Punjab News: ਹੁਣ ਅਧਿਆਪਕ (Teacher) ਬਣਾਉਣਗੇ ‘ਮੁੱਖ ਮੰਤਰੀ ਸਿਹਤ ਬੀਮਾ ਕਾਰਡ’; ਵਿਵਾਦਾਂ ‘ਚ ਘਿਰੀ ਭਗਵੰਤ ਮਾਨ ਸਰਕਾਰ!
Punjab, 1 Feb 2026-
Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਵਾਰ ਫਿਰ ਸਵਾਲਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਜਿਹੜੇ ਵਾਅਦੇ ਭਗਵੰਤ ਮਾਨ ਹੋਰਾਂ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਧਿਆਪਕਾਂ (Teacher) ਨਾਲ ਕੀਤੇ ਗਏ ਸਨ, ਉਹਨਾਂ ਵਾਅਦਿਆਂ ਦੇ ਉਲਟ ਜਾ ਕੇ ਸਰਕਾਰ ਵੱਲੋਂ ਅਧਿਆਪਕਾਂ ਕੋਲੋਂ ਗੈਰ-ਵਿਦਿਅਕ ਕੰਮ ਲਏ ਜਾ ਰਹੇ ਹਨ।
ਵੈਸੇ ਤਾਂ, ਜਦੋਂ ਦੀ ਇਹ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੀ ਅਧਿਆਪਕਾਂ ਦੇ ਵਿਰੁੱਧ ਕਈ ਫੈਸਲੇ ਲਏ ਜਾ ਚੁੱਕੇ ਹਨ। ਤਾਜ਼ਾ ਜਾਣਕਾਰੀ ਇਹ ਹੈ ਕਿ ਅਧਿਆਪਕਾਂ (Teacher) ਨੂੰ ਹੁਣ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਅੰਦਰ ਬੋਰਡ ਪ੍ਰੀਖਿਆਵਾਂ ਸਿਰ ‘ਤੇ ਹਨ, ਉਸ ਤੋਂ ਪਹਿਲਾਂ ਹੀ ਅਧਿਆਪਕਾਂ ਦੀਆਂ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਵਿੱਚ ਡਿਊਟੀਆਂ ਲਗਾਉਣਾ, ਸਿੱਧੇ ਤੌਰ ‘ਤੇ ਗਰੀਬ ਬੱਚਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਹੀ ਬੱਚੇ ਪੜ੍ਹਦੇ ਹਨ।
ਪਰ ਇਸ ਸਰਕਾਰ ਨੇ ਗਰੀਬ ਬੱਚਿਆਂ ਦਾ ਖਿਆਲ ਨਾ ਕਰਦਿਆਂ ਹੋਇਆਂ ਅਧਿਆਪਕਾਂ ਦੀਆਂ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਲਈ ਡਿਊਟੀਆਂ ਲਗਾ ਦਿੱਤੀਆਂ ਹਨ। ਅਧਿਆਪਕਾਂ ਵੱਲੋਂ ਇਹਨਾਂ ਡਿਊਟੀਆਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਅੱਜ ਕੰਪਿਊਟਰ ਅਧਿਆਪਕ ਜਥੇਬੰਦੀ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ‘ਮੁੱਖ ਮੰਤਰੀ ਸਿਹਤ ਬੀਮਾ ਕਾਰਡ’ ਬਣਾਉਣ ਲਈ ਲਗਾਈਆਂ ਗਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ।
ਅਧਿਆਪਕਾਂ ਅਨੁਸਾਰ ਸਕੂਲਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ। ਈਸ਼ਰ ਸਿੰਘ, ਪਰਦੀਪ ਮਲੂਕਾ, ਸਤਪਾਲ, ਜੋਨੀ ਸਿੰਗਲਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਇਸ ਸਮੇਂ ਕੰਪਿਊਟਰ ਵਿਸ਼ੇ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਜਿਸ ਕਾਰਨ ਅਧਿਆਪਕਾਂ ‘ਤੇ ਕੰਮ ਦਾ ਕਾਫੀ ਬੋਝ ਹੈ। ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀ ਲਗਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਨ੍ਹਾਂ ਡਿਊਟੀਆਂ ਦੇ ਵਿਰੋਧ ਵਿੱਚ ਭਲਕੇ, 2 ਫਰਵਰੀ 2026 ਨੂੰ ਸ਼ਾਮ 4:00 ਵਜੇ, ਡਿਪਟੀ ਕਮਿਸ਼ਨਰ (D.C.) ਬਠਿੰਡਾ ਅਤੇ ਡੀ.ਈ.ਓ. (ਸੈਕੰਡਰੀ ਸਿੱਖਿਆ) ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ “ਜੇਕਰ ਪ੍ਰਸ਼ਾਸਨ ਵੱਲੋਂ ਇਹ ਡਿਊਟੀਆਂ ਜ਼ਬਰਦਸਤੀ ਲਗਾਈਆਂ ਗਈਆਂ, ਤਾਂ ਸਮੂਹ ਕੰਪਿਊਟਰ ਅਧਿਆਪਕ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਪ੍ਰਸ਼ਾਸਨ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।” ਸਮੂਹ ਅਧਿਆਪਕਾਂ ਨੂੰ ਭਲਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।






