Punjab News: ਹੜ੍ਹਾਂ ‘ਚ ਤਬਾਹ ਹੋਈਆਂ ਸੜਕਾਂ! ਭੜਕੀਆਂ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
ਦੋਰਾਂਗਲਾ-ਗਾਹਲੜੀ ਮਾਰਗ ਬਣਿਆ ਖੂਨੀ ਹਾਈਵੇਅ: ਇੱਕ ਸਾਲ ਤੋਂ ਟੁੱਟੇ ਕਿਨਾਰਿਆਂ ਨੇ ਲਈ ਜਾਨ, ਹੁਣ ਕਿਸਾਨਾਂ ਨੇ ਆਰ-ਪਾਰ ਦੇ ਸੰਘਰਸ਼ ਦਾ ਕੀਤਾ ਐਲਾਨ
ਕਰਤਾਰਪੁਰ ਲਾਂਘੇ ਤੇ ਇਤਿਹਾਸਕ ਗੁਰਦੁਆਰਿਆਂ ਨੂੰ ਜਾਂਦੀਆਂ ਸੜਕਾਂ ਖਸਤਾ-ਹਾਲ, ਧਿਆਨ ਨਾ ਦੇਣ ‘ਤੇ ਸਰਕਾਰ ਖਿਲਾਫ਼ ਡਟੇ ਕਿਸਾਨ
ਗੁਰਦਾਸਪੁਰ/ਚੰਡੀਗੜ੍ਹ, 29 ਜੁਲਾਈ 2026:
ਪਿਛਲੇ ਸਾਲ ਅਗਸਤ ਮਹੀਨੇ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਆਮ ਲੋਕਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਸੀ, ਉੱਥੇ ਹੀ ਸਰਹੱਦੀ ਖੇਤਰ ਦੀਆਂ ਮੁੱਖ ਸੜਕਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਪਰ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਇਹਨਾਂ ਖਸਤਾ-ਹਾਲ ਸੜਕਾਂ ਦੀ ਸਾਰ ਨਹੀਂ ਲਈ ਗਈ। ਇਸੇ ਪ੍ਰਸ਼ਾਸਨਿਕ ਅਣਦੇਖੀ ਅਤੇ ਲੋਕ ਵਿਰੋਧੀ ਰੋਈਏ ਦੇ ਵਿਰੋਧ ਵਿੱਚ ਹੁਣ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਕਜੁੱਟ ਹੋ ਕੇ ਮੈਦਾਨ ਵਿੱਚ ਉੱਤਰ ਆਈਆਂ ਹਨ।
ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਸੜਕਾਂ ਦੀ ਮੁੜ ਉਸਾਰੀ ਅਤੇ ਮੁਰੰਮਤ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਗਸਤ ਮਹੀਨੇ ਵਿੱਚ ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਕਸਬਾ ਦੋਰਾਂਗਲਾ ਅਤੇ ਗਾਲੜੀ ਖੇਤਰ ਦੀਆਂ ਮੁੱਖ ਸੜਕਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਸਨ। ਹੜ੍ਹਾਂ ਦੇ ਤੇਜ਼ ਵਹਾਅ ਕਾਰਨ ਸੜਕਾਂ ਦੇ ਦੋਹਾਂ ਕਿਨਾਰਿਆਂ ਤੋਂ ਮਿੱਟੀ ਛੇ-ਛੇ ਫੁੱਟ ਤੱਕ ਰੁੜ੍ਹ ਗਈ ਸੀ, ਜਿਸ ਨਾਲ ਸੜਕਾਂ ਦੇ ਨਾਲ-ਨਾਲ ਡੂੰਘੇ ਅਤੇ ਖਤਰਨਾਕ ਟੋਏ ਬਣ ਗਏ ਹਨ।
ਲਗਭਗ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਕਿਨਾਰਿਆਂ ‘ਤੇ ਮਿੱਟੀ ਪਾ ਕੇ ਇਹਨਾਂ ਨੂੰ ਸਮਤਲ ਕਰਨ ਦਾ ਕੰਮ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਰਸਤੇ ਹਰ ਵੇਲੇ ਮੌਤ ਨੂੰ ਆਵਾਜ਼ਾਂ ਦਿੰਦੇ ਪ੍ਰਤੀਤ ਹੁੰਦੇ ਹਨ। ਸੜਕਾਂ ਦੇ ਖਤਰਨਾਕ ਹੋ ਚੁੱਕੇ ਕਿਨਾਰਿਆਂ ਕਾਰਨ ਇੱਥੇ ਹਰ ਰੋਜ਼ ਕੋਈ ਨਾ ਕੋਈ ਵਾਹਨ ਹਾਦਸਾਗ੍ਰਸਤ ਹੋ ਰਿਹਾ ਹੈ। ਸੜਕ ਕਿਨਾਰੇ ਬਣੇ ਡੂੰਘੇ ਟੋਇਆਂ ਕਾਰਨ ਕਈ ਵਾਹਨ ਚਾਲਕ ਨਿਯੰਤਰਣ ਖੋਹ ਬੈਠਦੇ ਹਨ। ਹੁਣ ਤੱਕ ਕਈ ਲੋਕ ਇਹਨਾਂ ਹਾਦਸਿਆਂ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ, ਜਦਕਿ ਇੱਕ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪਿਆ ਹੈ।
ਇਲਾਕਾ ਨਿਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਕਈ ਵਾਰ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾਈ ਆਗੂ ਵਿਮਲ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਇਹ ਸੜਕਾਂ ਇਲਾਕੇ ਲਈ ਬਹੁਤ ਮਹੱਤਵਪੂਰਨ ਹਨ। ਸਰਹੱਦੀ ਕਸਬੇ ਦੋਰਾਂਗਲਾ-ਗੁਰਦਾਸਪੁਰ ਰੋਡ ਤੋਂ ਇੱਕ ਰਸਤਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਲੇ ਪਾਸੇ ਨੂੰ ਜਾਂਦਾ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਦੋਰਾਂਗਲਾ-ਗਾਹਲੜੀ ਰੋਡ ‘ਤੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਸਥਿਤ ਹੈ।
ਇਹਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਆਮ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਸੜਕਾਂ ਦੀ ਅਜਿਹੀ ਮੰਦੀ ਹਾਲਤ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦੀ ਹੈ। ਪ੍ਰਸ਼ਾਸਨ ਦੀ ਇਸ ਬੇਰੁਖੀ ਖਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪ੍ਰਭਜਿੰਦਰ ਸਿੰਘ, ਬੀ.ਕੇ.ਯੂ. ਡਕੌਂਦਾ ਦੇ ਆਗੂ ਗੁਰਵਿੰਦਰ ਸਿੰਘ, ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਨੇ ਇੱਕਜੁੱਟ ਹੁੰਦਿਆਂ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਉਹਨਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਸਬੰਧਤ ਵਿਭਾਗ ਵੱਲੋਂ ਇਹਨਾਂ ਖਸਤਾਹਾਲ ਸੜਕਾਂ ‘ਤੇ ਮਿੱਟੀ ਪਾਉਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ, ਤਾਂ ਸਮੂਹ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਸਾਂਝੇ ਤੌਰ ‘ਤੇ ਪ੍ਰਸ਼ਾਸਨ ਦੇ ਖਿਲਾਫ਼ ਵੱਡੇ ਅਤੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾਉਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ।
















