ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; ਸੋਸ਼ਲ ਮੀਡੀਆ ‘ਤੇ ਨਫ਼ਰਤ ਫ਼ੈਲਾਉਣ ਵਾਲਾ ਗ੍ਰਿਫਤਾਰ

3

 

ਲੁਧਿਆਣਾ, 3 Dec 2025 (Punjab Network)  :

ਸੂਬੇ ‘ਚ ਸੋਸ਼ਲ ਮੀਡੀਆ (Social Media) ਰਾਹੀਂ ਫਿਰਕਾਪ੍ਰਸਤੀ ਤੇ ਨਫਰਤ ਫੈਲਾਉਣ ਵਾਲੀ ਸਮੱਗਰੀ ’ਤੇ ਕਾਬੂ ਪਾਉਣ ਲਈ ਲੁਧਿਆਣਾ ਪੁਲਿਸ (Ludhiana Police) ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਸਾਈਬਰ ਕਰਾਇਮ ਥਾਣੇ ਦੀ ਟੀਮ ਨੇ ਰੋਪੜ ਨਿਵਾਸੀ ਅਰਸ਼ਦੀਪ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੈਣੀ ਆਪਣੇ ਐਕਸ (ਪਹਿਲਾਂ ਟਵੀਟਰ ) ਹੈਂਡਲ @the_lama_singh ਤੋਂ ਲਗਾਤਾਰ ਭੜਕਾਊ ਤੇ ਕੌਮੀ ਨਫਰਤ ਫੈਲਾਉਣ ਵਾਲੀਆਂ ਪੋਸਟਾਂ ਕਰ ਰਿਹਾ ਸੀ ਜਿਹੜੀਆਂ ਸਿੱਖ, ਹਿੰਦੂ ਅਤੇ ਮੁਸਲਿਮ ਸਮੂਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਉਹ 2019 ਤੋਂ ਐਕਸ ’ਤੇ ਸਰਗਰਮ ਹੈ। ਉਸਦੇ 13 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

ਸਾਈਬਰ ਕਰਾਇਮ ਵੱਲੋਂ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਸਮੱਗਰੀ ਸਮਾਜਿਕ ਅਮਨ-ਚੈਨ ਭੰਗ ਕਰਨ ਵਾਲੀ, ਭੜਕਾਊ ਤੇ ਕੌਮੀ ਵਿਗਾੜ ਦਾ ਕਾਰਨ ਬਣ ਸਕਦੀ ਸੀ।

ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਨਫਰਤੀ ਪੋਸਟਾਂ ਕਿਸੇ ਆਈਐਸਆਈ ਟੂਲ-ਕਿਟ ਦਾ ਹਿੱਸਾ ਤਾਂ ਨਹੀਂ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਅਰਸ਼ਦੀਪ ਸੈਣੀ ਨੂੰ ਗ੍ਰਿਫ਼ਤਾਰ ਕਰ ਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਜਾਂਚ ਜਾਰੀ ਹੈ।