Punjab News: ਸਕੂਲ ਬੱਸ ਅਤੇ ਟਰੱਕ ਵਿਚਾਲੇ ਟੱਕਰ; 12 ਬੱਚੇ ਜ਼ਖ਼ਮੀ

On: ਮਈ 22, 2026 6:26 ਬਾਃ ਦੁਃ

 

Punjab News: ਸਕੂਲ ਬੱਸ ਅਤੇ ਟਰੱਕ ਵਿਚਾਲੇ ਟੱਕਰ; 12 ਬੱਚੇ ਜ਼ਖ਼ਮੀ

ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ; ਹਾਦਸੇ ਤੋਂ ਬਾਅਦ ਮੌਕੇ ‘ਤੇ ਮਚੀ ਹਫੜਾ-ਦਫੜੀ

12 ਸਕੂਲੀ ਬੱਚੇ ਹੋਏ ਜ਼ਖ਼ਮੀ; ਗੰਭੀਰ ਰੂਪ ਵਿੱਚ ਜ਼ਖ਼ਮੀ 2 ਵਿਦਿਆਰਥੀਆਂ ਨੂੰ ਹਸਪਤਾਲ ਕਰਵਾਇਆ ਦਾਖ਼ਲ

ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਬੱਚਿਆਂ ਨੂੰ ਬੱਸ ‘ਚੋਂ ਕੱਢਿਆ ਬਾਹਰ

ਹੁਸ਼ਿਆਰਪੁਰ/ਸ਼ਾਮ ਚੁਰਾਸੀ, 22 May 2026; Punjab News- ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਖ਼ੇਤਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਤੇਜ਼ ਰਫ਼ਤਾਰ ਟਰੱਕ-ਟਿੱਪਰ ਵਿਚਾਲੇ ਭਿਆਨਕ ਟੱਕਰ ਹੋ ਗਈ।

ਇਸ ਦਰਦਨਾਕ ਹਾਦਸੇ ਵਿੱਚ ਬੱਸ ਸਵਾਰ ਕਰੀਬ 12 ਸਕੂਲੀ ਬੱਚੇ ਜ਼ਖ਼ਮੀ ਹੋ ਗਏ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਦੌਰਾਨ 2 ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ, ਬੱਸ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਸ਼ਾਮ ਚੁਰਾਸੀ ਇਲਾਕੇ ਵਿੱਚ ਇਹ ਟਿੱਪਰ ਦੀ ਲਪੇਟ ਵਿੱਚ ਆ ਗਈ। ਹਾਦਸਾ ਵਾਪਰਦੇ ਹੀ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ ਅਤੇ ਅਫੜਾ-ਦਫੜੀ ਮਚ ਗਈ।

ਸੜਕ ਤੋਂ ਲੰਘ ਰਹੇ ਰਾਹਗੀਰਾਂ ਅਤੇ ਆਸ-ਪਾਸ ਦੇ ਸਥਾਨਕ ਲੋਕਾਂ ਨੇ ਬਿਨਾਂ ਸਮਾਂ ਗਵਾਏ ਤੁਰੰਤ ਮੌਕੇ ‘ਤੇ ਪਹੁੰਚ ਕੇ ਡਰੇ-ਸਹਿਮੇ ਹੋਏ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ।

ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਬੱਚਿਆਂ ਦੇ ਮਾਪੇ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚੇ। ਸਾਰੇ ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਰਹੀ ਹੈ।

ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੋ ਵਿਦਿਆਰਥੀਆਂ ਦੀ ਹਾਲਤ ‘ਤੇ ਡਾਕਟਰ ਲਗਾਤਾਰ ਨਜ਼ਰ ਰੱਖ ਰਹੇ ਹਨ। ਦੂਜੇ ਪਾਸੇ, ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

 

Join WhatsApp

Join Now

Leave a Comment