Punjab Political News: ‘ਕਦੇ-ਕਦੇ ਦਿਖਾਵਾ ਕਰਨਾ ਜ਼ਰੂਰੀ ਹੁੰਦਾ ਹੈ…! AAP MLA ਅਨਮੋਲ ਗਗਨ ਮਾਨ ਦੀ ਪੋਸਟ ਮਗਰੋਂ ਸਿਆਸੀ ਬਾਜ਼ਾਰ ਗਰਮ
ਖਰੜ 10 ਨਵੰਬਰ 2026- ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਸਾਂਝੀ ਕੀਤੀ ਗਈ ਇੱਕ ਤਾਜ਼ਾ ਪੋਸਟ ਨੇ ਹਲਕੇ ਦੀ ਰਾਜਨੀਤੀ (Punjab Political News) ਵਿੱਚ ਇੱਕ ਵਾਰ ਫਿਰ ਵੱਡਾ ਤੂਫ਼ਾਨ ਲਿਆ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਪਾਰਟੀ ਵਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਖਰੜ ਹਲਕੇ ਦਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਤੋਂ ਹੀ ਵਿਧਾਇਕਾ ਅਨਮੋਲ ਗਗਨ ਮਾਨ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਸਨ। ਪਰ ਹੁਣ ਉਨ੍ਹਾਂ ਵਲੋਂ ਪਾਈ ਗਈ ਇਸ ਰਹੱਸਮਈ ਪੋਸਟ ਨੇ ਸਿਆਸੀ ਗਲਿਆਰਿਆਂ ਵਿੱਚ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।
ਆਪਣੀ ਚੁੱਪੀ ਤੋੜਦਿਆਂ ਅਨਮੋਲ ਗਗਨ ਮਾਨ ਨੇ ਲਿਖਿਆ ਕਿ ‘ਕਭੀ-ਕਭੀ ਇਹ ਦਿਖਾਵਾ ਕਰਨਾ ਬਹੁਤ ਜ਼ਰੂਰੀ ਹੋ ਜਾਤਾ ਹੈ ਕਿ ਆਪਕੀ ਕਿਸ਼ਤੀ ਮੇ ਛੇਦ ਹੈ ਤਾਂ ਕਿ ਤਮਾਮ ਲੋਕ ਛਲਾਂਗ ਲਗਾ ਦੇ, ਜੋ ਆਪਕੇ ਸਾਥ ਰਹਿਣੇ ਕੇ ਹੱਕਦਾਰ ਨਹੀਂ ਹੈ’।
ਉਨ੍ਹਾਂ ਦੀ ਇਸ ਸ਼ਾਇਰਾਨਾ ਅਤੇ ਇਸ਼ਾਰੇਦਾਰ ਪੋਸਟ ਦੇ ਕਈ ਰਾਜਨੀਤਿਕ ਅਰਥ ਕੱਢੇ ਜਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਪੋਸਟ ਰਾਹੀਂ ਆਪਣੇ ਹੀ ਵਿਰੋਧੀਆਂ ਅਤੇ ਮੌਕਾਪ੍ਰਸਤ ਸਾਥੀਆਂ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।

ਜ਼ਿਕਰਯੋਗ ਹੈ ਕਿ ਖਰੜ ਹਲਕੇ ਦੇ ਨਵੇਂ ਲਗਾਏ ਗਏ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਲਗਾਤਾਰ ਇਲਾਕੇ ਵਿੱਚ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਹਨ। ਦੂਜੇ ਪਾਸੇ, ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੀ ਲੰਬੇ ਸਮੇਂ ਤੋਂ ਖਾਮੋਸ਼ੀ ਕਾਰਨ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਸਨ। ਦਿਵਾਲੀ ਦੇ ਤਿਉਹਾਰ ਤੋਂ ਤੁਰੰਤ ਬਾਅਦ ਆਈ ਇਸ ਪੋਸਟ ਨੇ ਖਰੜ ਦੇ ਸਿਆਸੀ ਮਾਹੌਲ ਵਿੱਚ ਹੋਰ ਗਰਮਾ-ਗਰਮੀ ਵਧਾ ਦਿੱਤੀ ਹੈ।
ਇਸ ਵੇਲੇ ਖਰੜ ਹਲਕੇ ਦੇ ਆਮ ਲੋਕਾਂ ਅਤੇ ਰਾਜਨੀਤਿਕ ਮਾਹਰਾਂ ਵਿੱਚ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਇਹ ਹੈ ਕਿ ਕੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਨਮੋਲ ਗਗਨ ਮਾਨ ਨੂੰ ਮੁੜ ਟਿਕਟ ਦੇਵੇਗੀ ਜਾਂ ਫਿਰ ਪਾਰਟੀ ਕਿਸੇ ਹੋਰ ਚਿਹਰੇ ‘ਤੇ ਦਾਅ ਖੇਡੇਗੀ। ਹਲਕਾ ਇੰਚਾਰਜ ਦੀ ਨਿਯੁਕਤੀ ਤੋਂ ਬਾਅਦ ਪੈਦਾ ਹੋਈ ਇਹ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਅਸਪਸ਼ਟ ਬਣੀ ਹੋਈ ਹੈ।
















