Punjab News: ਵਿਦਿਆਰਥਣ ਦੀ ਖ਼ੁਦਕੁਸ਼ੀ ਦਾ ਸਿੱਖਿਆ ਵਿਭਾਗ ਵੱਲੋਂ ਗੰਭੀਰ ਨੋਟਿਸ; ਸਕੂਲ ਪ੍ਰਬੰਧਕਾਂ ਖ਼ਿਲਾਫ਼ FIR ਦਰਜ

 

Punjab News: ਵਿਦਿਆਰਥਣ ਦੀ ਖ਼ੁਦਕੁਸ਼ੀ ਦਾ ਸਿੱਖਿਆ ਵਿਭਾਗ ਵੱਲੋਂ ਗੰਭੀਰ ਨੋਟਿਸ; ਸਕੂਲ ਪ੍ਰਬੰਧਕਾਂ ਖ਼ਿਲਾਫ਼ FIR ਦਰਜ

ਫ਼ੀਸ ਦੇ ਬਕਾਏ ਕਰਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਲੱਗੇ ਸਨ ਗੰਭੀਰ ਦੋਸ਼

ਮੌਤ ਤੋਂ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਵਿਦਿਆਰਥਣ ਨੇ ਵੀਡੀਓ ਬਣਾ ਕੇ ਬਿਆਨ ਕੀਤਾ ਸੀ ਦਰਦ

“ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ” – ਸਿੱਖਿਆ ਮੰਤਰੀ ਹਰਜੋਤ ਬੈਂਸ

ਅੰਮ੍ਰਿਤਸਰ:

ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਦੀ ਇੱਕ 17 ਸਾਲਾ ਸਕੂਲ ਵਿਦਿਆਰਥਣ ਵੱਲੋਂ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।

ਮ੍ਰਿਤਕ ਵਿਦਿਆਰਥਣ ਨੇ ਦਮ ਤੋੜਨ ਤੋਂ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਉਸ ਨੇ ਸਕੂਲ ਪ੍ਰਬੰਧਕਾਂ ‘ਤੇ ਫ਼ੀਸ ਨਾ ਭਰਨ ਕਰਕੇ ਬੁਰੀ ਤਰ੍ਹਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਅਪਮਾਨਿਤ ਕਰਨ ਦੇ ਬੇਹੱਦ ਗੰਭੀਰ ਦੋਸ਼ ਲਗਾਏ ਸਨ।

ਇਸ ਮੰਦਭਾਗੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਐਕਸ’ (ਟਵਿੱਟਰ) ‘ਤੇ ਲਿਖਿਆ, “ਇਹ ਬਹੁਤ ਦੁਖਦਾਈ ਖ਼ਬਰ ਹੈ ਕਿ ਇੱਕ 17 ਸਾਲਾ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਕੂਲ ਨੇ ਉਸ ਨੂੰ ਪਰੇਸ਼ਾਨ ਕੀਤਾ।

ਇਹ ਕਈ ਕਾਰਨਾਂ ਕਰਕੇ ਹੋਇਆ ਹੈ ਜਿਵੇਂ ਕਿ ਫ਼ੀਸ ਨਾ ਦੇਣਾ ਜਾਂ ਹੋਰ ਕਾਰਨ। ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ, ਅਸੀਂ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਐੱਫਆਈਆਰ (FIR) ਦਰਜ ਕਰਵਾਈ ਹੈ ਅਤੇ ਸਕੂਲ ਅਧਿਕਾਰੀਆਂ ਦੇ ਨਾਲ-ਨਾਲ ਜੋ ਵੀ ਇਸ ਵਿੱਚ ਸ਼ਾਮਲ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।”

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਅਮਜੋਤ ਕੌਰ ਔਲਖ ਵਜੋਂ ਹੋਈ ਹੈ, ਜੋ ਕਿ ਇੱਕ ਨਿੱਜੀ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ। ਅਮਜੋਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਨੂੰ ਪ੍ਰਿੰਸੀਪਲ ਸਮੇਤ ਸਕੂਲ ਸਟਾਫ਼ ਵੱਲੋਂ 20,000 ਰੁਪਏ ਦੀ ਬਾਕੀ ਰਹਿੰਦੀ ਫ਼ੀਸ ਦਾ ਭੁਗਤਾਨ ਕਰਨ ਲਈ ਲਗਾਤਾਰ ਮਾਨਸਿਕ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਸਖ਼ਤ ਮਾਨਸਿਕ ਦਬਾਅ ਹੇਠ ਸੀ।

ਹਸਪਤਾਲ ਵਿੱਚ ਬਣਾਈ ਆਖਰੀ ਵੀਡੀਓ ਵਿੱਚ ਵੀ ਕੁੜੀ ਨੇ ਇਸੇ ਪਰੇਸ਼ਾਨੀ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।