DSP ਦੇ ਟਿਕਾਣਿਆਂ ‘ਤੇ ਛਾਪੇਮਾਰੀ, 200 ਕਰੋੜ ਦੀ ਕਾਲੀ ਕਮਾਈ ਦਾ ਖ਼ੁਲਾਸਾ, FIR ਦਰਜ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਤੇਲੰਗਾਨਾ ਅਤੇ ਕਰਨਾਟਕ ਵਿੱਚ 16 ਥਾਵਾਂ ‘ਤੇ ਇੱਕੋ ਵੇਲੇ ਹੋਈ ਤਲਾਸ਼ੀ- ਆਲੀਸ਼ਾਨ ਵਿਲਾ, ਫਲੈਟ, ਕਮਰਸ਼ੀਅਲ ਕੰਪਲੈਕਸ, 50 ਏਕੜ ਖੇਤੀਬਾੜੀ ਜ਼ਮੀਨ, 2 ਕਿੱਲੋ ਸੋਨਾ ਅਤੇ 20 ਕਿੱਲੋ ਚਾਂਦੀ ਬਰਾਮਦ
ਹੈਦਰਾਬਾਦ, 04 ਜੁਲਾਈ 2026- ਤੇਲੰਗਾਨਾ ਦੇ ਐਂਟੀ-ਕਰਪਸ਼ਨ ਬਿਊਰੋ (ACB) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਬਹੁਤ ਵੱਡੀ ਕਾਰਵਾਈ ਕਰਦਿਆਂ ਹੈਦਰਾਬਾਦ ਵਿੱਚ ਤਾਇਨਾਤ ਪੁਲਿਸ ਕੰਪਿਊਟਰ ਸਰਵਿਸਿਜ਼ ਦੇ ਡੀਐਸਪੀ (DSP) ਸੰਕੀਰੈੱਡੀ ਭੀਮ ਰੈੱਡੀ ਦੇ ਘਰ ਅਤੇ ਹੋਰਨਾਂ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਡੀਐਸਪੀ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਗੰਭੀਰ ਆਰੋਪ ਹਨ। ਏਸੀਬੀ ਮੁਤਾਬਕ ਅਧਿਕਾਰੀ ਨੇ ਆਪਣੀ ਨੌਕਰੀ ਦੌਰਾਨ ਕਥਿਤ ਤੌਰ ‘ਤੇ ਰਿਸ਼ਵਤਖੋਰੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਅਰਬਾਂ ਰੁਪਏ ਦੀ ਸੰਪਤੀ ਇਕੱਠੀ ਕੀਤੀ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਏਸੀਬੀ ਦੀਆਂ ਟੀਮਾਂ ਨੇ ਵੀਰਵਾਰ ਨੂੰ ਇੱਕੋ ਵੇਲੇ 16 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਡੀਐਸਪੀ ਦਾ ਆਪਣਾ ਘਰ, ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਕਥਿਤ ਬੇਨਾਮੀਦਾਰਾਂ ਦੇ ਟਿਕਾਣੇ ਸ਼ਾਮਲ ਸਨ। ਤਲਾਸ਼ੀ ਦੌਰਾਨ ਏਸੀਬੀ ਨੂੰ ਤੇਲੰਗਾਨਾ ਅਤੇ ਕਰਨਾਟਕ ਵਿੱਚ ਫੈਲੀ ਡੀਐਸਪੀ ਦੀ ਅਥਾਹ ਸੰਪਤੀ ਦਾ ਪਤਾ ਲੱਗਿਆ ਹੈ।
ਅਧਿਕਾਰੀਆਂ ਨੂੰ ਪ੍ਰਾਪਰਟੀ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਵਿੱਚ ‘ਵੇਸੇਲਾ ਮੀਡੋਜ਼’ (ਇਬਰਾਹਿਮਬਾਗ) ਵਿੱਚ ਇੱਕ ਆਲੀਸ਼ਾਨ ਵਿਲਾ (ਪੇਂਟਹਾਊਸ ਵਾਲਾ G+2 ਘਰ), ਟੈਲੀਕਾਮ ਨਗਰ, ਗਾਚੀਬੋਵਲੀ ਅਤੇ ਤੇੱਲਾਪੁਰ ਵਿੱਚ 4 ਰਿਹਾਇਸ਼ੀ ਫਲੈਟ, ਨਾਗੋਲ ਅਤੇ ਪਟਨਚੇਰੂ ਵਿੱਚ 3 ਖਾਲੀ ਪਲਾਟ ਸ਼ਾਮਲ ਹਨ।
ਇਸ ਤੋਂ ਇਲਾਵਾ ਮਣਿਕੋਂਡਾ ਵਿੱਚ ਇੱਕ G+5 ਕਮਰਸ਼ੀਅਲ ਕੰਪਲੈਕਸ ਵਿੱਚ ਹਿੱਸੇਦਾਰੀ, 3,000 ਵਰਗ ਫੁੱਟ ਦੀ ਵਪਾਰਕ ਜਗ੍ਹਾ ਅਤੇ ਕਰਨਾਟਕ, ਸੰਗਾਰੇੱਡੀ, ਵਿਕਾਰਾਬਾਦ ਤੇ ਮੁਚਿੰਤਾਲਾ ਵਿੱਚ 50 ਏਕੜ ਤੋਂ ਵੱਧ ਖੇਤੀਬਾੜੀ ਯੋਗ ਜ਼ਮੀਨ ਦੇ ਕਾਗਜ਼ਾਤ ਬਰਾਮਦ ਹੋਏ ਹਨ। ਇੱਕ ਮਾਈਨਿੰਗ ਕੰਪਨੀ ਵਿੱਚ 75 ਲੱਖ ਰੁਪਏ ਦੇ ਨਿਵੇਸ਼ ਦਾ ਵੀ ਖ਼ੁਲਾਸਾ ਹੋਇਆ ਹੈ।
ਏਸੀਬੀ ਦੇ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਡੀਐਸਪੀ ਦੇ ਘਰੋਂ 3.6 ਲੱਖ ਰੁਪਏ ਨਕਦ ਅਤੇ ਇੱਕ ਕਥਿਤ ਬੇਨਾਮੀਦਾਰ ਦੇ ਘਰੋਂ 40 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 2 ਕਿੱਲੋ ਸੋਨੇ ਦੇ ਗਹਿਣੇ ਅਤੇ 20 ਕਿੱਲੋ ਚਾਂਦੀ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਜਾਂਚ ਵਿੱਚ ਕਰੀਬ 19.91 ਲੱਖ ਰੁਪਏ ਦੇ ਬੈਂਕ ਡਿਪਾਜ਼ਿਟ ਦਾ ਵੀ ਪਤਾ ਲੱਗਾ ਹੈ।
ਏਸੀਬੀ ਦੇ ਅਧਿਕਾਰੀਆਂ ਮੁਤਾਬਕ, ਭਾਵੇਂ ਇਨ੍ਹਾਂ ਚੱਲ-ਅਚੱਲ ਸੰਪਤੀਆਂ ਦੀ ਸਰਕਾਰੀ (ਰਜਿਸਟਰਡ) ਕੀਮਤ ਘੱਟ ਹੈ, ਪਰ ਮੌਜੂਦਾ ਬਾਜ਼ਾਰੀ ਕੀਮਤ (Market Value) 200 ਕਰੋੜ ਰੁਪਏ ਤੋਂ ਵੀ ਵੱਧ ਹੋਣ ਦਾ ਅਨੁਮਾਨ ਹੈ। ਜਾਂਚ ਟੀਮ ਨੂੰ ਤਲਾਸ਼ੀ ਦੌਰਾਨ ਡੀਐਸਪੀ ਦੇ ਘਰੋਂ ਵਿਦੇਸ਼ੀ ਸ਼ਰਾਬ ਦੀਆਂ 23 ਬੋਤਲਾਂ ਵੀ ਮਿਲੀਆਂ ਹਨ, ਜਿਸ ਬਾਰੇ ਅਗਲੀ ਕਾਰਵਾਈ ਲਈ ਆਬਕਾਰੀ (Excise) ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ, ਜਾਂਚ ਜਾਰੀ
ਦੱਸ ਦੇਈਏ ਕਿ ਡੀਐਸਪੀ ਭੀਮ ਰੈੱਡੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿੱਚ ਸੋਧਿਆ ਹੋਇਆ) ਦੀ ਧਾਰਾ 13(1)(b) ਅਤੇ 13(2) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਏਸੀਬੀ ਨੇ ਦੱਸਿਆ ਕਿ ਹੋਰ ਸੰਪਤੀਆਂ ਦੀ ਜਾਂਚ ਅਜੇ ਚੱਲ ਰਹੀ ਹੈ, ਜਿਸ ਕਾਰਨ ਕੁੱਲ ਆਂਕੜਾ ਹੋਰ ਵੀ ਵੱਧ ਸਕਦਾ ਹੈ। ਕਥਿਤ ਨਾਜਾਇਜ਼ ਕਮਾਈ ਦਾ ਪੂਰਾ ਨੈੱਟਵਰਕ ਤੋੜਨ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਪਛਾਣ ਕਰਨ ਲਈ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
















