SIR ਦੀ ਡਿਊਟੀ ਦੀ ਆੜ ‘ਚ ਪੰਜਾਬੀ ਮਾਸਟਰ ਨੂੰ ਲਾਇਆ ‘ਵੋਟ ਕਾਰਡ’ ਪੈਕ ਕਰਨ!
ਦਫ਼ਤਰ ਵੱਲੋਂ ਨਿਸ਼ਾਨਾ ਬਣਾ ਕੇ ਅਧਿਆਪਕ ਦੀ ਡਿਊਟੀ ਲਾਉਣ ਦਾ ਵਿਰੋਧ, ਐੱਸ.ਡੀ.ਐੱਮ.ਨੇ ਮੌਕੇ ‘ਤੇ ਕੀਤਾ ਫਾਰਗ
ਸੁਨਾਮ, 5 ਅਗਸਤ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, 3704 ਅਧਿਆਪਕ ਯੂਨੀਅਨ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ, ਜ਼ਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸਾਂਝਾ ਵਫਦ ਐੱਸ.ਡੀ.ਐੱਮ. ਸੁਨਾਮ ਗਗਨਦੀਪ ਸਿੰਘ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਤੇ ਬਲਾਕ ਚੀਮਾ ਦੇ ਪ੍ਰਧਾਨ ਜਸਬੀਰ ਨਮੋਲ ਨੇ ਦੱਸਿਆ ਕਿ ਬੀਤੀ 3 ਜੁਲਾਈ ਨੂੰ ਦਫ਼ਤਰ ਦੀ ਚੋਣ ਸ਼ਾਖਾ ਵੱਲੋਂ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਕਿਲਾ ਭਰੀਆਂ ਜਸਵਿੰਦਰ ਸਿੰਘ ਨੂੰ ਐੱਸ.ਆਈ.ਆਰ. ਦੀ ਡਿਊਟੀ ਦੀ ਆੜ ਵਿੱਚ ਦਫ਼ਤਰ ਬੁਲਾਇਆ ਗਿਆ।
ਪਰ ਉੱਥੇ ਪਹੁੰਚਣ ‘ਤੇ ਚੋਣ ਸ਼ਾਖਾ ਦੇ ਕਲਰਕ ਵੱਲੋਂ ਕਹਿ ਦਿੱਤਾ ਗਿਆ ਕਿ ਜਿਸ ਕੰਮ ਲਈ ਉਹਨਾਂ ਦੀ ਡਿਊਟੀ ਲਾਈ ਗਈ ਸੀ, ਉਸ ਦੀਆਂ ਟੀਮਾਂ ਪੂਰੀਆਂ ਹੋ ਚੁੱਕੀਆਂ ਹਨ। ਫਿਰ ਉਕਤ ਕਲਰਕ ਨੇ ਉਸ ਨੂੰ ਵੋਟ ਕਾਰਡ ਪੈਕ ਕਰਨ ਦੇ ਦਰਜਾ-4 ਦੇ ਕੰਮ ਉੱਤੇ ਲਗਾ ਦਿੱਤਾ। ਅਧਿਆਪਕ ਵੱਲੋਂ ਵਾਰ-ਵਾਰ ਉਕਤ ਕਲਰਕ ਨੂੰ ਕਿਹਾ ਗਿਆ ਕਿ ਉਸ ਨੂੰ ਇਸ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾਂ ਕਿ ਉਹ ਸਕੂਲ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾ ਸਕੇ ਕਿਉਂਕਿ ਉਹ 9ਵੀਂ ਜਮਾਤ ਦਾ ਇੰਚਾਰਜ ਹੈ ਤੇ ਸਕੂਲ ਵਿੱਚ ਸਟਾਫ਼ ਦੀ ਘਾਟ ਹੈ। ਸਬੰਧਤ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਵੀ ਐੱਸ.ਡੀ.ਐੱਮ. ਦਫ਼ਤਰ ਨੂੰ ਅਜਿਹਾ ਕਰਨ ਦੀ ਬੇਨਤੀ ਕੀਤੀ ਗਈ।
ਪ੍ਰੰਤੂ ਉਕਤ ਕਲਰਕ ਦੁਆਰਾ ਅਧਿਆਪਕ ਨੂੰ ਟਾਲ-ਮਟੋਲ ਕੀਤਾ ਕੀਤਾ ਜਾਂਦਾ ਰਿਹਾ ਅਤੇ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ 6 ਮਹੀਨੇ ਚੱਲਣ ਵਾਲਾ ਕੰਮ ਹੈ ਤੇ ਇਹ ਉਸ ਨੂੰ ਕਰਨਾ ਪਵੇਗਾ। ਡੀ.ਟੀ.ਐੱਫ. ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਜ਼ਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਮੈਂਬਰ ਵਿਸ਼ਵ ਕਾਂਤ ਨੇ ਕਿਹਾ ਕਿ ਉਕਤ ਕਲਰਕ ਨੇ ਇਸ ਅਧਿਆਪਕ ਨੂੰ ਹੋਰ ਮੁਲਾਜ਼ਮਾਂ ਦੇ ਸਾਹਮਣੇ ਇਹ ਕਹਿ ਕੇ ਵੀ ਤੰਜ ਕਸਿਆ ਗਿਆ ਕਿ ਇਸ ਨੇ ਬੀ.ਐੱਲ.ਓ.ਡਿਊਟੀ ਕਟਵਾਈ ਸੀ ਤੇ ਅਖ਼ਬਾਰ ਵਿੱਚ ਖ਼ਬਰ ਲਵਾਈ ਸੀ ਤੇ ਹੁਣ ਇਸ ਦੀ ਇਹ ਡਿਊਟੀ ਲਾਈ ਗਈ ਹੈ।
ਆਗੂਆਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਕਲਰਕ ਦੁਆਰਾ ਇਹ ਡਿਊਟੀ ਅਧਿਆਪਕ ਨੂੰ ਨਿਸ਼ਾਨਾ ਬਣਾ ਕੇ ਲਗਾਈ ਗਈ ਸੀ ਜਿਸ ਦਾ ਖਮਿਆਜ਼ਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੇ ਆਪਣਾ ਪੰਜਾਬੀ ਵਿਸ਼ੇ ਦਾ ਅਧਿਆਪਕ ਗਵਾ ਕੇ ਭੁਗਤਿਆ ਤੇ ਇਹ ਕਲਰਕ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਲਈ ਜ਼ਿੰਮੇਵਾਰ ਹੈ। ਆਗੂਆਂ ਨੇ ਐੱਸ.ਡੀ.ਐੱਮ. ਤੋਂ ਮੰਗ ਕੀਤੀ ਕਿ ਇਹ ਡਿਊਟੀ ਤੁਰੰਤ ਕੱਟੀ ਜਾਵੇ ਅਤੇ ਇਸ ਅਧਿਆਪਕ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਭਵਿੱਖ ਵਿੱਚ ਇਸ ਦੀ ਡਿਊਟੀ ਨਾ ਲਗਾਈ ਜਾਵੇ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਲਰਕ ਨੂੰ ਅਜਿਹੇ ਕੰਮਾਂ ਤੋਂ ਬਾਜ ਆਉਣ ਦੀ ਨਸੀਹਤ ਦਿੱਤੀ ਜਾਵੇ।
ਐੱਸ.ਡੀ.ਐੱਮ. ਦੁਆਰਾ ਮੌਕੇ ‘ਤੇ ਹੀ ਅਧਿਆਪਕ ਦੀ ਇਹ ਡਿਊਟੀ ਕੱਟ ਦਿੱਤੀ ਗਈ ਪ੍ਰੰਤੂ ਚੋਣ ਕਲਰਕ ਦਾ ਉਹ ਬਚਾਅ ਕਰਦੇ ਹੀ ਨਜ਼ਰ ਆਏ। ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਭਵਿੱਖ ਵਿੱਚ ਕੋਈ ਅਜਿਹਾ ਮਸਲਾ ਜਥੇਬੰਦੀਆਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਜਥੇਬੰਦਕ ਤਾਕਤ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਵਫ਼ਦ ਵਿੱਚ ਉਕਤ ਤੋਂ ਇਲਾਵਾ ਡੀ.ਟੀ.ਐੱਫ. ਦੇ ਬਲਾਕ ਆਗੂ ਚੰਦਰ ਸ਼ੇਖਰ,ਜਗਤਾਰ ਲੌਂਗੋਵਾਲ, ਰਵਿੰਦਰ ਸੁਨਾਮ, 3704 ਅਧਿਆਪਕ ਜਥੇਬੰਦੀ ਦੇ ਪ੍ਰੈੱਸ ਸਕੱਤਰ ਜਸਵਿੰਦਰ ਸ਼ਾਹਪੁਰ ਤੇ ਰੇਸ਼ਮਪਾਲ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਲਾਭ ਸਿੰਘ ਛਾਜਲਾ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੁਰਿੰਦਰ ਉੱਪਲੀ ਸ਼ਾਮਿਲ ਸਨ।
















