ਮਾਨ ਸਰਕਾਰ ਦੇ ਰੁਜ਼ਗਾਰ ਦੇ ਵਾਅਦਿਆਂ ‘ਤੇ ਉੱਠੇ ਸਵਾਲ; ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਵੱਲੋਂ ਪੱਕੀ ਭਰਤੀ ਅਤੇ ‘ਲਾਇਬ੍ਰੇਰੀ ਐਕਟ’ ਲਾਗੂ ਕਰਨ ਦੀ ਮੰਗ
ਪਟਿਆਲਾ ਦੇ ਬਾਰਾਂਦਰੀ ਬਾਗ਼ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ, ਸਰਕਾਰ ਵਿਰੁੱਧ ਜਤਾਇਆ ਰੋਸ- ਇੱਕ ਪਾਸੇ ਲਾਇਬ੍ਰੇਰੀਆਂ ਦੇ ਉਦਘਾਟਨ, ਦੂਜੇ ਪਾਸੇ ਸਕੂਲਾਂ-ਕਾਲਜਾਂ ‘ਚ ਖਾਲੀ ਪਈਆਂ ਹਨ ਅਸਾਮੀਆਂ: ਰਾਜ ਸਿੰਘ ਸੰਧੂ
ਚੰਡੀਗੜ੍ਹ, 9 ਜੂਨ 2026:
ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਪਟਿਆਲਾ ਦੇ ਇਤਿਹਾਸਕ ਬਾਰਾਂਦਰੀ ਬਾਗ਼ ਵਿਖੇ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ ਗਿਆ। ਇਸ ਮੀਟਿੰਗ ਦੀ ਅਗਵਾਈ ਯੂਨੀਅਨ ਦੇ ਆਗੂ ਰਾਜ ਸਿੰਘ ਸੰਧੂ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ‘ਹਰਾ ਪੈੱਨ’ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਚੱਲੇਗਾ।
ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਕੋਲੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਖ਼ਾਤਰ ਪਿਛਲੇ ਲੰਮੇ ਸਮੇਂ ਤੋਂ 2600 ਲਾਈਨਮੈਨ ਪਟਿਆਲਾ ਵਿਖੇ ਧਰਨਾ ਲਾਈ ਬੈਠੇ ਹਨ, ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ।
ਲਾਇਬ੍ਰੇਰੀਆਂ ਖਾਲੀ, ਸਰਕਾਰ ਕਰ ਰਹੀ ਹੈ ਸਿਰਫ਼ ਉਦਘਾਟਨ
ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਲਾਇਬ੍ਰੇਰੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਥਾਂ-ਥਾਂ ਭਟਕਣ ਲਈ ਮਜਬੂਰ ਹਨ। ਸਰਕਾਰ ਦਾ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੈਕੰਡਰੀ ਸਕੂਲਾਂ ਅਤੇ ਉਚੇਰੀ ਸਿੱਖਿਆ ਵਿਭਾਗ (ਕਾਲਜਾਂ) ਵਿੱਚ ਲਾਇਬ੍ਰੇਰੀ ਸਟਾਫ਼ ਦੀ ਕੋਈ ਨਵੀਂ ਪੱਕੀ ਭਰਤੀ ਨਹੀਂ ਕੀਤੀ ਗਈ।
ਸਕੂਲਾਂ-ਕਾਲਜਾਂ ਵਿੱਚ ਅਸਾਮੀਆਂ ਜਿਉਂ ਦੀਆਂ ਤਿਉਂ ਖਾਲੀ ਪਈਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਇੱਕ ਪਾਸੇ ਸਰਕਾਰ ਹਰ ਵਿਧਾਨ ਸਭਾ ਹਲਕੇ ਵਿੱਚ ਨਵੀਆਂ ਲਾਇਬ੍ਰੇਰੀਆਂ ਖੋਲ੍ਹਣ ਦੇ ਦਾਅਵੇ ਕਰਕੇ ਥਾਂ-ਥਾਂ ਉਦਘਾਟਨ ਕਰ ਰਹੀ ਹੈ, ਪਰ ਦੂਜੇ ਪਾਸੇ ਇਨ੍ਹਾਂ ਨੂੰ ਚਲਾਉਣ ਵਾਲੇ ਸਟਾਫ਼ ਦੀ ਭਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੀਟਿੰਗ ਦੇ ਅਖ਼ੀਰ ਵਿੱਚ ਭੁਪਿੰਦਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਵਿੱਚ ਜਲਦ ਤੋਂ ਜਲਦ ‘ਪਬਲਿਕ ਲਾਇਬ੍ਰੇਰੀ ਐਕਟ’ ਪਾਸ ਕਰੇ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ 19 ਸਟੇਟਾਂ (ਰਾਜਾਂ) ਵਿੱਚ ਇਹ ਲਾਇਬ੍ਰੇਰੀ ਐਕਟ ਪਹਿਲਾਂ ਹੀ ਪਾਸ ਅਤੇ ਲਾਗੂ ਹੈ, ਪਰ ਪੰਜਾਬ ਇਸ ਮਾਮਲੇ ਵਿੱਚ ਪਿੱਛੇ ਚੱਲ ਰਿਹਾ ਹੈ।
ਯੂਨੀਅਨ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਮਾਨ ਸਰਕਾਰ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਇਸ਼ਤਿਹਾਰ ਦੇ ਕੇ ਪੂਰਾ ਕਰੇ। ਇਸ ਦੇ ਨਾਲ ਹੀ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਨੇ ਫੈਸਲਾ ਲਿਆ ਕਿ ਉਹ ਪਟਿਆਲਾ ਵਿਖੇ ਸੰਘਰਸ਼ ਕਰ ਰਹੇ 2600 ਲਾਈਨਮੈਨਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਨਿੱਤਰੇਗੀ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਲਾਇਬ੍ਰੇਰੀਅਨ ਯੂਨੀਅਨ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਘਰਸ਼ ਕਰੇਗੀ।
ਇਸ ਮੀਟਿੰਗ ਮੈਡਮ ਅਮਨਪ੍ਰੀਤ ਕੌਰ ਸਰਹਿੰਦ, ਗੁਰਦੀਪ ਸੰਗਰੂਰ, ਅਬੈ ਕੰਬੋਜ, ਪਰਮਿੰਦਰ ਸੰਗਰੂਰ ਕੋਮਲ ,ਬੇਅੰਤ ਕੌਰ ਬਰਨਾਲਾ ਮਨਪ੍ਰੀਤ ਭਦੌੜ ਕਮਲਜੀਤ ਟੱਲੇਵਾਲ, ਹਰਪ੍ਰੀਤ ਮਾਨਸਾ ਬਲਕਾਰ ਮਾਨਸਾ ,ਰਿੰਕੂ ਸਿੰਘ, ਅਜੈਬ ਸਿੰਘ ,ਜਸਪ੍ਰੀਤ ਕੌਰ ਪਟਿਆਲਾ ,ਭੁਪਿੰਦਰ ਕੌਰ ਨੂੰ ਪਟਿਆਲਾ ,ਕਿਰਨਦੀਪ ਕੌਰ ਬਠਿੰਡਾ ,ਸੁਮਨਦੀਪ ਕੌਰ ਬਠਿੰਡਾ, ਹਰਜਿੰਦਰ ਸਿੰਘ ਸੰਗਰੂਰ, ਗੁਰਜਿੰਦਰ ਦਿੜ੍ਹਬਾ ,ਗੁਰਦੀਪ ਫਾਜ਼ਿਲਕਾ ,ਸੁਰਿੰਦਰ ਫਾਜ਼ਿਲਕਾ ਮਨਕਰਨ ਜਲੰਧਰ ,ਮਧੂ ਨਾਹਰ ਜਲੰਧਰ ਆਦਿ ਹਾਜ਼ਰ ਸਨ।

















