Punjab Youth Congress President! ਵੱਡੀ ਖ਼ਬਰ: ਪੰਜਾਬ ਯੂਥ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ- ਸਖ਼ਤ ਮੁਕਾਬਲੇ ‘ਚ ਗਗਨਦੀਪ ਨੂੰ ਹਰਾ ਕੇ ਸ਼ੁਭਮ ਸ਼ਰਮਾ ‘ਸ਼ੁਭੀ’ ਬਣੇ ਜੇਤੂ
ਸ਼ੁਭਮ ਸ਼ਰਮਾ ਨੇ 3,800 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਹਾਸਲ ਕੀਤੀ ਯੂਥ ਕਾਂਗਰਸ ਦੀ ਕਮਾਨ- PPCC ਪ੍ਰਧਾਨ ਰਾਜਾ ਵੜਿੰਗ ਨੇ ਨਵ-ਨਿਯੁਕਤ ਯੂਥ ਕਾਂਗਰਸ ਪ੍ਰਧਾਨ ਸ਼ੁਭਮ ‘ਸ਼ੁਭੀ’ ਨੂੰ ਦਿੱਤੀ ਵਧਾਈ
ਚੰਡੀਗੜ੍ਹ, 22 ਜੂਨ 2026:
Punjab Youth Congress President! ਪੰਜਾਬ ਦੀ ਸਿਆਸਤ ਅਤੇ ਕਾਂਗਰਸ ਖੇਮੇ ਤੋਂ ਇਸ ਵੇਲੇ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਸ ਵਿੱਚ ਸ਼ੁਭਮ ਸ਼ਰਮਾ ‘ਸ਼ੁਭੀ’ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਆਪਣਾ ਪਰਚਮ ਲਹਿਰਾਇਆ ਹੈ।
ਫਸਵੇਂ ਚੋਣ ਮੁਕਾਬਲੇ ਵਿੱਚ ਸ਼ੁਭਮ ਸ਼ਰਮਾ ਨੇ 3,800 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੇ ਇਸ ਸਭ ਤੋਂ ਅਹਿਮ ਨੌਜਵਾਨ ਵਿੰਗ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਇਸ ਮੁਕਾਬਲੇ ਵਿੱਚ ਉਮੀਦਵਾਰਾਂ ਵਿਚਾਲੇ ਕੰਡੇ ਦੀ ਟੱਕਰ ਦੇਖਣ ਨੂੰ ਮਿਲੀ।
ਵੋਟਾਂ ਦੀ ਗਿਣਤੀ ਦੇ ਮੁਕੰਮਲ ਹੋਣ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਮੁਤਾਬਕ ਸ਼ੁਭਮ ਸ਼ਰਮਾ ‘ਸ਼ੁਭੀ’ ਨੂੰ ਕੁੱਲ 1,60,154 ਵੋਟਾਂ ਹਾਸਲ ਹੋਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਗਗਨਦੀਪ ਨੇ ਵੀ ਜ਼ੋਰਦਾਰ ਟੱਕਰ ਦਿੰਦਿਆਂ 1,56,271 ਵੋਟਾਂ ਪ੍ਰਾਪਤ ਕੀਤੀਆਂ। ਅਖੀਰ ਗਗਨਦੀਪ ਨੂੰ ਪਛਾੜਦੇ ਹੋਏ ਸ਼ੁਭਮ ਸ਼ਰਮਾ ਨੇ ਪ੍ਰਧਾਨਗੀ ਦੇ ਵੱਕਾਰੀ ਅਹੁਦੇ ‘ਤੇ ਕਬਜ਼ਾ ਜਮਾਇਆ।
ਸ਼ੁਭਮ ਸ਼ਰਮਾ ‘ਸ਼ੁਭੀ’ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਆ ਹੈ। ਇਸ ਖ਼ਾਸ ਮੌਕੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵ-ਨਿਯੁਕਤ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ‘ਸ਼ੁਭੀ’ ਨੂੰ ਫ਼ੋਨ ‘ਤੇ ਅਤੇ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

















