Punjab News: ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕਰੋ ਜਾਂ ਮਰੋ ਲੜ੍ਹਾਈ ਦਾ ਐਲਾਨ; ਹੁਣ 31 ਮਈ ਨੂੰ ਚੰਡੀਗੜ੍ਹ ‘ਚ ਹੋਵੇਗਾ ਵੱਡਾ ਅੰਦੋਲਨ

 

Punjab News: ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕਰੋ ਜਾਂ ਮਰੋ ਲੜ੍ਹਾਈ ਦਾ ਐਲਾਨ; ਹੁਣ 31 ਮਈ ਨੂੰ ਚੰਡੀਗੜ੍ਹ ‘ਚ ਹੋਵੇਗਾ ਵੱਡਾ ਅੰਦੋਲਨ

ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਲਈ ‘ਸੂਬਾ ਰੈਲੀ ਅਤੇ ਚੰਡੀਗੜ੍ਹ ਵੱਲ ਮਾਰਚ’ ਹੁਣ 31 ਮਈ ਨੂੰ ਹੋਵੇਗਾ

ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪੂਰੀਆਂ ਕਰਨ ਵਿੱਚ ਸਾਬਤ ਹੋਈ ਨਾਕਾਮ: ਮੋਰਚਾ

Punjab News: ਮੋਹਾਲੀ 16 ਮਈ 2026- ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਲਗਾਤਾਰ ਸੰਘਰਸ਼ ਕਰ ਰਹੇ ‘ਮੋਰਚੇ’ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ 17 ਮਈ ਨੂੰ ਇੱਕ ਵਿਸ਼ਾਲ ਰੈਲੀ ਗੁਰੂਦੁਆਰਾ ਅੰਬ ਸਾਹਿਬ ਦੇ ਸਾਹਮਣੇ ਮੋਹਾਲੀ ਵਿਖੇ ਰੱਖੀ ਗਈ ਸੀ, ਜਿਸ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ।

ਪ੍ਰੰਤੂ, ਪੰਜਾਬ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਦੇ ਮੱਦੇਨਜ਼ਰ, ਪ੍ਰਸ਼ਾਸਨ ਵੱਲੋਂ ਚੋਣ ਰਿਹਰਸਲਾਂ ਵੀ 17 ਮਈ ਨੂੰ ਹੀ ਰੱਖ ਦਿੱਤੀਆਂ ਗਈਆਂ। ਇਸ ਕਾਰਨ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਵਿੱਚੇ ਰੁੱਝੇ ਹੋਣ ਨੂੰ ਮੁੱਖ ਰੱਖਦਿਆਂ, ਮੋਰਚੇ ਦੀ ਅਹਿਮ ਮੀਟਿੰਗ ਮੋਰਚੇ ਦੇ ਸੂਬਾ ਆਗੂ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ 17 ਮਈ ਵਾਲੀ ਰੈਲੀ ਅਤੇ ਚੰਡੀਗੜ੍ਹ ਵੱਲ ਮਾਰਚ ਹੁਣ 31 ਮਈ ਨੂੰ ਪਹਿਲਾਂ ਮਿੱਥੇ ਸਥਾਨ ਅਤੇ ਰਣਨੀਤੀ ਅਨੁਸਾਰ ਹੀ ਪੂਰੇ ਜੋਸ਼ੋ-ਖਰੋਸ਼ ਨਾਲ ਕੀਤਾ ਜਾਵੇਗਾ।

ਮੀਟਿੰਗ ਵਿੱਚ ਸ਼ਾਮਿਲ ਡੀਟੀਐੱਫ ਤੋਂ ਮਹਿੰਦਰ ਕੌੜਿਆਂ ਵਾਲੀ, ਰਾਜੀਵ ਕੁਮਾਰ ਬਰਨਾਲਾ, ਬੇਅੰਤ ਸਿੰਘ ਫੁੱਲੇਵਾਲ, ਪੰਜਾਬ ਰਾਜ ਵੈਟਰਨਰੀ ਇੰਸਪੈਕਟਰ ਐਸੋਸੀਐਸ਼ਨ ਤੋਂ ਗੁਰਦੀਪ ਸਿੰਘ ਬਾਸੀ, ਈਟੀਟੀ 6635 ਅਧਿਆਪਕ ਯੂਨੀਅਨ ਤੋਂ ਦੀਪਕ ਕੰਬੋਜ, ਸ਼ਲਿੰਦਰ ਕੰਬੋਜ, ਰਵਿੰਦਰ ਕੰਬੋਜ, ਦਾਨਿਸ਼ ਭੱਟੀ, 4161 ਮਾਸਟਰ ਕਾਡਰ ਯੂਨੀਅਨ ਤੋਂ ਸੰਦੀਪ ਗਿੱਲ, ਜਸਵਿੰਦਰ ਐਤਿਆਣਾ, ਗੁਰਧਿਆਨ ਸਿੰਘ, ਗੁਰਦਾਸ ਸਿੰਘ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਤੋਂ ਅਤਿੰਦਰ ਪਾਲ ਸਿੰਘ ਘੱਗਾ, ਗੁਰਬਿੰਦਰ ਸਿੰਘ ਖ਼ਹਿਰਾ , ਇੰਦਰ ਸੁਖਦੀਪ ਸਿੰਘ ਓਡਰਾ, ਨਿਊ ਕਲੈਰਿਕਲ ਯੂਨੀਅਨ ਤੋਂ ਦੀਪਕ ਧਾਲੀਵਾਲ, ਐੱਸ.ਐੱਸ.ਏ./ਮਿਡ ਡੇ ਮੀਲ ਨਾਨ ਟੀਚਿੰਗ ਕਰਮਚਾਰੀ ਯੂਨੀਅਨ ਤੋਂ ਕੁਲਦੀਪ ਸਿੰਘ, ਰਜਿੰਦਰ ਸੰਧਾ, ਮਲਟੀਪਰਪਜ ਹੈਲਥ ਵਰਕਰ ਯੂਨੀਅਨ ਤੋਂ ਸੁਰਿੰਦਰ ਸੋਨੀ, 5994 ਈ ਟੀ ਟੀ ਅਧਿਆਪਕ ਯੂਨੀਅਨ ਤੋਂ ਬਲਿਹਾਰ ਬੱਲੀ ਨੇ ਦੱਸਿਆ ਕਿ 17 ਤੋਂ 31 ਮਈ ਤੱਕ ਦੇ ਸਮੇਂ ਦੀ ਵਰਤੋਂ ਰੈਲੀ ਦੀ ਲਾਮਬੰਦੀ ਲਈ ਕੀਤੀ ਜਾਵੇਗੀ ਤਾਂ ਜੋ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਵੱਡੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਆਗੂਆਂ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 17 ਦੇ ਕਰੀਬ ਵੱਖ-ਵੱਖ ਥਾਵਾਂ ‘ਤੇ ਮੁਲਾਜ਼ਮਾਂ ਵੱਲੋਂ ਮੋਰਚੇ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਕਨਵੈਂਸ਼ਨਾਂ ਅਤੇ ਰੋਸ ਮਾਰਚ ਕਰਕੇ ਵਿੱਤੀ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲ ਚਿਤਾਵਨੀ ਪੱਤਰ ਭੇਜੇ ਗਏ ਹਨ, ਪ੍ਰੰਤੂ ਪੰਜਾਬ ਸਰਕਾਰ ਦਾ ਮਿਤੀ 17-7-2020 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਲਈ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਵਾਧੇ ਅਨੁਸਾਰ ਤਨਖਾਹ ਸਕੇਲ ਬਹਾਲ ਕਰਨ, ਸਮੱਗਰਾ ਤੋਂ ਸਕੂਲ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਨੋਨ ਟੀਚਿੰਗ ਸਟਾਫ ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਲ 2018 ਤੋਂ ਪੈਂਡਿੰਗ ਸਾਰੇ ਲਾਭ ਦੇਣੇ।

ਮਿਤੀ 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਲਾਗੂ ਬਜਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਸਮੇਤ ਪੈਂਡਿੰਗ 18% ਮਹਿੰਗਾਈ ਭੱਤਾ (ਡੀ.ਏ.), ਪੇਂਡੂ ਇਲਾਕਾ ਭੱਤਾ, ਬਾਰਡਰ ਇਲਾਕਾ ਭੱਤਾ ਤੇ ਏ.ਸੀ.ਪੀ. ਸਕੀਮ ਬਹਾਲ ਕਰਨਾ, ਕੱਚੇ ਮੁਲਾਜ਼ਮ ਸਮੇਤ ਐਸੋਸੀਏਟ ਟੀਚਰਜ਼ ਕੰਪਿਊਟਰ ਅਧਿਆਪਕ ਮੈਰੀਟੋਰੀਅਸ ਸਕੂਲ ਅਧਿਆਪਕ ਅਤੇ ਐਨ.ਐਸ.ਕਿਉ.ਐਫ. ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਰੀਕਾਸਟ ਸੂਚੀਆਂ ਤੋਂ ਪੀੜਤ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕਰਨ ਸਮੇਤ ਹੋਰਨਾਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਪ੍ਰਤੀ ਬੇਰੁਖੀ ਭਰਿਆ ਰਵੱਈਆ ਜਿਉਂ ਦਾ ਜਿਉਂ ਦਾ ਤਿਉਂ ਬਰਕਰਾਰ ਹੈ।

ਆਗੂਆਂ ਨੇ ਦੱਸਿਆ ਕਿ 31 ਮਈ ਦੀ ਸੂਬਾਈ ਰੈਲੀ ਦੀ ਤਿਆਰੀ ਲਈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹਾਲੇ ਤੱਕ ਕਨਵੈਨਸ਼ਨਾਂ ਨਹੀਂ ਹੋਈਆਂ, ਉੱਥੇ ਤੁਰੰਤ ਕਨਵੈਨਸ਼ਨਾਂ ਕਰਵਾਈਆਂ ਜਾਣਗੀਆਂ 19 ਅਤੇ 20 ਮਈ ਨੂੰ ਸਾਂਝੀ ਜਿਲ੍ਹਾ ਪੱਧਰੀ ਮੀਟਿੰਗਾ ਕੀਤੀਆਂ ਜਾਣਗੀਆਂ ਅਤੇ ਬਲਾਕ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ।