ਪੰਜਾਬ PCS ਭਰਤੀ ਵਿਵਾਦ! ਇੱਕੋ ਪ੍ਰੀਖਿਆ ਕੇਂਦਰ ਤੋਂ 24 ਉਮੀਦਵਾਰਾਂ ਦੀ ਕਿਵੇਂ ਹੋ ਗਈ ਚੋਣ? MP ਚੁੱਘ ਨੇ ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼! (ਵੇਖੋ ਵੀਡੀਓ)
ਇੱਕੋ ਕੇਂਦਰ ਤੋਂ 24 ਜਣਿਆਂ ਦੀ ਚੋਣ ‘ਤੇ ਚੁੱਕੇ ਸਵਾਲ; ਬਿਨਾਂ ਰਿਸ਼ਵਤ ਅਤੇ ਸਿਫ਼ਾਰਸ਼ ਦੇ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਪੀੜਤ ਉਮੀਦਵਾਰਾਂ ਨੇ ਹੰਝੂ ਵਹਾ ਕੇ ਦੱਸਿਆ ਦੁੱਖ: ਤਰੁਣ ਚੁੱਘ
ਪੀਪੀਐਸਸੀ ਨੇ PCS (ਮੇਨਜ਼) 2025 ਦੇ ਨਤੀਜਿਆਂ ਬਾਰੇ ਲਗਾਏ ਗਏ ਦੋਸ਼ਾਂ ਦਾ ਪੀਪੀਐਸਸੀ ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਕੀਤਾ ਖੰਡਨ
ਨਵੀਂ ਦਿੱਲੀ / ਚੰਡੀਗੜ੍ਹ, 9 ਨਵੰਬਰ 2026: ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਵੱਲੋਂ ਲਈ ਗਈ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਭਰਤੀ ਪ੍ਰਕਿਰਿਆ ਵਿੱਚ ਬਹੁਤ ਵੱਡੀ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਿਨਾਂ ਪੈਸੇ ਅਤੇ ਬਿਨਾਂ ਸਿਫ਼ਾਰਸ਼ ਦੇ ਨੌਕਰੀਆਂ ਦੇਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਪੂਰੀ ਤਰ੍ਹਾਂ ਝੂਠੇ ਸਾਬਤ ਹੋ ਰਹੇ ਹਨ।
ਤਰੁਣ ਚੁੱਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨਾਲ ਕਈ ਅਜਿਹੇ ਉਮੀਦਵਾਰਾਂ ਨੇ ਮੁਲਾਕਾਤ ਕੀਤੀ, ਜੋ ਇਸ ਪ੍ਰੀਖਿਆ ਵਿੱਚ ਬੈਠੇ ਸਨ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ਨਿਰਾਸ਼ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਮੀਦਵਾਰਾਂ ਨੇ ਹੱਡ-ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਉੱਤੇ ਪਾਣੀ ਫੇਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਤਰੁਣ ਚੁੱਘ ਅਨੁਸਾਰ, ਪੰਜਾਬ ਇਸ ਵੇਲੇ ਇੱਕ ਅਤਿ ਭ੍ਰਿਸ਼ਟ ਅਗਵਾਈ ਦੇ ਹੱਥਾਂ ਵਿੱਚ ਹੈ, ਜੋ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
Delhi: BJP MP Tarun Chugh says, "The Bhagwant Mann-Arvind Kejriwal duo, which claims to provide jobs without money or recommendations, has committed fraud in the PPSC examination in Punjab. Yesterday, I met the aspirants who were in tears, saying how they had been cheated. Punjab is being led by an extremely corrupt leadership. How did the roll numbers of absent candidates appear on the list of successful candidates? How were 24 candidates selected from a single examination centre…"
— IANS (@ians_india) November 9, 2026
ਸੰਸਦ ਮੈਂਬਰ ਨੇ ਪ੍ਰੀਖਿਆ ਦੀਆਂ ਗੜਬੜੀਆਂ ਉੱਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜੋ ਉਮੀਦਵਾਰ ਪ੍ਰੀਖਿਆ ਵਾਲੇ ਦਿਨ ਗੈਰ-ਹਾਜ਼ਰ ਸਨ, ਉਨ੍ਹਾਂ ਦੇ ਰੋਲ ਨੰਬਰ ਸਫ਼ਲ ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸ਼ਾਮਲ ਹੋ ਗਏ? ਇਹ ਇੱਕ ਬਹੁਤ ਵੱਡਾ ਘਾਲਮਾਲ ਹੈ, ਜੋ ਬਿਨਾਂ ਸਰਕਾਰੀ ਸ਼ੈਅ ਤੋਂ ਸੰਭਵ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਇੱਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਲਿਆਉਂਦੇ ਹੋਏ ਦੱਸਿਆ ਕਿ ਇੱਕੋ ਹੀ ਪ੍ਰੀਖਿਆ ਕੇਂਦਰ ਤੋਂ 24 ਉਮੀਦਵਾਰਾਂ ਦੀ ਚੋਣ ਕਿਵੇਂ ਹੋ ਗਈ? ਇਹ ਸਭ ਗੱਲਾਂ ਸਾਫ਼ ਇਸ਼ਾਰਾ ਕਰਦੀਆਂ ਹਨ ਕਿ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚੋਣਵੇਂ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ।
ਤਰੁਣ ਚੁੱਘ ਨੇ ਅੱਗੇ ਕਿਹਾ ਕਿ ਪੰਜਾਬ ਦਾ ਨੌਜਵਾਨ ਦਿਨ-ਰਾਤ ਮਿਹਨਤ ਕਰਕੇ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਹੈ, ਪਰ ਮਾਨ-ਕੇਜਰੀਵਾਲ ਦੀ ਜੋੜੀ ਉਨ੍ਹਾਂ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਹੈ। ਪਾਰਦਰਸ਼ਤਾ ਦਾ ਢੋਂਗ ਰਚਣ ਵਾਲੀ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਹੁਣ ਜਨਤਾ ਦੇ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੀ.ਪੀ.ਐੱਸ.ਸੀ. ਦੀ ਇਸ ਪੂਰੀ ਪ੍ਰੀਖਿਆ ਪ੍ਰਕਿਰਿਆ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ ਅਤੇ ਪ੍ਰੀਖਿਆਰਥੀਆਂ ਨੂੰ ਇਨਸਾਫ਼ ਮਿਲ ਸਕੇ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਉਮੀਦਵਾਰਾਂ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੀਪੀਐਸਸੀ ਨੇ PCS (ਮੇਨਜ਼) 2025 ਦੇ ਨਤੀਜਿਆਂ ਬਾਰੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ
ਪੰਜਾਬ ਲੋਕ ਸੇਵਾ ਕਮਿਸ਼ਨ ਨੇ PCS (ਮੇਨਜ਼) 2025 ਦੇ ਨਤੀਜਿਆਂ ਬਾਰੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਪੀਪੀਐਸਸੀ ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਦੱਸਿਆ ਕਿ ਪੀਪੀਐਸਸੀ ਵੱਲੋਂ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ਬਾਰੇ ਹਾਲ ਹੀ ਵਿੱਚ ਲਗਾਏ ਗਏ ਦੋਸ਼, ਅੰਕੜਿਆਂ ਦੇ ਪੈਟਰਨਾਂ ਨੂੰ ਗਲਤ ਢੰਗ ਨਾਲ ਸਮਝਣ ਕਾਰਨ ਪੈਦਾ ਹੋਏ ਜਾਪਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ-ਵਾਰ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਉਠਾਏ ਗਏ ਖਦਸ਼ਿਆਂ ਦਾ ਜਵਾਬ ਮਿਲ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੰਕੜਿਆਂ ਦੀ ਗਲਤ ਵਿਆਖਿਆ ਕੀਤੀ ਗਈ ਹੈ ਕਿਉਂਕਿ ਹਵਾਲੇ ਵਜੋਂ ਦਿੱਤੇ ਗਏ ਅੰਕੜੇ ਸ਼ਾਇਦ ਗਿਣਤੀ ਦੇ ਲਿਹਾਜ਼ ਨਾਲ ਸਹੀ ਹੋਣ, ਪਰ ਇਨ੍ਹਾਂ ਨੂੰ ਬੇਨਿਯਮੀ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਅਸਲ ਵਿੱਚ ਇਹ ਆਮ ਅੰਕੜਾ-ਵਿਗਿਆਨਕ ਨਤੀਜੇ ਹਨ।
ਵੰਡ ਅਤੇ ਦਾਇਰਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪਟਿਆਲਾ ਦੇ 12 ਕੇਂਦਰਾਂ ਵਿੱਚ ਕਰਵਾਈ ਗਈ ਸੀ। ਵੱਖ-ਵੱਖ ਕੇਂਦਰਾਂ ਵਿੱਚ ਉਮੀਦਵਾਰਾਂ ਦੀ ਗਿਣਤੀ 118 ਤੋਂ 553 ਦੇ ਵਿਚਕਾਰ ਸੀ, ਅਤੇ ਕੁੱਲ 3959 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਇੰਟਰਵਿਊ ਲਈ 751 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜੋ ਕਿ ਲਗਭਗ 19% ਦੀ ਕੁੱਲ ਸਫਲਤਾ ਦਰ ਬਣਦੀ ਹੈ (ਗੈਰ-ਹਾਜ਼ਰ ਉਮੀਦਵਾਰਾਂ ਨੂੰ ਛੱਡ ਕੇ)।
ਸਫਲਤਾ ਦਰ ਦਾ ਸੰਦਰਭ ਦੇ ਅਨੁਸਾਰ ਚੇਅਰਮੈਨ ਨੇ ਕਿਹਾ ਕਿ ਇਹ ਦਾਅਵਾ ਗਲਤ ਹੈ ਕਿ ਸਫਲ ਉਮੀਦਵਾਰਾਂ ਵਿੱਚੋਂ 24 ਫੀਸਦੀ ਇੱਕ ਹੀ ਕੇਂਦਰ ਤੋਂ ਸਨ। ਕਿਸੇ ਇੱਕ ਕੇਂਦਰ ਤੋਂ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਵੱਧ ਤੋਂ ਵੱਧ ਗਿਣਤੀ 751 ਵਿੱਚੋਂ 106 ਹੈ, ਜੋ ਕਿ ਕੁੱਲ ਗਿਣਤੀ ਦਾ 14.1 ਪ੍ਰਤੀਸ਼ਤ ਬਣਦੀ ਹੈ। ਉਸ ਕੇਂਦਰ ਵਿੱਚ ਉਮੀਦਵਾਰਾਂ ਦੀ ਗਿਣਤੀ ਵੀ ਸਭ ਤੋਂ ਵੱਧ ਸੀ (496 ਉਮੀਦਵਾਰ, ਜੋ ਕਿ 12 ਕੇਂਦਰਾਂ ਵਿੱਚੋਂ ਦੂਜੇ ਨੰਬਰ ‘ਤੇ ਸਭ ਤੋਂ ਵੱਧ ਸੀ), ਇਸ ਲਈ ਉੱਥੋਂ ਸਫਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣੀ ਸੁਭਾਵਿਕ ਹੈ।
ਕਲਾਸਰੂਮਾਂ ਵਿੱਚ ਭਿੰਨਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸੈਣੀ ਨੇ ਕਿਹਾ ਕਿ ਕੁੱਲ 179 ਕਲਾਸਰੂਮਾਂ ਵਿੱਚੋਂ 751 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਔਸਤਨ, ਪ੍ਰਤੀ ਕਲਾਸ 4.2 ਉਮੀਦਵਾਰਾਂ ਦੇ ਸਫਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੁਝ ਰਿਪੋਰਟਾਂ ਅਨੁਸਾਰ, ਤਿੰਨ ਵੱਖ-ਵੱਖ ਕੇਂਦਰਾਂ ਵਿੱਚ ਇੱਕੋ ਕਲਾਸਰੂਮ ਤੋਂ 10 ਉਮੀਦਵਾਰਾਂ (ਕ੍ਰਮਵਾਰ 11, 10 ਅਤੇ 10 ਉਮੀਦਵਾਰ) ਨੇ ਪ੍ਰੀਖਿਆ ਪਾਸ ਕੀਤੀ ਹੈ; ਲਗਭਗ 19 ਫੀਸਦੀ ਦੀ ਸਮੁੱਚੀ ਸਫਲਤਾ ਦਰ ਨੂੰ ਦੇਖਦੇ ਹੋਏ, ਇਹ ਅੰਕੜੇ ਸੁਭਾਵਿਕ ਭਿੰਨਤਾ ਦੇ ਦਾਇਰੇ ਵਿੱਚ ਹੀ ਆਉਂਦੇ ਹਨ। 2020 ਦੀ ਮੇਨਜ਼ ਪ੍ਰੀਖਿਆ ਵਿੱਚ ਵੀ ਅਜਿਹੀ ਹੀ ਭਿੰਨਤਾ ਦੇਖੀ ਗਈ ਸੀ। ਹਾਲਾਂਕਿ ਉਦੋਂ ਦੋ ਕੇਂਦਰਾਂ ਵਿੱਚ ਸਿਰਫ਼ 960 ਉਮੀਦਵਾਰ ਹੀ ਨਿਰਧਾਰਤ ਕੀਤੇ ਗਏ ਸਨ, ਫਿਰ ਵੀ ਕੁਝ ਕਲਾਸਰੂਮਾਂ ਵਿੱਚੋਂ 9 ਉਮੀਦਵਾਰ ਸਫਲ ਹੋਏ ਸਨ।
ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦਾ ਸਫਲ ਹੋਣ ਦੇ ਮੁੱਦੇ ‘ਤੇ ਚੇਅਰਮੈਨ ਨੇ ਅੱਗੇ ਕਿਹਾ ਕਿ 2018, 2020 ਅਤੇ 2025 ਦੀਆਂ ਪੰਜਾਬ PCS ਮੇਨਜ਼ ਸ਼ਾਰ 19 ਫੀਸਦੀ, ਇਸ ਲਈ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਲਗਾਤਾਰ ਰੋਲ ਨੰਬਰ ਇਕੱਠੇ ਆ ਸਕਦੇ ਹਨ। 2018 ਦੀ ਸੂਚੀ ਵਿੱਚ, ਸ਼ਾਰਟਲਿਸਟ ਕੀਤੇ ਗਏ 153 ਉਮੀਦਵਾਰਾਂ ਵਿੱਚ ਲਗਾਤਾਰ ਰੋਲ ਨੰਬਰਾਂ ਦੇ 26 ਸਮੂਹ (ਗਰੁੱਪ) ਸਾਹਮਣੇ ਆਏ ਸਨ। 2020 ਵਿੱਚ, 177 ਉਮੀਦਵਾਰਾਂ ਵਿੱਚ ਅਜਿਹੇ 28 ਸਮੂਹ ਸਨ। 2025 ਵਿੱਚ, 751 ਉਮੀਦਵਾਰਾਂ ਵਿੱਚ ਅਜਿਹੇ 118 ਸਮੂਹ ਹਨ।
ਕਿਸੇ ਵੀ ਗੈਰ-ਹਾਜ਼ਰ ਉਮੀਦਵਾਰ ਨੂੰ ਕੁਆਲੀਫਾਈ ਨਹੀਂ ਐਲਾਨਿਆ ਗਿਆ
ਚੇਅਰਮੈਨ ਨੇ ਕਿਹਾ ਕਿ ਕਿਸੇ ਵੀ ਗੈਰ-ਹਾਜ਼ਰ ਉਮੀਦਵਾਰ ਨੂੰ ਯੋਗ (ਕੁਆਲੀਫਾਈ) ਨਹੀਂ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ, ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਬਾਇਓਮੈਟ੍ਰਿਕ ਦੇ ਨਾਲ-ਨਾਲ ਦਸਤੀ (ਮੈਨੁਅਲ) ਹਾਜ਼ਰੀ ਵੀ ਲਈ ਗਈ ਸੀ। ਉਨ੍ਹਾਂ ਨੇ ਪ੍ਰੀਖਿਆ ਕੇਂਦਰਾਂ ਦੀ ਚੋਣ ਬਾਬਤ ਸਪੱਸ਼ਟ ਕੀਤਾ ਕਿ ਪ੍ਰਸ਼ਾਸਕੀ, ਪ੍ਰਬੰਧਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਪ੍ਰੀਖਿਆ ਕੇਂਦਰ ਪਟਿਆਲਾ ਅਤੇ ਇਸਦੇ ਆਸ-ਪਾਸ ਰੱਖੇ ਗਏ ਸਨ, ਤਾਂ ਜੋ ਪ੍ਰੀਖਿਆ ਨੂੰ ਸੁਰੱਖਿਅਤ ਅਤੇ ਇੱਕਸਾਰ ਪ੍ਰਬੰਧਾਂ ਅਧੀਨ ਕਰਵਾਇਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੀਪੀਐਸਸੀ ਦੁਆਰਾ ਹੁਣ ਤੱਕ ਕਰਵਾਈਆਂ ਗਈਆਂ ਸਾਰੀਆਂ ਸਿਵਲ ਸੇਵਾਵਾਂ ਦੀਆਂ ਮੇਨ ਪ੍ਰੀਖਿਆਵਾਂ ਲਈ ਇਹ ਇੱਕ ਸਥਾਪਿਤ ਪੈਟਰਨ (ਰੁਝਾਨ) ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਵਾਲੇ ਹਲਕੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਇਹ ਸੁਭਾਵਿਕ ਹੈ ਕਿ ਕਿਸੇ ਵੀ ਹਲਕੇ ਦਾ ਮੌਜੂਦਾ ਵਿਧਾਇਕ ਜਿਸ ਵਿੱਚ ਪ੍ਰੀਖਿਆ ਕੇਂਦਰ ਸਥਿਤ ਹੋ ਸਕਦਾ ਹੈ – ਸੱਤਾਧਾਰੀ ਪਾਰਟੀ ਨਾਲ ਸਬੰਧਤ ਹੋਵੇ। ਇਸ ਗੱਲ ਦਾ ਪ੍ਰੀਖਿਆ ਕਰਵਾਉਣ ਜਾਂ ਨਤੀਜੇ ਐਲਾਨਣ ਦੀ ਪ੍ਰਕਿਰਿਆ ‘ਤੇ ਕੋਈ ਅਸਰ ਨਹੀਂ ਪੈਂਦਾ।
ਇੰਟਰਵਿਊ ਲਈ ਤਿੰਨ ਗੁਣਾ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨਾ ਦੇ ਨਿਯਮਾਂ ਅਤੇ ਇਸ਼ਤਿਹਾਰ ਦੇ ਅਨੁਸਾਰ ਦੱਸਦਿਆਂ ਚੇਅਰਮੈਨ ਨੇ ਕਿਹਾ ਕਿ ਪੀਪੀਐਸਸੀ ਨੇ ਹਰੇਕ ਵਰਗ ਵਿੱਚ ਉਪਲਬਧ ਯੋਗ ਉਮੀਦਵਾਰਾਂ ਦੀ ਗਿਣਤੀ ਤੋਂ ਤਿੰਨ ਗੁਣਾ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਹੈ।
ਪੀਪੀਐਸਸੀ ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਦੱਸਿਆ ਕਿ ਸਫਲ ਉਮੀਦਵਾਰਾਂ ਦੇ ਇਕੱਠੇ ਹੋਣ ਬਾਰੇ ਜੋ ਦਾਅਵਾ ਕੀਤਾ ਗਿਆ ਹੈ, ਉਹ ਅਨੁਮਾਨਿਤ ‘ਰੈਂਡਮ ਵੇਰੀਏਸ਼ਨ’ ਜਾਂ ਸੁਭਾਵਿਕ ਉਤਰਾਅ-ਚੜ੍ਹਾਅ ਦੀ ਸੀਮਾ ਦੇ ਅੰਦਰ ਹੀ ਆਉਂਦਾ ਹੈ। ਇਸ ਤੋਂ ਇਲਾਵਾ, ਪੀਪੀਐਸਸੀ ਨੇ ਪੂਰੀ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰੋਟੋਕੋਲ ਵੀ ਲਾਗੂ ਰੱਖੇ। ਇਸ ਵਿੱਚ ਕੇਂਦਰ ਦੇ ਪ੍ਰਵੇਸ਼ ਦੁਆਰਾਂ ਅਤੇ ਕੰਟਰੋਲ ਰੂਮਾਂ ‘ਤੇ ਸੀਸੀਟੀਵੀ ਕੈਮਰੇ, ਬਾਇਓਮੈਟ੍ਰਿਕ ਹਾਜ਼ਰੀ, ਅਤੇ ਹਰੇਕ ਕਲਾਸਰੂਮ ਵਿੱਚ ਜੈਮਰ ਲਗਾਉਣਾ ਸ਼ਾਮਲ ਸੀ, ਤਾਂ ਜੋ ਪ੍ਰੀਖਿਆ ਦੀ ਪਵਿੱਤਰਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾ ਸਕੇ।
















