ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਬੇਹੱਦ ਮੰਦਭਾਗਾ ਕਦਮ: MLA ਸੁੱਖੀ
ਅਧਿਆਪਕਾਂ ਦਾ ਪੱਖ ਸੁਣਨ ਤੋਂ ਬਾਅਦ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਭਾਗ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਭਾਰੀ ਕਮੀ ਚੱਲ ਰਹੀ ਹੈ।
ਅਜਿਹੇ ਹਾਲਾਤ ਵਿੱਚ 3 ਸਾਲ ਦਾ ਤਜ਼ਰਬਾ ਹਾਸਲ ਕਰ ਚੁੱਕੇ 253 ਯੋਗ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਬੇਹੱਦ ਮੰਦਭਾਗਾ ਅਤੇ ਗਲਤ ਕਦਮ ਹੈ। ਉਨ੍ਹਾਂ ਅਧਿਆਪਕਾਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਹ ਇਸ ਸੰਵੇਦਨਸ਼ੀਲ ਮਸਲੇ ਨੂੰ ਬਿਨਾਂ ਕਿਸੇ ਦੇਰੀ ਦੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲੈ ਕੇ ਜਾਣਗੇ ਤਾਂ ਜੋ ਅਧਿਆਪਕਾਂ ਦਾ ਰੁਜ਼ਗਾਰ ਸੁਰੱਖਿਅਤ ਰਹਿ ਸਕੇ।
ਇਸ ਮੁਲਾਕਾਤ ਦੌਰਾਨ 4161 ਅਧਿਆਪਕ ਯੂਨੀਅਨ ਅਤੇ ਪ੍ਰਭਾਵਿਤ ਅਧਿਆਪਕਾਂ ਵਿੱਚੋਂ ਸਤਪਾਲ ਸਿੰਘ, ਰਾਜੂ ਸਿੰਘ, ਸ਼੍ਰੀਮਤੀ ਸੰਗੀਤਾ, ਸ਼੍ਰੀਮਤੀ ਕਰਮਜੀਤ ਕੌਰ, ਮੈਡਮ ਸੋਨੀਆ, ਸ਼੍ਰੀਮਤੀ ਪਰਮਜੀਤ ਕੌਰ, ਮੈਡਮ ਨਵਜੋਤ ਕੌਰ, ਲੈਕਚਰਾਰ ਨਰਿੰਦਰ ਪਾਲ ਸਿੰਘ ਕੈਂਥ ਅਤੇ ਮਾਸਟਰ ਬਲਦੇਵ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।






